You’re viewing a text-only version of this website that uses less data. View the main version of the website including all images and videos.
ਓਸਾਮਾ ਬਿਨ ਲਾਦੇਨ ਦੀ ਮਾਂ ਨਹੀਂ ਮੰਨਦੀ ਉਸ ਨੂੰ ਅਮਰੀਕੀ ਹਮਲੇ ਦਾ ਦੋਸ਼ੀ
ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਦੀ ਮੌਤ ਦੇ 7 ਸਾਲ ਬਾਅਦ ਉਨ੍ਹਾਂ ਦੀ ਮਾਂ ਨੇ ਪਹਿਲੀ ਵਾਰ ਆਪਣੇ ਪੁੱਤਰ ਬਾਰੇ ਜਨਤਕ ਤੌਰ 'ਤੇ ਗੱਲ ਕੀਤੀ।
ਆਲੀਆ ਗਾਨੇਮ ਨੇ ਬਰਤਾਨਵੀ ਅਖ਼ਬਾਰ 'ਦਿ ਗਾਰਡੀਅਨ' ਨੂੰ ਸਾਊਥੀ ਅਰਬ ਦੇ ਜੇਦਾ ਵਿੱਚ ਸਥਿਤ ਆਪਣੇ ਖ਼ਾਨਦਾਨੀ ਘਰ ਵਿੱਚ ਇੰਟਰਵਿਊ ਦਿੱਤਾ।
ਆਲੀਆ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਸ਼ਰਮੀਲਾ ਅਤੇ 'ਚੰਗਾ ਬੱਚਾ' ਸੀ ਪਰ ਯੂਨੀਵਰਸਿਟੀ ਵਿੱਚ 'ਬ੍ਰੇਨਵਾਸ਼' ਕਰਕੇ ਜ਼ਬਰਨ ਉਸ ਦੇ ਵਿਚਾਰ ਬਦਲ ਦਿੱਤੇ ਗਏ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਖ਼ਰੀ ਵਾਰ ਸਾਲ 1999 ਵਿੱਚ ਬਿਨ ਲਾਦੇਨ ਨੂੰ ਅਫ਼ਗਾਨਿਸਤਾਨ ਵਿੱਚ ਦੇਖਿਆ ਸੀ। ਇਹ 9/11 ਦੀ ਘਟਨਾ ਤੋਂ ਦੋ ਸਾਲ ਪਹਿਲਾਂ ਦੀ ਗੱਲ ਹੈ।
ਇਹ ਵੀ ਪੜ੍ਹੋ:
ਸ਼ੁਰੂ ਵਿੱਚ ਉਹ ਸੋਵੀਅਤ ਫੋਜਾਂ ਨਾਲ ਲੜਨ ਲਈ ਅਫ਼ਗਾਨਿਸਤਾਨ ਵਿੱਚ ਆਏ ਸਨ ਪਰ ਸਾਲ 1999 ਤੱਕ ਉਨ੍ਹਾਂ ਦੀ ਪਛਾਣ ਪੂਰੀ ਦੁਨੀਆਂ ਵਿੱਚ ਸ਼ੱਕੀ ਕੱਟੜਪੰਥੀ ਵਜੋਂ ਬਣ ਗਈ ਸੀ।
ਕੀ ਕਹਿੰਦੀ ਹੈ ਮਾਂ?
ਆਲੀਆ ਕੋਲੋਂ ਪੁੱਛਿਆ ਗਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਜਿਹਾਦੀ ਲੜਾਕਾ ਬਣਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਕਿਵੇਂ ਲੱਗਾ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਅਖ਼ਬਾਰ ਨੂੰ ਦੱਸਿਆ, "ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। ਮੈਂ ਅਜਿਹਾ ਬਿਲਕੁਲ ਨਹੀਂ ਹੋਣ ਦੇਣਾ ਚਾਹੁੰਦੀ ਸੀ। ਉਹ ਕਿਵੇਂ ਸਭ ਬਰਬਾਦ ਕਰ ਸਕਦਾ ਸੀ?"
