You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ, ਅਮਰੀਕਾ ਨਾਲ ਵਾਰਤਾ ਰੱਦ ਕਰਨ ਦੇ ਟਰੰਪ ਨੇ ਦੱਸੇ ਇਹ ਕਾਰਨ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਗੱਲਬਾਤ ਰੱਦ ਕਰਨ ਤੋਂ ਬਾਅਦ ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਅਜੇ ਵੀ 'ਕਿਸੇ ਵੀ ਸਮੇਂ ਕਿਸੇ ਵੀ ਰੂਪ ਵਿੱਚ' ਗੱਲਬਾਤ ਲਈ ਤਿਆਰ ਹੈ।
ਮੁਲਕ ਦੇ ਉੱਪ-ਵਿਦੇਸ਼ ਮੰਤਰੀ ਕਿਮ ਕੇ-ਗਵਾਨ ਨੇ ਟਰੰਪ ਦੇ ਫ਼ੈਸਲੇ ਨੂੰ 'ਅਤਿ ਮੰਦਭਾਗਾ' ਕਰਾਰ ਦਿੱਤਾ ਹੈ।
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਇਹ ਫੈਸਲਾ ਦੁਨੀਆਂ ਦੀ ਸੋਚ ਦੇ ਖਿਲਾਫ਼ ਹੈ।
ਅਮਰੀਕਾ ਵੱਲੋਂ ਗੱਲਬਾਤ ਰੱਦ ਕਰਨ ਦੇ ਕਾਰਨ
- ਟਰੰਪ ਨੇ ਸਿੰਗਾਪੁਰ ਵਿੱਚ ਉੱਤਰੀ ਕੋਰੀਆਈ ਸਾਸ਼ਕ ਨਾਲ ਹੋਣ ਵਾਲੀ ਪ੍ਰਸਤਾਵਿਤ ਮੁਲਾਕਾਤ ਨੂੰ ਉੱਤਰੀ ਕੋਰੀਆ ਦੀ 'ਖੁੱਲ੍ਹੀ ਦੁਸ਼ਮਣੀ' ਨੂੰ ਕਾਰਨ ਦੱਸ ਕੇ ਰੱਦ ਕਰ ਦਿੱਤਾ ਹੈ।
- ਅਮਰੀਕ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਯੋਜਨਾ ਤਿਆਰ ਕਰਨ ਲਈ ਤੈਅ ਮੀਟਿੰਗ ਵਿੱਚ ਉੱਤਰੀ ਕੋਰੀਆ ਦੇ ਨੁਮਾਇੰਦੇ ਨਹੀਂ ਪਹੁੰਚ ਸਕੇ।
- ਅਮਰੀਕਾ ਅਨੁਸਾਰ ਉੱਤਰੀ ਕੋਰੀਆ ਨੇ ਉਨ੍ਹਾਂ ਦੇ ਨਿਗਰਾਨਾਂ ਨੂੰ ਤਬਾਹ ਕੀਤੀ ਪਰਮਾਣੂ ਸਾਈਟਜ਼ ਤੱਕ ਪਹੁੰਚ ਨਹੀਂ ਕਰਨ ਦਿੱਤੀ। ਭਾਵੇਂ ਉੱਤਰੀ ਕੋਰੀਆ ਵੱਲੋਂ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਪਰਮਾਣੂ ਸਾਈਟ ਦਾ ਦੌਰਾ ਕਰਵਾਇਆ ਗਿਆ ਸੀ।
ਦੱਖਣੀ ਕੋਰੀਆ ਨੂੰ ਅਫ਼ਸੋਸ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵੀ ਇਸ ਪੂਰੇ ਘਟਨਾਕ੍ਰਮ 'ਤੇ ਚਿੰਤਾ ਜਤਾਈ ਹੈ। ਦੱਖਣੀ ਕੋਰੀਆ ਵੱਲੋਂ ਵੀ ਗੱਲਬਾਤ ਰੱਦ ਹੋਣ 'ਤੇ ਦੁੱਖ ਪ੍ਰਗਟਾਇਆ ਗਿਆ ਹੈ ਅਤੇ ਰਾਸ਼ਟਰਪਤੀ ਮੂਨ ਜੇ ਇਨ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ।
