You’re viewing a text-only version of this website that uses less data. View the main version of the website including all images and videos.
ਸਿੰਗਾਪੁਰ 'ਚ 'ਡਾਕੂਆਂ ਦੇ ਅੱਡੇ' 'ਤੇ ਮਿਲਣਗੇ ਕਿਮ ਤੇ ਟਰੰਪ
ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਤੈਅਸ਼ੁਦਾ ਮੁਲਾਕਾਤ ਦੇ ਲਈ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਿੰਗਾਪੁਰ ਪਹੁੰਚ ਗਏ ਹਨ।
ਪੂਰੀ ਦੁਨੀਆਂ ਨੂੰ ਇੰਤਜ਼ਾਰ ਹੈ ਉਸ ਪਲ ਦਾ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਆਹਮੋ-ਸਾਹਮਣੇ ਹੋਣਗੇ।
ਦੋਵੇਂ ਨੇਤਾਵਾਂ ਵਿਚਾਲੇ 12 ਜੂਨ ਨੂੰ ਹੋਣ ਵਾਲੀ ਬੇਹੱਦ ਅਹਿਮ ਮੁਲਾਕਾਤ ਸਿੰਗਾਪੁਰ 'ਚ ਹੋਣੀ ਹੈ।
ਪਰ ਸਿੰਗਾਪੁਰ ਵਿੱਚ ਕਿੱਥੇ? ਇਸ ਸਵਾਲ ਦਾ ਜਵਾਬ ਵੀ ਵ੍ਹਾਈਟ ਹਾਊਸ ਨੇ ਦੇ ਦਿੱਤਾ ਹੈ।
ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਸਿੰਗਾਪੁਰ ਦੇ ਸੈਨਟੋਸਾ ਦੀਪ 'ਤੇ ਹੋਵੇਗੀ।
ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਚੀਜ਼ਾਂ ਯੋਜਨਾ ਮੁਤਾਬਕ ਚੱਲ ਰਹੀਆਂ ਹਨ। ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰ ਦੇਵੇ।
ਭਾਵੇਂ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਮੁਲਾਕਾਤ ਦੌਰਾਨ ਕਿਹੜੇ-ਕਿਹੜੇ ਮੁੱਦੇ ਵਿਚਾਰੇ ਜਾਣਗੇ।
ਟਰੰਪ ਨੇ ਕਿਹਾ ਸੀ ਪਹਿਲੀ ਮੁਲਾਕਾਤ 'ਚ ਗੱਲਬਾਤ ਦਾ ਲੰਬਾ ਦੌਰ ਚੱਲ ਸਕਦਾ ਹੈ ਅਤੇ ਹੋ ਸਕਦਾ ਹੈ ਇਸ ਤੋਂ ਬਾਅਦ ਵੀ ਕਈ ਵਾਰ ਮਿਲਣਾ ਪਵੇ।