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੜ੍ਹਾਈ ਕਰਨ ਵੇਲੇ ਉਨ੍ਹਾਂ ਦਾ ਪੁੱਤਰ 'ਮੁਸਲਿਮ ਬ੍ਰਦਰਹੁੱਡ ਸੰਗਠਨ' ਦੇ ਸੰਪਰਕ ਵਿੱਚ ਆ ਗਿਆ ਸੀ ਜੋ ਕਿ ਉਸ ਵੇਲੇ ਇੱਕ ਤਰ੍ਹਾਂ ਦੇ ਪੰਥ ਵਾਂਗ ਹੀ ਸੀ।
ਇਹ ਵੀ ਪੜ੍ਹੋ:
ਬਿਨ ਲਾਦੇਨ ਦਾ ਪਰਿਵਾਰ ਸਾਊਦੀ ਅਰਬ ਦੇ ਸਭ ਤੋਂ ਪ੍ਰਭਾਵਸ਼ਾਲੀ ਪਰਿਵਾਰਾਂ ਵਿਚੋਂ ਇੱਕ ਹੈ। ਇਸ ਪਰਿਵਾਰ ਨੇ ਇਮਾਰਤਾਂ ਦੇ ਨਿਰਮਾਣ ਦੇ ਕਾਰੋਬਾਰ ਨਾਲ ਜਾਇਦਾਦ ਬਣਾਈ ਹੈ।
ਬਿਨ ਲਾਦੇਨ ਦੇ ਪਿਤਾ ਮੁਹੰਮਦ ਬਿਨ ਅਵਾਦ ਬਿਨ ਲਾਦੇਨ ਨੇ ਆਲੀਆ ਗਾਨੇਮ ਨੂੰ ਓਸਾਮਾ ਦੇ ਜਨਮ ਤੋਂ ਤਿੰਨ ਸਾਲ ਬਾਅਦ ਤਲਾਕ ਦੇ ਦਿੱਤਾ ਸੀ। ਅਵਾਦ ਬਿਨ ਲਾਦੇਨ ਦੇ 50 ਤੋਂ ਵੱਧ ਬੱਚੇ ਹਨ।
9/11 ਤੋਂ ਬਾਅਦ ਕੀ ਹੋਇਆ ਸੀ
ਪਰਿਵਾਰ ਦਾ ਕਹਿਣਾ ਹੈ ਕਿ 9/11 ਹਮਲਿਆਂ ਤੋਂ ਬਾਅਦ ਸਾਊਦੀ ਸਰਕਾਰ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਸੀ ਅਤੇ ਉਨ੍ਹਾਂ ਦੇ ਆਉਣ-ਜਾਣ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।
ਪੱਤਰਕਾਰ ਮਾਰਟਿਨ ਚੁਲੋਵ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਵਿਚਾਰ ਨਾਲ ਸਾਊਦੀ ਅਰਬ ਦੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਲਈ ਆਲੀਆ ਗਾਨੇਮ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਕਿਉਂਕਿ ਸੀਨੀਅਰ ਅਧਿਕਾਰੀਆਂ ਨੂੰ ਲਗਦਾ ਸੀ ਕਿ ਇਸ ਨਾਲ ਇਹ ਦਿਖਾਉਣ ਵਿੱਚ ਮਦਦ ਮਿਲੇਗੀ ਕਿ ਅਲ ਕਾਇਦਾ ਦੇ ਸਾਬਕਾ ਨੇਤਾ ਬਾਹਰ ਕੱਢੇ ਗਏ ਸਨ ਨਾ ਕਿ ਸਰਕਾਰੀ ਏਜੰਟ ਸਨ।
ਬਿਨ ਲਾਦੇਨ ਦੇ ਦੋ ਭਰਾਵਾਂ ਹਸਨ ਅਤੇ ਅਹਿਮਦ ਵੀ ਇਸ ਇੰਟਰਵਿਊ ਦੌਰਾਨ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 9/11 ਹਮਲਿਆਂ ਵਿੱਚ ਓਸਾਮਾ ਦੀ ਭੂਮਿਕਾ ਹੋਣ ਦਾ ਪਤਾ ਲੱਗਾ ਤਾਂ ਉਦੋਂ ਤੋਂ ਉਹ ਬਿਲਕੁਲ ਹੈਰਾਨ ਹੋ ਗਏ ਸਨ।
ਅਹਿਮਦ ਨੇ ਯਾਦ ਕਰਦਿਆਂ ਆਖਿਆ, "ਘਰ ਦੇ ਹਰੇਕ ਛੋਟੇ-ਵੱਡੇ ਮੈਂਬਰ ਨੂੰ ਉਨ੍ਹਾਂ 'ਤੇ ਸ਼ਰਮ ਆ ਰਹੀ ਸੀ। ਅਸੀਂ ਸਾਰੇ ਜਾਣਦੇ ਸੀ ਕਿ ਸਾਨੂੰ ਇਸ ਦੇ ਭਿਆਨਕ ਨਤੀਜੇ ਭੁਗਤਨੇ ਪੈਣਗੇ। ਸਾਡੇ ਪਰਿਵਾਰ ਦੇ ਮੈਂਬਰ ਦੁਨੀਆਂ ਵਿੱਚ ਜਿੱਥੇ ਵੀ ਗਏ, ਉੱਥੋਂ ਸਾਊਦੀ ਅਰਬ ਵਾਪਸ ਆ ਗਏ ਸਨ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮਾਂ 9/11 ਹਮਲਿਆਂ ਦੇ 17 ਸਾਲ ਬਾਅਦ ਵੀ ਓਸਾਮਾ ਬਿਨ ਲਾਦੇਨ ਨੂੰ ਨਹੀਂ ਸਗੋਂ ਉਸ ਦੇ ਨਾਲ ਦੇ ਲੋਕਾਂ ਨੂੰ ਜ਼ਿੰਮੇਵਾਰ ਮੰਨਦੀ ਹੈ।
ਇਹ ਵੀ ਪੜ੍ਹੋ: