ਯੂਕੇ 'ਚ ਰਹਿੰਦੇ ਭਾਰਤੀ ਮੂਲ ਦੇ 9 ਸਾਲਾ ਸ਼ਤਰੰਜ ਚੈਂਪੀਅਨ ਨੂੰ ਯੂਕੇ ਸਰਕਾਰ ਨੇ ਦੇਸ ਛੱਡਣ ਨੂੰ ਕਿਹਾ

9 ਸਾਲਾ ਸ਼ਤਰੰਜ ਚੈਂਪੀਅਨ ਸ਼ਰੇਅਸ ਰੋਇਲ ਅਤੇ ਉਸ ਦੇ ਪਰਿਵਾਰ ਨੂੰ ਯੂਕੇ ਸਰਕਾਰ ਨੇ ਦੇਸ ਛੱਡਣ ਦੇ ਹੁਕਮ ਦਿੱਤੇ ਹਨ।

ਸ਼ਰੇਅਸ ਦੇ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਯੂਕੇ ਵਿੱਚ ਰੁਕਣ ਦਿੱਤਾ ਜਾਵੇ ਪਰ ਸ਼ਰੇਅਸ ਦੇ ਪਿਤਾ ਦਾ ਵੀਜ਼ਾ ਅਗਲੇ ਮਹੀਨੇ ਖ਼ਤਮ ਹੋ ਰਿਹਾ ਹੈ।

6 ਸਾਲ ਪਹਿਲਾਂ ਯੂਕੇ ਆਏ ਸ਼ਰੇਅਸ ਦੇ ਪਰਿਵਾਰ ਨੂੰ ਹੁਣ ਯੂਕੇ ਤੋਂ ਭਾਰਤ ਵਾਪਸ ਜਾਣਾ ਪਵੇਗਾ।

ਯੂਕੇ ਦੇ ਗ੍ਰਹਿ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਸ਼ਰੇਅਸ ਦਾ ਜਨਮ ਭਾਰਤ ਵਿੱਚ ਹੋਇਆ ਸੀ ਪਰ ਉਹ ਤਿੰਨ ਸਾਲ ਦੀ ਉਮਰ ਵਿੱਚ ਯੂਕੇ ਆ ਗਿਆ ਸੀ।

ਉਸ ਦੇ ਪਿਤਾ ਜਤਿੰਦਰ ਸਿੰਘ ਦੀ ਯੂਕੇ ਵਿੱਚ ਆਈਟੀ ਪ੍ਰੋਜੈਕਟ ਮੈਨੇਜਰ ਵਜੋਂ ਨੌਕਰੀ ਲੱਗੀ ਸੀ।

ਇੰਗਲੈਂਡ ਦੀ ਕੀਤੀ ਨੁਮਾਇੰਦਗੀ

ਸ਼ਰੇਅਸ ਨੇ ਯੂਕੇ ਵਿੱਚ ਹੀ ਸ਼ਤਰੰਜ ਖੇਡਣਾ ਸਿੱਖਿਆ ਸੀ ਅਤੇ ਇੰਗਲੈਂਡ ਦੀ ਕੌਮਾਂਤਰੀ ਪੱਧਰ 'ਤੇ ਨੁਮਾਇੰਦਗੀ ਵੀ ਕਰ ਚੁੱਕਾ ਹੈ। ਇਸ ਵੇਲੇ ਉਹ ਬ੍ਰਿਟਿਸ਼ ਚੈੱਸ ਚੈਂਪਿਅਨਸ਼ਿਪ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਹ ਉਸਦਾ ਯੂਕੇ ਵਿੱਚ ਖੇਡਿਆ ਆਖ਼ਰੀ ਟੂਰਨਾਮੈਂਟ ਹੋ ਸਕਦਾ ਹੈ।

ਜਤਿੰਦਰ ਸਿੰਘ 5 ਸਾਲ ਦੇ ਵਰਕ ਵੀਜ਼ੇ 'ਤੇ ਯੂਕੇ ਆਏ ਸਨ। ਉਨ੍ਹਾਂ ਦਾ ਵੀਜ਼ਾ ਅਗਲੇ ਮਹੀਨੇ ਖ਼ਤਮ ਹੋ ਰਿਹਾ ਹੈ। ਉਹ ਹੁਣ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਯੂਕੇ ਵਿੱਚ ਰੁਕਣ ਦੀ ਇਜਾਜ਼ਤ ਦੇਣ ਦੀ ਅਪੀਲ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ 4 ਨੂੰ ਦੱਸਿਆ, "ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਪੁੱਤਰ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ। ਉਸਦਾ ਹੁਨਰ ਇੰਗਲੈਂਡ ਵਿੱਚ ਨਿਖਰਿਆ ਹੈ।''

