ਪ੍ਰਾਚੀਨ ਕਾਲ 'ਚ ਹਿੰਦੂ ਧਰਮ ਕਿੰਨਾ ਸਹਿਣਸ਼ੀਲ ਸੀ- ਇਤਿਹਾਸਕਾਰ ਡੀਐਨ ਝਾਅ ਦੀ ਰਾਇ

    • ਲੇਖਕ, ਰੂਪਾ ਝਾਅ
    • ਰੋਲ, ਹੈੱਡ - ਇੰਡੀਅਨ ਲੈਂਗੁਏਜਜ਼

"ਮੇਰੀ ਨਜ਼ਰ ਵਿੱਚ ਸਾਰੇ ਹੀ ਧਰਮ ਵੰਡਣ ਦਾ ਕੰਮ ਕਰਦੇ ਹਨ। ਹਿੰਦੂ ਧਰਮ ਵੀ ਇਸ ਮਾਮਲੇ ਵਿੱਚ ਘੱਟ ਨਹੀਂ। ਬ੍ਰਾਹਮਣਵਾਦ ਅਤੇ ਬੁੱਧ ਧਰਮ ਵਿਚਾਲੇ ਸਥਾਈ ਦੁਸ਼ਮਣੀ ਦੀ ਝਲਕ ਧਰਮਾਂ ਦੇ ਗ੍ਰੰਥਾਂ ਵਿੱਚ ਮਿਲਦੀ ਹੈ ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਹਿੰਦੂ ਧਰਮ ਬਹੁਤ ਸਹਿਣਸ਼ੀਲ ਹੈ।''

ਇਹ ਵਿਚਾਰ ਇਤਿਹਾਸਕਾਰ ਪ੍ਰੋਫੈਸਰ ਦਵਿਜੇਂਦਰ ਨਾਥ ਝਾਅ ਦੇ ਹਨ। ਉਹ ਪ੍ਰਾਚੀਨ ਅਤੇ ਮੱਧਕਾਲੀ ਭਾਰਤੀ ਇਤਿਹਾਸ ਦੇ ਵਿਦਵਾਨ ਹਨ।

ਪ੍ਰੋਫੈਸਰ ਡੀਐਨ ਝਾਅ ਨੇ ਵਿਵਾਦਿਤ ਕਿਤਾਬ 'ਮਿੱਥ ਆਫ ਹੋਲੀ ਕਾਓ' ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਪੁਰਾਤਨ ਸਮੇਂ ਵਿੱਚ ਭਾਰਤ ਵਿੱਚ ਗਊ ਖਾਣ ਬਾਰੇ ਦੱਸਿਆ ਹੈ।

ਹਾਲ ਵਿੱਚ ਪ੍ਰਕਾਸ਼ਿਤ ਉਨ੍ਹਾਂ ਦੀ ਕਿਤਾਬ 'ਅਗੇਂਸਟ ਦਾ ਗਰੇਨ-ਨੋਟਸ ਆਨ ਇਨਟੌਲਰੈਂਸ ਐਂਡ ਹਿਸਟਰੀ' ਵਿੱਚ ਉਨ੍ਹਾਂ ਨੇ ਮੌਜੂਦਾ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਲਿਖਿਆ ਹੈ।

ਡੀਐਨ ਝਾਅ ਨੇ ਬੀਬੀਸੀ ਦੇ ਭਾਰਤੀ ਭਾਸ਼ਾਵਾਂ ਦੇ ਮੁਖੀ ਰੂਪਾ ਝਾਅ ਨੂੰ ਇਤਿਹਾਸ ਅਤੇ ਮੌਜੂਦਾ ਦੌਰ ਨਾਲ ਜੁੜੇ ਮੁੱਦਿਆਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ।

ਸਵਾਲ - ਹਿੰਦੂਤਵ ਵਿਚਾਰਧਾਰਾ ਦੇ ਲੋਕ ਭਾਰਤ ਦੇ ਇਤਿਹਾਸ ਦੇ ਪ੍ਰਾਚੀਨ ਕਾਲ ਨੂੰ ਇੱਕ ਸੁਨਹਿਰੇ ਸਮੇਂ ਦੀ ਤਰ੍ਹਾਂ ਦੇਖਦੇ ਹਨਪਰ ਮੱਧਕਾਲ ਨੂੰ ਮੁਸਮਾਨ ਸ਼ਾਸਕਾਂ ਦੇ ਹਿੰਦੂਆਂ ਉਪਰ ਦਹਿਸ਼ਤ ਭਰੇ ਕਾਲਦੀ ਵਾਂਗ ਦੇਖਦੇ ਹਨ। ਆਖ਼ਰਕਾਰ ਇਤਿਹਾਸਕ ਦਸਤਾਵੇਜ਼ ਇਸਦੇ ਬਾਰੇ ਕੀ ਕਹਿੰਦੇ ਹਨ?

ਇਤਿਹਾਸਕ ਦਸਤਾਵੇਜ਼ ਇਹੀ ਦਰਸਾਉਂਦੇ ਹਨ ਕਿ ਭਾਰਤ ਵਿੱਚ ਕਦੇ ਵੀ ਸੁਨਿਹਰਾ ਕਾਲ ਨਹੀਂ ਸੀ। ਪੁਰਾਤਨ ਸਮੇਂ ਨੂੰ ਸਮਾਜਿਕ ਸਦਭਾਵਨਾ ਅਤੇ ਖੁਸ਼ਹਾਲੀ ਭਰਿਆ ਕਾਲ ਨਹੀਂ ਕਿਹਾ ਜਾ ਸਕਦਾ।

