ਇੱਕ ਆਦਤ ਜਿਸ ਕਾਰਨ ਬਦਲ ਗਈ 9 ਲੋਕਾਂ ਦੀ ਜ਼ਿੰਦਗੀ

ਜਦੋਂ 30 ਸਾਲ ਦੀ ਉਮਰ ਵਿੱਚ ਡਾਕੂਮੈਂਟਰੀ ਫ਼ੋਟੋਗ੍ਰਾਫ਼ਰ ਮਾਰਟਿਨ ਏਬਰਲਿਨ ਨੇ ਆਪਣੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਸੁਭਾਅ ਵਿੱਚ ਤਬਦੀਲੀ, ਪਰੇਸ਼ਾਨੀ, ਡਿਪਰੈਸ਼ਨ ਆਦਿ ਦੇਖੀਆਂ ਤਾਂ ਇਨ੍ਹਾਂ ਤੋਂ ਪਾਰ ਪਾਉਣ ਲਈ ਉਨ੍ਹਾਂ ਦੌੜਨਾ ਸ਼ੁਰੂ ਕੀਤਾ।

ਹੇਠਾਂ ਤਸਵੀਰ ਵਿੱਚ ਨਜ਼ਰ ਆ ਰਹੇ ਮਾਰਟਿਨ, ''ਦੌੜਨ ਨਾਲ ਲੰਮੇ ਰਿਸ਼ਤੇ'' ਦਾ ਜ਼ਿਕਰ ਕਰਦੇ ਹਨ।

ਉਹ ਕਹਿੰਦੇ ਹਨ, ''ਦੌੜ ਮੈਨੂੰ ਮੇਰੇ ਵਿਚਾਰਾਂ 'ਤੇ ਕਾਬੂ ਪਾਉਣ 'ਚ ਮਦਦ ਕਰਦੀ ਹੈ, ਧੀਰਜ ਸਿਖਾਉਂਦੀ ਹੈ ਅਤੇ ਮੈਨੂੰ ਉਨ੍ਹਾਂ ਚੀਜ਼ਾਂ ਉੱਤੇ ਫੋਕਸ ਕਰਨ ਦਾ ਮੌਕਾ ਦਿੰਦੀ ਹੈ, ਜਿੱਥੇ ਮੈਨੂੰ ਫੋਕਸ ਕਰਨਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਫੋਟੋਗ੍ਰਾਫ਼ਰ ਮਾਰਟਿਨ ਦੂਜੇ ਦੌੜਾਕਾਂ ਦੀਆਂ ਕਹਾਣੀਆਂ ਇਹ ਪਤਾ ਲਗਾਉਣ ਲਈ ਸੁਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੇ ਦੌੜਨ ਲਈ ਜਨੂੰਨ ਕਿਵੇਂ ਪੈਦਾ ਕੀਤਾ ਅਤੇ ਦੌੜਨਾ ਪਿਛਲੇ ਅਨੁਭਵਾਂ ਅਤੇ ਮਾਨਸਿਕ ਸਿਹਤ ਨਾਲ ਕਿਵੇਂ ਸਬੰਧਤ ਹੈ।

ਆਪਣੀ ਯਾਤਰਾ ਦੌਰਾਨ ਸਾਥੀ ਦੋੜਾਕਾਂ ਦੀ ਇੰਟਰਵਿਊ ਅਤੇ ਫ਼ੋਟੋ ਖਿੱਚਣ ਤੋਂ ਬਾਅਦ, ਮਾਰਟਿਨ ਨੇ ਦੌੜਨ ਵਾਲਿਆਂ ਦੀ ਇੱਕ ਫੋਟੋ ਸੀਰੀਜ਼ ਬਣਾਈ।

ਮਿਸ਼ੇਲ ਬੈਵਿਨ

ਮਿਸ਼ੇਲ ਬੈਵਿਨ ਨੇ ਨਵੰਬਰ 2016 ਵਿੱਚ ਦੌੜਨਾ ਸ਼ੁਰੂ ਕੀਤਾ ਸੀ, ਉਨ੍ਹਾਂ ਇਹ ਸ਼ੁਰੂਆਤ ਪੰਜ ਕਿਲੋਮੀਟਰ ਦੀ ਦੌੜ ਨਾਲ ਕੀਤੀ ਸੀ।

