ਕਿਹੜੇ ਖਾਸ ਵੀਜ਼ੇ ਕਰਕੇ ਡੌਨਲਡ ਟਰੰਪ ਦੀ ਪਤਨੀ ਮੇਲੈਨੀਆ ਨੂੰ ਮਿਲੀ ਅਮਰੀਕੀ ਨਾਗਰਿਕਤਾ?

ਵਾਸ਼ਿੰਗਟਨ ਪੋਸਟ ਦੀ ਇੱਕ ਖ਼ਬਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਪਤਨੀ ਮੇਲੈਨੀਆ ਟਰੰਪ ਨੂੰ ਅਮਰੀਕੀ ਨਾਗਰਿਕਤਾ ਇੱਕ ਖਾਸ ਤਰ੍ਹਾਂ ਦੇ ਵੀਜ਼ਾ 'ਤੇ ਮਿਲੀ ਹੈ। ਪਰਵਾਸੀਆਂ ਨੂੰ ਇਹ ਵੀਜ਼ਾ 'ਅਨੋਖੀ ਕਾਬਲੀਅਤ' ਅਤੇ 'ਕੌਮੀ ਤੇ ਕੌਮਾਂਤਰੀ ਸ਼ਲਾਘਾ' ਮਿਲਣ 'ਤੇ ਮਿਲਦਾ ਹੈ।

ਆਈਂਸਟਨ ਵੀਜ਼ਾ ਵਜੋਂ ਜਾਣਿਆ ਜਾਂਦਾ EB-1 ਵੀਜ਼ਾ ਉਨ੍ਹਾਂ ਪਰਵਾਸੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖਿੱਤੇ ਵਿੱਚ ਨਾਮਣਾ ਖੱਟਿਆ ਹੈ।

ਇਹ ਉਹ ਲੋਕ ਹੁੰਦੇ ਹਨ ਜੋ ਪੁਲਿਤਜ਼ਰ, ਆਸਕਰ ਜਾਂ ਓਲੰਪਿਕ ਅਵਾਰਡ ਜੇਤੂ ਹੋਣ ਜਾਂ ਫਿਰ ਅਕਾਦਮਿਕ ਰਿਸਰਚਰ ਅਤੇ ਮਲਟੀਨੈਸ਼ਨਲ ਕੰਪਨੀ ਵਿੱਚ ਉੱਚ ਅਹੁਦੇ 'ਤੇ ਹੋਣ।

ਮੇਲੈਨੀਆ ਦੀ ਵੀਜ਼ਾ ਲਈ ਅਰਜ਼ੀ

  • ਮੇਲੈਨੀਆ ਨੇ ਸਾਲ 2000 ਵਿੱਚ ਵੀਜ਼ਾ ਲਈ ਅਰਜ਼ੀ ਪਾਈ ਜਦੋਂ ਉਹ ਮੈਲੇਨੀਆ ਕਨੌਸ ਸੀ ਅਤੇ ਨਿਊਯਾਰਕ ਵਿੱਚ ਇੱਕ ਮਾਡਲ ਸੀ ਅਤੇ ਡੌਨਲਡ ਟਰੰਪ ਨੂੰ ਡੇਟ ਕਰ ਰਹੀ ਸੀ।
  • 2001 ਵਿੱਚ ਮਨਜ਼ੂਰੀ ਮਿਲ ਗਈ। ਉਸ ਸਾਲ ਸੋਲਵੇਨੀਆ ਦੇ ਪੰਜ ਪਰਵਾਸੀਆਂ ਵਿੱਚੋਂ EB-1 ਵੀਜ਼ਾ ਹਾਸਿਲ ਕਰਨ ਵਾਲੇ ਪਰਵਾਸੀਆਂ ਵਿੱਚ ਮੇਲੈਨੀਆ ਦਾ ਨਾਂ ਵੀ ਸ਼ੁਮਾਰ ਸੀ।
  • 2006 ਵਿੱਚ ਨਾਗਰਿਕ ਬਣਨ 'ਤੇ ਉਹ ਆਪਣੇ ਮਾਪਿਆਂ ਵਿਕਟਰ ਅਤੇ ਅਮਾਲਿਜਾ ਨੂੰ ਵੀ ਸਪੌਂਸਰ ਕਰ ਸਕੀ ਜੋ ਕਿ ਇਸ ਵੇਲੇ ਅਮਰੀਕਾ ਵਿੱਚ ਹਨ ਅਤੇ ਨਾਗਰਿਕਤਾ ਹਾਸਿਲ ਕਰਨ ਦੀ ਪ੍ਰਕਿਰਿਆ ਵਿੱਚ ਹਨ।