ਅਜਿਹਾ ਪਹਿਲੀ ਵਾਰ ਹੋਵੇਗਾ ਕਿ ਉੱਤਰੀ ਕੋਰੀਆ ਦਾ ਕੋਈ ਨੇਤਾ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਨੂੰ ਮਿਲੇਗਾ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਗੱਲਬਾਤ ਪੰਜ ਤਾਰਾ ਕਪੇਲੇ ਹੋਟਲ ਵਿੱਚ ਹੋਵੇਗੀ।
ਪਰ ਦੋਵੇਂ ਨੇਤਾਵਾਂ ਦੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕੀਤਾ ਜਾਵੇਗਾ। ਖ਼ਬਰਾਂ ਮੁਤਾਬਕ ਡੌਨਲਡ ਟਰੰਪ ਸ਼ਾਂਗਰੀ-ਲਾਅ ਹੋਟਲ ਵਿੱਚ ਰੁੱਕ ਸਕਦੇ ਹਨ। ਉਹ ਪਹਿਲਾਂ ਵੀ ਉੱਥੇ ਰਹਿ ਚੁੱਕੇ ਹਨ।
ਇਸ ਦੌਰਾਨ ਕਿਮ ਜੋਂਗ ਉਨ ਸੈਂਟ ਰੈਗਿਸ ਸਿੰਗਾਪੁਰ ਵਿੱਚ ਠਹਿਰ ਸਕਦੇ ਹਨ। ਇਹ ਦੋਵੇਂ ਹੀ ਹੋਟਲ ਮੁੱਖ ਦੀਪ 'ਤੇ ਹਨ।
ਸੈਨਟੋਸਾ, ਸਿੰਗਾਪੁਰ ਦੇ 63 ਦੀਪਾਂ 'ਚੋਂ ਇੱਕ ਹੈ ਮੁੱਖ ਆਈਲੈਂਡ ਤੋਂ ਕੁਝ ਦੂਰੀ 'ਤੇ ਮੌਜੂਦ ਸੈਨਟੋਸਾ ਦੀਪ 500 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਇੱਥੇ ਕਈ ਲਗਜ਼ਰੀ ਰਿਜ਼ੌਰਟਸ, ਪ੍ਰਾਈਵੇਟ ਮੈਰੀਨਾ ਅਤੇ ਆਲੀਸ਼ਾਨ ਗੋਲਫ਼ ਕਲੱਬ ਹਨ।
ਪਰ ਇਸ ਦੀਪ ਦਾ ਸਮੁੰਦਰੀ ਡਕੈਤੀ, ਖ਼ੂਨ-ਖਰਾਬਾ ਅਤੇ ਜੰਗ ਦਾ ਕਾਲਾ ਇਤਿਹਾਸ ਵੀ ਰਿਹਾ ਹੈ।
ਸਮੁੰਦਰੀ ਡਾਕੂਆਂ ਦਾ ਅੱਡਾ
19ਵੀਂ ਸਦੀ ਵਿੱਚ ਸਿੰਗਾਪੁਰ ਨੂੰ ਇੱਕ ਬ੍ਰਿਟਿਸ਼ ਟ੍ਰੈਡਿੰਗ ਪੋਸਟ ਵਜੋਂ ਸਥਾਪਿਤ ਕੀਤਾ ਗਿਆ ਹੈ।
ਭਾਰਤ ਅਤੇ ਚੀਨ ਦੇ ਸਮੁੰਦਰੀ ਰਸਤੇ ਵਿੱਚ ਪੈਣ ਕਰਕੇ ਇਸ ਪੋਸਟ ਦੀ ਅਹਿਮੀਅਤ ਵੀ ਕਾਫੀ ਰਹੀ ਹੈ।
ਬ੍ਰਿਟਿਸ਼ ਸ਼ਾਸਨ ਤੋਂ ਪਹਿਲਾਂ ਹੀ ਸਿੰਗਾਪੁਰ ਵਪਾਰ ਦਾ ਮੁੱਖ ਕੇਂਦਰ ਸੀ। ਇੱਥੇ ਵਪਾਰੀਆਂ ਦਾ ਖ਼ੂਬ ਆਉਣਾ ਜਾਣਾ ਸੀ। ਸਮੁੰਦਰੀ ਡਾਕੂਆਂ ਨੇ ਵੀ ਇੱਥੇ ਖੋਰੂੰ ਪਾਇਆ ਹੋਇਆ ਸੀ।
