ਏਸ਼ੀਆ ਕੱਪ: ਬੰਗਲਾਦੇਸ਼ੀ ਗੁਆਂਢਣਾਂ ਤੋਂ ਹਾਰੀ ਭਾਰਤੀ ਮਹਿਲਾ ਕ੍ਰਿਕਟ ਟੀਮ

ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿੱਚ ਹੋਏ ਏਸ਼ੀਆ ਕੱਪ ਮਹਿਲਾ ਕ੍ਰਿਕਟ ਦੇ ਟੀ-20 ਫਾਇਨਲ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਤਿੰਨ ਵਿਕਟ ਤੋਂ ਹਰਾ ਦਿੱਤਾ ਹੈ।

ਸਾਲ 2004 ਵਿੱਚ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ 6 ਵਾਰ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਇਹ ਖਿਤਾਬ ਜਿੱਤਦੀ ਆਈ ਹੈ।

ਪਰ ਇਸ ਵਾਰ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਨੇ ਭਾਰਤ ਤੋਂ ਖਿਤਾਬ ਖੋਹ ਲਿਆ ਹੈ।

ਮੈਚ ਦੀ ਸ਼ੁਰੂਆਤ ਵਿੱਚ ਟਾਸ ਜਿੱਤ ਕੇ ਬੰਗਲਾਦੇਸ਼ ਨੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।

ਭਾਰਤੀ ਬੱਲੇਬਾਜ਼ਾਂ ਲਈ ਪਹਿਲੇ ਓਵਰ ਤੋਂ ਹੀ ਦੌੜਾਂ ਬਣਾਉਣਾ ਮੁਸ਼ਕਿਲ ਹੋ ਗਿਆ।

ਚੌਥੇ ਓਵਰ ਵਿੱਚ ਸਲਮਾ ਖਾਤੂਨ ਦੀ ਗੇਂਦ 'ਤੇ ਸਿਰਫ 7 ਦੌੜਾਂ ਬਣਾ ਕੇ ਸਮ੍ਰਿਤੀ ਮੰਧਾਨਾ ਆਊਟ ਹੋ ਕੇ ਪਵੇਲੀਅਨ ਪਰਤ ਗਈ।

ਹਰਮਨਪ੍ਰੀਤ ਕੌਰ ਆਈ ਪਰ ਕੁਝ ਹੀ ਗੇਂਦਾਂ ਤੋਂ ਬਾਅਦ ਖਾਦਿਜਾ ਤੁਲ ਕੁਬਰ ਦੀ ਗੇਂਦ 'ਤੇ ਮਿਤਾਲੀ ਰਾਜ ਨੇ ਫਰਗਾਨਾ ਹੱਕ ਨੂੰ ਕੈਚ ਦੇ ਦਿੱਤਾ।

ਹਰਮਨਪ੍ਰੀਤ ਨੇ ਪਾਰੀ ਨੂੰ ਕਾਫੀ ਸਾਂਭਿਆ ਅਤੇ 42 ਗੇਂਦਾਂ ਤੇ 56 ਦੌੜਾਂ ਬਣਾਈਆਂ।

113 ਦੌੜਾਂ ਦੀ ਟੀਚਾ

ਭਾਰਤ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਸੀ। ਭਾਰਤ ਨੇ 9 ਵਿਕਟ ਖੋਹ ਕੇ 20 ਓਵਰਾਂ ਵਿੱਚ 112 ਦੌੜਾਂ ਬਣਾਈਆਂ।

ਬੰਗਲਾਦੇਸ਼ ਦੀ ਪਾਰੀ ਵੀ ਲੜਖੜਾਈ। ਸੱਤਵੇਂ ਓਵਰ ਵਿੱਚ ਪੂਨਮ ਯਾਦਵ ਨੇ ਲਗਾਤਾਰ ਦੋ ਗੇਂਦਾਂ ਵਿੱਚ ਆਇਸ਼ਾ ਰਹਿਮਾਨ(16) ਤੇ ਸ਼ਮੀਮਾ ਸੁਲਤਾਨਾ (17) ਨੂੰ ਆਊਟ ਕੀਤਾ।

ਪਲੇਅਰ ਆਫ ਦੀ ਮੈਚ

ਬੰਗਲਾਦੇਸ਼ ਦੀ ਪਾਰੀ ਨੂੰ ਫਰਗਾਨਾ ਹੱਕ ਅਤੇ ਨਿਗਾਰ ਸੁਲਤਾਨਾ ਨੇ ਸਾਂਭਿਆ। ਦੋਵਾਂ ਨੇ ਸਕੋਰ 54 ਦੌੜਾਂ ਤੱਕ ਪਹੁੰਚਾਇਆ ਪਰ ਫਰਗਾਨਾ ਹੱਕ ਦਾ ਵਿਕਟ ਡਿੱਗ ਗਿਆ।

ਇਸ ਤੋਂ ਬਾਅਦ ਨਿਗਾਰ ਸੁਲਤਾਨਾ ਅਤੇ ਰੁਮਾਨਾ ਅਹਿਮਦ ਨੇ ਨਾਲ ਮਿਲ ਕੇ 82 ਦੌੜਾਂ ਤੱਕ ਸਕੋਰ ਪਹੁੰਚਾਇਆ।

ਰੁਮਾਨਾ ਮੈਚ ਦੇ ਆਖਰੀ ਓੇਵਰ ਵਿੱਚ ਆਊਟ ਹੋਈ ਜਦਕਿ ਨਿਗਾਰ 15ਵੇਂ ਓਵਰ ਵਿੱਚ ਦੀਪਤੀ ਸ਼ਰਮਾ ਨੂੰ ਕੈਚ ਦੇ ਬੈਠੀ।

ਬੰਗਲਾਦੇਸ਼ ਨੇ 20 ਓਵਰਾਂ ਵਿੱਚ 7 ਵਿਕਟਾਂ ਖੋਹ ਕੇ 113 ਦੌੜਾਂ ਦਾ ਟੀਚਾ ਹਾਸਿਲ ਕਰ ਲਿਆ।

ਹਰਮਨਪ੍ਰੀਤ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦੀ ਸੀਰੀਜ਼ ਮਿਲਿਆ ਜਦਕਿ ਰੁਮਾਨਾ ਅਹਿਮਦ ਨੂੰ 4 ਵਿਕਟਾਂ ਲੈਣ ਦੇ ਲਈ ਪਲੇਅਰ ਆਫ ਦੀ ਮੈਚ ਸਨਮਾਨ ਦਿੱਤਾ ਗਿਆ।