ਪਹਿਲਾਂ ਉਹ ਇੱਕ ਮਿੰਟ ਤੋਂ ਵੱਧ ਨਹੀਂ ਦੌੜ ਸਕਦੇ ਸਨ, ਪਰ ਹੁਣ ਦੌੜਨ ਨਾਲ ਉਨ੍ਹਾਂ ਦੇ ਵਿਚਾਰਾਂ ਨੂੰ ਆਜ਼ਾਦੀ ਮਿਲਦੀ ਹੈ।

ਦੌੜਨ ਤੋਂ ਪਹਿਲਾਂ ਮਿਸ਼ੇਲ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਸੰਘਰਸ਼ ਕਰਨਾ ਪਿਆ ਸੀ। ਜਨਵਰੀ 2016 ਵਿੱਚ ਉਨ੍ਹਾਂ ਦਾ ਭਾਰ 127 ਕਿੱਲੋ ਤੋਂ ਵੱਧ ਸੀ।

ਇੱਕ ਸਥਾਨਕ ਸਹਾਇਤਾ ਸਮੂਹ ਦੀ ਮਦਦ ਨਾਲ, ਉਨ੍ਹਾਂ ਨੇ ਆਪਣਾ ਭਾਰ ਕਰੀਬ 57 ਕਿੱਲੋ ਘਟਾਇਆ।

ਹੁਣ ਮਿਸ਼ੇਲ ਹਫ਼ਤੇ ਵਿੱਚ ਦੋ ਵਾਰ ਦੌੜਦੇ ਹਨ ਅਤੇ ਆਰਾਮ ਨਾਲ 10 ਕਿੱਲੋਮੀਟਰ ਪੂਰੇ ਕਰ ਲੈਂਦੇ ਹਨ।

ਉਹ ਦੱਸਦੇ ਹਨ ਕਿ ਦੌੜ ਉਨ੍ਹਾਂ ਨੂੰ ਪ੍ਰਾਪਤੀ ਦੀ ਭਾਵਨਾ ਦਿੰਦੀ ਹੈ, ਜਦਕਿ ਸਾਹ ਲੈਣ ਅਤੇ ਸੰਗੀਤ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਉਨ੍ਹਾਂ ਨੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਜਾਣ ਵਿੱਚ ਮਦਦ ਮਿਲਦੀ ਹੈ।

ਉਹ ਦੌੜਨ ਤੋਂ ਬਾਅਦ ਕਹਿੰਦੇ ਹਨ, "ਲੱਗਦਾ ਹੈ ਮੈਂ ਦੁਨੀਆਂ 'ਤੇ ਜਿੱਤ ਹਾਸਿਲ ਕਰਨ ਲਈ ਤਿਆਰ ਹਾਂ।"

ਬੇਥ ਲੇਕਨਬਾਇ

ਬੇਥ ਲੇਕਨਬਾਇ ਰੋਜ਼ਾਨਾ ਦੌੜਨ ਲਈ ਆਪਣੇ ਦੱਖਣੀ ਲੰਡਨ ਦੇ ਸਥਾਨਕ ਪਾਰਕ ਵਿੱਚ ਜਾਂਦੇ ਹਨ ਅਤੇ ਇਸ ਨਾਲ ਆਪਣੀ ਚਿੰਤਾ ਅਤੇ ਓਬਸੇਸਿਵ ਕੰਪਲਸਿਵ ਡਿਸਆਰਡਰ ਉੱਤੇ ਕਾਬੂ ਪਾਉਂਦੇ ਹਨ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਕਿ ਪਰੇਸ਼ਾਨੀ ਦੇ ਇਸ ਡਿਸਆਰਡਰ ਕਾਰਨ ਉਹ ਚਿੰਤਾ, ਉਦਾਸੀ ਆਦਿ ਮਹਿਸੂਸ ਕਰਦੇ ਸਨ।