ਸਮੁੰਦਰੀ ਡਾਕੂਆਂ ਦੀ ਲੁੱਟ-ਮਾਰ ਅਤੇ ਹਿੰਸਕ ਵਾਰਦਾਤਾਂ ਨੇ ਇਸ ਵਪਾਰ ਕੇਂਦਰ ਦੇ ਅਕਸ ਨੂੰ ਧੁੰਦਲਾ ਕਰ ਦਿੱਤਾ।
ਵਿਸ਼ਵ ਯੁੱਧ ਦੇ ਨਸਲਕੁਸ਼ੀ ਦਾ ਸਥਾਨ
1942 ਵਿੱਚ ਸਿੰਗਾਪੁਰ, ਜਪਾਨ ਅਧੀਨ ਆ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਇੱਕ ਜਪਾਨੀ ਨਾਂ 'ਸੋਓਨਨ' ਦਿੱਤਾ ਗਿਆ ਜਿਸ ਦਾ ਮਤਲਬ ਹੈ ਦੱਖਣ ਦੀ ਰੌਸ਼ਨੀ।
ਅਗਲੇ ਕੁਝ ਸਾਲਾਂ ਵਿੱਚ ਜਪਾਨ ਵਿਰੋਧੀ ਤੱਤਾਂ ਨੂੰ ਖ਼ਤਮ ਕਰਨ ਲਈ ਇੱਕ ਆਪਰੇਸ਼ਨ ਚਲਾਇਆ ਗਿਆ। ਇਸ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਗਈ।
ਸੈਨਟੋਸਾ ਦੇ ਜਿੰਨਾ ਤੱਟਾਂ 'ਤੇ ਇਹ ਨਸਲਕੁਸ਼ੀ ਹੋਈ, ਹੁਣ ਉੱਥੇ ਕਪੇਲੇ ਹੋਟਲ ਬਣ ਗਿਆ ਹੈ ਅਤੇ ਇਸੇ ਹੋਟਲ ਵਿੱਚ ਟਰੰਪ ਅਤੇ ਕਿਮ ਮਿਲਣ ਵਾਲੇ ਹਨ।
ਸੈਨਟੋਸਾ ਵਿੱਚ ਯੁੱਧ ਬੰਦੀਆਂ ਲਈ ਇੱਕ ਕੈਂਪ ਵੀ ਹੁੰਦਾ ਸੀ ਜਿੱਥੇ 400 ਸੈਨਿਕ ਅਤੇ ਬੰਦੂਕਧਾਰੀਆਂ ਨੂੰ ਰੱਖਿਆ ਗਿਆ ਸੀ।
ਸੈਰ-ਸਪਾਟੇ ਦਾ ਕੇਂਦਰ ਅਤੇ ਭਿਆਨਕ ਘਟਨਾਵਾਂ
1970 ਵਿੱਚ ਸਿੰਗਾਪੁਰ ਦੀ ਸਰਕਾਰ ਨੇ ਇਸ ਦੀਪ ਦਾ ਨਾਮ ਸੈਨਟੋਸਾ ਰੱਖ ਦਿੱਤਾ, ਜਿਸ ਦਾ ਅਰਥ ਹੈ ਸ਼ਾਂਤੀ। ਇਸ ਤੋਂ ਬਾਅਦ ਇਸ ਸਥਾਨ ਨੂੰ ਸੈਰ-ਸਪਾਟੇ ਦੀ ਥਾਂ ਵਜੋਂ ਸਥਾਪਿਤ ਕੀਤਾ ਗਿਆ।
ਪਰ ਇਸ ਦੀਪ ਦੀ ਸਮੱਸਿਆ ਫੇਰ ਵੀ ਜਾਰੀ ਰਹੀ।
1983 ਵਿੱਚ ਸਮੁੰਦਰ ਤੋਂ ਤੇਲ ਕੱਢਣ ਵਾਲੇ ਜਹਾਜ਼ ਕਾਰਨ ਇੱਕ ਹਾਦਸਾ ਹੋਇਆ ਅਤੇ ਟੂਰਿਸਟ ਕੇਬਲ ਕਾਰ ਦੇ ਦੋ ਕੈਰਜ ਸਮੁੰਦਰ ਵਿੱਚ ਡਿੱਗ ਗਏ।
ਇੱਥੇ ਫੈਂਟਸੀ ਆਈਲੈਂਡ ਨਾਮ ਦਾ ਇੱਕ ਵਾਟਰ ਪਾਰਕ ਖੋਲ੍ਹਿਆ ਗਿਆ ਪਰ ਸੁਰੱਖਿਆ ਸੰਬੰਧੀ ਕਮੀਆਂ ਕਰਕੇ ਇਹ ਵੀ ਵਿਵਾਦਾਂ ਵਿੱਚ ਰਿਹਾ।
ਸਾਲ 2000 ਵਿੱਚ ਰਾਫਟਿੰਗ ਕਰ ਰਹੀ ਇੱਕ 8 ਸਾਲਾ ਕੁੜੀ ਪਾਣੀ ਵਿੱਚ ਡੁੱਬ ਗਈ। ਇਸ ਤੋਂ ਬਾਅਦ 2002 ਵਿੱਚ ਪਾਰਕ ਨੂੰ ਬੰਦ ਕਰ ਦਿੱਤਾ ਗਿਆ।