ਮੇਲੈਨੀਆ ਟਰੰਪ ਨੂੰ EB-1 ਵੀਜ਼ਾ ਕਿਵੇਂ ਮਿਲਿਆ ਇਹ ਜਾਣ ਕੇ ਸ਼ਾਇਦ ਕੁਝ ਲੋਕਾਂ ਨੂੰ ਜ਼ਰੂਰ ਚੰਗਾ ਨਾ ਲੱਗੇ।

ਕਿਉਂਕਿ ਇਸ ਵੇਲੇ ਉਨ੍ਹਾਂ ਦੇ ਪਤੀ ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਥਿਤ ਤੌਰ 'ਤੇ ਪਰਵਾਸੀ ਵਿਰੋਧੀ ਨੀਤੀਆਂ ਲਿਆ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਨਵੇਂ ਨਾਗਰਿਕ ਆਪਣੇ ਪਰਿਵਾਰਾਂ ਨੂੰ ਸਪੌਂਸਰ ਨਾ ਕਰ ਸਕਣ।

ਮੇਲੈਨੀਆ ਦੇ ਅਨੋਖੀ ਕਾਬਲੀਅਤ ਰੱਖਣ ਵਾਲੇ ਲੋਕਾਂ ਦੇ ਵਰਗ ਵਿੱਚ ਹੋਣ 'ਤੇ ਵੀ ਸਵਾਲ ਉੱਠ ਰਹੇ ਹਨ।

ਮੇਲੈਨੀਆ ਟਰੰਪ ਕਿਵੇਂ ਪਹੁੰਚੀ ਅਮਰੀਕਾ?

ਮੇਲੈਨੀਆ ਟਰੰਪ 1996 ਵਿੱਚ ਟੂਰਿਸਟ ਵੀਜ਼ਾ 'ਤੇ ਅਮਰੀਕਾ ਆਈ। ਉਨ੍ਹਾਂ ਦੇ ਵਕੀਲ ਮੁਤਾਬਕ ਫਿਰ ਉਹ ਕਈ ਵਰਕਿੰਗ ਵੀਜ਼ਾ ਦੇ ਆਧਾਰ 'ਤੇ ਇੱਥੇ ਰਹੀ।

1998 ਵਿੱਚ ਜਦੋਂ ਉਹ ਪਹਿਲੀ ਵਾਰੀ ਟਰੰਪ ਨੂੰ ਇੱਕ ਪਾਰਟੀ ਵਿੱਚ ਮਿਲੀ ਤਾਂ ਉਸ ਵੇਲੇ ਉਹ ਨਿਊਯਾਰਕ ਵਿੱਚ ਇੱਕ ਮਾਡਲ ਵਜੋਂ ਕੰਮ ਕਰ ਰਹੀ ਸੀ।

ਇਸ ਤੋਂ ਬਾਅਦ ਟਰੰਪ ਨਾਲ ਰਿਸ਼ਤੇ ਵਿੱਚ ਹੋਣ ਕਰਕੇ ਉਨ੍ਹਾਂ ਦੀ ਸੈਲਿਬ੍ਰਿਟੀ ਪ੍ਰੋਫਾਈਲ ਵਿੱਚ ਨਾਮ ਉੱਚਾ ਹੋ ਗਿਆ।

ਪੱਕੀ ਨਾਗਰਿਕਤਾ ਲਈ ਗ੍ਰੀਨ ਕਾਰਡ ਹਾਸਿਲ ਕਰਨ ਲਈ ਮੇਲੈਨੀਆ ਦੇ ਅਰਜ਼ੀ ਪਾਉਣ ਤੋਂ ਪਹਿਲਾਂ ਉਹ ਯੂਰਪ ਵਿੱਚ ਮਾਡਲ ਸੀ ਅਤੇ ਯੂਕੇ ਅਤੇ ਅਮਰੀਕਾ ਦੀਆਂ ਕੁਝ ਮੈਗਜ਼ੀਨ ਵਿੱਚ ਸੀਮਿਤ ਹੱਦ ਤੱਕ ਕੰਮ ਕੀਤਾ ਸੀ।

'ਬ੍ਰਿਟੀਸ਼ ਜੀਕਿਊ' ਮੈਗਜ਼ੀਨ ਦੇ ਕਵਰ ਪੇਜ 'ਤੇ ਟਰੰਪ ਦੇ ਨਿੱਜੀ ਜੈੱਟ ਵਿੱਚ ਅਤੇ ਅਮਰੀਕਾ ਦੀ ਸਪੋਰਟਜ਼ ਇਲਸਟ੍ਰੇਟਿਡ ਦੇ ਸਵਿਮਸੂਟ ਐਡੀਸ਼ਨ ਵਿੱਚ ਉਨ੍ਹਾਂ ਦੀ ਤਸਵੀਰ ਛਪੀ। ਉਹ ਟੌਪ ਦੀ ਕੌਮਾਂਤਰੀ ਮਾਡਲ ਨਹੀਂ ਸੀ।

EB-1 ਵੀਜ਼ਾ ਹਾਸਿਲ ਕਰਨਾ ਕਿੰਨਾ ਔਖਾ ਹੈ?

