You’re viewing a text-only version of this website that uses less data. View the main version of the website including all images and videos.
ਤੁਹਾਡੇ ਫੋਨ 'ਚ ਆਪੇ ਕਿਵੇਂ ਸੇਵ ਹੋ ਗਿਆ ਆਧਾਰ ਦਾ ਨੰਬਰ?
- ਲੇਖਕ, ਕੁਲਦੀਪ ਮਿਸ਼ਰਾ
- ਰੋਲ, ਬੀਬੀਸੀ ਪੱਤਰਕਾਰ
ਬਹੁਤੇ ਮੋਬਾਈਲ ਯੂਜ਼ਰਜ਼ ਹੈਰਾਨ ਰਹਿ ਗਏ ਜਦ ਉਨ੍ਹਾਂ ਨੂੰ ਆਪਣੇ ਫੋਨ ਦੀ ਸੰਪਰਕ ਲਿਸਟ ਵਿੱਚ UIDAI ਦਾ ਇਹ ਨੰਬਰ 1800-300-1947 ਸੇਵ ਮਿਲਿਆ।
ਵੇਖਣ ਵਿੱਚ ਇਹ ਕਿਸੇ ਹੈਲਪਲਾਈਨ ਦਾ ਨੰਬਰ ਲੱਗਦਾ ਹੈ ਪਰ ਡਾਇਲ ਕਰਨ 'ਤੇ ਘੰਟੀ ਨਹੀਂ ਵੱਜਦੀ ਬਲਕੀ ਨੰਬਰ ਉਪਲੱਬਧ ਨਹੀਂ ਹੈ, ਇਹ ਸੁਣਨ ਨੂੰ ਮਿਲਦਾ ਹੈ।
ਇਹ ਨੰਬਰ ਕਦੋਂ ਤੋਂ ਲੋਕਾਂ ਦੇ ਫੋਨ ਵਿੱਚ ਸੀ, ਇਹ ਨਹੀਂ ਪਤਾ ਪਰ ਸ਼ੁੱਕਰਵਾਰ ਨੂੰ ਇਹ ਮੁੱਦਾ ਟਵਿੱਟਰ ਯੂਜ਼ਰ ਏਲਿਅਟ ਐਂਡਰਸਨ ਨੇ ਚੁੱਕਿਆ।
ਉਨ੍ਹਾਂ ਯੂਆਈਡੀਏਆਈ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ?
ਇਹ ਵੀ ਪੜ੍ਹੋ:
ਕੁਝ ਲੋਕਾਂ ਨੇ ਕਿਹਾ ਕਿ ਇਹ ਨੰਬਰ ਸਿਰਫ ਐਂਡਰਾਇਡ ਫੋਨ ਵਿੱਚ ਸੇਵ ਹੋ ਰਿਹਾ ਹੈ। ਪਰ ਸਾਡੇ ਦਫ਼ਤਰ ਦੇ ਕਈ ਆਈਫੋਨ ਯੂਜ਼ਰਜ਼ ਦੇ ਫੋਨ ਵਿੱਚ ਵੀ ਇਹ ਨੰਬਰ ਸੇਵ ਮਿਲਿਆ।
ਕੁਝ ਨੇ ਕਿਹਾ ਕਿ ਸੌਫਟਵੇਅਰ ਅਪਡੇਟ ਦੇ ਨਾਲ ਇਹ ਨੰਬਰ ਸੇਵ ਹੋ ਰਿਹਾ ਹੈ। ਹਾਲਾਂਕਿ ਤਕਨੀਕੀ ਮਾਹਿਰ ਰਿਤੇਸ਼ ਭਾਟੀਆ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹਾ ਸੰਭਵ ਨਹੀਂ ਹੈ।
ਕੁਝ ਨੇ ਕਿਹਾ ਕਿ ਅਜਿਹਾ ਸਿਰਫ ਉਨ੍ਹਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਕੋਲ੍ਹ ਆਧਾਰ ਕਾਰਡ ਹੈ। ਪਰ ਅਜਿਹਾ ਨਹੀਂ ਹੈ, ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਉਨ੍ਹਾਂ ਦੇ ਫੋਨ ਵਿੱਚ ਵੀ ਇਹ ਨੰਬਰ ਸੇਵ ਹੋ ਗਿਆ ਹੈ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਕੋਲ ਆਧਾਰ ਹੈ ਪਰ ਉਨ੍ਹਾਂ ਦੇ ਫੋਨ ਵਿੱਚ ਨੰਬਰ ਸੇਵ ਨਹੀਂ ਹੋਇਆ।
