You’re viewing a text-only version of this website that uses less data. View the main version of the website including all images and videos.
ਘੱਟ ਪ੍ਰਦੂਸ਼ਣ ਨਾਲ ਵੀ ਦਿਲ ਨੂੰ ਇੰਝ ਹੋ ਸਕਦਾ ਹੈ ਖ਼ਤਰਾ
- ਲੇਖਕ, ਐਲਿਕਸ ਥਿਰੀਅਨ
- ਰੋਲ, ਸਿਹਤ ਪੱਤਰਕਾਰ, ਬੀਬੀਸੀ
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਵਿੱਚ ਰਹਿ ਕੇ ਵੀ ਤੁਹਾਡੇ ਦਿਲ ਨੂੰ ਖ਼ਤਰਾ ਹੋ ਸਕਦਾ ਹੈ।
ਬਰਤਾਨੀਆ ਵਿੱਚ 4000 ਲੋਕਾਂ ਉੱਪਰ ਕੀਤੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਸ਼ੋਰਗੁੱਲ ਵਾਲੀਆਂ ਅਤੇ ਵਿਅਸਤ ਸੜਕਾਂ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਦੇ ਦਿਲ ਆਕਾਰ ਵਿੱਚ ਘੱਟ ਪ੍ਰਦੂਸ਼ਣ ਵਾਲੇ ਇਲਾਕੇ ਦੇ ਵਸਨੀਕਾਂ ਨਾਲੋਂ ਵੱਡੇ ਸਨ।
ਦਿਲਚਸਪ ਗੱਲ ਇਹ ਸੀ ਕਿ ਇਹ ਲੋਕ ਪ੍ਰਦੂਸ਼ਣ ਸੰਬੰਧੀ ਬਰਤਾਨਵੀ ਹਦਾਇਤਾਂ ਤੋਂ ਹੇਠਲੇ ਪੱਧਰ ਦੇ ਪ੍ਰਦੂਸ਼ਿਤ ਇਲਾਕਿਆਂ ਵਿੱਚ ਰਹਿ ਰਹੇ ਸਨ।
ਇਹ ਵੀ ਪੜ੍ਹੋ꞉
ਖੋਜ ਕਰਨ ਵਾਲਿਆਂ ਨੇ ਸਰਾਕਾਰ ਨੂੰ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਫੌਰੀ ਕਮੀ ਲਿਆਉਣ ਦੀ ਅਪੀਲ ਕੀਤੀ ਹੈ।
ਕੁਈਨ ਮੈਰੀ ਯੂਨੀਵਰਸਿਟੀ ਲੰਡਨ ਦੇ ਵਿਗਿਆਨੀਆਂ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ ਲੋਕਾਂ ਦੀ ਦਿਲ ਸੰਬੰਧੀ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਕੋਈ ਲੱਛਣ ਨਹੀਂ ਸਨ ਦੇਖੇ ਗਏ।
