ਟਰੰਪ ਦੇ ਨਵੇਂ H1 B ਵੀਜ਼ਾ ਨਿਯਮਾਂ ਨਾਲ ਹਜ਼ਾਰਾਂ ਭਾਰਤੀਆਂ ਨੂੰ ਕਿਵੇਂ ਲੱਗਿਆ ਧੱਕਾ?

    • ਲੇਖਕ, ਇਰਮ ਅੱਬਾਸੀ
    • ਰੋਲ, ਬੀਬੀਸੀ ਪੱਤਰਕਾਰ, ਵਾਸ਼ਿੰਗਟਨ ਡੀ.ਸੀ.

''ਮੈਂ ਮਹਿਸੂਸ ਕਰਦੀ ਹਾਂ ਕਿ ਮੈਨੂੰ ਘਰ ਰਹਿਣ ਲਈ ਕਿਹਾ ਜਾਵੇਗਾ। ਡਰਦੀ ਹਾਂ ਕਿ ਪਤੀ ਦੇ ਸਾਰਾ ਦਿਨ ਕੰਮ 'ਤੇ ਹੋਣ ਕਰਕੇ ਮੈਂ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਵਾਂਗੀ। ਕਿਉਂਕਿ ਮੇਰੇ ਕੋਲ ਕੋਈ ਕੰਮ ਨਹੀਂ ਹੈ ਇਸ ਲਈ ਮੈਂ ਸਾਰਾ ਦਿਨ ਇੱਕ ਆਉਟਲੈੱਟ ਲੈਣ ਲਈ ਉਡੀਕ ਕਰਦੀ ਹਾਂ।''

ਬੀਬੀਸੀ ਨਾਲ ਖ਼ਾਸ ਗੱਲਬਾਤ 'ਚ ਇਹ ਜਜ਼ਬਾਤ ਪ੍ਰਿਆ ਚੰਦਰਸੇਕਰਨ ਨੇ ਸਾਂਝੇ ਕੀਤੇ।

ਡੌਨਲਡ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ H1B ਦੇ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਲਈ ਵਰਕ ਪਰਮਿਟ ਖ਼ਤਮ ਕਰਨ ਦੀ ਇੱਕ ਯੋਜਨਾ ਦਾ ਐਲਾਨ ਕਰਨ ਤੋਂ ਬਾਅਦ ਪ੍ਰਿਆ ਦਾ ਕਰੀਅਰ ਖ਼ਤਰੇ ਵਿੱਚ ਹੈ।

ਅਮਰੀਕਾ ਰਹਿੰਦੀ ਦਿੱਲੀ ਦੀ ਪ੍ਰਿਆ ਦਾ ਦਰਦ

ਦਿੱਲੀ ਦੀ ਪ੍ਰਿਆ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 19 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।

ਪਿਛਲੇ ਦੋ ਸਾਲਾਂ ਤੋਂ ਉਹ ਸਿਆਟਲ (ਵਾਸ਼ਿੰਗਟਨ) ਵਿੱਚ ਬਤੌਰ ਲੇਖਾਕਾਰ (ਸਰਟੀਫਾਈਡ ਪਬਲਿਕ ਅਕਾਊਂਟੈਂਟ - CPA) ਕੰਮ ਕਰ ਰਹੀ ਹੈ।

ਦਿੱਲੀ ਵਿੱਚ ਰਹਿੰਦਿਆਂ ਪਿਤਾ ਦੀ ਮੌਤ ਤੋਂ ਬਾਅਦ ਮਹਿਜ਼ 19 ਸਾਲ ਦੀ ਉਮਰ ਵਿੱਚ ਉਸ ਨੂੰ ਨਿਰਭਰਤਾ ਦਾ ਅਹਿਸਾਸ ਹੋਇਆ।

ਉਹ ਉਦੋਂ ਟੁੱਟ ਗਈ ਸੀ, ਜਦੋਂ ਉਸ ਨੂੰ 2010 ਵਿੱਚ ਅਮਰੀਕਾ 'ਚ ਆਪਣੇ ਪਤੀ ਕੋਲ ਜਾਣ ਲਈ ਭਾਰਤ ਵਿੱਚ ਇੱਕ ਵਧੀਆ ਕਰੀਅਰ ਛੱਡਣਾ ਪਿਆ ਸੀ।