ਕਈ ਸਬੂਤ ਇਹੀ ਦਰਸਾਉਂਦੇ ਹਨ ਕਿ ਪ੍ਰਾਚੀਨ ਕਾਲ ਵਿੱਚ ਜਾਤੀਵਾਦ ਸਭ ਤੋਂ ਉੱਪਰ ਸੀ। ਗ਼ੈਰ-ਬ੍ਰਾਹਮਣਾਂ, ਖ਼ਾਸ ਕਰਕੇ ਸ਼ੁਦਰ ਅਤੇ ਅਛੂਤਾਂ ਉਪਰ ਕਈ ਸਮਾਜਿਕ, ਕਾਨੂੰਨੀ ਅਤੇ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਸਨ।

ਇਸ ਕਾਰਨ ਭਾਰਤੀ ਪ੍ਰਾਚੀਨ ਸਮਾਜ ਵਿੱਚ ਤਣਾਅ ਪੈਦਾ ਹੋਇਆ। ਉਸ ਦੌਰ ਵਿੱਚ ਉੱਚੀਆਂ ਜਾਤਾਂ ਵਾਲੇ, ਅਮੀਰ ਅਤੇ ਜਗੀਰਦਾਰ ਕਾਫ਼ੀ ਖੁਸ਼ਹਾਲ ਮੰਨੇ ਜਾਂਦੇ ਸਨ ਜਿਵੇਂ ਸਾਡੇ ਸਮੇਂ ਵਿੱਚ ਅੰਬਾਨੀ ਅਤੇ ਅਡਾਨੀ। ਅਜਿਹੇ ਲੋਕ ਹਮੇਸ਼ਾ ਹੀ ਸੁਨਹਿਰੇ ਕਾਲ ਵਿੱਚ ਜਿਉਂਦੇ ਰਹੇ ਹਨ।

ਪ੍ਰਾਚੀਨ ਭਾਰਤ ਵਿੱਚ ਸੁਨਹਿਰਾ ਦੌਰ ਸੀ, ਇਹ ਵਿਚਾਰ 19ਵੀਂ ਸਦੀ ਦੇ ਅਖ਼ੀਰ ਵਿੱਚ ਆਇਆ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਤਿਹਾਸਕਾਰ ਇਹ ਕਹਿਣ ਲੱਗੇ ਕਿ ਗੁਪਤ ਸ਼ਾਸਕਾਂ ਦਾ ਸਮਾਂ ਸੁਨਹਿਰੀ ਕਾਲ ਸੀ ਤੇ ਉਨ੍ਹਾਂ ਨੇ ਰਾਸ਼ਟਰਵਾਦ ਨੂੰ ਜ਼ਿੰਦਾ ਕੀਤਾ।

ਗੁਪਤ ਸ਼ਾਸਕਾਂ ਦੇ ਦੌਰ ਨੂੰ ਸੁਨਹਿਰਾ ਕਾਲ ਕਿਹਾ ਜਾਂਦਾ ਹੈ, ਪਰ ਡੀਡੀ ਕੋਸੰਬੀ ਦੇ ਸ਼ਬਦਾਂ ਵਿੱਚ ਕਹੀਏ, ਤਾਂ ਗੁਪਤ ਕਾਲ ਵਿੱਚ ਰਾਸ਼ਟਰਵਾਦ ਨੂੰ ਮੁੜ ਜੀਵਤ ਨਹੀਂ ਕੀਤਾ ਗਿਆ ਸਗੋਂ ਰਾਸ਼ਟਰਵਾਦ ਨੇ ਗੁਪਤ ਸ਼ਾਸਨ ਨੂੰ ਮੁੜ ਤੋਂ ਤਾਕਤ ਦੇ ਦਿੱਤੀ ਸੀ।

ਅਸਲੀਅਤ ਇਹ ਹੈ ਕਿ ਸਮਾਜਿਕ ਏਕਤਾ ਖੁਸ਼ਹਾਲੀ ਵਾਲੇ ਸੁਨਹਿਰੇ ਦੌਰ ਦੇ ਸੰਕਲਪ ਦੀ ਦੁਰਵਰਤੋਂ ਇਤਿਹਾਸਕਾਰਾਂ ਨੇ ਭਾਰਤ ਵਿੱਚ ਨਹੀਂ, ਬਲਕਿ ਦੂਜੇ ਦੇਸਾਂ ਵਿੱਚ ਵੀ ਕੀਤੀ ਹੈ।

ਜੇਕਰ ਮੱਧਕਾਲ ਦੀ ਗੱਲ ਕੀਤੀ ਜਾਵੇ ਤਾਂ, ਉਸ ਵਿੱਚ ਮੁਸਲਮਾਨ ਸ਼ਾਸਕਾਂ ਦੀ ਦਹਿਸ਼ਤ ਅਤੇ ਜ਼ੁਲਮ ਵਾਲੀ ਹਕੂਮਤ ਦੀ ਗੱਲ ਹੈ ਕਿਉਂਕਿ ਉਸ ਦੌਰ ਦੇ ਕੁਝ ਸਮਾਜ ਸੁਧਾਰਕ ਅਤੇ ਹੋਰਾਂ ਨੇ ਮੁਸਲਮਾਨਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਨੂੰ ਆਪਣਾ ਪਸੰਦੀਦਾ ਵਿਸ਼ਾ ਬਣਾ ਲਿਆ ਸੀ।