  • ਈਬੀ-1 ਵੀਜ਼ਾ ਹਾਸਿਲ ਕਰਨ ਲਈ ਪਰਵਾਸੀ ਨੂੰ ਕਿਸੇ ਵੱਡੇ ਅਵਾਰਡ ਦਾ ਸਬੂਤ ਪੇਸ਼ ਕਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਰ ਵਿੱਚ ਮੁਹਾਰਤ ਸਾਬਿਤ ਕਰਨ ਲਈ 10 ਵਿੱਚੋਂ ਤਿੰਨ ਮਾਪਦੰਡਾਂ 'ਤੇ ਖਰੇ ਉੱਤਰਨਾ ਪੈਂਦਾ ਹੈ।
  • ਕਿਸੇ ਵੱਡੇ ਪਬਲੀਕੇਸ਼ਨ ਦੀ ਕਵਰੇਜ ਵਿੱਚ ਸ਼ਾਮਿਲ ਹੋਵੇ, ਕਿਸੇ ਖੇਤਰ ਵਿੱਚ ਅਹਿਮ ਯੋਗਦਾਨ ਦਿੱਤਾ ਹੋਵੇ ਅਤੇ ਕਲਾ ਪ੍ਰਦਰਸ਼ਨੀਆਂ ਵਿੱਚ ਕੰਮ ਦੀ ਪੇਸ਼ਕਾਰੀ ਹੋਵੇ।

ਪਰ ਇੱਕ ਅਮਰੀਕੀ ਵੀਜ਼ਾ ਨਾਲ ਸਬੰਧਤ ਵਕੀਲ ਸੂਜ਼ੌਨ ਮੈਕਫੈਡਨ ਮੁਤਾਬਕ ਹਕੀਕਤ ਇਸ ਤੋਂ ਦੂਰ ਹੈ।

ਉਨ੍ਹਾਂ ਕਿਹਾ, "ਤੁਹਾਨੂੰ ਅਨੋਖੀ ਕਾਬਲੀਅਤ ਸਾਬਿਤ ਕਰਨ ਲਈ ਨੋਬਲ ਪ੍ਰਾਈਜ਼ ਜੇਤੂ ਹੋਣ ਦੀ ਲੋੜ ਨਹੀਂ। ਮੈਂ ਉਨ੍ਹਾਂ ਲੋਕਾਂ ਨੂੰ ਈਬੀ-1 ਵੀਜ਼ਾ ਦਿਵਾਇਆ ਹੈ ਜਿਨ੍ਹਾਂ ਬਾਰੇ ਕਦੇ ਸੁਣਿਆ ਤੱਕ ਨਹੀਂ।"

"ਇੱਕ ਮਾਹਿਰ ਵਕੀਲ ਨੂੰ ਪਤਾ ਹੁੰਦਾ ਹੈ ਕਿ ਅਮਰੀਕੀ ਨਾਗਰਿਕਤਾ ਹਾਸਿਲ ਕਰਨ ਦੇ ਲਈ ਇਮੀਗ੍ਰੇਸ਼ਨ ਸਰਵਿਸਿਜ਼ ਕੀ ਭਾਲਦੀਆਂ ਹਨ ਅਤੇ ਆਪਣੇ ਗਾਹਕ ਦਾ ਪਿਛੋਕੜ ਕਿਸ ਤਰ੍ਹਾਂ ਉਨ੍ਹਾਂ ਸਾਹਮਣੇ ਪੇਸ਼ ਕਰਨਾ ਹੈ ਤਾਕਿ ਏਜੰਸੀ ਪ੍ਰਭਾਵਿਤ ਹੋ ਜਾਵੇ।"

ਮੈਲੇਨੀਆ ਟਰੰਪ ਨੇ ਕਿਹੜੇ ਦਸਤਾਵੇਜ ਦਿੱਤੇ?