ਦੌੜਨ ਨਾਲ ਉਨ੍ਹਾਂ ਦੇ ਦਿਮਾਗ ਦਾ ਭਾਰ ਹੌਲਾ ਹੁੰਦਾ ਹੈ। ਉਹ ਓਬਸੇਸਿਵ ਕੰਪਲਸਿਵ ਡਿਸਆਰਡਰ ਉੱਤੇ ਕਾਬੂ ਪਾਉਣ ਵਿੱਚ ਮਦਦ ਮਹਿਸੂਸ ਕਰਦੇ ਹਨ ਅਤੇ ਚਿੰਤਾ ਨਾਲ ਉਨ੍ਹਾਂ ਦੀ ਜ਼ਿੰਦਗੀ 'ਤੇ ਅਸਰ ਨਹੀਂ ਪੈਂਦਾ।

ਕੋਰੇਲ ਫਰੋਸਟ

ਕੋਰੇਲ ਫਰੋਸਟ ਕਹਿੰਦੇ ਹਨ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਦੌੜ ਜਾਂ ਖਾਣ-ਪੀਣ ਦੇ ਅਸਰ ਹੇਠ ਕੰਟਰੋਲ ਵਿਚਾਲੇ ਵਿਕਲਪ ਦੀ ਚੋਣ ਦਾ ਸਾਹਮਣਾ ਕਰਨਾ ਪਿਆ ਸੀ।

ਉਹ 10 ਸਾਲਾਂ ਤੋਂ ਵੱਧ ਸਮੇਂ ਲਈ ਭੁੱਖਮਰੀ ਨਾਲ ਪੀੜਤ ਸੀ। ਉਨ੍ਹਾਂ ਨੇ ਦੌੜਨਾ ਚੁਣਿਆ।

2016 ਵਿੱਚ ਉਨ੍ਹਾਂ ਇੱਕ ਬਲਾਗ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਿਵੇਂ ਦੌੜ ਨਾਲ ਮਾਨਸਿਕ ਸਿਹਤ ਸਮੱਸਿਆਵਾਂ 'ਤੇ ਪਾਰ ਪਾਉਣ ਵਿੱਚ ਮਦਦ ਮਿਲੀ। ਇਸ ਰਾਹੀਂ ਉਨ੍ਹਾਂ ਨੇ ਆਪਣੇ ਆਪ ਵਿੱਚ ਤਬਦੀਲੀ ਦੇਖੀ।

ਉਨ੍ਹਾਂ ਦਾ ਮੰਨਣਾ ਹੈ ਕਿ ਖੇਡ ਗਤੀਵਿਧੀ ਦਾ ਕਿਸੇ ਥੈਰੇਪੀ ਦੇ ਨਾਲ ਸੁਮੇਲ ਹੋਣ ਕਾਰਨ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਸਹਾਈ ਸਿੱਧ ਹੁੰਦਾ ਹੈ।

ਕੋਰੇਲ ਸੇਰਪੇਨਟਾਇਨ ਰਨਿੰਗ ਕਲੱਬ ਦੇ ਮੈਂਬਰ ਹਨ, ਜਿੱਥੇ ਉਹ ਮੈਂਟਲ ਹੈਲਥ ਦੇ ਅੰਬੈਸਡਰਾਂ ਵਿੱਚੋਂ ਇੱਕ ਅੰਬੈਸਡਰ ਵੀ ਹਨ।

ਉਹ ਅਕਸਰ ਇੱਕ ਰਨ ਚੈਟ ਦੀ ਮੇਜ਼ਬਾਨੀ ਕਰਦੇ ਹਨ, ਜਿੱਥੇ ਕਲੱਬ ਦੇ ਮੈਂਬਰ ਉਨ੍ਹਾਂ ਨਾਲ ਦੌੜਦੇ ਹੋਏ ਗੱਲਾਂ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਪੁੱਛ ਸਕਦੇ ਹਨ।

ਪੌਲ ਸ਼ੇਫਰਡ

ਪੌਲ ਸ਼ੇਫਰਡ ਇੰਗਲੈਂਡ ਵਿੱਚ ਆਪਣੇ ਘਰ ਦੇ ਨੇੜੇ ਦੱਖਣ ਤੱਟ 'ਤੇ ਅਤੇ ਸਮੁੰਦਰੀ ਕੰਢੇ ਦੇ ਨਾਲ-ਨਾਲ ਦੌੜਦੇ ਹਨ।

