ਪਾਬੰਦੀਆਂ ਹਟਣ ਤੋਂ ਬਾਅਦ ਉੱਤਰੀ ਕੋਰੀਆ 'ਚ ਕੀ ਬਦਲੇਗਾ

ਕਿਮ ਜੋਂਗ ਉਨ ਨਾਲ ਇਤਿਹਾਸਕ ਬੈਠਕ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਖ਼ਤਮ ਕਰਨ ਤੋਂ ਬਾਅਦ ਉਸ ਉੱਪਰੋਂ ਆਰਥਿਕ ਪਾਬੰਦੀਆਂ ਹਟਾਉਣ ਬਾਰੇ ਸੋਚਿਆ ਜਾ ਸਕਦਾ ਹੈ।

ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਆਰਥਿਕ ਤਬਦੀਲੀ ਨਾਲ ਉੱਤਰੀ ਕੋਰੀਆ ਦੇ ਇੱਕ ਆਮ ਪਰਿਵਾਰ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਵੇਗਾ। ਜੋ ਲੰਬੇ ਸਮੇਂ ਤੋਂ ਬਾਹਰੀ ਦੁਨੀਆਂ ਤੋਂ ਕੱਟਿਆ ਹੋਇਆ ਹੈ।

ਇਸ ਨੂੰ ਸਮਝਣ ਲਈ ਉੱਤਰੀ ਕੋਰੀਆ ਦੇ ਮਾਹਿਰਾਂ ਦੀ ਮਦਦ ਨਾਲ ਬੀਬੀਸੀ ਨੇ ਉੱਤਰੀ ਕੋਰੀਆ ਦੇ ਇੱਕ ਕਾਲਪਨਿਕ "ਲੀ ਪਰਿਵਾਰ" ਦੀ ਕਹਾਣੀ ਬਣਾਈ ਹੈ।

ਲੀ ਪਰਿਵਾਰ ਦੀ ਕਹਾਣੀ

ਉੱਤਰੀ ਕੋਰੀਆ ਵਿੱਚ ਬਹੁਤ ਸਾਰੀਆਂ ਸਮਾਜਿਕ ਸ਼੍ਰੇਣੀਆਂ ਅਤੇ ਖੇਤਰੀ ਵਖਰੇਵੇਂ ਹਨ। ਸਾਨੂੰ ਉੱਤਰੀ ਕੋਰੀਆ ਦੀ ਅੰਦਰੂਨੀ ਜ਼ਿੰਦਗੀ ਬਾਰੇ ਬਹੁਤਾ ਕੁਝ ਪਤਾ ਨਹੀਂ ।

ਪਰਿਵਾਰ ਦੇ ਮੁਖੀ ਅਤੇ ਪਿਤਾ ਲੀ ਉੱਤਰੀ ਕੋਰੀਆ ਦੇ ਹੋਰ ਲੋਕਾਂ ਵਾਂਗ ਖਾਣ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ।

ਖਾਣ ਉਦਯੋਗ ਉੱਤਰੀ ਕੋਰੀਆ ਦੀ ਬਰਾਮਦ (ਐਕਸਪੋਰਟ) ਦੀ ਰੀੜ੍ਹ ਦੀ ਹੱਡੀ ਹੈ। ਦਹਾਕਿਆਂ ਤੋਂ ਇਹੀ ਵਿਦੇਸ਼ੀ ਪੂੰਜੀ ਦਾ ਮੁੱਖ ਸਰੋਤ ਹੈ।

ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਉਸ ਕੋਲ ਕੋਇਲੇ ਤੋਂ ਇਲਾਵਾ ਹੋਰ ਵੀ ਖਣਿਜਾਂ ਦੇ ਭੰਡਾਰ ਹਨ।

ਇੱਥੋਂ ਦੇ ਵਾਸੀਆਂ ਦਾ ਆਰਥਿਕ ਜੀਵਨ ਉਨ੍ਹਾਂ ਦੀ ਤਨਖਾਹ, ਬੋਨਸ ਅਤੇ ਸਰਕਾਰੀ ਸੁਵਿਧਾਵਾਂ ਜਿਵੇਂ ਘਰ ਅਤੇ ਰਾਸ਼ਨ ਨਾਲ ਚਲਦਾ ਹੈ।