ਪੰਜ ਸਾਲ ਤੱਕ ਆਪਣੇ ਬੱਚੇ ਨਾਲ ਘਰ ਰਹਿਣ ਤੋਂ ਬਾਅਦ 2015 ਵਿੱਚ ਪ੍ਰਿਆ ਨੂੰ ਬਰਾਕ ਓਬਾਮਾ ਪ੍ਰਸ਼ਾਸਨ ਸਮੇਂ ਨਵੀਂ ਪ੍ਰਣਾਲੀ ਤਹਿਤ ਕੰਮ ਕਰਨ ਦੀ ਇਜਾਜ਼ਤ ਮਿਲੀ ਸੀ।

ਲੇਖਾਕਾਰ ਦੀ ਪੜ੍ਹਾਈ ਕਰਨ ਤੋਂ ਬਾਅਦ 2016 ਵਿੱਚ ਪ੍ਰਿਆ ਤੇ ਉਸਦਾ ਪਤੀ ਉਸੇ ਸਾਲ ਆਪਣਾ ਘਰ ਲੈਣ ਦੇ ਕਾਬਿਲ ਹੋ ਸਕੇ ਸਨ।

ਅਗਲੇ ਸਾਲ 2017 ਵਿੱਚ ਪਤੀ-ਪਤਨੀ ਦੋਵਾਂ ਦੀ ਚੰਗੀ ਆਮਦਨੀ ਨੂੰ ਦੇਖਦੇ ਹੋਏ ਉਨ੍ਹਾਂ ਇੱਕ ਹੋਰ ਬੱਚੇ ਦਾ ਫ਼ੈਸਲਾ ਲਿਆ, ਪਰ ਉਨ੍ਹਾਂ ਦੀ ਯੋਜਨਾ ਤੇ ਆਮਦਨੀ ਹੁਣ ਦਾਅ 'ਤੇ ਲੱਗ ਗਈ ਹੈ।

ਪ੍ਰਿਆ ਦੱਸਦੀ ਹੈ, ''ਅਸੀਂ ਸੋਚਿਆ ਕਿ ਅਸੀਂ ਇੱਕ ਖ਼ੁਸ਼ਹਾਲ ਕਿਸ਼ਤੀ 'ਤੇ ਸਵਾਰ ਹਾਂ ਅਤੇ ਮਹਿਸੂਸ ਕੀਤਾ ਕੇ ਇਸ ਕਿਸ਼ਤੀ ਨੂੰ ਪਾਰ ਲੰਘਾਉਣਾ ਸੌਖਾ ਨਹੀਂ ਹੈ।''

''ਜੇ ਮੈਂ ਆਪਣਾ ਕੰਮ ਕਰਨ ਦਾ ਅਧਿਕਾਰ ਗੁਆ ਦਿੰਦੀ ਹਾਂ ਤਾਂ ਮੈਨੂੰ ਆਪਣਾ ਭਵਿੱਖ ਕੋਈ ਸਕਾਰਾਤਮਕ ਤੇ ਖ਼ੁਸ਼ਹਾਲ ਕੰਮ ਨਜ਼ਰ ਨਹੀਂ ਆਉਂਦਾ।''

ਕੀ ਹੈ H-4 EAD ?

