'ਸਿੱਖ ਨਸਲਕੁਸ਼ੀ' ਦਾ ਮਤਾ ਪੇਸ਼ ਕਰਨ ਵਾਲੀ ਲਿਬਰਲ ਆਗੂ ਹਰਿੰਦਰ ਮੱਲ੍ਹੀ ਦੀ ਵੱਡੀ ਹਾਰ

ਕੈਨੇਡੀਅਨ ਸੂਬੇ ਓਨਟੈਰੀਓ ਵਿੱਚ ਹੋਈਆਂ 7 ਜੂਨ ਦੀਆਂ ਚੋਣਾਂ ਦੌਰਾਨ ਨਾ ਸਿਰਫ ਸੂਬਾਈ ਸਿਆਸਤ ਬਲਕਿ ਮੁਲਕ ਦੀ ਪੰਜਾਬੀ ਕਮਿਊਨਿਟੀ ਦੇ ਪੱਖ ਤੋਂ ਵੀ ਵੱਡੇ ਫੇਰਬਦਲ ਸਾਹਮਣੇ ਆਏ ਹਨ।

ਇਨ੍ਹਾਂ ਚੋਣਾਂ ਦੌਰਾਨ ਸੂਬੇ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 124 ਸੀਟਾਂ ਵਾਲੀ ਸੂਬਾਈ ਪਾਰਲੀਮੈਂਟ ਵਿੱਚ 76 ਸੀਟਾਂ ਨਾਲ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਹੈ ਅਤੇ ਪਿਛਲੇ ਪੰਦਰਾਂ ਸਾਲ ਤੋਂ ਰਾਜ ਕਰ ਰਹੀ ਲਿਬਰਲ ਪਾਰਟੀ ਨੂੰ ਸਿਰਫ 7 ਸੀਟਾਂ ਮਿਲੀਆਂ ਹਨ।

ਜਿਸ ਕਾਰਨ ਇਹ ਪਾਰਟੀ ਸੂਬੇ ਵਿੱਚ ਮਾਨਤਾ ਪ੍ਰਾਪਤ ਪਾਰਟੀ ਦਾ ਦਰਜਾ ਵੀ ਗੁਆ ਬੈਠੀ ਹੈ। ਮੁੱਖ ਵਿਰੋਧੀ ਧਿਰ ਤੇ ਤੌਰ ਤੇ ਨਿਊ ਡੈਮੋਕਰੈਟਿਕ ਪਾਰਟੀ ਸਾਹਮਣੇ ਆਈ ਹੈ, ਜਿਸ ਨੂੰ 40 ਸੀਟਾਂ ਮਿਲੀਆਂ ਹਨ।

ਪੰਜਾਬੀ ਕਮਿਊਨਿਟੀ ਦੀ ਸੂਬਾਈ ਸਿਆਸਤ ਵਿੱਚ ਸ਼ਮੂਲੀਅਤ ਨੂੰ ਇਨ੍ਹਾਂ ਚੋਣਾਂ ਨਾਲ ਹੋਰ ਹੁਲਾਰਾ ਮਿਲਿਆ ਹੈ। ਇਸ ਵਾਰ ਕੁੱਲ 18 ਹਲਕਿਆਂ, ਜਿਨ੍ਹਾਂ ਨੂੰ ਕੈਨੇਡਾ ਵਿੱਚ ਰਾਈਡਿੰਗ ਕਿਹਾ ਜਾਂਦਾ ਹੈ, ਵਿੱਚ ਪੰਜਾਬੀ ਮੂਲ ਦੇ ਕੁੱਲ੍ਹ 29 ਉਮੀਦਵਾਰ ਮੈਦਾਨ ਵਿੱਚ ਉਤਰੇ ਸਨ।

ਨਵੀਂ ਓਨਟੈਰੀਓ ਪਾਰਲੀਮੈਂਟ ਲਈ ਪੰਜਾਬੀ ਮੂਲ ਦੇ 7 ਉਮੀਦਵਾਰ ਚੁਣੇ ਗਏ ਹਨ, ਜਦਕਿ ਪਿਛਲੀ ਪਾਰਲੀਮੈਂਟ ਵਿੱਚ ਪੰਜਾਬੀ ਮੂਲ ਦੇ 5 ਮੈਂਬਰ ਸਨ।

ਨਵੇਂ ਚੁਣੇ ਗਏ ਮੈਂਬਰਾਂ ਵਿੱਚ ਪੰਜ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਹਨ, ਜਿਨ੍ਹਾਂ ਵਿੱਚ ਪਰਮ ਗਿੱਲ (ਮਿਲਟਨ ), ਪ੍ਰਭਮੀਤ ਸਰਕਾਰੀਆ (ਬਰੈਂਪਟਨ ਸਾਊਥ), ਨੀਨਾ ਟਾਂਗਰੀ (ਮਿਸੀਸਾਗਾ-ਸਟਰੀਟਸਵਿੱਲ), ਦੀਪਕ ਅਨੰਦ (ਮਿਸੀਸਾਗਾ ਮਾਲਟਨ) ਅਤੇ ਅਮਰਜੋਤ ਸੰਧੂ (ਮਿਸੀਸਾਗਾ ਵੈਸਟ) ਸ਼ਾਮਲ ਹਨ।