ਦੌੜਨ ਨਾਲ ਉਨ੍ਹਾਂ ਨੂੰ ਇੱਕ ਢਾਂਚਾ, ਦਿਮਾਗ ਨੂੰ ਮੁਕਤੀ ਅਤੇ ਖ਼ੁਦ ਲਈ ਕੀਮਤੀ ਸਮਾਂ ਮਿਲਦਾ ਹੈ ਜਿਸ ਨਾਲ ਉਹ ਆਪਣੇ ਡਿਪਰੈਸ਼ਨ, ਚਿੰਤਾ ਆਦਿ ਨੂੰ ਮੈਨੇਜ ਕਰਦੇ ਹਨ।

ਸਾਲ 2016 ਵਿੱਚ ਲੰਮੀਆਂ ਨਾਈਟ ਸ਼ਿਫ਼ਟਾਂ ਅਤੇ ਕਈ ਘੰਟੇ ਕੰਮ ਕਰਨ ਤੋਂ ਬਾਅਦ ਪੌਲ ਨੇ ਖ਼ੁਦ ਨੂੰ ਨੀਂਦ ਤੋਂ ਵਾਂਝਾ ਮਹਿਸੂਸ ਕੀਤਾ।

ਲਗਭਗ ਇੱਕ ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਹਰ ਹਫ਼ਤੇ ਦੇ ਅੰਤ ਵਿੱਚ ਸ਼ਰਾਬ ਪੀਣੀ ਪੈਂਦੀ ਸੀ।

ਉਹ ਕਹਿੰਦੇ ਹਨ ਇਸ ਨਾਲ ਉਨ੍ਹਾਂ ਨੂੰ ਡਿਪਰੈਸ਼ਨ ਭਰਿਆ ਅਤੇ ਆਤਮਘਾਤੀ ਮਹਿਸੂਸ ਹੋਣ ਲੱਗਿਆ।

ਜਨਵਰੀ 2017 ਵਿੱਚ ਪੌਲ ਇੱਕ ਘੁੱਪ ਹਨੇਰੇ ਵਾਲੀ ਥਾਂ 'ਤੇ ਸਨ। ਇੱਕ ਸ਼ਾਮ ਉਹ ਸੰਗੀਤ ਕਲਾਕਾਰ ਪ੍ਰੋਫ਼ੈਸਰ ਗ੍ਰੀਨ ਦੀ ਇੰਟਰਵਿਊ ਸੁਣ ਰਹੇ ਸਨ। ਇਸ ਦੌਰਾਨ ਪ੍ਰੋ. ਗ੍ਰੀਨ ਆਪਣੇ ਪਿਤਾ ਦੇ ਦਹਾਂਤ ਤੋਂ ਬਾਅਦ ਆਪਣੇ ਦੁਖ ਬਾਰੇ ਗੱਲ ਕਰ ਰਹੇ ਸਨ।

ਪੌਲ ਨੇ ਅਚਾਨਕ ਸੋਚਿਆ ਕਿ ਉਨ੍ਹਾਂ ਦਾ ਪੁੱਤਰ ਕੀ ਸੋਚੇਗਾ ਜੇ ਉਸਨੂੰ ਬਿਨ੍ਹਾਂ ਪਿਤਾ ਤੋਂ ਵੱਡਾ ਹੋਣਾ ਪਵੇ।

ਕੁਝ ਸਮਾਂ ਬਾਅਦ ਪੌਲ ਨੇ ਚੈਰਿਟੀ ਕਾਲਮ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਪੌਲ ਨੂੰ ਸਹਾਇਤਾ ਅਤੇ ਸਲਾਹ ਦਿੱਤੀ ਤਾਂ ਜੋ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਨਵਾਂ ਰੰਗ ਦੇਣ ਵਿੱਚ ਮਦਦ ਮਿਲ ਸਕੇ।

ਪੌਲ ਹੁਣ ਧੰਨਵਾਦੀ ਹਨ ਕਿ ਦੌੜਨ ਨਾਲ ਉਨ੍ਹਾਂ ਨੂੰ ਆਪਣੇ ਪੁੱਤਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ।