2015 ਵਿੱਚ ਓਬਾਮਾ ਪ੍ਰਸ਼ਾਸਨ ਸਮੇਂ ਲਾਗੂ ਹੋਇਆ H-4 EAD ਨਿਯਮ ਦਾ ਮਕਸਦ ਅਮਰੀਕਾ 'ਚ ਕੰਮ ਕਰਦੇ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 'ਗ੍ਰੀਨ ਕਾਰਡ' ਪ੍ਰਕਿਰਿਆ ਦੇ ਦੌਰ ਤੋਂ ਗੁਜ਼ਰਦੇ ਸਮੇਂ ਸਵੈ-ਨਿਰਭਰਤਾ ਮੁਹੱਈਆ ਕਰਵਾਉਣੀ ਅਤੇ ਉਨ੍ਹਾਂ ਨੂੰ ਸੰਭਾਲਣਾ ਸੀ।

ਰੁਜ਼ਗਾਰ ਅਧਿਕਾਰ ਦਸਤਾਵੇਜ ਜਾਂ EAD ਕਾਰਡ ਨੂੰ ਬਹੁਤਾ ਵਰਕ ਪਰਮਿਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

EAD ਕਾਰਡ ਯੂਨਾਈਟਿਡ ਸਟੇਟਸ ਸਿਟਿਜਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਜ਼ (USCIS) ਵੱਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਅਮਰੀਕਾ 'ਚ ਗ਼ੈਰ-ਨਾਗਰਿਕਾਂ ਨੂੰ ਆਰਜ਼ੀ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ।

''ਗ੍ਰੀਨ ਕਾਰਡ'' ਨੂੰ ਅਧਿਕਾਰਤ ਤੌਰ 'ਤੇ ਪਰਮਾਨੈਂਟ ਰੈਜ਼ੀਡੇਂਟ ਕਾਰਡ (ਪੱਕੇ ਵਸਨੀਕ) ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਨਾਲ ਤੁਹਾਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ।

ਯੂਨਾਈਟਿਡ ਸਟੇਟਸ ਸਿਟਿਜਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਜ਼ (USCIS) ਦੀ ਡਾਇਰੈਕਟਰ ਫਰਾਂਸਿਸ ਸਿਸਨਾ ਨੇ ਸੈਨੇਟਰ ਗਰਾਸਲੇਅ ਨੂੰ ਇੱਕ ਪੱਤਰ 'ਚ ਲਿਖਿਆ ਹੈ, ''ਸਾਡੀਆਂ ਯੋਜਨਾਵਾਂ ਵਿੱਚ H-4 ਤਹਿਤ ਨਿਰਭਰ ਜੀਵਨਸਾਥੀਆਂ ਨੂੰ ਰੁਜ਼ਗਾਰ ਅਧਿਕਾਰ ਲਈ ਯੋਗ ਸ਼੍ਰੇਣੀ ਤੋਂ ਹਟਾਉਣ ਲਈ ਰੈਗੂਲੇਟਰੀ ਤਬਦੀਲੀਆਂ ਦਾ ਪ੍ਰਸਤਾਵ ਕਰਨਾ ਸ਼ਾਮਲ ਹੈ, ਜਿਸ ਨਾਲ 2015 ਦੇ ਅੰਤਮ ਨਿਯਮ ਵਿੱਚ ਬਦਲਾਅ ਸ਼ਾਮਿਲ ਹਨ।''

ਓਬਾਮਾ ਪ੍ਰਸ਼ਾਸਨ ਸਮੇਂ ਲਏ ਗਏ ਇਸ ਫ਼ੈਸਲੇ ਨੂੰ ਖ਼ਤਮ ਕਰਨ ਦੇ ਕਦਮ ਨਾਲ 70 ਹਜ਼ਾਰ ਤੋਂ ਵੱਧ ਉਨ੍ਹਾਂ H-4 ਵੀਜ਼ਾ ਧਾਰਕਾਂ 'ਤੇ ਇਸ ਦਾ ਅਸਰ ਪਵੇਗਾ, ਜਿਨ੍ਹਾਂ ਕੋਲ ਵਰਕ ਪਰਮਿਟ ਹਨ।

H-4 EAD ਵੀਜ਼ਾ H-1B ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਜਾਰੀ ਹੁੰਦਾ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ (ਤਕਰੀਬਨ 93 ਫੀਸਦੀ) ਹੁਨਰਮੰਦ ਉਨ੍ਹਾਂ ਔਰਤਾਂ ਦੀ ਹੈ, ਜਿਹੜੀਆਂ ਭਾਰਤ ਤੋਂ ਹਨ।