ਜਿਵੇਂ ਕਿ ਦਯਾਨੰਦ ਸਰਸਵਤੀ (1824-1883), ਉਨ੍ਹਾਂ ਨੇ ਆਪਣੀ ਕਿਤਾਬ ਸਤਿਆਰਥ ਪ੍ਰਕਾਸ਼ ਦੇ ਦੋ ਅਧਿਆਇ ਇਸਲਾਮ ਅਤੇ ਇਸਾਈ ਧਰਮ ਦੀ ਬੁਰਾਈ ਨੂੰ ਸਮਰਪਿਤ ਕਰ ਦਿੱਤੇ। ਇਸੇ ਤਰ੍ਹਾਂ ਵਿਵੇਕਾਨੰਦ (1863-1902) ਨੇ ਕਿਹਾ ਕਿ ਪ੍ਰਸ਼ਾਂਤ ਮਹਾਂਸਾਗਰ ਤੋਂ ਲੈ ਕੇ ਅਟਲਾਂਟਿਕ ਤੱਕ ਪੂਰੀ ਦੁਨੀਆਂ ਵਿੱਚ 500 ਸਾਲ ਤੱਕ ਖ਼ੂਨ ਵਹਿੰਦਾ ਰਿਹਾ। ਇਹੀ ਹੈ ਇਸਲਾਮ ਧਰਮ।

ਮੁਸਲਮਾਨ ਸ਼ਾਸਕਾਂ ਨੂੰ ਖ਼ਰਾਬ ਦੱਸ ਕੇ, ਉਨ੍ਹਾਂ ਦਾ ਅਕਸ ਵਿਗਾੜ ਕੇ, ਉਨ੍ਹਾਂ ਨੂੰ ਜ਼ੁਲਮੀ ਠਹਿਰਾਉਣਾ ਉਦੋਂ ਸ਼ੁਰੂ ਹੋਇਆ ਅਤੇ ਹੁਣ ਤੱਕ ਜਾਰੀ ਹੈ। ਹਿੰਦੂਤਵ ਦੇ ਵਿਚਾਰਕ ਅਤੇ ਸਮਰਥਕ ਮੁਸਲਮਾਨ ਸ਼ਾਸਕਾਂ ਨੂੰ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾਉਣ ਵਾਲਾ ਦੱਸਦੇ ਹਨ ਜਿਨ੍ਹਾਂ ਨੇ ਹਿੰਦੂਆਂ ਦੇ ਮੰਦਿਰ ਢਾਹੇ ਅਤੇ ਹਿੰਦੂ ਔਰਤਾਂ ਨਾਲ ਬਲਾਤਕਾਰ ਕੀਤੇ।

ਪਰ ਮੱਧਕਾਲ ਭਾਰਤ ਅਤੇ ਮੁਸਲਮਾਨ ਸ਼ਾਸਕਾਂ ਬਾਰੇ ਅਜਿਹੀ ਸੋਚ ਨੂੰ ਇਤਿਹਾਸਕਾਰਾਂ ਜਿਵੇਂ ਤਾਰਾਚੰਦ, ਮੁਹੰਮਦ ਹਬੀਬ, ਇਰਫ਼ਾਨ ਹਬੀਬ, ਸ਼ਰੀਨੀ ਮਸੂਵੀ, ਹਰਬੰਸ ਮੁਖੀਆ, ਔਡਰੇ ਟਰੱਸ਼ਕ ਨੇ ਲਗਾਤਾਰ ਚੁਣੌਤੀ ਦਿੱਤੀ ਹੈ। ਇਨ੍ਹਾਂ ਇਤਿਹਾਸਕਾਰਾਂ ਦੀ ਖੋਜ ਨੇ ਸਾਬਿਤ ਕੀਤਾ ਹੈ ਕਿ ਮੁਸਲਮਾਨ ਸ਼ਾਸਕਾਂ ਦੇ ਮਾੜੇ ਵਿਹਾਰ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।

ਇਨ੍ਹਾਂ ਇਤਿਹਾਸਾਕਰਾਂ ਨੇ ਦੱਸਿਆ ਹੈ ਕਿ ਮੁਸਲਮਾਨ ਸ਼ਾਸਕਾਂ ਨੇ ਉਸ ਵੇਲੇ ਜਿਹੜੇ ਜ਼ੁਲਮ ਕੀਤੇ ਉਹ ਉਸ ਸਮੇਂ ਦੀ ਸਿਆਸਤ ਦੇ ਮੁਤਾਬਕ ਸੀ। ਬਸਤੀਵਾਦ ਤੋਂ ਪਹਿਲਾਂ ਦੇ ਦੌਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਟਕਰਾਅ ਦੇ ਜ਼ਿਆਦਾ ਸਬੂਤ ਨਹੀਂ ਮਿਲਦੇ। ਹਕੀਕਤ ਇਹ ਹੈ ਕਿ ਮੁਗਲਾਂ ਦੇ ਸਮੇਂ ਵਿੱਚ ਸੰਸਕ੍ਰਿਤ ਵਾਲੀ ਸੰਸਕ੍ਰਿਤੀ ਨੂੰ ਕਾਫ਼ੀ ਥਾਂ ਮਿਲੀ।

ਸਵਾਲ - ਤੁਹਾਨੂੰ ਲਗਦਾ ਹੈ ਕਿ ਹਿੰਦੂ ਧਰਮ ਸਹਿਣਸ਼ੀਲ ਧਰਮ ਹੈ?