ਕੁਝ ਲੋਕਾਂ ਮੁਤਾਬਕ ਦੋ ਸਾਲ ਤੋਂ ਵੱਧ ਪੁਰਾਣੇ ਫੋਨਾਂ ਵਿੱਚ ਅਜਿਹਾ ਨਹੀਂ ਹੋ ਰਿਹਾ, ਪਰ ਇਹ ਗੱਲ ਵੀ ਪੂਰੀ ਤਰ੍ਹਾਂ ਸੱਚ ਨਹੀਂ ਹੈ।
ਆਧਾਰ ਨੇ ਕਿਹਾ, 'ਅਸੀਂ ਨਹੀਂ ਕੀਤਾ'
ਲੋਕਾਂ ਨੇ ਸ਼ੱਕ ਜਤਾਇਆ ਕਿ ਸਰਕਾਰ ਦੇ ਇਸ਼ਾਰੇ 'ਤੇ ਸਰਵਿਸ ਪ੍ਰੋਵਾਈਡਰ ਕੰਪਨੀਆਂ ਅਜਿਹਾ ਕਰ ਰਹੀਆਂ ਹਨ। ਪਰ ਆਧਾਰ ਦੀ ਸੰਸਥਾ ਯੂਆਈਡੀਏਆਈ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਸੇ ਸਰਵਿਸ ਪ੍ਰੋਵਾਈਡਰ ਕੰਪਨੀ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ।
ਆਧਾਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ''ਯੂਆਈਡੀਏਆਈ ਦੇ ਪੁਰਾਣੇ ਹੋ ਚੁਕੇ ਟੋਲ ਫਰੀ ਨੰਬਰ 1800-300-1947 ਦੇ ਆਪਣੇ ਆਪ ਐਂਡਰਾਇਡ ਫੋਨ ਵਿੱਚ ਸੇਵ ਹੋ ਜਾਣ ਦੇ ਸਬੰਧ ਵਿੱਚ ਇਹ ਸਾਫ ਕੀਤਾ ਜਾਂਦਾ ਹੈ ਕਿ ਯੁਆਈਡੀਏਆਈ ਨੇ ਕਿਸੇ ਮੈਨੁਫੈਕਚਰਰ ਜਾਂ ਸਰਵਿਸ ਪ੍ਰੋਵਾਈਡਰ ਨੂੰ ਅਜਿਹੀ ਸੁਵਿਧਾ ਦੇਣ ਲਈ ਨਹੀਂ ਕਿਹਾ ਹੈ।''
''ਇਹ ਨੰਬਰ ਕਾਨੂੰਨੀ ਟੋਲ ਫਰੀ ਨੰਬਰ ਨਹੀਂ ਹੈ ਤੇ ਕੁਝ ਹਿਤਾਂ ਲਈ ਜਨਤਾ ਵਿੱਚ ਨਾਜਾਇਜ਼ ਗੱਲ ਫੈਲਾਈ ਜਾ ਰਹੀ ਹੈ। ਸਾਡਾ ਕਾਨੂੰਨੀ ਟੋਲ ਫਰੀ ਨੰਬਰ 1947 ਹੈ ਜੋ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ।''
ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਇਹ ਮਾਮਲਾ ਹੈਕਿੰਗ ਨਾਲ ਜੁੜਿਆ ਹੋਇਆ ਵੀ ਹੋ ਸਕਦਾ ਹੈ।
ਸੀਨੀਅਰ ਪੱਤਰਕਾਰ ਪ੍ਰਭੂ ਚਾਵਲਾ ਨੇ ਟਵੀਟ ਕੀਤਾ, ''ਇਸਦਾ ਮਤਲਬ ਹੈ ਕਿ ਏਜੰਸੀਆਂ ਤੁਹਾਨੂੰ ਪੁੱਛੇ ਜਾਂ ਦੱਸੇ ਬਿਨਾਂ ਤੁਹਾਡੇ ਫੋਨ ਚੋਂ ਕੁਝ ਵੀ ਕੱਢ ਸਕਦੀਆਂ ਹਨ ਤੇ ਕੁਝ ਵੀ ਪਾ ਸਕਦੀਆਂ ਹਨ।''
ਕੀ ਹੋ ਸਕਦੇ ਹਨ ਕਾਰਨ?