ਨਿਊ ਡੈਮੋਕਰੈਟਿਕ ਪਾਰਟੀ ਦੀ ਵੱਲੋਂ ਪੰਜਾਬੀ ਮੂਲ ਦੇ ਦੋ ਉਮੀਦਵਾਰਾਂ ਨੂੰ ਕਾਮਯਾਬੀ ਮਿਲੀ, ਜਿਨ੍ਹਾਂ ਵਿੱਚ ਐਨ ਡੀ ਪੀ ਪਾਰਟੀ ਦੇ ਫੈਡਰਲ ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਸ਼ਾਮਲ ਹਨ, ਜਿਹੜੇ ਬਰੈਂਪਟਨ ਈਸਟ ਹਲਕੇ ਤੋਂ ਜੇਤੂ ਕਰਾਰ ਦਿੱਤੇ ਗਏ ਹਨ। ਇਸੇ ਪਾਰਟੀ ਦੀ ਉਮੀਦਵਾਰ ਸਾਰਾ ਸਿੰਘ ਬਰੈਂਪਟਨ ਸੈਂਟਰ ਹਲਕੇ ਤੋਂ ਜੇਤੂ ਰਹੀ ਹੈ।

ਪਿਛਲੀ ਲਿਬਰਲ ਸਰਕਾਰ ਵਿੱਚ ਪੰਜਾਬੀ ਮੂਲ ਦੇ ਇੱਕੋ ਇੱਕ ਕੈਬਨਿਟ ਮੰਤਰੀ ਹਰਿੰਦਰ ਮੱਲ੍ਹੀ ਸਨ। ਉਨ੍ਹਾਂ ਨੂੰ ਆਪਣੀ ਸੀਟ ਤੇ ਕਾਫੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਬਰੈਂਪਟਨ ਨੌਰਥ ਹਲਕੇ ਵਿੱਚ ਹਰਿੰਦਰ ਮੱਲ੍ਹੀ ਤੀਜੇ ਸਥਾਨ ਤੇ ਰਹੇ।

ਜ਼ਿਕਰਯੋਗ ਹੈ ਕਿ ਹਰਿੰਦਰ ਮੱਲ੍ਹੀ ਦੁਆਰਾ ਹੀ ਓਨਟੈਰੀਓ ਦੀ ਸੂਬਾਈ ਪਾਰਲੀਮੈਂਟ ਵਿੱਚ ਸਿੱਖ ਜੈਨੋਸਾਈਡ ਦਾ ਮਤਾ ਪੇਸ਼ ਕੀਤਾ ਗਿਆ ਸੀ ਅਤੇ ਸਮਝਿਆ ਜਾਂਦਾ ਸੀ ਕਿ ਇਸ ਪ੍ਰਸਤਾਵ ਨਾਲ ਲਿਬਰਲ ਪਾਰਟੀ ਸਿੱਖ ਵੋਟਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਚੋਣ ਨਤੀਜੇ ਨੇ ਉਨ੍ਹਾਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਉਲਟਾ ਦਿੱਤੀਆਂ।

ਹਰਿੰਦਰ ਮੱਲ੍ਹੀ ਦੇ ਹਲਕੇ ਚੋਂ ਐਨ ਡੀ ਪਾਰਟੀ ਦੇ ਉਮੀਦਵਾਰ ਕੈਵਿਨ ਯਾਰਡ ਜਿੱਤੇ ਹਨ, ਜਿਹੜੇ ਕਿ ਬਲੈਕ ਕਮਿਊਨਿਟੀ ਨਾਲ ਸੰਬੰਧਤ ਹਨ। ਇਸ ਵਾਰ ਲਿਬਰਲ ਪਾਰਟੀ ਦੀ ਸੀਟ ਤੇ ਇੱਕ ਵੀ ਪੰਜਾਬੀ ਜਾਂ ਸਿੱਖ ਉਮੀਦਵਾਰ ਕਾਮਯਾਬ ਨਹੀਂ ਹੋ ਸਕਿਆ।

ਬਰੈਂਪਟਨ ਦਾ ਵੱਖਰਾ ਰੁਝਾਨ

ਪੰਜਾਬੀ ਪਾਰਲੀਮੈਂਟ ਮੈਂਬਰਾਂ ਚੋਂ ਇੱਕ ਜਾਂ ਦੋ ਨੂੰ ਨਵੀਂ ਸੂਬਾਈ ਕੈਬਨਿਟ ਵਿੱਚ ਥਾਂ ਮਿਲਣ ਦੀ ਵੀ ਸੰਭਾਵਨਾ ਹੈ।