ਇਹ ਲੋਕ ਬਰਤਾਨੀਆ ਦੇ ਬਾਇਓਬੈਂਕ ਸਟਡੀ ਦਾ ਹਿੱਸਾ ਰਹੇ ਸਨ। ਇਸ ਅਧਿਐਨ ਵਿੱਚ ਦਿਲ ਦਾ ਆਕਾਰ, ਭਾਰ ਅਤੇ ਕਾਰਜ ਦਾ ਵਿਸ਼ਲੇਸ਼ਣ ਕੀਤਾ ਗਿਆ।
ਵਿਗਿਆਨੀਆਂ ਨੇ ਉਨ੍ਹਾਂ ਲੋਕਾਂ ਦੇ ਇਲਕੇ ਦੇ ਪ੍ਰਦੂਸ਼ਣ ਪੱਧਰ ਨੂੰ ਵੀ ਅਧਿਐਨ ਵਿੱਚ ਸ਼ਾਮਲ ਕੀਤਾ। ਪ੍ਰਦੂਸ਼ਣ ਦੇ ਪੱਧਰ ਅਤੇ ਦਿਲ ਦੇ ਸੱਜੇ ਅਤੇ ਖੱਬੇ ਹਿੱਸਿਆਂ ਦੇ ਵਧੇ ਆਕਾਰ ਵਿੱਚ ਸਿੱਧਾ ਸੰਬੰਧ ਦੇਖਿਆ ਗਿਆ।
ਹਵਾ ਪ੍ਰਦੂਸ਼ਣ ਦੇ 2ਪੀਐਮ ਕਣ ਪ੍ਰਤੀ ਘਣ ਮੀਟਰ ਵਿੱਚ ਇੱਕ ਮਾਈਕਰੋਗਰਾਮ ਦੇ ਵਾਧੇ ਨਾਲ ਅਤੇ ਪ੍ਰਤੀ ਘਣ ਮੀਟਰ ਵਿੱਚ ਨਾਈਟਰੋਜਨ ਡਾਈਔਕਸਾਈਡ ਵਿੱਚ 10 ਮਾਈਕਰੋਗਰਾਮ ਦੇ ਵਾਧੇ ਨਾਲ ਦਿਲ ਦਾ ਆਕਾਰ ਇੱਕ ਫੀਸਦੀ ਤੱਕ ਵਧਿਆ।
ਅਧਿਐਨ ਟੀਮ ਦੇ ਮੁੱਖੀ ਡਾ. ਨੇਅ ਆਉਂਗ ਨੇ ਦੱਸਿਆ ਕਿ ਦਿਲ ਦੇ ਆਕਾਰ ਦੀਆਂ ਇਹ ਤਬਦੀਲੀਆਂ ਦੀ ਤੁਲਨਾ ਬਲੱਡ ਪ੍ਰੈਸ਼ਰ ਨਾਲ ਅਤੇ ਘਟ ਕਿਰਿਆਸ਼ੀਲਤਾ ਨਾਲ ਹੋ ਸਕਦੀ ਸੀ।
ਉਨ੍ਹਾਂ ਕਿਹਾ, "ਹਵਾ ਪ੍ਰਦੂਸ਼ਣ ਨੂੰ ਤਬਦੀਲੀਯੋਗ ਖ਼ਤਰੇ ਵਜੋਂ ਦੇਖਿਆ ਜਾ ਸਕਦਾ ਹੈ।"
ਉਨ੍ਹਾਂ ਕਿਹਾ, "ਡਾਕਟਰਾਂ ਅਤੇ ਜਨਤਾ ਸਾਰਿਆਂ ਨੂੰ ਹੀ ਦਿਲ ਦੀ ਸਿਹਤ ਦੀ ਗੱਲ ਕਰਨ ਸਮੇਂ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਆਪਣੇ ਬਲੱਡ ਪ੍ਰੈਸ਼ਰ, ਕੌਲੈਸਟਰੋਲ ਅਤੇ ਆਪਣੇ ਭਾਰ ਦਾ ਧਿਆਨ ਰੱਖਦੇ ਹਨ।"