ਅਮਰੀਕੀ ਕਾਂਗਰਸ ਵਿੱਚ ਵੀ ਡੈਮੋਕਰੇਟਿਕ ਆਗੂ ਨੈਨਸੀ ਪੈਲੋਸੀ ਵੱਲੋਂ ਵੀ ਡੌਨਲਡ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ।
ਜੇ ਸਿਖ਼ਰ ਸੰਮੇਲਨ ਹੁੰਦਾ ਤਾਂ ਅਜਿਹਾ ਪਹਿਲੀ ਵਾਰ ਹੋਣਾ ਸੀ ਕਿ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੇ ਲੀਡਰ ਨਾਲ ਮੁਲਾਕਾਤ ਕੀਤੀ ਹੋਵੇ।
12 ਜੂਨ ਨੂੰ ਸਿੰਗਾਪੁਰ ਵਿੱਚ ਹੋਣ ਵਾਲੀ ਇਸ ਮੀਟਿੰਗ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਗੱਲਬਾਤ ਦੇ ਮੁੱਖ ਵਿਸ਼ੇ ਕੋਰੀਆਈ ਮਹਾਂਦੀਪ ਤੋਂ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਤਰੀਕੇ ਅਤੇ ਤਣਾਅ ਨੂੰ ਘੱਟ ਕਰਨਾ ਰਹਿਣਾ ਸੀ।
ਕੀ ਚਾਹੁੰਦਾ ਹੈ ਕਿਮ ਜੋਂਗ
ਮਹੀਨਾ ਪਹਿਲਾਂ ਦੱਖਣੀ ਕੋਰੀਆ ਜਾ ਕੇ ਅਮਨ ਸ਼ਾਤੀ ਦੇ ਬੂਟੇ ਲਾਉਣ ਅਤੇ ਨਵਾਂ ਇਤਿਹਾਸ ਲਿਖਣ ਦੀਆਂ ਕਸਮਾਂ ਖਾਣ ਵਾਲਾ ਕਿਮ ਜੋਂਗ ਦੱਖਣੀ ਕੋਰੀਆ ਨੂੰ ਮੁੜ ਅੱਖਾਂ ਦਿਖਾਉਣ ਲੱਗ ਪਿਆ ਸੀ।
ਅਸਲ ਵਿੱਚ ਕਿਮ ਜੋਂਗ ਉਨ ਆਪਣੇ ਏਜੰਡੇ ਉੱਤੇ ਪੂਰੀ ਤਰ੍ਹਾਂ ਫੋਕਸ ਹੈ। ਉਹ ਪਹਿਲਾਂ ਵੀ ਪਰਮਾਣੂ ਪ੍ਰੋਗਰਾਮ ਦੇ ਨਾਲ-ਨਾਲ ਉੱਤਰ ਕੋਰੀਆ ਦੀ ਆਰਥਿਕਤਾ ਦੇ ਵਿਕਾਸ ਦੀ ਸੋਚ ਪ੍ਰਗਟਾ ਚੁੱਕੇ ਹਨ।
ਬੀਬੀਸੀ ਦੀ ਬਿਜ਼ਨਸ ਰਿਪੋਰਟ ਵਿੱਚ ਮੰਨਿਆ ਗਿਆ ਸੀ ਕਿ ਉਸ ਨੇ ਆਪਣਾ ਪਰਮਾਣੂ ਵਿਕਾਸ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਆਰਥਿਕ ਫਰੰਟ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਆਪਣੇ ਖ਼ਿਲਾਫ਼ ਲੱਗੀਆਂ ਆਰਥਿਕ ਪਾਬੰਦੀਆਂ ਨੂੰ ਖ਼ਤਮ ਕਰਾਉਣ ਲਈ ਗਰਾਉਂਡ ਤਿਆਰ ਕਰ ਰਿਹਾ ਹੈ।
