ਸਾਵਣ: ਸੋਮਵਾਰ ਦਾ ਵਰਤ ਸਿਰਫ਼ ਕੁੜੀਆਂ ਦੀ ਜ਼ਰੂਰਤ ਕਿਉਂ ਹੈ?

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

"ਮੈਂ ਸਾਉਣ ਮਹੀਨੇ ਦੇ 4 ਸੋਮਵਾਰ ਦੇ ਸਾਰੇ ਵਰਤ ਰੱਖਦੀ ਹਾਂ ਕਿਉਂਕਿ ਇਸ ਨਾਲ ਇੱਕ ਤਾਂ ਚੰਗਾ ਪਤੀ ਮਿਲਦਾ ਹੈ ਅਤੇ ਸੁੱਖ ਸਮ੍ਰਿੱਧੀ ਵੀ ਮਿਲਦੀ ਹੈ।"

ਇਹ ਕਹਿਣਾ ਹੈ ਤਾਨਿਆ ਸਿੰਘ ਦਾ ਜੋ ਕਿ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਨੋਇਡਾ ਵਿੱਚ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਹੈ। ਤਾਨਿਆ ਦਾ ਵਿਸ਼ਵਾਸ ਹੈ ਕਿ 16 ਸੋਮਵਾਰ ਦੇ ਵਰਤ ਰੱਖਣ ਨਾਲ ਸਾਰੇ ਕੰਮ ਬਣ ਜਾਂਦੇ ਹਨ।

ਤਾਨਿਆ ਮੁਤਾਬਕ, "ਮੈਂ ਜਦੋਂ ਵੀ ਸੋਮਵਾਰ ਦਾ ਵਰਤ ਰੱਖਿਆ ਹੈ ਮੇਰੇ ਰੁਕੇ ਹੋਏ ਕੰਮ ਬਣ ਗਏ ਹਨ। ਇਸ ਲਈ ਮੇਰਾ ਸ਼ਿਵ ਜੀ ਤੇ ਵਿਸ਼ਵਾਸ ਵੱਧਦਾ ਹੀ ਗਿਆ। ਹਾਲਾਂਕਿ ਮੈਂ ਪਹਿਲਾਂ ਸਾਉਣ ਦੇ 16 ਸੋਮਵਾਰ ਦੋ ਵਰਤ ਨਹੀਂ ਰੱਖਦੀ ਸੀ ਪਰ ਜਦੋਂ ਪੜ੍ਹਾਈ ਅਤੇ ਨੌਕਰੀ ਲਈ ਘਰੋਂ ਬਾਹਰ ਨਿਕਲੇ ਤਾਂ ਹੋਸਟਲ ਵਿੱਚ ਕਈ ਕੁੜੀਆਂ ਵਰਤ ਰੱਖਦੀਆਂ ਸਨ। ਉਨ੍ਹਾਂ ਦੀ ਆਸਥਾ ਦੇਖ ਕੇ ਇਹ ਵਰਤ ਰੱਖਣ ਦਾ ਮੰਨ ਕੀਤਾ ਅਤੇ ਸਫ਼ਲ ਹੁੰਦੀ ਗਈ।"

ਇਹ ਵੀ ਪੜ੍ਹੋ:

'ਮੈਡੀਟੇਸ਼ਨ ਲਈ ਵਰਤ'

ਉੱਥੇ ਹੀ ਜਲੰਧਰ ਦੇ ਇੱਕ ਕਾਲਜ ਦੀ ਪ੍ਰੋਫੈੱਸਰ ਗੋਪੀ ਸ਼ਰਮਾ ਦਾ ਮੰਨਣਾ ਹੈ ਕਿ ਕੋਈ ਵੀ ਵਰਤ ਮੈਡੀਟੇਸ਼ਨ ਦਾ ਕੰਮ ਕਰਦਾ ਹੈ।

ਉਨ੍ਹਾਂ ਕਿਹਾ, "ਤੁਸੀਂ ਕਿਸੇ ਵੀ ਦਿਨ ਵਰਤ ਰੱਖਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਲਾਹੇਵੰਦ ਹੁੰਦਾ ਹੈ। ਕੁਝ ਲੋਕ 16 ਦਿਨ ਵਰਤ ਰੱਖਦੇ ਹਨ ਅਤੇ ਕੁਝ 4 ਸੋਮਵਾਰ ਦਾ ਹੀ ਵਰਤ ਰਖਦੀਆਂ ਹਨ। ਇੱਕ ਆਸਥਾ ਵੀ ਹੈ ਕਿ ਸੋਮਵਾਰ ਦਾ ਵਰਤ ਰੱਖਣ ਨਾਲ ਜ਼ਿੰਦਗੀ ਸੁਖੀ ਰਹਿੰਦੀ ਹੈ।"

ਕੀ ਸਮਾਜਿਕ ਦਬਾਅ ਵਰਤ ਰੱਖਣ ਦੀ ਵਜ੍ਹਾ?