ਭਾਵੇਂ ਅਧਿਐਨ ਵਿੱਚ ਸ਼ਾਮਲ ਲੋਕਾਂ ਦੀ ਰਿਹਾਇਸ਼ ਦੀ ਸਟੀਕ ਥਾਂ ਨਹੀਂ ਵਿਚਾਰੀ ਗਈ ਪਰ ਬਹੁਤੇ ਲੋਕ ਬਰਤਾਨੀਆ ਦੇ ਵੱਡੇ ਸ਼ਹਿਰਾਂ ਤੋਂ ਬਾਹਰ ਦੇ ਬਾਸ਼ਿੰਦੇ ਸਨ। ਸਾਰੇ ਹੀ 2.5 ਪੀਐਮ ਹਵਾ ਪ੍ਰਦੂਸ਼ਣ ਵਿੱਚ ਰਹਿ ਰਹੇ ਸਨ ਜੋ ਕਿ ਦੇਸ ਦੀਆਂ ਮੌਜੂਦਾ ਪ੍ਰਦੂਸ਼ਣ ਸੀਮਾਵਾਂ ਤੋਂ ਹੇਠਾਂ ਹੈ।
ਅਧਿਐਨ ਵਿੱਚ ਸ਼ਾਮਲ ਲੋਕ ਸਾਲਾਨਾ ਔਸਤ 2.5 ਪੀਐਮ ਤੋਂ 12 ਪੀਐਮ ਪ੍ਰਦੂਸ਼ਣ ਦਾ ਸਾਹਮਣਾ ਕਰਦੇ ਸਨ।
ਜਦਕਿ ਬਰਤਾਨੀਆ ਵਿੱਚ ਮਿੱਥੀ ਹੱਦ 25 ਪੀਐਮ ਹੈ। ਜਦਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਫਾਰਿਸ਼ ਸ਼ੁਦਾ ਹੱਦ 10 ਪੀਐਮ ਹੈ।
ਬਾਰੀਕ ਕਣਾਂ ਵਾਲਾ ਪ੍ਰਦੂਸ਼ਣ ਇਸ ਕਰਕੇ ਵੀ ਵਧੇਰੇ ਖ਼ਤਰਨਾਕ ਹੈ ਕਿਉਂਕਿ ਇਹ ਸਾਹ ਰਾਹੀਂ ਫੇਫੜਿਆਂ ਅਤੇ ਦਿਲ ਵਿੱਚ ਦਾਖਲ ਹੋ ਸਕਦਾ ਹੈ।
ਅਧਿਐਨ ਵਿੱਚ ਸ਼ਾਮਲ ਲੋਕ 10-50 ਮਾਈਕਰੋਗਰਾਮ ਪ੍ਰਤੀ ਘਣ ਮੀਟਰ ਨਾਈਟਰੋਜਨ ਡਾਈਔਕਸਾਈਡ ਵਿੱਚ ਜਿਊਂ ਰਹੇ ਸਨ ਜਦ ਕਿ ਬਰਤਾਨੀਆ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਦੀ ਹੱਦ 40 ਮਾਈਕਰੋਗਰਾਮ ਪ੍ਰਤੀ ਘਣ ਮੀਟਰ ਤੈਅ ਕੀਤੀ ਹੋਈ ਹੈ।
ਇਹ ਵੀ ਪੜ੍ਹੋ꞉
ਡਾ਼ ਆਉਂਗ ਨੇ ਦੱਸਿਆ ਕਿ ਦਿਲ ਦੀਆਂ ਤਬਦੀਲੀਆਂ ਛੋਟੀਆਂ ਸਨ ਅਤੇ ਠੀਕ ਕੀਤੀਆਂ ਜਾ ਸਕਣ ਵਾਲੀਆਂ ਸਨ।
ਇਸ ਦੇ ਬਾਵਜੂਦ ਇਨ੍ਹਾਂ ਦਾ ਪਕੜ ਵਿੱਚ ਆਉਣਾ ਘੱਟ ਪ੍ਰਦੂਸ਼ਣ ਪੱਧਰਾਂ ਦੇ ਵੀ ਸਹਿਤ ਉੱਪਰ ਬੁਰੇ ਅਸਰਾਂ ਵੱਲ ਇਸ਼ਾਰਾ ਕਰਦਾ ਹੈ।
"ਜੇ ਤੁਸੀਂ ਸਮਝਦੇ ਹੋ ਕਿ ਵਰਤਮਾਨ ਪ੍ਰਦੂਸ਼ਣ ਦੇ ਪੱਧਰ ਸੁਰੱਖਿਅਤ ਹਨ ਤਾਂ ਸਿਧਾਂਤਰ ਤੌਰ ਤੇ ਇਹ ਤਬਦੀਲੀਆਂ ਸਾਡੀ ਪਕੜ ਵਿੱਚ ਨਹੀਂ ਆਉਣੀਆਂ ਚਾਹੀਦੀਆਂ ਸਨ।"
