ਸਿੱਧੂ ਦੀ ਜੱਫ਼ੀ 'ਤੇ ਕੈਪਟਨ ਅਮਰਿੰਦਰ ਸਿੰਘ ਨਾਖੁਸ਼, ਸਿੱਧੂ ਬੋਲੇ- ਗਲ਼ਤ ਕੀ ਹੈ

ਤਸਵੀਰ ਸਰੋਤ, @JYOTIPRAKASHRA2/TWITTER
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਈ ਜੱਫ਼ੀ ਦਾ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ।
ਭਾਜਪਾ ਸਣੇ ਹੋਰ ਵਿਰੋਧੀਆਂ ਨੇ ਸਿੱਧੂ ਵੱਲੋਂ ਪਾਈ ਜੱਫੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੀ ਹੋਇਆ ਸੀ ਹੁਣ ਪੰਜਾਬ ਦੇ ਮੁੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਾਖੁਸ਼ੀ ਜ਼ਾਹਿਰ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਹਰ ਰੋਜ਼ ਸਾਡੇ ਜਵਾਨ ਸਰਹੱਦ 'ਤੇ ਸ਼ਹੀਦ ਹੋ ਰਹੇ ਹਨ। ਉਨ੍ਹਾਂ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਮੈਂ ਖ਼ਿਲਾਫ਼ ਹਾਂ। ਕੁਝ ਮਹੀਨੇ ਪਹਿਲਾਂ ਮੇਰੀ ਖ਼ੁਦ ਦੀ ਰੈਜੀਮੈਂਟ ਦੇ ਦੋ ਜਵਾਨ ਅਤੇ ਇੱਕ ਮੇਜਰ ਸ਼ਹੀਦ ਹੋ ਗਿਆ। ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਪ੍ਰਤੀ ਇੰਨਾ ਪਿਆਰ ਦਿਖਾਉਣਾ ਗ਼ਲਤ ਹੈ।''
ਨਵਜੋਤ ਸਿੰਘ ਸਿੱਧੂ ਤਿੰਨ ਦਿਨਾਂ ਦੀ ਪਾਕਿਸਤਾਨ ਯਾਤਰਾਂ ਮਗਰੋਂ 19 ਅਗਸਤ ਨੂੰ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਏ ਹਨ।
ਇਹ ਵੀ ਪੜੋ:

ਤਸਵੀਰ ਸਰੋਤ, RAVINDER SINGH ROBIN/BBC
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ, ''ਸਿੱਧੂ ਦੇ ਇਸ ਕੰਮ ਕਾਰਨ ਸਿਰਫ਼ ਭਾਜਪਾ ਹੀ ਨਹੀਂ ਸਗੋਂ ਸਾਰੇ ਮੁਲਕ ਵਿੱਚ ਤਲਖ਼ੀ ਹੈ। ਸਾਨੂੰ ਉਮੀਦ ਹੈ ਕਿ ਪੰਜਾਬ ਦੇ ਸੀਐੱਮ ਸਿੱਧੂ ਖ਼ਿਲਾਫ਼ ਸਖ਼ਤ ਐਕਸ਼ਨ ਲੈਣਗੇ।''
ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਸੈਸ਼ਨ ਵਿੱਚ ਚੁੱਕਣਗੇ।
ਸਰਹੱਦ 'ਤੇ ਵੀ ਉਨ੍ਹਾਂ ਖ਼ਿਲਾਫ ਕੁਝ ਜਥੇਬੰਦੀਆਂ ਉਨ੍ਹਾਂ ਦਾ ਵਿਰੋਧ ਕਰਦੀਆਂ ਨਜ਼ਰ ਆਈਆਂ।
ਸਿੱਧੂ ਦੇ ਭਾਰਤ ਵਿੱਚ ਕਦਮ ਧਰਦਿਆਂ ਹੀ ਪੱਤਰਕਾਰਾਂ ਸਾਹਮਣੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਬਾਰੇ ਦਿੱਤੀ।
ਸਿੱਧੂ ਨੇ ਕਿਹਾ, ''ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਬਾਵੁਕ ਹੋ ਗਿਆ ਅਤ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ। ਇਸ ਵਿੱਚ ਗਲ਼ਤ ਕੀ ਹੈ। ''

ਤਸਵੀਰ ਸਰੋਤ, FACEBOOK
ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਬਾਰੇ ਬੀਬੀਸੀ ਪੰਜਾਬੀ ਨੇ ਆਪਣੇ ਪਾਠਕਾਂ ਤੋਂ ਉਨ੍ਹਾਂ ਦੀ ਰਾਇ ਵੀ ਮੰਗੀ ਸੀ।
ਇਸ ਉੱਤੇ ਵਧੇਰੇ ਲੋਕਾਂ ਦੇ ਦੀ ਰਾਇ ਸਿੱਧੂ ਦੇ ਹੱਕ ਵਿੱਚ ਆਈ ਸੀ। ਲੋਕਾਂ ਨੇ ਕਿਹਾ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਇਸ ਨਾਲ ਦੋਹਾਂ ਦੇਸਾਂ ਦੇ ਰਿਸ਼ਤੇ ਸੁਧਰਦੇ ਹਨ ਤਾਂ ਮਾੜੀ ਗੱਲ ਨਹੀਂ।
ਰਵਿੰਦਰ ਗਰੇਵਾਲ, ਸੁਨੀਲ ਕੁਮਾਰ ਅਤੇ ਸਵਪਨਦੀਪ ਸਿੰਘ ਸਿੱਧੂ ਦੇ ਹੱਕ ਵਿੱਚ ਖੜ੍ਹੇ ਦਿਖਾਈ ਦਿੱਤੇ।
ਕਈ ਲੋਕਾਂ ਨੇ ਕਮੈਂਟ ਬਾਕਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਦੀ ਜੱਪੀ ਪਾਉਣ ਵਾਲੀ ਤਸਵੀਰ ਪਾ ਕੇ ਵੀ ਵਿਅੰਗ ਕੱਸਿਆ।

ਤਸਵੀਰ ਸਰੋਤ, FACEBOOK