ਟਰੰਪ ਪ੍ਰਸ਼ਾਸਨ ਨੇ ਚੋਣ ਪ੍ਰਚਾਰ ਦੇ ਆਖਰੀ ਪੜਾਅ ਦੌਰਾਨ ਐਲਾਨ ਕੀਤਾ ਸੀ ਕਿ ਉਹ ਅਮਰੀਕਾ 'ਚ ਹੁਨਰਮੰਦ ਕਾਮਿਆਂ ਦੇ ਦਾਖਲੇ ਲਈ ਓਬਾਮਾ ਪ੍ਰਸ਼ਾਸਨ ਸਮੇਂ ਜਾਰੀ ਹੋਏ H1-B ਵੀਜ਼ਾ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਬਦਲਾਅ ਜੂਨ ਮਹੀਨੇ 'ਚ ਆਉਣ ਦੀ ਸੰਭਾਵਨਾ ਹੈ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਹਜ਼ਾਰਾਂ ਭਾਰਤੀ ਔਰਤਾਂ ਜਿਹੜੀਆਂ ਆਪਣੇ ਪਤੀ ਕਰਕੇ ਅਮਰੀਕਾ ਆਈਆਂ ਸਨ, ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣੀ ਪਵੇਗੀ, ਇਨ੍ਹਾਂ ਵਿੱਚੋਂ ਬਹੁਤੀਆਂ ਔਰਤਾਂ ਬੇਹੱਦ ਪੜ੍ਹੀਆਂ ਲਿਖੀਆਂ ਤੇ ਕੰਮ ਕਰਨ ਵਾਲੀਆਂ ਹਨ।

ਚੋਣਾਂ ਸਮੇਂ ਪ੍ਰਚਾਰ ਦੌਰਾਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਡੌਨਲਡ ਟਰੰਪ ਨੇ ਆਪਣੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਇਮੀਗ੍ਰੇਸ਼ਨ ਬਾਬਤ ਕਦਮ ਚੁੱਕਣਗੇ।

ਦਿੱਲੀ ਦੀ ਪ੍ਰਿਆ ਵਾਂਗ ਰੇਣੁਕਾ ਸਿਵਰਾਜਨ ਵੀ ਅਜਿਹੀ ਹੀ ਇੱਕ ਭਾਰਤੀ ਔਰਤ ਹੈ, ਜਿਹੜੀ ਮੁੰਬਈ ਤੋਂ ਹੈ ਅਤੇ ਉਸ 'ਤੇ ਵੀ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦਾ ਅਸਰ ਪਿਆ ਹੈ।

ਮੁੰਬਈ ਦੀ ਰੇਣੁਕਾ ਦੀ ਕਹਾਣੀ

ਰੇਣੁਕਾ 2003 ਵਿੱਚ ਤਕਨੀਕੀ ਖ਼ੇਤਰ 'ਚ ਕੰਮ ਕਰਨ ਲਈ L1 ਵੀਜ਼ਾ ਤਹਿਤ ਅਮਰੀਕਾ ਆਈ ਸੀ ਅਤੇ ਉਦੋਂ ਤੋਂ ਹੀ ਅਮਰੀਕਾ ਰਹਿ ਰਹੀ ਹੈ।

ਉਸ ਦਾ ਵਿਆਹ 2006 ਵਿੱਚ ਹੋਇਆ ਅਤੇ 2007 ਵਿੱਚ ਰੇਣੁਕਾ ਤੇ ਉਸ ਦੇ ਪਤੀ ਨੇ ਪਹਿਲੇ ਬੱਚੇ ਬਾਰੇ ਸੋਚਿਆ।

ਉਸ ਸਮੇਂ ਦੋਵੇਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਕੰਮ ਕਰ ਰਹੇ ਸਨ।

ਰੇਣੁਕਾ ਨਹੀਂ ਸੀ ਚਾਹੁੰਦੀ ਕਿ ਪ੍ਰੈਗਨੈਂਸੀ ਦੇ ਦੌਰ ਨੂੰ ਇਕੱਲੇ ਗੁਜ਼ਾਰੇ, ਇਸ ਲਈ ਉਸ ਨੇ ਆਪਣੇ ਪਤੀ ਕੋਲ ਜਾਣ ਦਾ ਫ਼ੈਸਲਾ ਕੀਤਾ।

