You’re viewing a text-only version of this website that uses less data. View the main version of the website including all images and videos.
ਸਿੰਗਾਪੁਰ ਨੇ ਦੱਸਿਆ ਟਰੰਪ-ਕਿਮ ਦੀ ਮੁਲਾਕਾਤ 'ਤੇ 100 ਕਰੋੜ ਖਰਚਣ ਦਾ ਕਾਰਨ
ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਸਮੇਂ ਸਿੰਗਾਪੁਰ ਵੱਲ ਹਨ ਜਿੱਥੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ-ਉਨ ਦੀ ਮੁਲਾਕਾਤ ਹੋਣ ਜਾ ਰਹੀ ਹੈ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸ਼ਿਐਨ ਲੂੰਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ ਇਸ ਮੁਲਾਕਾਤ ਲਈ ਤਕਰੀਬਨ 20 ਮਿਲੀਅਨ ਸਿੰਗਾਪੁਰ ਡਾਲਰ ਖਰਚ ਕਰਨ ਜਾ ਰਿਹਾ ਹੈ।
ਭਾਰਤੀ ਮੁਦਰਾ ਵਿੱਚ ਇਹ ਰਕਮ 100 ਕਰੋੜ ਰੁਪਏ ਤੋਂ ਜ਼ਿਆਦਾ ਬਣਦੀ ਹੈ। ਪ੍ਰਧਾਨ ਮੰਤਰੀ ਲੀ ਸ਼ਿਐਨ ਲੂੰਗ ਮੁਤਾਬਕ ਇਸ ਰਕਮ ਦਾ ਅੱਧਾ ਹਿੱਸਾ ਸਿਰਫ਼ ਸੁਰੱਖਿਆ ਪ੍ਰਬੰਧਾਂ 'ਤੇ ਖ਼ਰਚ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇੱਕ ਕੌਮਾਂਤਰੀ ਪਹਿਲ ਦੇ ਲਿਹਾਜ਼ ਨਾਲ ਇਹ ਖ਼ਰਚਾ ਜਾਇਜ਼ ਹੈ ਅਤੇ ਇਸ ਵਿੱਚ ਸਿੰਗਾਪੁਰ ਦੇ ਹਿੱਤ ਵੀ ਹਨ।
ਮੰਗਲਾਵਰ ਨੂੰ ਸਿੰਗਾਪੁਰ ਦੇ ਸੈਨਟੋਸਾ ਵਿੱਚ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ-ਉਨ ਦੀ ਮੁਲਾਕਾਤ ਹੋਵੇਗੀ। ਦੋਵੇਂ ਲੀਡਰ ਇਸ ਮੁਲਾਕਾਤ ਲਈ ਸਿੰਗਾਪੁਰ ਪਹੁੰਚ ਚੁੱਕੇ ਹਨ।
ਕਿਮ ਜੋਂਗ-ਉਨ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸ਼ਿਐਨ ਲੂੰਗ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਜੇਕਰ ਸ਼ਿਖ਼ਰ ਸੰਮੇਲਨ ਵਿੱਚ ਕੋਈ ਸਮਝੌਤਾ ਹੁੰਦਾ ਹੈ ਤਾਂ ਸਿੰਗਾਪੁਰ ਨੂੰ ਇਸ ਲਈ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ।
ਓਧਰ, ਅਮਰੀਕਾ ਇਹ ਉਮੀਦ ਕਰ ਰਿਹਾ ਹੈ ਕਿ ਇਸ ਮੁਲਾਕਾਤ ਵਿੱਚ ਉਹ ਕਿਮ ਜੋਂਗ-ਉਨ ਤੋਂ ਪਰਮਾਣੂ ਹਥਿਆਰ ਛੱਡਣ ਲਈ ਕੋਈ ਵਾਅਦਾ ਲੈ ਸਕਣਗੇ।
ਸਿੰਗਾਪੁਰ ਹੀ ਕਿਉਂ?