ਲੋਕ ਥਾਂ ਛੱਡ ਕੇ ਕਿਤੇ ਹੋਰ ਨਹੀਂ ਰਹਿਣ ਜਾ ਸਕਦੇ
ਬਰਿਟਿਸ਼ ਹਾਰਟ ਫਾਊਂਡੇਸ਼ਨ ਇਸ ਅਧਿਐਨ ਲਈ ਫੰਡ ਦੇਣ ਵਾਲੀ ਇੱਕ ਸੰਸਥਾ ਹੈ। ਇਸ ਦੇ ਐਸੋਸੀਏਟ ਮੈਡੀਕਲ ਨਿਰਦੇਸ਼ਕ ਪ੍ਰੋਫੈਸਰ ਜੈਰਿਮੀ ਪੀਅਰਸਨ ਨੇ ਕਿਹਾ, ਅਸੀਂ ਲੋਕਾਂ ਤੋਂ ਪ੍ਰਦੂਸ਼ਣ ਤੋਂ ਬਚਾਅ ਲਈ ਕਿਸੇ ਹੋਰ ਥਾਂ ਜਾ ਕੇ ਰਹਿਣ ਦੀ ਉਮੀਦ ਨਹੀਂ ਕਰ ਸਕਦੇ।
ਸਰਕਾਰ ਨੂੰ ਹੁਣੇ ਤੋਂ ਸਾਰੇ ਖੇਤਰਾਂ ਨੂੰ ਪ੍ਰਦੂਸ਼ਣ ਤੋਂ ਸੁਰੱਖਿਅਤ ਬਣਾਉਣ ਵੱਲ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਸਰਕਾਰ ਨੂੰ ਪ੍ਰਦੂਸ਼ਣ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਮਾਨਕ ਅਪਨਾਉਣ ਦੀ ਅਪੀਲ ਕੀਤੀ।
ਕਾਨੂੰਨ ਵਿੱਚ ਇਹ ਟੀਚੇ ਰੱਖਣ ਨਾਲ ਹਵਾ ਪ੍ਰਦੂਸ਼ਣ ਤੋਂ ਖਾਸ ਤੌਰ ਤੇ ਪ੍ਰਭਾਵਿਤ ਖੇਤਰਾਂ ਹਵਾ ਦੀ ਗੁਣਵੱਤਾ ਸੁਧਾਰਨ ਵਿੱਚ ਮਦਦ ਮਿਲੇਗੀ। ਜਿੱਥੇ ਦੇ ਲੋਕ ਦਿਲ ਅਤੇ ਖੂਨ ਦੀ ਗਤੀ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।
ਦਿ ਜਰਨਲ ਸਰਕੂਲੇਸ਼ਨ ਵਿੱਚ ਛਪੇ ਇਸ ਅਧਿਐਨ ਦੀ ਇੱਕ ਕਮੀ ਇਹ ਸੀ ਕਿ ਇਸ ਨੇ ਦਿਲ ਦੇ ਵਧੇ ਆਕਾਰ ਅਤੇ ਪ੍ਰਦੂਸ਼ਣ ਵਿੱਚ ਕੋਈ ਕਾਰਨ ਅਤੇ ਕਾਰਜ ਸੰਬੰਧੀ ਕੋਈ ਸਿੱਧਾ ਰਿਸ਼ਤਾ ਸਾਬਤ ਨਹੀਂ ਕਰ ਸਕੀ।
ਇਹ ਵੀ ਤੈਅ ਨਹੀਂ ਹੈ ਕਿ ਵੱਡੇ ਆਕਾਰ ਵਾਲੇ ਜਿੰਨੇ ਲੋਕ ਇਸ ਅਧਿਐਨ ਵਿੱਚ ਸ਼ਾਮਲ ਸਨ ਉਨ੍ਹਾਂ ਵਿੱਚੋਂ ਕਿੰਨੇ ਲੋਕਾਂ ਨੂੰ ਅੱਗੇ ਜਾ ਕੇ ਦਿਲ ਦੀ ਬਿਮਾਰੀ ਹੋਵੇਗੀ।
