'ਸਿੱਧੂ ਦੀ ਪਾਕ ਸੈਨਾ ਮੁਖੀ ਨੂੰ ਜੱਫ਼ੀ 'ਤੇ ਰੌਲ਼ਾ ਬੇਵਕੂਫ਼ਾਨਾ' -ਪ੍ਰੈੱਸ ਰਿਵਿਊ

ਤਸਵੀਰ ਸਰੋਤ, @Jyotiprakashra2/twitter
ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨੀ ਫੌਜ ਮੁਖੀ ਨੂੰ ਪਾਈ ਜੱਫੀ ਦੇ ਖਿਲਾਫ਼ ਮੀਡੀਆ ਵਿਚ ਚੱਲ ਰਹੇ ਬਿਆਨਾਂ ਨੂੰ ਬੇਵਕੂਫਾਨਾ ਦੱਸਦਿਆਂ, ਸ਼ੇਖਰ ਗੁਪਤਾ ਨੇ ਦਿ ਪ੍ਰਿੰਟ 'ਚ ਲਿਖਿਆ ਹੈ ਕਿ ਸਿੱਧੂ ਦੀ ਕਰਮਭੂਮੀ ਪੰਜਾਬ ਵਿਚ ਇਹ ਰੌਲਾ ਬੇਮਾਅਨੇ ਹੈ।
ਗੁਪਤਾ ਨੇ ਲਿਖਿਆ ਹੈ ਕਿ ਸਿੱਧੂ ਨੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਜੱਫ਼ੀ ਪਾ ਕੇ ਭਾਰਤ ਨਾਲ ਕੋਈ ਗੱਦਾਰੀ ਨਹੀਂ ਕੀਤੀ, ਬਲਕਿ ਉਨ੍ਹਾਂ ਤਾਂ ਕੌਮੀ ਹਿੱਤਾਂ ਅਤੇ ਪੰਜਾਬੀ ਸਟਾਇਲ ਨੂੰ ਹੀ ਉਤਸ਼ਾਹਿਤ ਕੀਤਾ ਹੈ। ਅਖ਼ਬਾਰ ਇਸ ਉੱਤੇ ਪੈ ਰਹੇ ਰੌਲ਼ੇ ਦਾ ਕਾਰਨ ਉਨ੍ਹਾਂ ਦਾ ਸਟਾਰ ਹੋਣਾ ਅਤੇ ਭਾਰਤੀ ਜਨਤਾ ਪਾਰਟੀ ਤੋਂ ਬਾਗੀ ਹੋਣ ਨੂੰ ਮੰਨਦੇ ਹਨ।
ਗੁਪਤਾ ਲਿਖਦੇ ਹਨ ਕਿ ਭਾਰਤ ਦੀ ਬਾਕੀ ਕਿਸੇ ਭਾਈਚਾਰੇ ਨਾਲੋਂ ਜ਼ਿਆਦਾ, ਪੰਜਾਬੀ ਚਾਹੁੰਦੇ ਹਨ ਕਿ ਪਾਕਿਸਤਾਨ ਨਾਲ ਅਮਨ ਕਾਇਮ ਹੋਵੇ।
ਕੇਜਰੀਵਾਲ ਦਾ ਕੈਪਟਨ ਨੂੰ ਦਿੱਲੀ ਲਈ ਸੱਦਾ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਪੰਜਾਬ ਆਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੈਪਟਨ ਨੂੰ ਦਿੱਲੀ ਆ ਕੇ ਵਿਕਾਸ ਦੇਖਣ ਦੀ ਸਲਾਹ ਦਿੱਤਂ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੋ ਰਹੇ ਵਿਕਾਸ ਨੂੰ ਕੈਪਟਨ ਅੱਖੀਂ ਵੇਖਣ। ਉਹ ਖ਼ੁਦ ਕੈਪਟਨ ਨੂੰ ਸਰਕਾਰੀ ਸਕੂਲ, ਹਸਪਤਾਲ, ਮੁਹੱਲਾ ਕਲੀਨਿਕ ਅਤੇ ਹੋਰ ਵਿਕਾਸ ਕਾਰਜ ਦਿਖਾਉਣਗੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੂੰ ਪੰਜਾਬ ਦਾ ਵਿਕਾਸ ਕਰਨਾ ਨਹੀਂ ਆਉਂਦਾ ਤਾਂ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 10 ਦਿਨਾਂ ਲਈ ਪੰਜਾਬ ਭੇਜਣ ਲਈ ਤਿਆਰ ਹਨ।

ਤਸਵੀਰ ਸਰੋਤ, Getty Images
ਬਿਕਰਮ ਸਿੰਘ ਮਜੀਠਿਆ ਤੋਂ ਮਾਫ਼ੀ ਮੰਗਣ ਤੋਂ ਬਾਅਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਪਹੁੰਚੇ ਜਿੱਥੇ ਉਨ੍ਹਾਂ ਨੇ ਬਰਨਾਲਾ ਵਿੱਚ ਪਾਰਟੀ ਆਗੂਆਂ ਨਾਲ ਬੰਦ-ਕਮਰਾ ਬੈਠਕ ਕੀਤੀ। ਇੱਥੋਂ ਤੱਕ ਕਿ ਕਈ ਵਿਧਾਇਕਾਂ ਨੂੰ ਇਸ ਬੈਠਕ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਸੀ।
ਬੈਠਕ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਅਤੇ ਖ਼ੁਦ ਜਾ ਕੇ ਮਿਲਣਗੇ। ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਕਾਂਗਰਸ ਨਾਲ ਕਦੇ ਗਠਜੋੜ ਨਹੀਂ ਕਰਨਗੇ।
'ਕੇਰਲ ਹੜ੍ਹ ਕੁਝ ਹੱਦ ਤਕ ਬੰਦੇ ਦੇ ਸਹੇੜੇ ਹੋਏ'
ਦਿ ਇੰਡੀਅਨ ਐਕਸਪ੍ਰੈੱਸ ਨੇ ਵਿਗਿਆਨਕ ਮਾਧਵ ਗਾਡਗਿਲ ਨਾਲ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕੇਰਲ ਵਿਚ ਆਏ ਭਿਆਨਕ ਹੜ੍ਹ "ਕੁਝ ਹੱਦ ਤਕ ਬੰਦੇ ਦੇ ਸਹੇੜੇ ਹੋਏ" ਹਨ।
ਗਾਡਗਿਲ 2010 'ਚ ਕੇਂਦਰੀ ਸਰਕਾਰ ਵਲੋਂ ਪੱਛਮੀ ਘਾਟਾਂ ਦਾ ਅਧਿਐਨ ਕਰਨ ਲਈ ਬਣਾਏ ਗਏ ਸਮੂਹ ਦੇ ਪ੍ਰਧਾਨ ਸਨ। ਉਨ੍ਹਾਂ ਕਿਹਾ, "ਹਾਂ, ਬਹੁਤ ਜ਼ਿਆਦਾ ਪਏ ਮੀਂਹ ਨਾਲ ਇਹ ਹੋਇਆ ਹੈ।

ਤਸਵੀਰ ਸਰੋਤ, Getty Images