ਮੇਰੀ ਨਜ਼ਰ ਵਿੱਚ ਸਾਰੇ ਹੀ ਧਰਮ ਵੰਡਣ ਦਾ ਕੰਮ ਕਰਦੇ ਹਨ। ਹਿੰਦੂ ਧਰਮ ਵੀ ਇਸ ਮਾਮਲੇ ਵਿੱਚ ਘੱਟ ਨਹੀਂ। ਬ੍ਰਾਹਮਣਵਾਦੀ ਅਤੇ ਸ਼੍ਰਮਨਵਾਦੀ (ਜਿਸ ਤਰ੍ਹਾਂ ਬੁੱਧ, ਜੈਨ ਧਰਮ, ਆਦਿ) ਧਰਮਾਂ ਵਿਚਾਲੇ ਪ੍ਰਾਚੀਨ ਕਾਲ ਤੋਂ ਲੈ ਕੇ ਮੱਧਕਾਲ ਤੱਕ ਲੰਬੀ ਦੁਸ਼ਮਣੀ ਰਹੀ। ਪ੍ਰਾਚੀਨ ਕਾਲ ਦੇ ਗ੍ਰੰਥਾਂ ਵਿੱਚ ਵੀ ਇਨ੍ਹਾਂ ਦੋਵਾਂ ਵਿਚਾਲੇ ਮੁਖ਼ਾਲਫ਼ਤ ਦੇ ਸਾਫ਼ ਸਬੂਤ ਮਿਲਦੇ ਹਨ।

ਜਿਵੇਂ ਕਿ ਪਤੰਜਲੀ (150 BC) ਨੇ ਆਪਣੇ ਗ੍ਰੰਥ ਮਹਾਭਾਸ਼ਿਆ ਵਿੱਚ ਲਿਖਿਆ ਕਿ ਬ੍ਰਾਹਮਣ ਅਤੇ ਸ਼੍ਰਮਨਵਾਦੀ, ਸੱਪ ਅਤੇ ਨਿਉਲੇ ਵਾਂਗ ਹਮੇਸ਼ਾ ਹੀ ਇੱਕ-ਦੂਜੇ ਦੇ ਦੁਸ਼ਮਣ ਰਹੇ ਹਨ।

ਬ੍ਰਾਹਮਣਵਾਦ ਅਤੇ ਬੁੱਧ ਧਰਮ ਵਿਚਾਲੇ ਸਥਾਈ ਦੁਸ਼ਮਣੀ ਦੀ ਝਲਕ ਧਰਮਾਂ ਦੇ ਗ੍ਰੰਥਾਂ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਕਈ ਪੁਰਾਤੱਤਵ ਸਬੂਤ ਵੀ ਇਸ ਦੁਸ਼ਮਣੀ ਵੱਲ ਇਸ਼ਾਰਾ ਕਰਦੇ ਹਨ, ਜੋ ਸਾਨੂੰ ਇਹ ਦੱਸਦੇ ਹਨ ਕਿ ਕਿਸ ਤਰ੍ਹਾਂ ਬੁੱਧ ਧਰਮ ਦੀਆਂ ਇਮਾਰਤਾਂ ਨੂੰ ਢਾਹਿਆ ਗਿਆ ਅਤੇ ਉਨ੍ਹਾਂ 'ਤੇ ਕਬਜ਼ਾ ਕਰ ਲਿਆ ਗਿਆ।

ਅਸਲੀਅਤ ਇਹ ਹੈ ਕਿ ਭਾਰਤ ਤੋਂ ਬੁੱਧ ਧਰਮ ਦੇ ਗਾਇਬ ਹੋਣ ਦਾ ਵੱਡਾ ਕਾਰਨ ਬ੍ਰਾਹਮਣਵਾਦੀਆਂ ਦਾ ਇਸ ਨੂੰ ਆਪਣਾ ਦੁਸ਼ਮਣ ਮੰਨਣਾ ਹੈ। ਸਾਫ਼ ਹੈ ਕਿ ਬ੍ਰਾਹਮਣ ਧਰਮ ਕਦੇ ਵੀ ਬੁੱਧ ਧਰਮ ਦੀ ਸੱਚਾਈ ਨੂੰ ਅਪਣਾ ਨਹੀਂ ਸਕਿਆ। ਇਸ ਲਈ ਇਹ ਕਹਿਣਾ ਗ਼ਲਤ ਹੋਵੇਗਾ ਕਿ ਹਿੰਦੂ ਧਰਮ ਬਹੁਤ ਸਹਿਣਸ਼ੀਲ ਹੈ।

ਸਵਾਲ - ਭਾਰਤ ਦਾ ਵਿਚਾਰ ਕਿਵੇਂ ਅਤੇ ਕਦੋਂ ਉਭਰਿਆ ?

ਹਿੰਦੂਤਵ ਦੇ ਵਿਚਾਰਕ ਲਗਾਤਾਰ ਇਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਭਾਰਤ ਅਨੰਤਕਾਲ ਤੋਂ ਹੈ। ਪਰ ਭੂਗੋਲਿਕ ਭਾਰਤ ਦਾ ਜ਼ਿਕਰ ਤਾਂ ਵੈਦਿਕ ਗ੍ਰੰਥਾਂ ਵਿੱਚ ਵੀ ਨਹੀਂ ਮਿਲਦਾ, ਜਿਹੜੇ ਭਾਰਤ ਦੇ ਸਭ ਤੋਂ ਪੁਰਾਣੇ ਸਾਹਿਤਕ ਕੋਸ਼ ਹਨ। ਹਾਲਾਂਕਿ ਵੇਦਾਂ ਵਿੱਚ ਕਈ ਥਾਂ ਭਾਰਤ ਕਬੀਲੇ ਦਾ ਜ਼ਿਕਰ ਜ਼ਰੂਰ ਮਿਲਦਾ ਹੈ।

ਭਾਰਤਵਰਸ਼ ਦਾ ਪਹਿਲਾ ਪ੍ਰਮਾਣ ਸਾਨੂੰ ਪਹਿਲੀ ਸਦੀ ਵਿੱਚ ਰਾਜਾ ਖਾਰਵੇਲਾ ਦੇ ਦੌਰ ਦੇ ਇੱਕ ਸ਼ਿਲਾਲੇਖ ਵਿੱਚ ਮਿਲਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਸ ਭਾਰਤਵਰਸ਼ ਦਾ ਮਤਲਬ ਅੱਜ ਦਾ ਉੱਤਰ-ਭਾਰਤ ਰਿਹਾ ਹੋਵੇਗਾ। ਹਾਲਾਂਕਿ ਇਸ ਵਿੱਚ ਮਗਧ (ਜਿਸ ਦੀ ਰਾਜਧਾਨੀ ਪਾਟਲੀਪੁੱਤਰ ਜਾਂ ਅੱਜ ਦਾ ਪਟਨਾ ਸੀ) ਸ਼ਾਮਲ ਨਹੀਂ ਸੀ।