ਇਸ ਕਰਕੇ ਉਸ ਨੇ ਆਪਣੀ ਨੌਕਰੀ ਛੱਡੀ। ਇਸ ਦਾ ਮਤਲਬ ਇਹ ਵੀ ਸੀ ਕਿ ਉਸ ਨੂੰ ਆਪਣਾ L1 ਵੀਜ਼ਾ ਛੱਡਣਾ ਪਵੇਗਾ ਅਤੇ ਆਪਣੇ ਸਾਥੀ ਦੇ H4 ਵੀਜ਼ਾ 'ਤੇ ਨਿਰਭਰ ਰਹਿਣਾ ਹੋਵੇਗਾ।

ਰੇਣੁਕਾ ਕਹਿੰਦੀ ਹੈ, ''ਮੈਨੂੰ H4 ਵੀਜ਼ਾ ਤਹਿਤ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਉਸ ਸਮੇਂ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਆਪਣੀ ਪਛਾਣ ਗੁਆ ਦੇਵਾਂਗੀ ਅਤੇ ਨਾਲ ਹੀ ਨਾਲ ਆਰਥਿਕ ਆਜ਼ਾਦੀ ਵੀ, ਜਿਹੜੀ ਕੰਮ ਕਰਨ ਨਾਲ ਆਉਂਦੀ ਹੈ।''

''ਮੈਂ ਬਹੁਤ ਪਰੇਸ਼ਾਨ ਤੇ ਗੁਆਚੀ ਹੋਈ ਮਹਿਸੂਸ ਕੀਤਾ, ਮੈਂ ਕੁਝ ਅਜਿਹਾ ਭਾਲ ਰਹੀ ਸੀ ਤਾਂ ਜੋ ਮੇਰੀ ਕਲਾਤਮਕਤਾ ਜ਼ਿੰਦਾ ਰਹੇ।''

''ਮੈਂ ਬਲਾਗ ਲਿਖਣੇ ਸ਼ੁਰੂ ਕੀਤੇ....ਕਿਉਂਕਿ ਮੈਨੂੰ ਬੱਚਿਆਂ ਨਾਲ ਕੰਮ ਕਰਨਾ ਚੰਗਾ ਲੱਗਦਾ ਸੀ, ਇਸ ਲਈ ਮੈਂ ਬੱਚਿਆਂ ਦੀ ਪੜ੍ਹਾਈ ਲਈ ਸਥਾਨਕ ਕਮਿਊਨਟੀ ਕਾਲਜ ਵਿੱਚ ਦਾਖਲਾ ਲੈ ਲਿਆ।''

''ਇਸ ਫ਼ੈਸਲੇ ਨੇ ਮੇਰੀ ਨਵੀਂ ਪਛਾਣ ਅਤੇ ਜ਼ਿੰਦਗੀ ਦੇ ਮਕਸਦ ਨੂੰ ਲੱਭਣ ਵਿੱਚ ਮਦਦ ਕੀਤੀ।''

ਇਸ ਤੋਂ ਬਾਅਦ 2015 ਵਿੱਚ ਰੇਣੁਕਾ ਫਰੀਮੌਂਟ, ਕੈਲੀਫ਼ੋਰਨੀਆ 'ਚ ਉੱਦਮੀ ਦੇ ਤੌਰ 'ਤੇ ਕੰਮ ਕਰਨ ਵਾਲਿਆਂ 'ਚ ਸ਼ਾਮਿਲ ਹੋਈ, ਜਿੱਥੇ ਉਹ ਆਪਣੇ ਪਤੀ ਅਤੇ 6 ਤੇ 8 ਸਾਲਾਂ ਦੇ ਦੋ ਪੁੱਤਰਾਂ ਨਾਲ ਰਹਿੰਦੀ ਹੈ।