ਇੱਕ ਗ੍ਰਹਿਣੀ ਸੋਮਵਾਰ ਦੇ ਵਰਤ ਕਿਉਂ ਰਖਦੀ ਹੈ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ।

ਦਿੱਲੀ ਵਿੱਚ ਵਿਆਹੀ ਸੁਨੀਤਾ ਸ਼ਰਮਾ ਬਚਪਨ ਤੋਂ ਹੀ ਸੋਮਵਾਰ ਦੇ ਵਰਤ ਰਖਦੇ ਆ ਰਹੇ ਹਨ।

ਸੁਨੀਤਾ ਦਾ ਕਹਿਣਾ ਹੈ, "ਸਾਡੇ ਘਰ ਵਿੱਚ ਸਾਰੇ ਵਰਤ ਰਖਦੇ ਸੀ ਇਸ ਲਈ ਮੈਂ ਵੀ ਵਰਤ ਰੱਖਣ ਲੱਗ ਗਈ। ਹੁਣ ਅਸੀਂ ਆਪਣੀ ਖੁਸ਼ੀ ਲਈ ਸੋਮਵਾਰ ਦੇ ਵਰਤ ਰਖਦੇ ਹਾਂ।"

ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੀ ਇਸ ਆਸਥਾ ਨਾਲ ਕੀ ਤੁਹਾਡੇ ਸਾਰੇ ਕੰਮ ਬਣੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਕਦੇ ਕੰਮ ਬਣੇ ਹਨ ਅਤੇ ਕਦੇ ਨਹੀਂ ਪਰ ਰੱਬ ਦੀ ਹੋਂਦ ਤਾਂ ਹੈ। ਇਸ ਵਰਤ ਨਾਲ ਜੇ ਫਾਇਦਾ ਨਹੀਂ ਹੁੰਦਾ ਤਾਂ ਘੱਟੋ-ਘੱਟ ਨੁਕਸਾਨ ਵੀ ਨਹੀਂ ਹੁੰਦਾ।"

ਸਾਉਣ ਦਾ ਪਹਿਲਾ ਸੋਮਵਾਰ 6 ਜੁਲਾਈ ਨੂੰ ਸ਼ੁਰੂ ਹੋ ਗਿਆ ਹੈ। ਸੋਮਵਾਰ ਦਾ ਦਿਨ ਚੰਨ ਦਾ ਦਿਨ ਹੁੰਦਾ ਹੈ।

ਮਾਨਤਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਚੰਨ ਹੀ ਨਹੀਂ ਸਗੋਂ ਸ਼ਿਵ ਜੀ ਦੀ ਕਿਰਪਾ ਵੀ ਮਿਲ ਜਾਂਦੀ ਹੈ।

ਸਾਉਣ ਦਾ ਸੋਮਵਾਰ ਵਿਆਹ ਅਤੇ ਸੰਤਾਨ ਨਾਲ ਜੁੜੀਆਂ ਮੁਸ਼ਕਿਲਾਂ ਤੋਂ ਮੁਕਤੀ ਪਾਉਣ ਲਈ ਮੰਨਿਆ ਜਾਂਦਾ ਹੈ।

'ਕੁੜੀਆਂ ਦੀ ਜ਼ਿੰਦਗੀ ਦੀ ਕੌਣ ਪਰਵਾਹ ਕਰਦਾ ਹੈ'

ਇਸ ਮਾਨਤਾ ਬਾਰੇ ਸਮਾਜ ਸ਼ਾਸਤਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੀ ਪ੍ਰੋ. ਰਾਜੇਸ਼ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ, "ਸਾਡੇ ਸਮਾਜ ਵਿੱਚ ਸਾਰਾ ਕੁਝ ਕੁੜੀਆਂ ਵਾਸਤੇ ਹੀ ਹੈ, ਮੁੰਡਿਆਂ ਨੇ ਖਾਣਾ ਕੁੜੀਆਂ ਨੇ ਭੁੱਖੇ ਰਹਿਣਾ ਕਿਉਂਕਿ ਸਾਡੇ ਸਮਾਜ ਵਿੱਚ ਮੁੰਡਿਆਂ ਦੀ ਕੀਮਤ ਹੀ ਬਹੁਤ ਹੈ।