ਹਾਲਾਂਕਿ ਬੇਸਿਕ ਤਨਖਾਹ ਇੰਨੀ ਘੱਟ ਹੁੰਦੀ ਹੈ ਕਿ ਉਸ ਨਾਲ ਕੁਝ ਦਿਨਾਂ ਦੇ ਚੌਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਖਰੀਦਿਆ ਜਾ ਸਕਦਾ।

ਆਰਥਿਕ ਪਾਬੰਦੀਆਂ ਦਾ ਲੀ ਦੇ ਪਰਿਵਾਰ ਉੱਤੇ ਕੀ ਅਸਰ ਪਿਆ

ਸਾਲ 2017 ਵਿੱਚ ਆਰਥਿਕ ਪਾਬੰਦੀਆਂ ਲੱਗਣ ਮਗਰੋਂ ਕੋਇਲੇ ਅਤੇ ਖਣਿਜਾਂ ਦੀ ਬਰਾਮਦ ਉੱਪਰ ਪਾਬੰਦੀ ਲੱਗ ਗਈ। ਇਸ ਕਰਕੇ ਖਾਣ ਕੰਪਨੀਆਂ ਨੂੰ ਆਪਣੇ ਉਤਪਾਦਨ ਵਿੱਚ ਕਮੀ ਕਰਨੀ ਪਈ।

ਉੱਤਰੀ ਕੋਰੀਆ ਦਾ ਅਰਥਚਾਰਾ ਸਰਕਾਰੀ ਕੰਟਰੋਲ ਵਾਲਾ ਹੈ ਜਿਸ ਵਿੱਚ ਮਿਸਟਰ ਲੀ ਨੂੰ ਵੀ ਬੇਰੁਜ਼ਗਾਰ ਨਹੀਂ ਮੰਨਿਆ ਜਾਵੇਗਾ ਪਰ ਉਨ੍ਹਾਂ ਦੀ ਆਮਦਨੀ ਉੱਪਰ ਜ਼ਰੂਰ ਮਾਰੂ ਅਸਰ ਪਿਆ।

ਇਸ ਕਰਕੇ ਮਿਸਟਰ ਲੀ ਵੀ ਹੋਰ ਉੱਤਰੀ ਕੋਰੀਆਈ ਨਾਗਰਿਕਾਂ ਵਾਂਗ ਇੱਕ ਅਨਿਸ਼ਚਿਤ ਰਾਹ ਉੱਤੇ ਤੁਰਨ ਲਈ ਮਜ਼ਬੂਰ ਹੋ ਗਏ।

ਆਪਣੀ ਖਾਣ ਵਿਚਲੀ ਨੌਕਰੀ ਬਚਾਈ ਰੱਖਣ ਲਈ ਉਹ ਆਪਣੇ ਕੋਇਲਾ ਖਾਣ ਵਾਲੇ ਬੌਸ ਨੂੰ ਰਿਸ਼ਵਤ ਵੀ ਦਿੰਦੇ ਹਨ।

ਇਹ ਰਾਹ ਸੀ ਮੱਛੀਆਂ ਫੜਨ ਦਾ। ਇਸ ਕੰਮ ਲਈ ਉਹ ਫੌਜ ਤੋਂ ਇੱਕ ਕਿਸ਼ਤੀ ਕਿਰਾਏ ਉੱਤੇ ਲੈਂਦੇ ਹਨ ਅਤੇ ਦੋਸਤਾਂ ਨੂੰ ਲੈ ਕੇ ਨਿਕਲ ਪੈਂਦੇ ਹਨ, ਸਮੁੰਦਰ ਵਿੱਚ ਮੱਛੀਆਂ ਫੜਨ। ਇਹ ਮੱਛੀ ਉਹ ਸਥਾਨਕ ਬਾਜ਼ਾਰ ਵਿੱਚ ਵੇਚਦੇ ਹਨ।