ਉਸ ਦੇ ਦੋਵੇਂ ਬੱਚਿਆਂ ਨੂੰ ਫ਼ੁੱਟਬਾਲ ਖੇਡਣਾ ਚੰਗਾ ਲੱਗਦਾ ਹੈ। ਹੁਣ ਉਹ ਆਪਣਾ ਫੈਮਿਲੀ ਚਾਈਲਡ ਕੇਅਰ ਬਿਜ਼ਨਸ ਚਲਾਉਂਦੀ ਹੈ।

ਉਹ ਕਹਿੰਦੀ ਹੈ, ''ਮੇਰੇ ਕਾਰੋਬਾਰ ਕਰਕੇ ਸਾਡੇ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲਦੀ ਹੈ।''''ਇਸ ਨਾਲ ਸਾਡੇ ਅਮਰੀਕੀ ਨਾਗਰਿਕਤਾ ਹਾਸਿਲ ਬੱਚਿਆਂ ਨੂੰ ਬਿਹਤਰ ਜੀਵਨ ਮਿਲਦਾ ਹੈ।''

''ਕਾਰੋਬਾਰ ਕਰਕੇ ਮੇਰੇ ਸੇਵਾਮੁਕਤ ਮਾਪਿਆਂ ਅਤੇ ਸਹੁਰਿਆਂ ਨੂੰ ਭਾਰਤ ਵਿੱਚ ਮਦਦ ਹੁੰਦੀ ਹੈ।''''ਜੇ ਮੇਰੀ ਆਮਦਨੀ ਜਾਂਦੀ ਹੈ ਤਾਂ ਸਾਡੇ ਲਈ ਜ਼ਿੰਦਗੀ ਜਿਉਣਾ ਔਖਾ ਹੋ ਜਾਵੇਗਾ।''

ਉਹ ਅੱਗੇ ਕਹਿੰਦੀ ਹੈ, ''ਇਸ ਦਾ ਅਸਰ ਸਿਰਫ਼ ਮੇਰੇ 'ਤੇ ਹੀ ਨਹੀਂ, ਸਗੋਂ ਉਨ੍ਹਾਂ 16 ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਅਧਿਆਪਕਾਂ 'ਤੇ ਵੀ ਹੋਵੇਗਾ, ਜਿਹੜੇ ਮੇਰੇ ਫ਼ੈਮਿਲੀ ਚਾਈਲਡ ਕੇਅਰ ਦਾ ਹਿੱਸਾ ਹਨ।''

ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀ ਰੈਲੀ

ਟਰੰਪ ਪ੍ਰਸ਼ਾਸਨ ਦੇ ਨਵੇਂ ਫ਼ੈਸਲੇ ਦੇ ਵਿਰੋਧ ਵਿੱਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਾਰਕੁਨ ਰੈਲੀਆਂ ਕਰ ਰਹੇ ਹਨ।

ਇਹ ਕਾਰਕੁਨ ਪਾਲਿਸੀ ਬਣਾਉਣ ਵਾਲਿਆਂ ਅਤੇ ਹੋਰ ਲੋਕਾਂ ਨੂੰ ਵੀ ਆਪਣੀ ਮੁਹਿੰਮ ਨਾਲ ਜੋੜ ਰਹੇ ਹਨ ਤਾਂ ਜੋ ਟਰੰਪ ਪ੍ਰਸ਼ਾਸਨ ਆਪਣੇ ਫ਼ੈਸਲੇ ਵਿੱਚ ਸੋਧ ਕਰ ਸਕੇ।

ਹਿੰਦੂ ਅਮਰੀਕੀ ਫ਼ਾਊਂਡੇਸ਼ਨ ਦੇ ਡਾਇਰੈਕਟਰ ਜੈ ਕਨਸਾਰਾ ਕਹਿੰਦੇ ਹਨ, ''ਇਸ ਫ਼ੈਸਲੇ ਨਾਲ ਇੱਕ ਲੱਖ ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਣਗੇ ਅਤੇ ਇਸ ਦਾ ਬਹੁਤਾ ਅਸਰ ਔਰਤਾਂ 'ਤੇ ਪਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)