ਸਿੰਗਾਪੁਰ ਨੂੰ ਇਸ ਮੁਲਾਕਾਤ ਲਈ ਮੰਗੋਲੀਆ, ਸਵੀਡਨ, ਸਵਿੱਟਜ਼ਰਲੈਂਡ ਅਤੇ ਦੋਵੇਂ ਕੋਰੀਆਈ ਦੇਸਾਂ ਵਿੱਚ ਪੈਣ ਵਾਲੇ ਗ਼ੈਰ-ਫੌਜੀ ਇਲਾਕੇ ਕਰੇਕ ਤਰਜੀਹ ਦਿੱਤੀ ਗਈ ਹੈ।
ਪੰਜ ਜੂਨ ਨੂੰ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵੀਵੀਅਨ ਬਾਲਕ੍ਰਿਸ਼ਨਨ ਨੇ ਵਾਸ਼ਿੰਗਟਨ ਵਿੱਚ ਕਿਹਾ, ''ਇਸ ਮੇਜ਼ਬਾਨੀ ਲਈ ਸਿੰਗਾਪੁਰ ਨੇ ਆਪਣਾ ਹੱਥ ਖ਼ੁਦ ਖੜ੍ਹਾ ਨਹੀਂ ਕੀਤਾ ਸਗੋਂ ਅਮਰੀਕੀਆਂ ਨੇ ਇਸਦੇ ਲਈ ਸਾਨੂੰ ਕਿਹਾ ਸੀ।''
ਉਨ੍ਹਾਂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਸਿੰਗਾਪੁਰ ਦੇ ਲੋਕਾਂ ਨੂੰ ਇਸ 'ਤੇ ਮਾਣ ਹੋਵੇਗਾ। ਸਾਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਨਿਰਪੱਖ, ਭਰੋਸੇਮੰਦ ਅਤੇ ਸੁਰੱਖਿਅਤ ਹਾਂ।''
ਦੁਨੀਆਂ ਭਰ ਵਿੱਚ ਸਿੰਗਾਪੁਰ ਨੂੰ ਇੱਕ ਸੁਰੱਖਿਅਤ ਅਤੇ ਪ੍ਰਬੰਧਕੀ ਸ਼ਹਿਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਅਤੇ ਇੱਥੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਅਤੇ ਜਨਸਭਾਵਾਂ 'ਤੇ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ।
ਸਿੰਗਾਪੁਰ ਅਤੇ ਉੱਤਰੀ ਕੋਰੀਆ ਦੇ ਕੂਟਨੀਤਕ ਰਿਸ਼ਤੇ 70 ਦੇ ਦਹਾਕੇ ਤੋਂ ਹਨ।
ਪਰ ਉੱਤਰੀ ਕੋਰੀਆ ਦੇ ਛੇਵੇਂ ਪਰਮਾਣੂ ਪਰੀਖਣ ਤੋਂ ਬਾਅਦ ਸਿੰਗਾਪੁਰ ਨੇ ਸੰਯੁਕਤ ਰਾਸ਼ਟਰ ਪਾਬੰਦੀ ਦੇ ਮੱਦੇਨਜ਼ਰ ਉੱਤਰੀ ਕੋਰੀਆ ਤੋਂ ਕਾਰੋਬਾਰੀ ਰਿਸ਼ਤੇ ਤੋੜ ਲਏ ਸੀ।
ਸਿੰਗਾਪੁਰ ਵਿੱਚ ਅਮਰੀਕਾ ਅਤੇ ਉੱਤਰੀ ਕੋਰੀਆ ਦੋਵੇਂ ਹੀ ਦੇਸਾਂ ਦੇ ਦੂਤਾਵਾਸ ਹਨ। ਇਸਦਾ ਮਤਲਬ ਇਹ ਹੋਇਆ ਕਿ ਇੱਥੇ ਦੋਵਾਂ ਦੇਸਾਂ ਵਿਚਾਲੇ ਗੁਪਤ ਗੱਲਬਾਤ ਦੀ ਸੰਭਾਵਨਾ ਵੀ ਹੈ।
ਸਿੰਗਾਪੁਰ ਦੀ ਮੀਡੀਆ ਅਤੇ ਸਰਕਾਰ ਦਾ ਰੁਖ਼
ਇਸ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਸਿੰਗਾਪੁਰ ਹੀ ਕਿਉਂ ਚੰਗਾ ਬਦਲ ਸੀ?
ਪ੍ਰਧਾਨ ਮੰਤਰੀ ਲੀ ਸ਼ਿਐਨ ਲੂੰਗ ਦਾ ਕਹਿਣਾ ਹੈ ਕਿ ਸਿੰਗਾਪੁਰ ਦੋਵੇਂ ਹੀ ਦੇਸਾਂ ਲਈ ਸਿਆਸੀ ਰੂਪ ਤੋਂ ਕਬੂਲਯੋਗ ਹੈ ਕਿਉਂਕਿ ਦੋਵੇਂ ਹੀ ਪੱਖਾਂ ਨਾਲ ਉਨ੍ਹਾਂ ਦੇ ਦੋਸਤਾਨਾ ਰਿਸ਼ਤੇ ਹਨ।
ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉੱਤਰੀ ਕੋਰੀਆ ਨੇ ਇਸ ਸੰਮੇਲਨ ਦਾ ਖ਼ਰਚਾ ਕੌਮਾਂਤਰੀ ਪ੍ਰਬੰਧਾਂ ਕਾਰਨ ਚੁੱਕਣ ਤੋਂ ਅਸਮਰਥਤਾ ਜਤਾਈ ਸੀ।
ਇਸ 'ਤੇ ਸਿੰਗਾਪੁਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ ਇਹ ਖ਼ਰਚ ਚੁੱਕਣ ਲਈ ਇਛੁੱਕ ਹੈ ਅਤੇ ਇੱਕ ਇਤਿਹਾਸਕ ਮੁਲਾਕਾਤ ਵਿੱਚ ਇਹ ਉਨ੍ਹਾਂ ਦੀ ਛੋਟੀ ਜਿਹੀ ਭੂਮਿਕਾ ਹੋਵੇਗੀ।