ਓਪਨ ਯੂਨੀਵਰਸਟੀ ਵਿੱਚ ਅਪਲਾਈਡ ਸਟੈਟਿਸਟਿਕਸ ਦੇ ਪ੍ਰੋਫੈਸਰ ਐਮਿਰਾਟਾਸ ਕੈਵਿਨ ਮਕੈਨਵੇ ਜੋ ਕਿ ਇਸ ਅਧਿਐਨ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਇਹ ਅਧਿਐਨ ਪ੍ਰਦੂਸ਼ਣ ਅਤੇ ਦਿਲ ਵਿੱਚ ਆਉਂਦੀਆਂ ਤਬਦੀਲੀਆਂ ਬਾਰੇ ਕਾਫੀ ਸਬੂਤ ਤਾਂ ਦਿੰਦਾ ਹੈ ਪਰ ਪੂਰੀ ਗੱਲ ਨਹੀਂ ਦਸਦਾ।
ਉਨ੍ਹਾਂ ਕਿਹਾ ਕਿ ਦਿਲ ਦੀ ਬਿਮਾਰੀ ਕਈ ਕਾਰਕਾਂ ਜਿਵੇਂ- ਸਿਗਰਟਨੋਸ਼ੀ, ਸ਼ਰਾਬ ਪੀਣ, ਖ਼ੁਰਾਕ, ਕਸਰਤ, ਸਮਾਜਿਕ ਦਰਜੇ ਅਤੇ ਹੋਰ ਕਈਆਂ ਕਰਕੇ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਪੜ੍ਹੋ꞉
ਮੰਨ ਲਓ ਜਿਨ੍ਹਾਂ ਲੋਕਾਂ ਦੇ ਦਿਲ ਦੀ ਸਿਹਤ ਇਨ੍ਹਾਂ ਵਿੱਚੋਂ ਕਿਸੇ ਕਾਰਨ ਕਰਕੇ ਖ਼ਰਾਬ ਹੈ ਉਹ ਵੱਧ ਪ੍ਰਦੂਸ਼ਣ ਵਾਲੇ ਇਲਾਕਿਆਂ ਵਿੱਚ ਰਹਿੰਦੇ ਵੀ ਹੋ ਸਕਦੇ ਹਨ।
ਇਹ ਵੀ ਦਿਲ ਦੀ ਬਿਮਾਰੀ ਅਤੇ ਪ੍ਰਦੂਸ਼ਣ ਵਿੱਚ ਸੰਬੰਧ ਵਜੋਂ ਦਿਖ ਸਕਦਾ ਹੈ। ਭਲੇ ਹੀ ਪ੍ਰਦੂਸ਼ਣ ਦਿਲ ਦਾ ਦਿਲ ਉੱਪਰ ਕੋਈ ਸਿੱਧਾ ਅਸਰ ਨਾ ਹੋਵੇ।
ਬਰਤਾਨੀਆ ਦੇ ਵਾਤਾਵਰਣ, ਖ਼ੁਰਾਕ ਅਤੇ ਪੇਂਡੂ ਮਾਮਲਿਆਂ ਬਾਰੇ ਵਿਭਾਗ ਦੀ ਬੁਲਾਰੀ ਨੇ ਕਿਹਾ, ਹਵਾ ਪ੍ਰਦੂਸ਼ਣ ਬਰਤਾਨੀਆ ਵਿੱਚ ਮਨੁੱਖੀ ਸਿਹਤ ਨੂੰ ਸਭ ਤੋਂ ਵੱਡਾ ਖ਼ਤਰਾ ਹੈ ਜਿਸ ਬਾਰੇ ਸਮੂਹਿਕ ਕੋਸ਼ਿਸ਼ ਕਰਨ ਦੀ ਲੋੜ ਹੈ।
ਅਸੀਂ ਹਵਾ ਪ੍ਰਦੂਸ਼ਣ ਘਟਾਉਣ ਲਈ 3.5 ਬਿਲੀਅਨ ਪੌਂਡ ਦੀ ਇੱਕ ਯੋਜਨਾ ਬਣਾਈ ਹੈ। ਇਸ ਨਾਲ ਅਸੀਂ ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਿਸ਼ਾਂ ਬਾਰੇ ਕੰਮ ਕਰਨ ਵਾਲੀ ਪਹਿਲੀ ਵੱਡੀ ਆਰਥਿਕਤਾ ਹੋਵਾਂਗੇ।