ਉਹ ਕਹਿੰਦੇ ਹਨ ਜ਼ਿੰਦਗੀ ਇੱਕ ਪੈਰ ਦੇ ਅੱਗੇ ਦੂਜਾ ਪੈਰ ਰੱਖਣਾ ਦਾ ਨਾਂ ਹੈ ਅਤੇ ਇਹੀ ਹੁਣ ਉਹ ਜਾਰੀ ਰੱਖਣਾ ਚਾਹੁੰਦੇ ਹਨ।

ਲੁਸੀ ਥਰੇਵਸ

ਲੁਸੀ ਥਰੇਵਸ ਕਹਿੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਦੀ ਕਲਪਨਾ ਦੌੜ ਤੋਂ ਬਗੈਰ ਨਹੀਂ ਕਰ ਸਕਦੇ ਅਤੇ ਉਨ੍ਹਾਂ ਹਾਲ ਹੀ ਵਿੱਚ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਸੀ।

ਯੂਨੀਵਰਸਿਟੀ ਵਿੱਚ ਇੱਕ ਸਵੇਰ ਉਹ ਦੌੜਨ ਲਈ ਬਾਹਰ ਗਏ ਅਤੇ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੀਆਂ ਦੋਵੇਂ ਬਾਹਵਾਂ ਟੁੱਟ ਗਈਆਂ।

ਘਟਨਾ ਦੇ ਕਈ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਘਰ ਨੂੰ ਛੱਡਣਾ ਬਹੁਤ ਮੁਸ਼ਕਿਲ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਦਾਸੀ ਅਤੇ ਚਿੰਤਾ ਦਾ ਅਨੁਭਵ ਹੋਣ ਲੱਗਿਆ।

ਇਸ ਨਾਲ ਉਨ੍ਹਾਂ ਦੀ ਨੀਂਦ 'ਤੇ ਵੀ ਅਸਰ ਪਿਆ, ਮਾਨਸਿਕ ਸਿਹਤ ਵੀ ਵਿਗੜਨ ਲੱਗੀ ਅਤੇ ਖਾਣ-ਪੀਣ 'ਤੇ ਵੀ ਅਸਰ ਹੋਇਆ। ਇਸ ਤੋਂ ਬਾਅਦ ਉਨ੍ਹਾਂ ਆਪਣਾ ਚੈੱਕ ਅੱਪ ਇੱਕ ਮੈਂਟਲ ਹੈਲਥ ਕਲੀਨਿਕ 'ਤੇ ਕਰਵਾਇਆ।

ਸਹੀ ਸਲਾਹ ਦੇ ਨਾਲ-ਨਾਲ ਥੈਰੇਪੀ ਦਾ ਸੁਮੇਲ, ਚੰਗਾ ਖਾਣ-ਪੀਣ, ਅਤੇ ਆਤਮ ਵਿਸ਼ਵਾਸ਼ ਵਿੱਚ ਵਾਧੇ ਨਾਲ ਲੁਸੀ ਨੇ ਦੁਬਾਰਾ ਦੌੜਨ ਲਈ ਖ਼ੁਦ ਵਿੱਚ ਹਿੰਮਤ ਅਤੇ ਧਿਆਨ ਦਿੱਤਾ।

ਲੁਸੀ ਕਹਿੰਦੇ ਹਨ ਕਿ ਦੌੜਨਾ ਸ਼ੁਰੂਆਤ ਵਿੱਚ ਨਿੱਜੀ ਬਿਹਤਰੀ ਲਈ ਸੀ, ਪਰ ਅਸਲ ਵਿੱਚ ਇਸ ਗਤੀਵਿਧੀ ਦੀ ਵਰਤੋਂ ਉਨ੍ਹਾਂ ਆਪਣੀ ਰਿਕਵਰੀ ਵਿੱਚ ਮਦਦ ਦੇ ਤੌਰ 'ਤੇ ਕੀਤੀ।

ਕੈਰਨ ਜੋਨਸ

ਕੈਰਨ ਜੋਨਸ ਕਹਿੰਦੇ ਹਨ 2005 ਤੋਂ ਦੌੜ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ।