ਬੀਬੀਸੀ ਦੀ ਬਿਜ਼ਨਸ ਪੱਤਰਕਾਰ ਨੇ ਆਪਣੀ ਰਿਪੋਰਟ ਵਿੱਚ ਕੁਝ ਦਿਨ ਪਹਿਲਾਂ ਲਿਖਿਆ ਸੀ ਕਿ ਅਮਰੀਕਾ ਦਾ ਇਹ ਬਿਆਨ ਕਾਬਲ-ਏ-ਗੌਰ ਹੈ ਕਿ ਉੱਤਰ ਕੋਰੀਆ ਦੇ ਪਰਮਾਣੂ ਅਪਸਾਰ ਪ੍ਰਤੀ ਬਚਨਬੱਧਤਾ ਕਾਰਨ ਨਿੱਜੀ ਕੰਪਨੀਆਂ ਦੇ ਨਿਵੇਸ਼ ਦਾ ਰਾਹ ਖੁੱਲ੍ਹ ਸਕਦਾ ਹੈ।
ਅਮਰੀਕਾ ਨੂੰ ਗੁੱਸਾ ਦਿਖਾ ਕੇ ਕਿਮ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਚੀਨ ਸਣੇ ਉਸਦੇ ਦੂਜੇ ਵਪਾਰਕ ਭਾਈਵਾਲਾਂ ਨੂੰ ਪਾਬੰਦੀਆਂ ਹਟਾਉਣ ਲਈ ਮਜਬੂਰ ਕਰੇ।
ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਮੁਤਾਬਕ, ਉੱਤਰੀ ਕੋਰੀਆ ਨੇ ਆਪਣੇ ਗੁਆਂਢੀ ਦੇਸ ਅਤੇ ਅਮਰੀਕਾ ਵੱਲੋਂ ਜਾਰੀ ਸੰਯੁਕਤ ਫੌਜੀ ਅਭਿਆਸ ਤੋਂ ਨਰਾਜ਼ ਹੋ ਕੇ ਇਹ ਫ਼ੈਸਲਾ ਲਿਆ ਹੈ
ਮਾਰਚ ਵਿੱਚ ਤੁਰੀ ਸੀ ਵਾਰਤਾ ਦੀ ਗੱਲ
ਮਾਰਚ ਵਿੱਚ ਦੁਨੀਆਂ ਨੂੰ ਟਰੰਪ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਮ ਜੋਂਗ-ਉਨ ਤੋਂ ਮੁਲਾਕਾਤ ਦਾ ਪ੍ਰਸਤਾਵ ਮਿਲਿਆ ਹੈ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।
ਟਰੰਪ ਨੇ ਉਸ ਸਮੇਂ ਟਵੀਟ ਕੀਤਾ ਸੀ,''ਅਸੀਂ ਦੋਵੇਂ ਮਿਲ ਕੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਇੱਕ ਬਹੁਤ ਵਿਸ਼ੇਸ਼ ਪਲ ਬਣਾਉਣ ਦੀ ਕੋਸ਼ਿਸ਼ ਕਰਾਂਗੇ।''
ਬੀ-52 ਬਮਵਰਸ਼ਕ ਅਤੇ ਐਫ-15 ਦੇ ਜੈੱਟ ਸਮੇਤ ਕਰੀਬ 100 ਲੜਾਕੂ ਜਹਾਜ਼ਾਂ ਨੇ ਸ਼ੁੱਕਰਵਾਰ ਨੂੰ 'ਮੈਕਸ ਥੰਡਰ' ਯੁੱਧ ਅਭਿਆਸ ਸ਼ੁਰੂ ਕੀਤਾ ਸੀ।
ਅਮਰੀਕਾ ਅਤੇ ਦੱਖਣੀ ਕੋਰੀਆ 1953 ਦੇ ਦੋ ਪੱਖੀ ਸਮਝੌਤੇ ਤਹਿਤ ਇਸ ਤਰ੍ਹਾਂ ਦੇ ਯੁੱਧ ਅਭਿਆਸ ਕਰਦੇ ਰਹੇ ਹਨ। ਪਰ ਉੱਤਰ ਕੋਰੀਆ ਇਸ ਗੱਲ 'ਤੇ ਇਤਰਾਜ਼ ਜਤਾਉਂਦਾ ਰਿਹਾ ਹੈ।