ਮੁੰਡਿਆਂ ਦੀ ਉਮਰ ਹੀ ਲੰਮੀ ਹੋਵੇ ਤਾਂ ਹੀ ਕਰਵਾਚੌਥ ਵੀ ਕੁੜੀਆਂ ਰਖਦੀਆਂ ਹਨ ਉਨ੍ਹਾਂ ਲਈ, ਕੁੜੀਆਂ ਦੀ ਜ਼ਿੰਦਗੀ ਦੀ ਕੌਣ ਪਰਵਾਹ ਕਰਦਾ ਹੈ।"

ਇਸੇ ਮਾਨਤਾ ਬਾਰੇ ਮਹਿਲਾ ਅਤੇ ਸਮਾਜਿਕ ਮਾਮਲਿਆ ਦੀ ਜਾਣਕਾਰ ਪ੍ਰੋ. ਪੈਮ ਰਾਜਪੂਤ ਦਾ ਕਹਿਣਾ ਹੈ ਕਿ ਸੋਮਵਾਰ ਦਾ ਵਰਤ ਰੱਖਣਾ ਇੱਕ ਰਵਾਇਤ ਬਣ ਚੁੱਕੀ ਹੈ।

ਉਨ੍ਹਾਂ ਕਿਹਾ, "16 ਸੋਮਵਾਰ ਦਾ ਵਰਤ ਪਤੀ ਜਾਂ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਰੱਖਣਾ ਇੱਕ ਵਿਸ਼ਵਾਸ 'ਤੇ ਹੀ ਆਧਾਰਿਤ ਹੈ। ਇਸ ਲਈ ਕੋਈ ਸਮਾਜਿਕ ਦਬਾਅ ਨਹੀਂ, ਬਸ ਦੇਖਾ-ਦੇਖੀ ਹੁੰਦੀ ਹੈ।

ਇੱਕ ਸ਼ਖਸ ਵਰਤ ਰੱਖਦਾ ਹੈ, ਉਸ ਨੂੰ ਫਾਇਦਾ ਹੋਇਆ ਤਾਂ ਦੂਜਾ ਵੀ ਦੇਖ ਕੇ ਉਸੇ ਰਵਾਇਤ ਨੂੰ ਮੰਨਣ ਲੱਗਦਾ ਹੈ। ਇੱਕ ਸ਼ਖ਼ਸ ਮੰਨਦਾ ਹੈ, ਫਿਰ ਇੱਕ ਗਰੁੱਪ ਬਣ ਜਾਂਦਾ ਹੈ ਅਤੇ ਫਿਰ ਇਹ ਰਵਾਇਤ ਬਣ ਜਾਂਦੀ ਹੈ। ਇੱਕ ਪ੍ਰੈਕਟਿਸ ਨੂੰ ਜਦੋਂ ਸਮਾਜ ਦੀ ਮਾਨਤਾ ਮਿਲਦੀ ਹੈ ਤਾਂ ਇਹ ਰਵਾਇਤ ਬਣ ਜਾਂਦੀ ਹੈ।"

ਚੰਡੀਗੜ੍ਹ ਦੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਉਂਦੇ ਅਤੇ ਸਮਾਜਿਕ ਅਤੇ ਸਿਆਸੀ ਮਾਮਲਿਆਂ ਦੇ ਮਾਹਿਰ ਪ੍ਰੋ. ਕਮਲਪ੍ਰੀਤ ਕੌਰ ਦਾ ਮੰਨਣਾ ਹੈ ਕਿ ਪਿਤਾਪੁਰਖੀ ਸਮਾਜ ਕਾਰਨ ਹੀ ਸੋਮਵਾਰ ਦੇ ਵਰਤ ਰੱਖਣ ਦਾ ਦਬਾਅ ਕੁੜੀਆਂ 'ਤੇ ਪਿਆ ਹੈ।

ਉਨ੍ਹਾਂ ਕਿਹਾ, "ਜੋ ਕੁੜੀਆਂ ਵਰਤ ਨਹੀਂ ਰੱਖਦੀਆਂ ਸਮਾਜ ਦੇ ਲੋਕ ਵੀ ਸਵਾਲ ਕਰਨ ਲੱਗ ਜਾਂਦੇ ਹਨ। ਸ਼ੁਰੂ ਤੋਂ ਕੁੜੀਆਂ ਨੂੰ ਕਿਹਾ ਗਿਆ ਹੈ ਕਿ ਜਿੰਨੇ ਮਰਜ਼ੀ ਆਜ਼ਾਦ ਹੋ ਜਾਓ, ਪੜ੍ਹ ਲਓ, ਕਮਾ ਲਓ, ਤੁਹਾਡੀ ਜ਼ਿੰਦਗੀ ਪਤੀ ਦੁਆਲੇ ਹੀ ਘੁੰਮਦੀ ਹੈ। ਇਹ ਪਿਤਾਪੁਰਖੀ ਸਮਾਜ ਅੱਜ ਵੀ ਦੱਸਦਾ ਹੈ ਕਿ ਸਭ ਕੁਝ ਕਰਕੇ ਵੀ ਵਿਆਹ ਕਰਵਾਉਣਾ ਹੀ ਟੀਚਾ ਹੈ।