36 ਸਾਲ ਦੀ ਉਮਰ ਵਿੱਚ ਕੈਰਨ ਇੱਕ ਕਿਸਮ ਦੀ ਉਦਾਸੀ ਤੋਂ ਪੀੜਤ ਸਨ। ਉਨ੍ਹਾਂ ਦੇ ਸਿਹਤ ਸਲਾਹਕਾਰ ਨੇ ਐਕਸਰਸਾਈਜ਼ ਦੀ ਸਲਾਹ ਦਿੱਤੀ। ਕੈਰਨ ਨੇ ਦੌੜਨਾ ਚੁਣਿਆ।

2006 ਵਿੱਚ ਉਨ੍ਹਾਂ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਆਪਣੇ ਦਾਦਾ-ਦਾਦੀ ਦੀ ਯਾਦ ਵਿੱਚ ਕੈਂਸਰ ਚੈਰਿਟੀ ਲਈ ਪੈਸਾ ਇਕੱਠਾ ਕੀਤਾ।

ਇਹ ਵੀ ਪੜ੍ਹੋ:

ਦੌੜ ਨੇ ਨਾ ਸਿਰਫ਼ ਉਨ੍ਹਾਂ ਨੂੰ ਡਿਪਰੈਸ਼ਨ ਉੱਤੇ ਕਾਬੂ ਪਾਉਣ 'ਚ ਮਦਦ ਕੀਤੀ, ਸਗੋਂ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਨਾਲ ਚੰਗਾ ਖਾਣਾ ਅਤੇ ਕਸਰਤ ਨਾਲ ਉਨ੍ਹਾਂ ਦੀ ਮੁਕੰਮਲ ਮਾਨਸਿਕ ਸਿਹਤ ਅਤੇ ਖ਼ੁਸ਼ੀ ਵਿੱਚ ਬਿਹਤਰੀ ਹੋਈ ਹੈ।

44 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਨਵੀਂ ਸ਼ੁਰੂਆਤ ਸਮੇਂ ਕੈਰਨ ਨੇ ਫ਼ੈਸਲਾ ਲਿਆ ਕਿ ਉਹ ਨਿੱਜੀ ਟ੍ਰੇਨਰ ਬਣਨਗੇ।

ਹੁਣ ਉਹ ਲੋਕਾਂ ਨੂੰ ਦੱਸਦੇ ਹਨ ਕਿ ਤੰਦਰੁਸਤ ਕਿਵੇਂ ਰਹਿਣ ਹੈ ਅਤੇ ਨਾਲ ਹੀ ਦੱਸਦੇ ਹਨ ਕਿ ਉਦਾਸੀ ਅਤੇ ਚਿੰਤਾ ਤੇ ਕਾਬੂ ਕਿਵੇਂ ਪਾਉਣਾ ਹੈ।

ਕਰੀਮ ਅਤੇ ਜੈਕ

ਕਰੀਮ ਅਤੇ ਜੈਕ ਨੇ ਹਾਲ ਹੀ ਵਿੱਚ ਆਪਣੀ ਭਾਰਤ ਯਾਤਰਾ ਤੋਂ ਪ੍ਰੇਰਣਾ ਲੈਣ ਤੋਂ ਬਾਅਦ ਆਪਣੀ ਸਵੇਰ ਦੀ ਰੂਟੀਨ ਨੂੰ ਵੱਖਰਾ ਕਰਨ ਦਾ ਫ਼ੈਸਲਾ ਲਿਆ।

ਸਵੇਰ ਸਾਢੇ ਪੰਜ ਵਜੇ ਉੱਠਕੇ ਅਧਿਆਤਮ ਅਤੇ ਦੌੜ ਨਾਲ ਉਹ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ।

ਇਸ ਜੋੜੇ ਨੇ ਮਹਿਸੂਸ ਕੀਤਾ ਕਿ ਦੌੜਨ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਹੋਇਆ ਹੈ। ਕਰੀਮ ਨੇ ਕਈ ਸਾਲ ਤੱਕ ਉਦਾਸੀ ਅਤੇ ਚਿੰਤਾ ਨਾਲ ਲੜਾਈ ਲੜੀ ਹੈ।