ਸਮੁੰਦਰ ਵਿੱਚ ਮੱਛੀਆਂ ਫੜਨਾ ਇੱਕ ਖ਼ਤਰਨਾਕ ਕੰਮ ਹੈ। ਵਧੀਆ ਮੱਛੀ ਲਈ ਉਨ੍ਹਾਂ ਨੂੰ ਗਹਿਰੇ ਸਮੁੰਦਰ ਵਿੱਚ ਜਾਣਾ ਪੈਂਦਾ ਹੈ। ਅਧਵਾਟੇ ਜੇ ਤੇਲ ਮੁੱਕ ਜਾਵੇ ਤਾਂ ਸਮੁੰਦਰ ਵਿੱਚ ਗੁਆਚ ਜਾਣ ਦਾ ਵੀ ਡਰ ਹੁੰਦਾ ਹੈ।

ਉਨ੍ਹਾਂ ਨੂੰ ਕਦੇ-ਕਦੇ ਜਾਪਾਨੀ ਕੰਢੇ ਉੱਤੇ ਲਾਸ਼ਾਂ ਨਾਲ ਭਰੇ ਜ਼ਹਾਜ਼ ਵੀ ਮਿਲਦੇ ਹਨ। ਸਮਝਿਆ ਜਾਂਦਾ ਹੈ ਕਿ ਇਹ ਜਹਾਜ਼ ਉੱਤਰੀ ਕੋਰੀਆ ਪਰਤਣ ਵਿੱਚ ਅਸਫ਼ਲ ਰਹੇ ਹੋਣਗੇ। ਇਹ ਖ਼ਤਰਾ ਮਿਸਟਰ ਲੀ ਉੱਪਰ ਵੀ ਮੰਡਰਾਵੇਗਾ।

ਮਿਸਟਰ ਲੀ ਨੂੰ ਅਜਿਹੇ ਖ਼ਤਰੇ ਚੁੱਕਣੇ ਹੀ ਪੈਂਦੇ ਹਨ। ਉਨ੍ਹਾਂ ਵਾਂਗ ਹੋਰ ਲੋਕ ਵੀ ਵਧੇਰੇ ਆਮਦਨੀ ਲਈ ਮੱਛੀ ਫੜਦੇ ਹਨ ਪਰ ਪਾਬੰਦੀਆਂ ਤੋਂ ਇਹ ਕੰਮ ਵੀ ਬਚ ਨਹੀਂ ਸਕਿਆ।

2017 ਦੀਆਂ ਗਰਮੀਆਂ ਮਗਰੋਂ (ਪਾਬੰਦੀਆਂ ਕਰਕੇ) ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਕਰਕੇ ਸਮੁੰਦਰੀ ਸਫ਼ਰ ਮਹਿੰਗਾ ਹੋਇਆ ਹੈ ਇਸ ਲਈ ਮਿਸਟਰ ਲੀ ਦਾ ਕੰਮ ਵੀ ਮਹਿੰਗਾ ਹੋਇਆ ਹੈ। ਇਸ ਤੋਂ ਇਲਾਵਾ ਚੀਨ ਨੇ ਮੱਛੀਆਂ ਦੇ ਆਯਾਤ ਉੱਪਰ ਰੋਕ ਲਾ ਦਿੱਤੀ ਸੀ।

ਪੂੰਜੀਵਾਦੀ ਨਿਜ਼ਾਮ ਅਤੇ ਔਰਤਾਂ

ਮਿਸਟਰ ਲੀ ਦੇ ਪਰਿਵਾਰ ਦੀ ਪੀੜ੍ਹੀ ਨੂੰ ਮਾਹਿਰ "ਜੰਗਮਦਾਂਗ" ਕਹਿੰਦੇ ਹਨ। ਜੰਗਮਦਾਂਗ ਦਾ ਮਤਲਬ ਹੁੰਦਾ ਹੈ 'ਬਾਜ਼ਾਰ'। ਇਹ ਉਹ ਪੀੜੀ ਹੈ ਜਿਸ ਨੇ 90 ਦੇ ਦਹਾਕੇ ਵਿੱਚ ਆਏ ਸੰਕਟ ਅਤੇ ਅਕਾਲ ਨੂੰ ਦੇਖਿਆ ਹੈ।