ਮੈਲੇਨੀਆ ਦੇ ਵਕੀਲ ਨੇ ਉਨ੍ਹਾਂ ਦੀ ਅਰਜ਼ੀ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।

ਅਮਰੀਕੀ ਇਮੀਗ੍ਰੇਸ਼ਨ ਮਾਹਿਰ ਨੀਤਾ ਉਪਾਧਿਆਏ ਦਾ ਕਹਿਣਾ ਹੈ ਕਿ ਸ਼ਾਇਦ ਕੋਈ ਹਾਈ-ਪ੍ਰੋਫਾਈਲ ਪਰਮਾਣ ਪੱਤਰ ਲਗਾ ਕੇ ਉਨ੍ਹਾਂ ਨੇ ਇਹ ਹਾਸਿਲ ਕੀਤਾ ਹੋਵੇ।

ਉਨ੍ਹਾਂ ਕਿਹਾ ਕਿ ਜੇ ਅਰਜ਼ੀ ਦਾਖਿਲ ਕਰਨ ਵੇਲੇ ਉਹ ਡੌਨਲਡ ਟਰੰਪ ਨੂੰ ਡੇਟ ਕਰ ਰਹੀ ਸੀ ਤਾਂ ਹੋ ਸਕਦਾ ਹੈ ਫੈਸ਼ਨ ਇੰਨਡਸਟਰੀ ਦੇ ਕਿਸੇ ਦਿੱਗਜ ਵੱਲੋਂ ਪਰਮਾਣ ਪੱਤਰ ਲਿਆ ਹੋਵੇ।

ਨੀਤਾ ਉਪਾਧਿਆਏ ਦਾ ਕਹਿਣਾ ਹੈ, "ਕਿਸੇ ਅਜਿਹੇ ਨਾਮਵਰ ਸ਼ਖ਼ਸ ਤੋਂ ਪਰਮਾਣ ਪੱਤਰ ਲੈਣਾ ਜ਼ਰੂਰੀ ਹੈ ਜੋ ਖੁਦ ਪ੍ਰਸਿੱਧੀ ਹਾਸਿਲ ਕਰ ਚੁੱਕਿਆ ਹੋਵੇ। ਮੈਨੂੰ ਉਮੀਦ ਹੈ ਕਿ ਉਨ੍ਹਾਂ ਕੋਲ ਕਈ ਅਹਿਮ ਪਰਮਾਣ ਪੱਤਰ ਹੋਣਗੇ, ਹੋ ਸਕਦਾ ਹੈ ਡੌਨਲਡ ਟਰੰਪ ਦੇ ਹੀ ਹੋਣ।"

"ਹੋ ਸਕਦਾ ਹੈ ਕਿ ਤੁਸੀਂ ਬਰਾਕ ਓਬਾਮਾ ਤੋਂ ਪਰਮਾਣ-ਪੱਤਰ ਲੈ ਆਓ ਪਰ ਜੇ ਉਹ ਤੁਹਾਡੀਆਂ ਪ੍ਰਾਪਤੀਆਂ ਬਾਰੇ ਕੁਝ ਖਾਸ ਨਹੀਂ ਕਹਿੰਦੇ ਤਾਂ ਵੀਜ਼ਾ ਮਿਲਣਾ ਔਖਾ ਹੈ।"

ਮੇਲੈਨੀਆ ਟਰੰਪ ਦਾ ਮੁੱਢਲਾ ਜੀਵਨ

  • ਮੇਲੈਨੀਆ ਦਾ ਜਨਮ ਸੋਲਵੇਨੀਆ ਦੇ ਇੱਕ ਛੋਟੇ ਕਸਬੇ ਸੇਵਨਿਕਾ ਵਿੱਚ ਹੋਇਆ।
  • ਕਾਰਾਂ ਵੇਚਣ ਤੋਂ ਪਹਿਲਾਂ ਮੇਲੈਨੀਆ ਦੇ ਪਿਤਾ ਹਰਸਤਨਿਕ ਦੇ ਮੇਅਰ ਲਈ ਕੰਮ ਕਰਦੇ ਸੀ।
  • ਉਨ੍ਹਾਂ ਦੀ ਮਾਂ ਅਮਾਲਿਜਾ ਇੱਕ ਫੈਸ਼ਨ ਕੰਪਨੀ ਦੇ ਲਈ ਡਿਜ਼ਾਈਨ ਤਿਆਰ ਕਰਦੀ ਸੀ।
  • ਮੇਲੈਨੀਆ ਨੇ ਡਿਜ਼ਾਈਨ ਅਤੇ ਆਰਕੀਟੈਕਚਰ ਦੀ ਪੜ੍ਹਾਈ ਕੀਤੀ।
  • 18 ਸਾਲ ਦੀ ਉਮੀਰ ਵਿੱਚ ਮੈਲੇਨੀਆ ਨੇ ਮਿਲਾਨ ਦੀ ਮਾਡਲਿੰਗ ਏਜੰਸੀ ਲਈ ਕੰਮ ਸ਼ੁਰੂ ਕੀਤਾ।
  • ਉਨ੍ਹਾਂ ਯੂਰਪ ਤੇ ਅਮਰੀਕਾ ਦੀਆਂ ਕਈ ਹਾਈ-ਪ੍ਰੋਫਾਈਲ ਐਡਜ਼ ਵਿੱਚ ਵੀ ਕੰਮ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)