ਉਹ ਕਹਿੰਦੇ ਹਨ ਸਵੇਰ ਦੇ ਨਵੇਂ ਰੂਟੀਨ ਵਿੱਚ ਯੋਗ, ਅਧਿਆਤਮ ਅਤੇ ਦੌੜ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ।

ਜੈਕ ਸਵੇਰੇ ਦੌੜਨ 'ਤੇ ਵੱਧ ਫ਼ੋਕਸ ਕਰਦੇ ਹਨ ਅਤੇ ਇਸਨੂੰ ਅਧਿਆਤਮ ਦਾ ਹੀ ਰੂਪ ਮੰਨਦੇ ਹਨ। ਉਨ੍ਹਾਂ ਮੁਤਾਬਕ ਦੌੜਨ ਨਾਲ ਉਨ੍ਹਾਂ ਨੂੰ ਸਿਹਤਮੰਦ ਖਾਣਾ ਅਤੇ ਸਰੀਰ ਵਿੱਚ ਹੋਰ ਬਿਹਤਰੀ ਦਾ ਅਹਿਸਾਸ ਹੁੰਦਾ ਹੈ।

ਜੈਕ ਨੂੰ ਹੁਣ ਮਾਨਸਿਕ ਸਿਹਤ ਦੇ ਮਸਲਿਆਂ ਦੀ ਚੰਗੀ ਸਮਝ ਹੈ ਅਤੇ ਉਨ੍ਹਾਂ ਮੁਤਾਬਕ ਹੁਣ ਉਹ ਸਹੀ ਕਾਰਨਾਂ ਕਰਕੇ ਦੌੜਦੇ ਹਨ, ਉਨ੍ਹਾਂ ਵਿੱਚੋਂ ਇੱਕ ਕਾਰਨ ਹੈ ਕਿ ਉਨ੍ਹਾਂ ਨੂੰ ਸਕਾਰਾਤਮਕਤਾ ਪ੍ਰਦਾਨ ਹੁੰਦੀ ਹੈ।

ਮਰਿਕਾ ਵਿਬ-ਵਿਲਿਅਮਸ

ਨੈਸ਼ਨਲ ਹੈਲਥ ਸਰਵਿਸ 'ਚ ਕੰਮ ਕਰਨ ਵਾਲੇ ਮਰਿਕਾ ਵਿਬ-ਵਿਲਿਅਮਸ ਕਹਿੰਦੇ ਹਨ ਕਿ ਉਹ ਸਰੀਰਿਕ ਅਤੇ ਸਿਹਤ ਤੋਂ ਇਲਾਵਾ ਮਾਨਸਿਕ ਲਾਭ ਕਰਕੇ ਦੌੜਦੇ ਹਨ।

2016 ਵਿੱਚ ਛਾਤੀ ਦੇ ਕੈਂਸਰ ਦੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਹੈ।

ਮਰਿਕਾ ਆਪਣੇ ਘਰ ਦੇ ਨੇੜੇ ਹੀ ਦੌੜਦੇ ਹਨ, ਤਾਂ ਜੋ ਥਕਾਵਟ ਦੀ ਹਾਲਤ ਵਿੱਚ ਉਹ ਘਰ ਵਾਪਸ ਆ ਸਕਣ।

ਮਰਿਕਾ ਰਨਿੰਗ ਕਲੱਬ ਕਮਿਊਨਿਟੀ ਦਾ ਸਤਿਕਾਰ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਕਈ ਕਰੀਬੀ ਦੋਸਤ ਬਣੇ ਅਤੇ ਉਨ੍ਹਾਂ ਦਾ ਸਮਾਜਿਕ ਜੀਵਨ ਮਸਰੂਫ਼ ਹੋ ਸਕਿਆ।

ਇਸ ਸਾਲ ਉਨ੍ਹਾਂ ਲੰਡਨ ਅਤੇ ਏਡਿਨਬਰਗ ਮੈਰਾਥਨ ਵਿੱਚ ਹਿੱਸਾ ਲਿਆ। ਉਨ੍ਹਾਂ ਦੇ ਪਤੀ ਨੇ ਵੀ ਮੈਰਾਥਨ 'ਚ ਹਿੱਸਾ ਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)