2040 ਤੱਕ ਰਵਾਇਤੀ ਕਿਸਮ ਦੀਆਂ ਡੀਜ਼ਲ ਗੱਡੀਆਂ ਦੀ ਵਿਕਰੀ ਉੱਪਰ ਰੋਕ ਲਾ ਕੇ ਅਸੀਂ ਦੂਸਰੇ ਵੱਡੇ ਅਰਥਚਾਰਿਆਂ ਨਾਲੋਂ ਵੀ ਵੱਧ ਤੇਜ਼ ਕੰਮ ਕਰ ਰਹੇ ਹਾਂ।
ਪ੍ਰਦੂਸ਼ਣ ਤੋਂ ਬਚਣ ਦੇ 5 ਰਾਹ
- ਵਿਅਸਤ ਸੜਕਾਂ ਤੋਂ ਦੂਰ ਰਹੋ- ਜ਼ਿਆਦਾ ਟ੍ਰੈਫਿਕ ਵਾਲੇ ਖੇਤਰਾਂ ਵਿੱਚ ਪ੍ਰਦੂਸ਼ਣ ਇਕੱਠਾ ਹੋ ਜਾਂਦਾ ਹੈ। ਜਿਸ ਕਰਕੇ ਕਈ ਵਾਰ ਅਸੀਂ ਇਸ ਨੂੰ ਸੁੰਘ ਅਤੇ ਚਖ ਵੀ ਪਾਉਂਦੇ ਹਾਂ ।
- ਗਲੀਆਂ (ਸਾਈਡ ਰੋਡਜ਼) ਦੀ ਵਰਤੋਂ ਕਰੋ ਕਿਉਂਕਿ ਇਨ੍ਹਾਂ ਉੱਪਰ ਆਵਾ-ਜਾਈ ਘੱਟ ਹੁੰਦੀ ਹੈ।
- ਗੰਦੀ ਹਵਾ ਦੇ ਹੌਟਸਪੌਟਾਂ ਤੋਂ ਖ਼ਬਰਦਾਰ ਰਹੋ- ਕਈ ਵਾਰ ਖੜ੍ਹੇ ਟ੍ਰੈਫਿਕ ਵਿੱਚ ਵੀ ਇੰਜਣ ਚਲਦੇ ਛੱਡ ਦਿੱਤੇ ਜਾਂਦੇ ਹਨ। ਇਸ ਕਰਕੇ ਟ੍ਰੈਫਿਕ ਲਾਈਟਾਂ ਦੇ ਦੁਆਲੇ ਪ੍ਰਦੂਸ਼ਣ ਵਧੇਰੇ ਇਕੱਠਾ ਹੋ ਜਾਂਦਾ ਹੈ।
- ਪਹਾੜ ਵੱਲ ਜਾਂਦੇ ਸਮੇਂ ਜਿਸ ਰਾਹ ਤੋਂ ਗੱਡੀਆਂ ਉਤਰ ਰਹੀਆਂ ਹੋਣ ਉਸ ਪਾਸੇ ਤੋਂ ਜਾਓ। ਉੱਪਰ ਵੱਲ ਜਾਂਦੀਆਂ ਗੱਡੀਆਂ ਦੇ ਮੁਕਾਬਲੇ ਹੇਠਾਂ ਆਉਂਦੀਆਂ ਗੱਡੀਆਂ ਘੱਟ ਧੂਆਂ ਕਰਦੀਆਂ ਹਨ।
- ਬੁਨਿਆਦੀ ਕਿਸਮ ਦੇ ਮਾਸਕ ਜ਼ਿਆਦਾ ਕੰਮ ਨਹੀਂ ਕਰਦੇ- ਇਹ ਧੂੜ ਘੱਟਾ ਤਾਂ ਰੋਕ ਲੈਂਦੇ ਹਨ ਪਰ ਜ਼ਿਆਦਾ ਕੁੱਝ ਨਹੀਂ।
- ਵਿਗਿਆਨੀਆਂ ਦਾ ਮੰਨਣਾ ਹੈ ਕਿ ਜਿੱਥੋਂ ਤੱਕ ਹੋ ਸਕੇ ਵਧੇਰੇ ਟ੍ਰੈਫਿਕ ਵਾਲੀਆਂ ਸੜਕਾਂ ਤੋਂ ਬਚਣਾ ਹੀ ਚਾਹੀਦਾ ਹੈ।
ਇਹ ਵੀ ਪੜ੍ਹੋ꞉