ਮੁੰਬਈ ਵਿੱਚ ਰਹਿਣ ਵਾਲੇ ਤਕਨੀਕੀ ਮਾਹਿਰ ਰਿਤੇਸ਼ ਭਾਟੀਆ ਨੇ ਦੱਸਿਆ ਕਿ ਸੰਭਵ ਹੈ ਇਹ ਮੋਬਾਈਲ ਆਪਰੇਟਰਜ਼ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ''ਜਦੋਂ ਤੁਸੀਂ ਸਿਮ ਲੈਂਦੇ ਹੋ ਤਾਂ ਪਹਿਲਾਂ ਤੋਂ ਹੀ ਕੁਝ ਫੋਨ ਨੰਬਰ ਸੇਵ ਹੁੰਦੇ ਹਨ, ਜਿਸ ਵਿੱਚ ਕਸਟਮਰ ਕੇਅਰ ਤੋਂ ਲੈ ਕੇ ਐਂਬੁਲੈਂਸ ਤੇ ਪੀਜ਼ਾ ਆਰਡਰ ਕਰਨ ਤੱਕ ਦੇ ਨੰਬਰ ਹੁੰਦੇ ਹਨ।''
ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਫੋਨ ਦੇ ਸੌਫਟਵੇਅਰ ਅਪਡੇਟ ਨਾਲ ਇਹ ਨੰਬਰ ਸੇਵ ਹੋ ਗਿਆ ਹੈ।
ਬੀਬੀਸੀ ਨੇ ਕੁਝ ਟੈਲੀਕੌਮ ਆਪਰੇਟਰਜ਼ ਨਾਲ ਵੀ ਗੱਲ ਕੀਤੀ। ਸੈਲੂਲਰ ਆਪਰੇਟਰਜ਼ ਅਸੋਸੀਏਸ਼ਨ ਆਫ ਇੰਡੀਆ ਨੇ ਇਸ 'ਤੇ ਬਿਆਨ ਜਾਰੀ ਕਰਦਿਆਂ ਕਿਹਾ, ''ਫੋਨਬੁੱਕ ਵਿੱਚ ਅਣਜਾਨ ਨੰਬਰ ਸੇਵ ਕਰਨ ਦਾ ਕੰਮ ਕਿਸੇ ਟੈਲੀਕੌਮ ਸਰਵਿਸ ਪ੍ਰੋਵਾਈਡਰ ਵੱਲੋਂ ਨਹੀਂ ਕੀਤਾ ਗਿਆ।''
ਸੰਸਥਾ ਦੇ ਮੁਖੀ ਰਾਜਨ ਮੈਥਿਊਜ਼ ਨੇ ਬੀਬੀਸੀ ਨੂੰ ਦੱਸਿਆ, ''ਸਾਨੂੰ ਇਹ ਹੈਂਡਸੈਟ ਨਾਲ ਜੁੜਿਆ ਮਾਮਲਾ ਲੱਗਦਾ ਹੈ। ਟੈਲੀਕੌਮ ਆਪਰੇਟਰਜ਼ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਬਾਰੇ ਪਤਾ ਲਗਾਉਣ ਦੀ ਜ਼ਿੰਮੇਵਾਰੀ ਯੂਆਈਡੀਏਆਈ ਦੀ ਹੈ। ਟੈਲੀਕੌਮ ਆਪਰੇਟਰ ਬੰਦ ਨੰਬਰ ਨੂੰ ਅੱਗੇ ਨਹੀਂ ਵਧਾਉਣਗੇ।''
ਸਭ ਤੋਂ ਪਹਿਲਾਂ ਟਵੀਟ ਕਰਨ ਵਾਲੇ ਏਲਿਅਟ ਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ 2017 ਵਿੱਚ ਵੀ ਯੂਆਈਡੀਏਆਈ ਦਾ ਇੱਕ ਨੰਬਰ ਆਪਣੇ ਆਪ ਸੇਵ ਹੋ ਗਿਆ ਸੀ।
ਉਸ ਟਵੀਟ ਵਿੱਚ ਲਿਖਿਆ ਸੀ, ''ਭਾਰਤ ਵਿੱਚ ਵਿਕ ਰਹੇ ਫੋਨਜ਼ ਵਿੱਚ ਪਹਿਲਾਂ ਤੋਂ ਯੂਆਈਡੀਏਆਈ ਦਾ ਟੋਲ ਫਰੀ ਨੰਬਰ ਸੇਵ ਹੈ। ਕੀ ਇਸ ਦੇ ਲਈ ਕੋਈ ਸਰਕਾਰੀ ਆਦੇਸ਼ ਹੈ?''
ਬੀਬੀਸੀ ਨੇ ਗੂਗਲ ਇੰਡੀਆ ਤੋਂ ਵੀ ਇਸ 'ਤੇ ਪ੍ਰਤਿਕਿਰਿਆ ਮੰਗੀ ਹੈ। ਯੂਆਈਡੀਏਆਈ ਤੇ ਉਸ ਤੋਂ ਬਾਅਦ ਟੈਲੀਕੌਮ ਅਸੋਸੀਏਸ਼ਨ ਦੀ ਸਫਾਈ ਨੇ ਇਸ ਮਾਮਲੇ ਨੂੰ ਹੋਰ ਵੀ ਉਲਝਾ ਦਿੱਤਾ ਹੈ।
ਜੇ ਨਾ ਟੈਲੀਕੌਮ ਕੰਪਨੀਆਂ ਤੇ ਨਾ ਹੀ UIDAI ਨੇ ਇਹ ਕੀਤਾ ਹੈ, ਤਾਂ ਫੇਰ ਕੀਤਾ ਕਿਸ ਨੇ ਹੈ?