ਮਹਾਂਭਾਰਤ ਵਿੱਚ ਜਿਸ ਭਾਰਤ ਦਾ ਜ਼ਿਕਰ ਹੈ, ਉਹ ਕਾਫ਼ੀ ਵੱਡੇ ਇਲਾਕੇ ਵਿੱਚ ਫੈਲਿਆ ਹੋਇਆ ਸੀ। ਪਰ ਇਸ ਵਿੱਚ ਵੀ ਡੇਕਨ ਜਾਂ ਦੱਖਣੀ ਭਾਰਤ ਦਾ ਜ਼ਿਕਰ ਨਹੀਂ ਮਿਲਦਾ।

ਪੁਰਾਣਾਂ ਵਿੱਚ ਭਾਰਤਵਰਸ਼ ਦਾ ਜ਼ਿਕਰ ਕਈ ਵਾਰ ਹੋਇਆ ਹੈ। ਪਰ, ਹਰ ਵਾਰ ਇਸਦਾ ਦਾਇਰਾ ਵੱਖ-ਵੱਖ ਦੱਸਿਆ ਗਿਆ ਹੈ। ਕਈ ਪੁਰਾਣਾਂ ਵਿੱਚ ਇਸ ਨੂੰ ਚੰਦਰਮਾ ਦੇ ਆਕਾਰ ਵਰਗਾ ਦੱਸਿਆ ਗਿਆ ਹੈ। ਕਈ ਥਾਵਾਂ 'ਤੇ ਇਸਦਾ ਆਕਾਰ ਤਿਕੋਣਾ ਕਿਹਾ ਗਿਆ ਹੈ।

ਕਈ ਥਾਂ ਇਸ ਨੂੰ ਚਤੁਰਭੁਜ ਦੇ ਆਕਾਰ ਦਾ ਦੱਸਿਆ ਗਿਆ ਹੈ ਅਤੇ ਕੁਝ ਪੁਰਾਣਾਂ ਵਿੱਚ ਇਸ ਨੂੰ ਤੀਰ ਕਮਾਨ ਵਰਗਾ ਦੱਸਿਆ ਗਿਆ ਹੈ। ਪਰ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਾਚੀਨ ਕਾਲ ਦੇ ਕਿਸੇ ਵੀ ਭਾਰਤੀ ਗ੍ਰੰਥ ਵਿੱਚ ਭਾਰਤ ਨੂੰ ਭਾਰਤ ਮਾਤਾ ਨਹੀਂ ਕਿਹਾ ਗਿਆ।

ਭਾਰਤ ਦੇ ਇਸਤਰੀ ਰੂਪ ਯਾਨਿ ਭਾਰਤ ਮਾਤਾ ਦਾ ਪਹਿਲਾ ਜ਼ਿਕਰ ਸਾਨੂੰ ਬੰਗਾਲੀ ਲੇਖਕ ਦਵਿਜੇਂਦਰਲਾਲ ਰਾਏ (1863-1913) ਦੀ ਇੱਕ ਕਵਿਤਾ ਵਿੱਚ ਮਿਲਦਾ ਹੈ।

ਇਸ ਤੋਂ ਬਾਅਦ ਅਸੀਂ ਬੰਕਿਮ ਚੈਟਰਜੀ ਦੇ ਆਨੰਦਮਠ ਵਿੱਚ ਭਾਰਤ ਮਾਂ ਦਾ ਜ਼ਿਕਰ ਦੇਖਦੇ ਹਾਂ। ਭਾਰਤ ਦਾ ਮਨੁੱਖੀ ਰੂਪ 1905 'ਚ ਅਬਨਿੰਦਰਨਾਥ ਟੈਗੋਰ ਦੀ ਬਣਾਈ ਪੇਂਟਿੰਗ ਵਿੱਚ ਦਿਖਦਾ ਹੈ।

ਇਸ ਵਿੱਚ ਭਾਰਤ ਮਾਂ ਨੂੰ ਹਿੰਦੂ ਵੈਸ਼ਣਵ ਸਾਧਵੀ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਭਾਰਤ ਮਾਂ ਦਾ ਪਹਿਲਾ ਨਕਸ਼ਾ ਸਾਨੂੰ 1936 ਵਿੱਚ ਵਾਰਾਣਸੀ 'ਚ ਬਣੇ ਭਾਰਤ ਮਾਤਾ ਮੰਦਿਰ ਵਿੱਚ ਦੇਖਣ ਨੂੰ ਮਿਲਦਾ ਹੈ।

ਸਵਾਲ - ਤੁਸੀਂ ਆਪਣੀ ਨਵੀਂ ਕਿਤਾਬ 'ਅਗੇਂਸਟ ਦਿ ਗ੍ਰੇਨ' ਵਿੱਚ ਜ਼ਿਕਰ ਕੀਤਾ ਹੈ ਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਬੁੱਧ ਧਰਮ ਨੂੰ ਨਹੀਂ ਅਪਣਾਇਆ। ਇਸਦਾ ਕੀ ਮਤਲਬ ਹੈ? ਹਾਲ ਹੀ ਵਿੱਚ ਜਿਸ ਤਰ੍ਹਾਂ ਦਲਿਤਾਂ ਨੂੰ ਆਪਣੀ ਪਛਾਣ ਮਨਵਾਉਣ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

ਹਿੰਦੂਤਵਵਾਦੀ ਅਸਹਿਣਸ਼ੀਲਤਾ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ। ਉਸਦੀ ਰੋਸ਼ਨੀ ਵਿੱਚ ਇਹ ਬਿਲਕੁਲ ਸਾਫ਼ ਹੈ ਕਿ ਬ੍ਰਾਹਮਣ ਹਮੇਸ਼ਾ ਹੀ ਬੁੱਧ ਧਰਮ ਦੇ ਸਮਰਥਕਾਂ ਦੇ ਸਖ਼ਤ ਵਿਰੋਧੀ ਰਹੇ ਹਨ।

ਮੌਜੂਦਾ ਸਮੇਂ ਵਿੱਚ ਦਲਿਤਾਂ, ਖ਼ਾਸ ਤੌਰ 'ਤੇ ਬੁੱਧ ਧਰਮ ਦੇ ਸਮਰਥਕ ਦਲਿਤਾਂ ਦੇ ਨਾਲ ਜਿਹੜੀ ਦੁਸ਼ਮਣੀ ਨਿਭਾ ਰਹੇ ਹਨ, ਉਨ੍ਹਾਂ ਦੀਆਂ ਜੜ੍ਹਾਂ ਹਿੰਦੂ ਧਰਮ ਦੇ ਜਾਤੀ ਪ੍ਰਬੰਧ ਵਿੱਚ ਹਨ।

ਵਰਗਾਂ ਵਿੱਚ ਵੰਡੇ ਹਿੰਦੂ ਧਰਮ 'ਚ ਦਲਿਤ ਸਭ ਤੋਂ ਹੇਠਲੇ ਪੱਧਰ 'ਤੇ ਹਨ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਗਾਂ ਦਾ ਮਾਸ ਖਾਂਦੇ ਹਨ, ਜੋ ਉੱਚੇ ਦਰਜੇ ਦੇ ਹਿੰਦੂਆਂ ਦੀ ਮਾਨਤਾ ਦੇ ਸਖ਼ਤ ਖ਼ਿਲਾਫ਼ ਹੈ।

ਇਹੀ ਕਾਰਨ ਹੈ ਕਿ ਅੱਜ ਬੀਫ ਖਾਣ ਵਾਲਿਆਂ ਜਾਂ ਜਾਨਵਰਾਂ ਦਾ ਕਾਰੋਬਾਰ ਕਰਨ ਵਾਲਿਆਂ ਨਾਲ ਮੌਬ ਲਿੰਚਿੰਗ ਦੀਆਂ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਅਕਸਰ ਸਰਗਰਮ ਹਿੰਦੂਤਵਵਾਦੀ ਤਾਕਤਾਂ ਦਾ ਹੱਥ ਦੇਖਿਆ ਜਾਂਦਾ ਹੈ।

ਸਵਾਲ - ਤੁਸੀਂ ਅਜੋਕੇ ਸਮੇਂ ਵਿੱਚ ਹਿੰਦੂ ਪਛਾਣ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕੀ ਇਹ ਸੁਧਾਰ ਕੀਤੀ ਹੋਈ ਛਵੀ ਹੈ?

ਪ੍ਰਚਲਿਤ ਹਿੰਦੂ ਧਰਮ ਕਈ ਧਾਰਮਿਕ ਸੰਪ੍ਰਦਾਵਾਂ, ਮਾਨਤਾਵਾਂ ਅਤੇ ਪ੍ਰਥਾਵਾਂ ਦਾ ਇੱਕ ਸੰਗ੍ਰਹਿ ਹੈ। ਪਰ ਹਿੰਦੂਤਵ ਦੀ ਵਿਚਾਰਧਾਰਾ ਹਿੰਦੂ ਧਰਮ ਨੂੰ ਸਮਰੂਪ ਕਰਨ ਦੀ ਅਤੇ ਇਸ ਧਰਮ ਨੂੰ ਅਖੰਡ ਧਰਮ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਵਿਭਿਨਤਾਵਾਂ ਦੇ ਇਨਕਾਰ ਦੇ ਸਿੱਟੇ ਵਜੋਂ ਭਰਮਕਾਰੀ ਪਛਾਣ ਸਿਰਜੀ ਗਈ, ਜੋ ਹਮਲਾਵਰ ਹੈ। ਇਸ ਦਾ ਮੁੱਖ ਬਿੰਦੂ ਗਊ ਦੀ ਪੂਜਾ, ਰਾਮ ਦੀ ਹੋਰਨਾਂ ਦੇਵਤਿਆਂ ਨਾਲੋਂ ਉਚਤਾ ਅਤੇ ਰਮਾਇਣ ਨੂੰ ਦੂਜੇ ਗ੍ਰੰਥਾਂ ਨਾਲੋਂ ਪ੍ਰਮੁੱਖਤਾ ਦੇਣਾ ਹੈ।

ਕੁਝ ਸਮਾਂ ਪਹਿਲਾਂ ਮੈਂ ਸੁਣਿਆ ਸੀ ਕਿ ਹਿੰਦੂਤਵ ਸੰਗਠਨ ਆਪਣੇ ਸਮੇਂ ਅਨੁਸਾਰ ਮਨੁਸਮ੍ਰਿਤੀ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਸਭ ਅਖੰਡ ਧਰਮ ਦੀ ਗ਼ੈਰ-ਅਸਿਸਤਵ ਵਾਲੀ ਬਣਾਵਟੀ ਪਛਾਣ ਜ਼ਾਹਿਰ ਕਰਦਾ ਹੈ ਜਿਸ ਨੇ ਧਰਮ, ਸੱਭਿਆਚਾਰ ਅਤੇ ਸਿਆਸੀ ਮਾਹੌਲ ਨੂੰ ਖ਼ਰਾਬ ਕਰ ਦਿੱਤਾ ਹੈ ਅਤੇ ਸਮਕਾਲੀ ਭਾਰਤ ਨੂੰ ਹਨੇਰੇ ਯੁੱਗ ਵਿੱਚ ਧੱਕ ਦਿੱਤਾ ਹੈ।