ਅਜੇ ਵੀ ਮਰਦ ਵਿਚਾਰ ਰੱਖਣ ਵਾਲੀਆਂ ਔਰਤਾਂ ਨੂੰ ਕਬੂਲ ਨਹੀਂ ਕਰਦੇ। ਮਾਪੇ ਛੋਟੀ ਉਮਰ ਵਿੱਚ ਹੀ ਧੀ ਨੂੰ ਸਮਝਾਉਂਦੇ ਹਨ ਕਿ ਸਮਝੌਤਾ ਕਰਨਾ ਹੀ ਪਏਗਾ। ਸਾਡੇ ਪਰਿਵਾਰ ਵਿੱਚ ਨਹੀਂ ਸਿਖਾਇਆ ਜਾ ਰਿਹਾ ਕਿ ਔਰਤ ਦਾ ਸਨਮਾਨ ਕਰਨਾ ਹੈ।"

ਮੁੰਡਿਆਂ 'ਤੇ ਵਰਤ ਦਾ ਦਬਾਅ ਕਿਉਂ ਨਹੀਂ

ਪਰ ਇਹ ਦਬਾਅ ਮੁੰਡਿਆਂ 'ਤੇ ਕਿਉਂ ਨਹੀਂ ਪਿਆ। ਕਿਉਂ ਮੁੰਡੇ ਚੰਗੇ ਜੀਵਨ-ਸਾਥੀ ਜਾਂ ਪਰਿਵਾਰ ਦੀ ਭਲਾਈ ਲਈ ਵਰਤ ਨਹੀਂ ਰਖਦੇ?

ਪ੍ਰੋ. ਕਮਲਪ੍ਰੀਤ ਕੌਰ ਦਾ ਕਹਿਣਾ ਹੈ, "ਕਈ ਪਰਿਵਾਰਾਂ ਵਿੱਚ ਕੁਝ ਮੁੰਡੇ ਵੀ ਵਰਤ ਰਖਦੇ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਜੇ ਇੱਕ-ਦੋ ਮੁੰਡੇ ਵਰਤ ਰਖਦੇ ਵੀ ਹਨ ਤਾਂ ਉਨ੍ਹਾਂ ਦਾ ਮਜ਼ਾਕ ਬਣਦਾ ਹੈ।

ਅੱਜ-ਕੱਲ੍ਹ ਕਈ ਔਰਤਾਂ ਦੇ ਪਤੀ ਵਰਤ ਰੱਖਣ ਤੋਂ ਮਨ੍ਹਾ ਵੀ ਕਰ ਦਿੰਦੇ ਹਨ ਤਾਂ ਵੀ ਕੁੜੀਆਂ ਤਿਆਰ ਹੋਣ ਲਈ, ਨਵੇਂ ਕਪੜਿਆਂ, ਮਹਿੰਦੀ ਲਈ ਵਰਤ ਰਖਦੀਆਂ ਹਨ। ਸਮਾਜ ਦਾ ਦਬਾਅ ਹੁੰਦਾ ਹੈ ਕਿ ਇਸ ਮੌਕੇ ਪਤੀ ਨੇ ਕੀ ਤੋਹਫਾ ਦਿੱਤਾ ਹੈ।"

ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਵਿਗਿਆਨ ਦੀ ਪ੍ਰੋਫੈੱਸਰ ਜਾਨਕੀ ਸ੍ਰੀਨਿਵਾਸਨ ਦਾ ਕਹਿਣਾ ਹੈ, "ਵਰਤ ਰੱਖਣ ਪਿੱਛੇ ਕੋਈ ਵਿਗਿਆਨੀ ਤਰਕ ਨਹੀਂ ਹੋ ਸਕਦਾ, ਸਿਰਫ਼ ਵਿਸ਼ਵਾਸ ਹੀ ਹੈ ਪਰ ਜਦੋਂ ਵੀ ਲੰਮੀ ਉਮਰ, ਵਿਆਹ, ਬੱਚਿਆਂ ਅਤੇ ਪਰਿਵਾਰ ਦੀ ਗੱਲ ਆਉਂਦੀ ਹੈ ਤਾਂ ਔਰਤ ਹੀ ਰਖਦੀ ਹੈ। ਮੈਂ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਮਰਦਾਂ ਨੂੰ ਆਪਣੇ ਜੀਵਨਸਾਥੀ ਲਈ ਵਰਤ ਰੱਖਣਾ ਪਏ।"

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)