ਉਸ ਸਮੇਂ ਦੇਸ ਵਿੱਚ ਸਰਕਾਰੀ ਕੰਟਰੋਲ ਵਾਲੀ ਕਮਿਊਨਿਸਟ ਆਰਥਿਕਤਾ ਸੀ ਜਿਸ ਕਰਕੇ ਹਰ ਸੇਵਾ ਅਤੇ ਸਾਮਾਨ ਸਰਕਾਰ ਵੰਡਦੀ ਸੀ।

ਅਕਾਲ ਸਮੇਂ ਇਹ ਪ੍ਰਣਾਲੀ ਫੇਲ੍ਹ ਹੋ ਗਈ। ਇੱਕ ਅੰਦਾਜ਼ੇ ਮੁਤਾਬਕ ਉਸ ਸਮੇਂ ਭੁੱਖਮਰੀ ਕਰਕੇ ਲੱਖਾਂ ਜਾਨਾਂ ਗਈਆਂ ਸਨ।

ਲੋਕਾਂ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੰਮ ਸ਼ੁਰੂ ਕੀਤਾ ਜਿਸ ਨੇ ਦੇਸ ਵਿੱਚ ਪੂੰਜੀਵਾਦ ਨੂੰ ਜਨਮ ਦਿੱਤਾ। ਜੋ ਹੁਣ ਇੱਥੋਂ ਦੇ ਅਰਥਚਾਰੇ ਦਾ ਪੱਕਾ ਅੰਗ ਬਣ ਗਿਆ ਹੈ।

ਦੇਸ ਦੇ ਅਰਥਚਾਰੇ ਦੇ ਨਵੇਂ ਨੈਣ-ਨਕਸ਼ ਉੱਭਰੇ, ਜਿਸ ਵਿੱਚ ਔਰਤਾਂ ਵੀ ਕੰਮ ਕਰਦੀਆਂ ਸਨ। ਉਹ ਉਦਮੀ ਬਣੀਆਂ ਹਨ ਅਤੇ ਪਰਿਵਾਰਾਂ ਲਈ ਰੋਜ਼ੀ ਰੋਟੀ ਕਮਾ ਕੇ ਲਿਆਉਂਦੀਆਂ ਹਨ। ਉਨ੍ਹਾਂ ਦੇ ਕੰਮ ਕਰਨ ਨਾਲ ਪਰਿਵਾਰਾਂ ਦੀ ਆਮਦਨੀ ਵਧੀ ਹੈ।

ਇਸੇ ਕਾਰਨ ਸ਼੍ਰੀਮਤੀ ਲੀ ਵੀ ਇੱਕ ਕੰਮਕਾਜੀ ਔਰਤ ਹਨ। ਉਹ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਦੇ ਹਨ।

ਉੱਤਰੀ ਕੋਰੀਆ ਦੀ ਟੈਕਸਟਾਈਲ ਸਨਅਤ ਨੇ ਚੀਨੀ ਮਦਦ ਨਾਲ ਬਹੁਤ ਵਿਕਾਸ ਕੀਤਾ।

ਹਾਲਾਂਕਿ ਪਾਬੰਦੀਆਂ ਲੱਗਣ ਮਗਰੋਂ ਇਸ ਖੇਤਰ ਦੇ ਕਈ ਉਦਯੋਗ ਬੰਦ ਹੋ ਗਏ।

ਵਿਦੇਸ਼ ਵਿੱਚ ਵਸਦਾ ਸ਼੍ਰੀਮਾਨ ਲੀ ਦਾ ਭਰਾ

ਸ਼੍ਰੀਮਤੀ ਲੀ ਜਾਣਦੇ ਹਨ ਕਿ ਉਹ ਇਸ ਕੰਮ ਉੱਪਰ ਜ਼ਿਆਦਾ ਦਿਨ ਨਿਰਭਰ ਨਹੀਂ ਰਹਿ ਸਕਦੇ। ਇਸ ਕਰਕੇ ਉਹ ਹੋਰ ਔਰਤਾਂ ਨਾਲ ਮਿਲ ਕੇ ਸੋਇਆਬੀਨ ਦਾ ਪਨੀਰ (ਟੋਫ਼ੂ) ਬਣਾ ਕੇ ਬਾਜ਼ਾਰ ਵਿੱਚ ਵੇਚਣ ਬਾਰੇ ਸੋਚ ਰਹੇ ਹਨ।