ਪਰ ਮੈਨੂੰ ਕਾਫੀ ਹੱਦ ਤੱਕ ਯਕੀਨ ਹੈ ਕਿ ਪਿਛਲੇ ਕਈ ਸਾਲਾਂ ਵਿਚ ਕੇਰਲ ਦੀਆਂ ਅਜਿਹੀਆਂ ਘਟਨਾਵਾਂ ਨੂੰ ਸੰਭਾਲਣ ਦੀ ਸਮਰੱਥਾ ਘੱਟ ਹੋਈ ਹੈ... ਜੇ ਸਹੀ ਕਦਮ ਲਏ ਗਏ ਹੁੰਦੇ ਤਾਂ ਇਹ ਆਫ਼ਤ ਐਨੀ ਗੰਭੀਰ ਨਹੀਂ ਹੋਣੀ ਸੀ।"
ਉਨ੍ਹਾਂ ਨੇ ਕੇਰਲ 'ਚ ਖਾਸ ਤੌਰ ਤੇ ਪੱਥਰਾਂ ਦੀ ਮਾਈਨਿੰਗ ਤੇ ਵੱਡੇ ਪੱਧਰ 'ਤੇ ਚੱਲ ਰਹੇ ਉਸਾਰੀ ਦੇ ਕਾਰਜਾਂ ਦਾ ਜ਼ਿਕਰ ਕੀਤਾ।
ਪੰਜਾਬ 'ਚ 60% ਦੁੱਧ ਸੈਂਪਲ ਫੇਲ੍ਹ
ਦਿ ਟ੍ਰਿਬਿਊਨ ਦਿ ਖ਼ਬਰ ਮੁਤਾਬਕ ਪੰਜਾਬ 'ਚ 60 ਫ਼ੀਸਦ ਦੁੱਧ ਤੇ ਇਸ ਨਾਲ ਬਣੇ ਉਤਪਾਦਾਂ ਦੇ ਸੈਂਪਲ ਗੁਣਵੱਤਾ ਦੀ ਜਾਂਚ 'ਚ ਫੇਲ੍ਹ ਹੋ ਗਏ ਹਨ।
ਪਿਛਲੇ 10 ਦਿਨਾਂ 'ਚ ਕੁਲ 724 ਸੈਂਪਲਾਂ ਵਿਚੋਂ 434 ਖਰੜ ਦੀ ਸਰਕਾਰੀ ਲੈਬ 'ਚ ਹੋਏ ਟੈਸਟ 'ਚ ਮਨੁੱਖੀ ਖ਼ਪਤ ਲਈ ਅਨਫਿੱਟ ਪਾਏ ਗਏ।
ਹੱਜ ਯਾਤਰਾ ਸ਼ੁਰੂ
ਡੌਨ ਅਖ਼ਬਾਰ ਮੁਤਾਬਕ ਐਤਵਾਰ ਨੂੰ ਮੁਸਲਮਾਨਾਂ ਦੀ ਹੱਜ ਯਾਤਰਾ ਐਤਵਾਰ ਤੋਂ ਸ਼ੁਰੂ ਹੋ ਗਈ। ਦੁਨੀਆਂ ਭਰ ਤੋਂ 20 ਲੱਖ ਮੁਸਲਮਾਨ ਹੱਜ ਯਾਤਰਾ ਲਈ ਸਾਊਦੀ ਅਰਬ ਪਹੁੰਚੇ।

ਤਸਵੀਰ ਸਰੋਤ, Getty Images
ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਕਾਬਾ ਨੂੰ ਇਸਲਾਮ 'ਚ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਕਰੀਬ ਪੰਜਾਹ ਦਿਨ ਤੱਕ ਇਹ ਯਾਤਰਾ ਚੱਲਦੀ ਹੈ।
ਇਹ ਵੀ ਪੜ੍ਹੋ:
ਯਾਤਰਾ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਸਾਲ ਸਾਊਦੀ ਸਰਕਾਰ ਨੇ ਇੱਕ 'ਸਮਾਰਟ ਹੱਜ' ਨਾਂ ਦੀ ਐਪ ਲਾਂਚ ਕੀਤੀ ਹੈ। ਜਿਸ ਵਿੱਚ ਟਰੈਵਲ ਪਲਾਨ ਤੋਂ ਲੈ ਕੇ ਸਿਹਤ ਸੁਵਿਧਾ ਤੱਕ ਸਹੂਲਤਾ ਹੋਣਗੀਆਂ।