"ਜੋ ਹਮਾਇਤ ਤੇ ਪਛਾਣ ਉਸਨੂੰ ਇੰਗਲੈਂਡ ਵਿੱਚ ਮਿਲ ਰਹੀ ਹੈ, ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਸਭ ਉਸ ਨੂੰ ਭਾਰਤ ਵਿੱਚ ਨਹੀਂ ਮਿਲ ਸਕਦਾ ਹੈ।''

ਇਹ ਵੀ ਪੜ੍ਹੋ:

ਇਮੀਗਰੇਸ਼ਨ ਦੇ ਨਿਯਮਾਂ ਮੁਤਾਬਕ ਜਤਿੰਦਰ ਨੂੰ ਵੀਜ਼ਾ ਮਿਲ ਜਾਂਦਾ ਜੇ ਉਹ ਸਾਲਾਨਾ 1,20,000 ਪਾਊਂਡ ਕਮਾ ਰਹੇ ਹੁੰਦੇ ਪਰ ਉਨ੍ਹਾਂ ਦੀ ਕਮਾਈ ਇੰਨੀ ਨਹੀਂ ਹੈ।

ਬੇਮਿਸਾਲ ਹੁਨਰ

ਇੰਗਲੈਂਡ ਵਿੱਚ ਦੋ ਸੰਸਦ ਮੈਂਬਰਾਂ ਨੇ ਸ਼ਰੇਅਸ ਦੀ ਹਮਾਇਤ ਕੀਤੀ ਹੈ। ਗ੍ਰਹਿ ਮੰਤਰੀ ਨੂੰ ਲਿਖੇ ਸਾਂਝੇ ਪੱਤਰ ਵਿੱਚ ਲੀਡਜ਼ ਵੈਸਟ ਦੇ ਸੰਸਦ ਮੈਂਬਰ ਰਸ਼ਲ ਰੀਵਸ ਅਤੇ ਗਰੀਇਚ ਅਤੇ ਵੂਲਇਚ ਦੇ ਸੰਸਦ ਮੈਂਬਰ ਮੈਥਿਊ ਪੈਨੀਕੁੱਕ ਨੇ ਕਿਹਾ ਕਿ ਜੇ ਸ਼ਰੇਅਸ ਨੇ ਯੂਕੇ ਛੱਡਿਆ ਤਾਂ ਇੱਕ ਬੇਮਿਸਾਲ ਹੁਨਰ ਦਾ ਨੁਕਸਾਨ ਹੋਵੇਗਾ।

ਉਨ੍ਹਾਂ ਕਿਹਾ, "ਯੂਕੇ ਨੂੰ ਵਿਸ਼ਵ ਦੇ ਬਿਹਤਰੀਨ ਹੁਨਰਮੰਦ ਲੋਕਾਂ ਨੂੰ ਯੂਕੇ ਵਿੱਚ ਰਹਿਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਸ਼ਰੇਅਸ ਨੂੰ ਇੰਗਲਿਸ਼ ਚੈਸ ਫਾਊਂਡੇਸ਼ਨ ਵੱਲੋਂ ਦੇਸ ਦੇ ਸ਼ਤਰੰਜ ਖੇਡ ਦੇ ਭਵਿੱਖ ਦੇ ਸਿਤਾਰੇ ਵਜੋਂ ਮਾਨਤਾ ਪ੍ਰਾਪਤ ਹੈ।''

ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਜੇ ਜਤਿੰਦਰ ਸਿੰਘ ਦੀ ਕੰਪਨੀ ਵੀ ਉਨ੍ਹਾਂ ਨੂੰ ਮੌਜੂਦਾ ਤਨਖ਼ਾਹ 'ਤੇ ਰੱਖਣ ਨੂੰ ਤਿਆਰ ਹੈ ਪਰ ਫਿਰ ਵੀ ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਉਹ ਯੂਕੇ ਵਿੱਚ ਹੋਰ ਰੁਕਣ ਵਾਸਤੇ ਅਰਜ਼ੀ ਦੇ ਸਕਣ।

"ਹਰ ਵੀਜ਼ਾ ਕੇਸ ਨੂੰ ਇਮੀਗਰੇਸ਼ਨ ਦੇ ਨਿਯਮਾਂ ਮੁਤਾਬਕ ਹੀ ਦੇਖਿਆ ਜਾਂਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)