ਲੀ ਪਰਿਵਾਰ ਦੀ ਇੱਕ ਹੋਰ ਰਗ ਵੀ ਹੈ। ਉਹ ਹਨ ਉਨ੍ਹਾਂ ਦਾ ਵਿਦੇਸ਼ ਵਿੱਚ ਰਹਿੰਦਾ ਮਿਸਟਰ ਲੀ ਦਾ ਭਰਾ। ਜੋ ਉਨ੍ਹਾਂ ਨੂੰ ਪੈਸੇ ਭੇਜਦਾ ਰਹਿੰਦਾ ਹੈ।

ਮਿਸਟਰ ਲੀ ਦਾ ਭਰਾ ਰੂਸ ਵਿੱਚ ਕਿਸੇ ਉਸਾਰੀ ਦੇ ਕੰਮ ਵਿੱਚ ਲੱਗਿਆ ਹੋਇਆ ਹੈ ਅਤੇ ਪਰਿਵਾਰ ਨੂੰ ਕਾਫ਼ੀ ਪੈਸੇ ਭੇਜਦਾ ਰਹਿੰਦਾ ਹੈ।

ਉਹ ਕਿਸੇ ਨਾ ਕਿਸੇ ਤਰ੍ਹਾਂ ਰਿਸ਼ਵਤ ਦੇ ਕੇ ਰੂਸ ਪਹੁੰਚਣ ਵਿੱਚ ਸਫ਼ਲ ਰਹੇ। ਇੱਕ ਅੰਦਾਜ਼ੇ ਮੁਤਾਬਕ ਲਗਪਗ ਇੱਕ ਲੱਖ ਉੱਤਰੀ ਕੋਰੀਆਈ ਲੋਕ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ।

ਵਿਦੇਸ਼ਾਂ ਵਿੱਚ ਉਹ ਆਪਣੇ ਦੇਸ ਨਾਲੋਂ ਕਿਤੇ ਵਧੇਰੇ ਕਮਾਉਂਦੇ ਹਨ। ਸੰਯੁਕਤ ਰਾਸ਼ਟਰ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ ਲਾਈਆਂ ਪਾਬੰਦੀਆਂ ਕਰਕੇ ਸਾਰੇ ਉੱਤਰੀ ਕੋਰੀਆਈ ਲੋਕਾਂ ਨੂੰ 24 ਮਹੀਨਿਆਂ ਵਿੱਚ ਆਪਣੇ ਦੇਸ ਪਰਤਣਾ ਪਵੇਗਾ।

ਹੋਰ ਲੋਕਾਂ ਦੇ ਵਿਦੇਸ਼ ਜਾਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।

ਜੇ ਲੀ ਪਰਿਵਾਰ ਦੀ ਆਰਥਿਕ ਦਸ਼ਾ ਖ਼ਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਬੇਟੀ ਨੂੰ ਸਕੂਲ ਤੋਂ ਹਟਾ ਕੇ ਆਪਣੀ ਮਾਂ ਨਾਲ ਕੰਮ ਵਿੱਚ ਮਦਦ ਕਰਨ ਲਾਉਣਾ ਪਵੇਗਾ।

ਬੇਟੀ ਪੜ੍ਹ ਅਤੇ ਖੇਡ ਸਕੇਗੀ

ਉੱਤਰੀ ਕੋਰੀਆ ਵਿੱਚ 12 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਦੀ ਵਿਵਸਥਾ ਹੈ ਪਰ ਗਰੀਬੀ ਕਰਕੇ ਉਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ।

ਸਕੂਲ ਅਧਿਆਪਕ ਵੀ ਆਮਦਨੀ ਵਧਾਉਣ ਲਈ ਦੂਸਰੇ ਕੰਮ ਕਰਦੇ ਹਨ। ਉਨ੍ਹਾਂ ਦੇ ਕੰਮ ਕਰਕੇ ਕਈ ਵਾਰ ਸਕੂਲ ਵਿੱਚ ਛੁੱਟੀ ਵੀ ਕਰਨੀ ਪੈਂਦੀ ਹੈ।