ਸਵਾਲ - ਤੁਹਾਡੇ ਮੁਤਾਬਕ ਗਾਂ ਕਿਸ ਦੌਰ ਵਿੱਚ ਭਾਵਨਾਤਮਕ ਸੰਸਕ੍ਰਿਤਕ ਪਛਾਣ ਦੇ ਤੌਰ 'ਤੇ ਉਭਰੀ? ਅੱਜ ਇਸ ਪਛਾਣ ਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ?

ਉਂਜ ਤਾਂ ਗਊ-ਹੱਤਿਆ ਖ਼ਿਲਾਫ਼ ਜਜ਼ਬਾਤੀ ਮਾਹੌਲ ਦੀ ਜ਼ਮੀਨ ਪ੍ਰਾਚੀਨ ਕਾਲ ਅਤੇ ਮੱਧਕਾਲ ਦੇ ਦੌਰ ਵਿੱਚ ਹੀ ਤਿਆਰ ਹੋਣ ਲੱਗੀ ਸੀ। ਪਰ, ਭਾਰਤ ਵਿੱਚ ਇਸਲਾਮ ਧਰਮ ਦੇ ਆਉਣ ਤੋਂ ਬਾਅਦ ਇਸਦੇ ਖ਼ਿਲਾਫ਼ ਮਾਹੌਲ ਹੋਰ ਹਮਲਾਵਰ ਹੋ ਗਿਆ। ਜਿਹੜੇ ਬ੍ਰਾਹਮਣ ਵੈਦਿਕ ਕਾਲ ਵਿੱਚ ਗਊ ਦਾ ਮਾਸ ਖਾਂਦੇ ਸੀ, ਉਨ੍ਹਾਂ ਨੇ ਹੀ ਮੁਸਲਮਾਨਾਂ ਦਾ ਗਊ ਦਾ ਮਾਸ ਖਾਣ ਵਾਲਿਆਂ ਦਾ ਅਕਸ ਬਣਾ ਲਿਆ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੱਧਕਾਲੀ ਭਾਰਤ ਵਿੱਚ ਗਊ ਇੱਕ ਜਜ਼ਬਾਤੀ ਸੱਭਿਅਕ ਪ੍ਰਤੀਕ ਦੇ ਤੌਰ 'ਤੇ ਉਭਰੀ ਸੀ। ਗਊ ਦਾ ਇਹ ਅਕਸ ਮਰਾਠਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੋਰ ਮਜ਼ਬੂਤ ਹੋ ਗਿਆ। ਮਰਾਠਾ ਰਾਜਾ ਸ਼ਿਵਾਜੀ ਬਾਰੇ ਤਾਂ ਜਾਣਿਆ ਜਾਂਦਾ ਸੀ ਕਿ ਉਹ ਭਗਵਾਨ ਦਾ ਰੂਪ ਹਨ। ਉਨ੍ਹਾਂ ਦਾ ਜਨਮ ਬ੍ਰਾਹਮਣਾਂ ਅਤੇ ਗਊਆਂ ਦੀ ਸੇਵਾ ਲਈ ਹੀ ਹੋਇਆ।

1870 ਦੇ ਦਹਾਕੇ ਵਿੱਚ ਸਿੱਖਾਂ ਦੇ ਕੂਕਾ ਅੰਦੋਲਨ ਦੌਰਾਨ ਗਊ ਨੂੰ ਸਿਆਸੀ ਲਾਮਬੰਦੀ ਲਈ ਵਰਤਿਆ ਗਿਆ। ਇਸੇ ਦੌਰਾਨ ਦਯਾਨੰਦ ਸਰਸਵਤੀ ਨੇ 1882 ਵਿੱਚ ਪਹਿਲੀ ਗੌਰਕਸ਼ਿਣੀ ਸਭਾ ਦਾ ਗਠਨ ਕੀਤਾ।

ਗਊ ਰੱਖਿਆ ਲਈ ਚਲਾਏ ਜਾ ਰਹੇ ਅੰਦੋਲਨਾਂ ਵਿੱਚ ਤੇਜ਼ੀ ਆਉਣ ਦੇ ਨਾਲ ਹੀ ਗਾਂ, ਗਊ-ਮਾਤਾ ਬਣ ਗਈ। ਇਹ ਠੀਕ ਉਸੇ ਤਰ੍ਹਾਂ ਹੋ ਰਿਹਾ ਸੀ, ਜਦੋਂ ਭਾਰਤ ਨੂੰ ਭਾਰਤ ਮਾਤਾ ਬਣਾਇਆ ਜਾ ਰਿਹਾ ਸੀ।