ਪੂਰੇ ਸੂਬੇ ਵਿੱਚ ਪੰਜਾਬੀ ਅਬਾਦੀ ਵਾਲਾ ਸ਼ਹਿਰ ਬਰੈਂਪਟਨ ਸਮੁੱਚੇ ਸੂਬੇ ਦੇ ਰੁਝਾਨ ਤੋਂ ਜ਼ਰਾ ਕੁ ਵੱਖਰਾ ਰਿਹਾ। ਸ਼ਹਿਰ ਦੀਆਂ ਪੰਜ ਸੀਟਾਂ ਵਿੱਚੋਂ ਨਵੀਂ ਸੱਤਾਧਾਰੀ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ ਅਤੇ ਮੁੱਖ ਵਿਰੋਧੀ ਪਾਰਟੀ ਐਨ ਡੀ ਪੀ ਨੂੰ 3 ਸੀਟਾਂ ਮਿਲੀਆਂ ਹਨ।

ਸ਼ਹਿਰ ਵਿੱਚ ਐਨ ਡੀ ਪੀ ਦੀ ਜਿੱਤ ਦਾ ਇੱਕ ਕਾਰਨ ਲਿਬਰਲ ਪਾਰਟੀ ਦਾ ਮੁਕੰਮਲ ਨਿਘਾਰ ਸੀ, ਜਿਸ ਕਾਰਨ ਲਿਬਰਲ ਸੋਚ ਵਾਲਾ ਵੋਟਰ ਐਨ ਡੀ ਪੀ ਵੱਲ ਚਲੇ ਗਿਆ। ਇਸ ਦਾ ਦੂਜਾ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਜਗਮੀਤ ਸਿੰਘ ਦੇ ਪ੍ਰਭਾਵ ਕਾਰਨ ਸਿੱਖ ਵੋਟਰਾਂ ਦਾ ਇੱਕ ਵੱਡਾ ਹਿੱਸਾ ਵੀ ਇਸ ਵਾਰ ਐਨ ਡੀ ਪੀ ਵੱਲ ਝੁਕ ਗਿਆ।

ਜਗਜੀਤ ਸਿੰਘ ਪਾਰਟੀ ਦੇ ਫੈਡਰਲ ਲੀਡਰ ਹਨ, ਪਰ ਉਨ੍ਹਾਂ ਨੇ ਬਰੈਂਪਟਨ ਵਿੱਚ ਆਪਣੇ ਭਰਾ ਦੀ ਚੋਣ ਮੁਹਿੰਮ ਅਤੇ ਦੂਜੇ ਐਨ ਡੀ ਪੀ ਉਮੀਦਵਾਰਾਂ ਦੀ ਮੁਹਿੰਮ ਵਿੱਚ ਇਸ ਵਾਰ ਸਰਗਰਮ ਭੂਮਿਕਾ ਨਿਭਾਈ। ਗੁਰਰਤਨ ਸਿੰਘ ਦੀ ਜਿੱਤ ਜਗਮੀਤ ਸਿੰਘ ਲਈ ਵਕਾਰ ਦਾ ਸੁਆਲ ਬਣੀ ਹੋਈ ਸੀ ਕਿਉਂਕਿ ਜਿਸ ਸੀਟ ਤੋਂ ਗੁਰਰਤਨ ਸਿੰਘ ਉਮੀਦਵਾਰ ਸਨ, ਉਸੇ ਹੀ ਖੇਤਰ ਵਿੱਚ ਪੈਂਦੇ ਪੁਰਾਣੇ ਹਲਕੇ ਚੋਂ ਪਹਿਲਾਂ ਜਗਮੀਤ ਸਿੰਘ ਓਨਟੈਰੀਓ ਪਾਰਲੀਮੈਂਟ ਦੇ ਮੈਂਬਰ ਸਨ।

ਇਸ ਖੇਤਰ ਵਿੱਚ ਗੁਰਰਤਨ ਸਿੰਘ ਜੇ ਕਾਮਯਾਬ ਨਾ ਹੁੰਦੇ ਤਾਂ ਫੈਡਰਲ ਪੱਧਰ ਤੇ ਜਗਮੀਤ ਸਿੰਘ ਦੀ ਲੀਡਰਸ਼ਿਪ ਨੂੰ ਲੈ ਕੇ ਕਈ ਤਰਾਂ ਦੇ ਸੁਆਲ ਉੱਠਣੇ ਸ਼ੁਰੂ ਹੋ ਜਾਣੇ ਸਨ। ਭਾਵੇਂ ਐਨ ਡੀ ਪੀ ਦੁਆਰਾ ਸੂਬੇ ਦੀ ਸੱਤਾ ਤੇ ਕਾਬਜ਼ ਹੋਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ, ਪਰ ਜਗਮੀਤ ਸਿੰਘ ਦੇ ਸਿਆਸੀ ਅਕਸ ਨੂੰ ਕੋਈ ਢਾਹ ਲੱਗਣ ਦਾ ਖਤਰਾ ਟਲ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