ਜੇ ਉੱਤਰੀ ਕੋਰੀਆ ਉੱਪਰੋਂ ਪਾਬੰਦੀਆਂ ਹਟਾਈਆਂ ਜਾਂਦੀਆਂ ਹਨ ਤਾਂ ਲੀ ਪਰਿਵਾਰ ਲਈ ਰੋਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਦੀ ਆਮਦਨੀ ਵਧੇਗੀ।

ਉਨ੍ਹਾਂ ਦੀ ਬੇਟੀ ਪੜ੍ਹ ਅਤੇ ਖੇਡ ਸਕੇਗੀ। ਸਕੂਲਾਂ ਦਾ ਪਾਠਕ੍ਰਮ ਵੀ ਬਦਲੇਗਾ। ਹੁਣ ਤੱਕ ਤਾਂ ਉਨ੍ਹਾਂ ਨੂੰ ਇਹੀ ਪੜ੍ਹਾਇਆ ਜਾਂਦਾ ਹੈ ਕਿ ਅਮਰੀਕਾ ਉਨ੍ਹਾਂ ਦਾ ਦੁਸ਼ਮਣ ਹੈ।

ਦੇਸ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਮਿਲ ਰਹੀਆਂ ਸੀਡੀਆਂ, ਦੱਖਣੀ ਕੋਰੀਆ ਦੇ ਟੀਵੀ ਲੜੀਵਾਰਾਂ ਅਤੇ ਵਿਦੇਸ਼ਾਂ ਤੋਂ ਪਰਤੇ ਲੋਕਾਂ ਜ਼ਰੀਏ ਹੀ ਉਨ੍ਹਾਂ ਨੂੰ ਬਾਹਰੀ ਦੁਨੀਆਂ ਬਾਰੇ ਜਾਣਕਾਰੀ ਮਿਲਦੀ ਹੈ।

ਉਨ੍ਹਾਂ ਨੂੰ ਇਹ ਪਤਾ ਹੈ ਕਿ ਬਾਹਰਲੇ ਦੇਸਾਂ ਦੀ ਜੀਵਨ ਸ਼ੈਲੀ ਉਨ੍ਹਾਂ ਨਾਲੋਂ ਬਿਹਤਰ ਹੈ।

ਸਥਾਨਕ ਲੀਡਰਸ਼ਿਪ ਨੂੰ ਅੰਦਰੂਨੀ ਵਿਰੋਧਤਾ ਦਾ ਡਰ ਹੈ। ਜੋ ਦੱਖਣ ਵਿੱਚ ਜਾਂ ਜਪਾਨ ਵਿੱਚ ਬੈਠੀਆਂ ਅਮਰੀਕੀ ਫੌਜਾਂ ਨਾਲੋਂ ਵੀ ਨੁਕਸਾਨਦਾਇਕ ਹੋਵੇਗਾ। ਸ਼ਾਇਦੇ ਇਸੇ ਕਰਕੇ ਕਿਮ ਜੋਂਗ ਉਨ ਚਾਹੁੰਦੇ ਹਨ ਕਿ ਪਾਬੰਦੀਆਂ ਉਠ ਜਾਣ।

ਬੀਬੀਸੀ ਨੇ ਇਹ ਕਹਾਣੀ ਉੱਤਰੀ ਕੋਰੀਆ ਦੇ ਸੋਕੀਲ ਪਾਰਕ ਆਫ਼ ਲਿਬਰਟੀ ਦੀ ਕੂਕਮੀਨ ਯੂਨੀਵਰਸਿਟੀ ਦੇ ਏਂਦਰੇ ਅਬ੍ਰਾਹਮ ਅਤੇ ਡੇਲੀ ਐਨਕੇ ਨਾਲ ਗੱਲਬਾਤ ਕਰਕੇ ਬਣਾਈ ਹੈ। ਸਾਰਿਆਂ ਨਾਲ ਗੱਲ ਕਰਕੇ ਮਿਸਟਰ ਲੀ ਦੇ ਪਰਿਵਾਰ ਦੀ ਕਲਪਨਾ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਹਾਲਾਤ ਦਾ ਜ਼ਿਕਰ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)