You’re viewing a text-only version of this website that uses less data. View the main version of the website including all images and videos.
ਅਮਰੀਕਾ ਵੱਲੋਂ ਚੀਨ 'ਤੇ ਉੱਤਰੀ ਕੋਰੀਆ ਨੂੰ ਤੇਲ ਦੇਣ ਦਾ ਇਲਜ਼ਾਮ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਚੀਨ ਵੱਲੋਂ ਉੱਤਰੀ ਕੋਰੀਆ ਨੂੰ ਤੇਲ ਭੇਜਣ ਦੀ ਰਿਪੋਰਟ ਸਾਹਮਣੇ ਆਉਣ ਨਾਲ 'ਬੇਹੱਦ ਨਿਰਾਸ਼' ਹਨ।
ਇੱਕ ਟਵੀਟ ਵਿੱਚ ਟਰੰਪ ਨੇ ਕਿਹਾ ਹੈ ਕਿ ਚੀਨ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉੱਤਰੀ ਕੋਰੀਆ ਨੂੰ ਤੇਲ ਦਿੱਤਾ ਜਾ ਰਿਹਾ ਹੈ ਕਿ ਤਾਂ ਕੋਰੀਆ ਸੰਕਟ ਦਾ ਕਦੀ ਵੀ ਸ਼ਾਂਤਮਈ ਹੱਲ ਨਹੀਂ ਹੋ ਸਕਦਾ।
ਇਸ ਤੋਂ ਪਹਿਲਾਂ ਚੀਨ ਨੇ ਉੱਤਰੀ ਕੋਰੀਆ 'ਤੇ ਲੱਗੀਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਸੀ।
ਲੰਘੇ ਹਫ਼ਤੇ ਸੰਯੁਕਤ ਰਾਸ਼ਟਰ ਵਿੱਚ ਪਾਸ ਹੋਈਆਂ ਪਾਬੰਦੀਆਂ ਦੇ ਤਹਿਤ ਉੱਤਰੀ ਕੋਰੀਆ ਲਈ ਤੇਲ ਦੀ ਬਰਾਮਦ ਨੂੰ 90 ਫੀਸਦ ਤੱਕ ਘੱਟ ਕਰ ਦਿੱਤਾ ਗਿਆ ਹੈ।
ਚੀਨ ਨੇ ਅਮਰੀਕਾ ਦੇ ਇਸ ਪ੍ਰਸਤਾਵ ਦਾ ਸੰਯੁਕਤ ਰਾਸ਼ਟਰ 'ਚ ਸਮਰਥਨ ਕੀਤਾ ਸੀ।
ਇਹ ਪਾਬੰਦੀਆਂ ਉੱਤਰ ਕੋਰੀਆ ਦੀ ਵਿਵਾਦਤ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਰੋਕਣ ਲਈ ਲਗਾਈਆਂ ਗਈਆਂ ਹਨ।
ਪਰ ਫਿਰ ਵੀ ਉੱਤਰੀ ਕੋਰੀਆ ਕੌਮਾਂਤਰੀ ਪਾਬੰਦੀਆਂ ਨੂੰ ਦਰਕਿਨਾਰ ਕਰਦੇ ਹੋਏ ਲਗਾਤਾਰ ਮਿਜ਼ਾਇਲ ਪਰੀਖਣ ਕਰ ਰਿਹਾ ਹੈ।
ਟਰੰਪ ਦੀ ਤਲਖ਼ੀ
ਦੱਖਣੀ ਕੋਰੀਆ ਦੀ ਅਖ਼ਬਾਰ ਚੋਸ਼ੁਨ ਇਲਬੋ ਨੇ ਇੱਕ ਰਿਪੋਰਟ 'ਚ ਕਿਹਾ ਸੀ ਕਿ ਚੀਨ ਦੇ ਤੇਲ ਟੈਂਕਰ ਗੁਪਤ ਢੰਗ ਨਾਲ ਉੱਤਰੀ ਕੋਰੀਆ ਨੂੰ ਤੇਲ ਦੇ ਰਹੇ ਹਨ।
ਉਸ ਰਿਪੋਰਟ ਤੋਂ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਤਲਖ਼ ਰਵੱਈਆ ਅਪਣਾਇਆ ਹੈ।
ਦੱਖਣੀ ਕੋਰੀਆ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਅਮਰੀਕੀ ਖ਼ੁਫ਼ੀਆ ਸੈਟੇਲਾਈਟ ਨੇ ਅਕਤੂਬਰ ਤੋਂ ਬਾਅਦ ਲਗਭਗ 30 ਵਾਰ ਚੀਨ ਦੇ ਟੈਂਕਰਾਂ ਨੂੰ ਉੱਤਰੀ ਕੋਰੀਆ ਨੂੰ ਤੇਲ ਦਿੰਦੇ ਹੋਏ ਫਿਲਮਾਇਆ ਹੈ।
ਅਮਰੀਕੀ ਅਧਿਕਾਰੀਆਂ ਵੱਲੋਂ ਰਿਪੋਰਟ ਦੀ ਪੁਸ਼ਟੀ ਨਹੀਂ
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ ਪਰ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਰਾਇਟਰਜ਼ ਨਾਲ ਗੱਲ ਕਰਦਿਆਂ ਸੰਕੇਤ ਦਿੱਤੇ ਕਿ ਤੇਲ ਦਾ ਇਹ ਲੈਣ ਦੇਣ ਅਜੇ ਵੀ ਚੱਲ ਰਿਹਾ ਹੋ ਸਕਦਾ ਹੈ।