ਹਾਲ ਹੀ ਵਿੱਚ ਇੱਕ ਮੁੱਖ ਮੰਤਰੀ ਨੇ ਰਾਸ਼ਟਰਮਾਤਾ ਸ਼ਬਦ ਘੜਿਆ ਹੈ। ਮਲਿਕ ਮੁਹੰਮਦ ਜਾਇਸੀ ਦੀ ਲਿਖਤ 'ਪਦਮਾਵਤ' ਵਿੱਚ ਪਦਮਿਨੀ ਦਾ ਜ਼ਿਕਰ ਹੈ, ਪਰ ਇਹ ਭਾਰਤ ਦੇ ਸਮਾਜਿਕ ਢਾਂਚੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਸਵਾਲ - ਰਾਮ ਇੱਕ ਸਿਆਸੀ ਦੇਵਤਾ ਹੈ, ਸਾਲ 2019 ਦੀਆਂ ਚੋਣਾਂ ਤੋਂ ਪਹਿਲਾਂ ਅਯੋਧਿਆ 'ਤੇ ਸਿਆਸਤ ਭਖ ਰਹੀ ਹੈ ਤੁਸੀਂ ਲਿਖਿਆ ਹੈ ਕਿ ਉੱਤਰ ਭਾਰਤ ਵਿੱਚ ਉੱਥੇ 17ਵੀਂ ਸਦੀ ਦੀ ਅਖ਼ੀਰ ਅਤੇ 18ਵੀਂ ਸਦੀ ਦੇ ਸ਼ੁਰੂ ਤੱਕ ਕੋਈ ਰਾਮ ਨੂੰ ਸਮਰਪਿਤ ਮੰਦਿਰ ਨਹੀਂ ਸੀ।

ਬੇਸ਼ੱਕ ਹਿੰਦੂਤਵ ਵਾਲੇ ਕੁਝ ਵੀ ਕਹਿ ਸਕਦੇ ਹਨ। ਉੱਤਰ ਭਾਰਤ ਵਿੱਚ 17ਵੀਂ-18ਸਦੀਂ ਤੱਕ ਕੋਈ ਰਾਮ ਮੰਦਿਰ ਦਾ ਸਬੂਤ ਨਹੀਂ ਹੈ। ਸਿਰਫ਼ ਮੱਧ ਪ੍ਰਦੇਸ਼ ਨੂੰ ਛੱਡ ਕੇ, ਜਿੱਥੇ 12ਵੀਂ ਸਦੀ ਦੇ 2-3 ਰਾਮ ਮੰਦਿਰ ਮਿਲੇ ਹਨ।

ਬਲਕਿ, ਅਯੋਧਿਆ ਤਾਂ ਜੈਨ ਮਤ ਅਤੇ ਬੁੱਧ ਮਤ ਵਰਗੇ ਧਰਮਾਂ ਲਈ ਪ੍ਰਸਿੱਧ ਸੀ। ਜਦੋਂ ਉੱਥੇ ਮੀਰ ਬਾਕੀ ਨੇ 1528 'ਚ ਮਸਜਿਦ ਬਣਾਈ ਸੀ ਤਾਂ ਉਥੇ ਕੋਈ ਰਾਮ ਮੰਦਿਰ ਨਹੀਂ ਸੀ।

ਸਵਾਲ - ਤੁਹਾਡੇ ਮੁਤਾਬਕ ਭਾਰਤ ਨੂੰ ਹਰੇਕ ਵਰਗ ਅਤੇ ਧਰਮ ਦੇ ਲੋਕਾਂ ਦੇ ਰਹਿਣ ਵਾਲੀ ਬਿਹਤਰ ਥਾਂ ਬਣਾਉਣ ਲਈ ਇਤਿਹਾਸ ਕੀ ਭੂਮਿਕਾ ਨਿਭਾ ਸਕਦਾ ਹੈ?

ਭਾਰਤ ਨੂੰ ਹਰੇਕ ਵਰਗ ਅਤੇ ਧਰਮ ਦੇ ਲੋਕਾਂ ਦੇ ਰਹਿਣ ਵਾਲੀ ਬਿਹਤਰ ਥਾਂ ਬਣਾਉਣ ਲਈ ਇਤਿਹਾਸਕਾਰ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਹੁਣ ਤੱਕ ਉਨ੍ਹਾਂ ਨੇ ਜੋ ਕੰਮ ਕੀਤਾ ਹੈ ਉਹ ਮੁਸ਼ਕਿਲ ਭਾਸ਼ਾ ਅਤੇ ਸੀਮਤ ਪਹੁੰਚ ਹੋਣ ਕਰਕੇ ਆਮ ਲੋਕਾਂ ਤੱਕ ਪਹੁੰਚ ਨਹੀਂ ਪਾਉਂਦਾ ਹੈ।

ਜੇਕਰ ਉਹ ਆਮ ਲੋਕਾਂ ਲਈ ਲਿਖਣ ਅਤੇ ਨਾ ਕੇਵਲ ਅੰਗਰੇਜ਼ੀ ਵਿੱਚ ਬਲਕਿ ਖੇਤਰੀ ਭਾਸ਼ਾਵਾਂ ਵਿੱਚ ਵੀ ਆਪਣੀਆਂ ਲਿਖਤਾਂ ਲਿਖਣ ਤਾਂ ਆਮ ਲੋਕਾਂ ਨੂੰ ਸਿਖਿਆ ਮਿਲ ਸਕਦੀ ਹੈ। ਉਹ ਵੀ ਆਪਣੇ ਅਤੀਤ ਨੂੰ ਵਧੇਰੇ ਤਰਕਸ਼ੀਲ ਨਜ਼ਰੀਏ ਨਾਲ ਦੇਖਣਗੇ।

ਧਰਮ ਲਈ ਤਰਕਸ਼ੀਲ ਨਜ਼ਰੀਆ ਨਿਸ਼ਚਿਤ ਤੌਰ 'ਤੇ ਸਾਰੇ ਧਰਮਾਂ ਅਤੇ ਜਾਤਾਂ ਨੂੰ ਨਾਲ ਲੈ ਕੇ ਚੱਲੇਗਾ, ਜਦਕਿ ਤਰਕਹੀਣ ਰਵੱਈਏ ਨਾਲ ਕੱਟੜਤਾ ਫੈਲੇਗੀ।

----

ਸ਼ਾਇਦ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਵੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)