ਬਾਅਦ ਵਿੱਚ ਸੈਨਟੋਸਾ ਨੂੰ 'ਸਟੇਟ ਆਫ ਫਨ' ਵਜੋਂ ਵਿਕਸਿਤ ਕੀਤਾ ਗਿਆ। ਇੱਥੇ ਯੂਨੀਵਰਸਲ ਸਟੂਡੀਓ ਥੀਮ ਪਾਰਕ ਬਣਾਏ ਗਏ, ਇੱਕ ਨਵਾਂ ਵਾਟਰ ਪਾਰਕ ਵੀ ਖੁੱਲ੍ਹਿਆ ਅਤੇ ਰਿਜ਼ੋਰਟ ਵਰਲਡ ਕੈਸੀਨੋ ਹਜ਼ਾਰਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ।
ਲਗਜ਼ਰੀ ਹੋਟਲ 'ਚ ਟਰੰਪ ਅਤੇ ਕਿਮ ਦਾ ਸੰਮੇਲਨ
112 ਕਮਰਿਆਂ ਵਾਲਾ ਕਪੇਲੇ ਰਿਜ਼ੋਰਟ 30 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਰਿਜ਼ੌਰਟ ਨੂੰ ਬ੍ਰਿਟਿਸ਼ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਹੈ। ਇੱਥੇ ਬ੍ਰਿਟਿਸ਼ ਸ਼ਾਸਨ ਕਾਲ ਦੀਆਂ ਕਈ ਇਮਾਰਤਾਂ ਦੇਖੀਆਂ ਜਾ ਸਕਦੀਆਂ ਹਨ।
ਇੱਥੇ ਪ੍ਰੀਮੀਅਰ ਗਾਰਡਨ ਕਿੰਗ ਰੂਮ ਦਾ ਇੱਕ ਰਾਤ ਦਾ ਕਿਰਾਇਆ ਕਰੀਬ 33,500 ਰੁਪਏ ਹੈ ਜਦਕਿ ਪ੍ਰਾਈਵੇਟ ਪੂਲ ਦੇ ਨਾਲ ਤਿੰਨ ਕਮਰਿਆਂ ਵਾਲੇ ਕੈਲੋਨੀਅਲ ਮਨੋਰ ਦਾ ਇੱਕ ਰਾਤ ਦਾ ਕਿਰਾਇਆ ਕਰੀਬ 5 ਲੱਖ ਰੁਪਏ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀ ਪਹਿਲਾਂ ਹੀ ਆ ਕੇ ਪ੍ਰੰਬਧਾਂ ਦਾ ਜਾਇਜ਼ਾਂ ਲੈ ਚੁੱਕੇ ਹਨ। ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
15 ਜੂਨ ਤੱਕ ਪੂਰੇ ਰਿਜ਼ੌਰਟ ਨੂੰ ਬੁੱਕ ਕਰ ਲਿਆ ਗਿਆ ਹੈ ਇਸ ਲਈ ਕੋਈ ਸੈਲਾਨੀ ਉੱਥੇ ਨਹੀਂ ਜਾ ਸਕਦਾ।
ਸੈਨਟੋਸਾ 'ਚ ਹੀ ਸੰਮੇਲਨ ਕਿਉਂ?
ਆਈਲੈਂਡ ਦੀ ਲੋਕੇਸ਼ਨ ਇਸ ਨੂੰ ਸੁਰੱਖਿਅਤ ਬਣਾਉਂਦੀ ਹੈ ਅਤੇ ਕੋਈ ਵੀ ਆਸਾਨੀ ਨਾਲ ਇੱਥੇ ਨਹੀਂ ਪਹੁੰਚ ਸਕਦਾ।
ਇਹੀ ਕਾਰਨ ਹੈ ਕਿ ਸੈਨਟੋਸਾ ਦੀਪ ਨੂੰ ਹੀ ਇਸ ਮੁਲਾਕਾਤ ਲਈ ਚੁਣਿਆ ਗਿਆ ਹੈ।