ਅਧਿਕਾਰੀ ਨੇ ਕਿਹਾ, "ਉੱਤਰ ਕੋਰੀਆ ਦੀਆਂ ਪਾਬੰਦੀਆਂ ਦੀ ਉਲੰਘਣਾ 'ਚ ਟੈਂਕਰ ਨਾਲ ਟੈਂਕਰ ਨੂੰ ਤੇਲ ਦੇਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।"
ਉੱਤਰੀ ਕੋਰੀਆ ਦੇ ਮੁੱਖ ਵਪਾਰਕ ਸਹਿਯੋਗੀ ਦੇਸ ਚੀਨ ਵਾਰ ਵਾਰ ਕਹਿੰਦਾ ਰਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਸਮਰਥਨ ਕਰਦਾ ਹੈ।
ਚੀਨ ਦਾ ਇਨਕਾਰ
ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਨ ਗਵਾਕਿਆਂਗ ਨੇ ਪੱਤਰਕਾਰਾਂ ਦੇ ਟੈਂਕਰ ਤੋਂ ਟੈਂਕਰ ਤੇਲ ਸਪਲਾਈ ਦੇ ਸਵਾਲ 'ਤੇ ਕਿਹਾ, "ਤੁਸੀਂ ਜਿਹੜੇ ਹਾਲਾਤ ਦੀ ਗੱਲ ਕਰ ਰਹੇ ਹਨ ਉਹ ਕਿਸੇ ਵੀ ਸੂਰਤ 'ਚ ਮੌਜੂਦ ਹੀ ਨਹੀਂ ਹਨ।"
ਉੱਥੇ ਹੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮਾਈਕਲ ਕੇਵੀ ਨੇ ਸਾਰੇ ਦੇਸਾਂ ਨੂੰ ਉੱਤਰ ਕੋਰੀਆ ਦੇ ਨਾਲ ਵਪਾਰਕ ਸਬੰਧ ਖ਼ਤਮ ਕਰਨ ਦੀ ਫਿਰ ਤੋਂ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਚੀਨ ਨਾਲ ਉੱਤਰੀ ਕੋਰੀਆ ਨਾਲ ਸਾਰੇ ਆਰਥਿਕ ਸਬੰਧ ਖ਼ਤਮ ਕਰਨ ਦੀ ਅਪੀਲ ਕਰਦੇ ਹਾਂ, ਇਸ ਵਿੱਚ ਸੈਰ ਸਪਾਟਾ ਅਤੇ ਤੇਲ ਉਤਪਾਦਾਂ ਦਾ ਲੈਣ ਦੇਣ ਵੀ ਸ਼ਾਮਿਲ ਹੈ।"
ਇਸ ਵਿਚਾਲੇ ਹੀ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਉੱਤਰੀ ਕੋਰੀਆ ਦੇ ਚਾਰ ਜਹਾਜ਼ਾਂ ਨੂੰ ਬੰਦਰਗਾਹ ਵਰਤਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਉੱਤਰੀ ਕੋਰੀਆ 'ਤੇ ਲੱਗੀਆਂ ਪਹਿਲਾਂ ਤੋਂ ਹੀ ਪਾਬੰਦੀਆਂ
ਸ਼ੱਕ ਹੈ ਕਿ ਉਨ੍ਹਾਂ ਜਹਾਜ਼ਾਂ 'ਤੇ ਪਾਬੰਦੀਸ਼ੁਦਾ ਉਤਪਾਦ ਲੱਦੇ ਗਏ ਹਨ। ਹੁਣ ਤੱਕ ਸੰਯੁਕਤ ਰਾਸ਼ਟਰ 8 ਉੱਤਰੀ ਕੋਰੀਆ ਜਹਾਜ਼ਾਂ ਨੂੰ ਮਨ੍ਹਾਂ ਕਰ ਚੁੱਕਿਆ ਹੈ।
ਉੱਤਰੀ ਕੋਰੀਆ 'ਤੇ ਸੰਯੁਕਤ ਰਾਸ਼ਟਰ, ਯੂਰਪੀ ਯੂਨੀਅਨ ਅਤੇ ਅਮਰੀਕਾ ਦੀਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਪਹਿਲਾਂ ਤੋਂ ਹੀ ਲੱਗੀਆਂ ਹੋਈਆਂ ਸਨ।
ਤਾਜ਼ਾ ਪਾਬੰਦੀਆਂ 28 ਨਵੰਬਰ ਨੂੰ ਕੀਤੇ ਗਏ ਬੈਲਿਸਟਿਕ ਮਿਜ਼ਾਇਲ ਪਰੀਖਣ ਦੇ ਜਵਾਬ 'ਚ ਲਗਾਈਆਂ ਗਈਆਂ ਹਨ।
ਅਮਰੀਕਾ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੀ ਇਹ ਮਿਜ਼ਾਇਲ ਹੁਣ ਤੱਕ ਦੀ ਸਭ ਤੋਂ ਉੱਚੀ ਜਾਣ ਵਾਲੀ ਮਿਜ਼ਾਇਲ ਹੈ।
ਤਾਜ਼ਾ ਪਾਬੰਦੀਆਂ ਦੇ ਜਵਾਬ ਵਿੱਚ ਉੱਤਰੀ ਕੋਰੀਆ ਨੇ ਕਿਹਾ ਹੈ ਕਿ ਇਹ ਜੰਗ ਛੇੜਣ ਵਾਂਗ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਧਮਕੀ ਦੇ ਚੁੱਕੇ ਹਨ।
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵੀ ਅਮਰੀਕੀ ਰਾਸ਼ਟਰਪਤੀ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਹਿ ਚੁੱਕੇ ਹਨ।