1984 'ਨਸਲਕੁਸ਼ੀ' ਦਾ ਮਤਾ ਪਾਸ ਕਰਵਾਉਣ ਵਾਲੀ ਹਰਿੰਦਰ ਮੱਲ੍ਹੀ ਸੂਬੇ 'ਚ ਪਹਿਲੀ ਸਿੱਖ ਮੰਤਰੀ

    • ਲੇਖਕ, ਜਗਦੀਪ ਕੈਲੇ
    • ਰੋਲ, ਟੋਰਾਂਟੋ ਤੋਂ ਬੀਬੀਸੀ ਪੰਜਾਬੀ ਲਈ

ਆਬਾਦੀ ਪੱਖੋਂ ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਨਟੈਰੀਓ ਦੀ ਸਰਕਾਰ ਵਿੱਚ ਸਿੱਖ ਮੂਲ ਦੀ 37 ਸਾਲਾ ਹਰਿੰਦਰ ਕੌਰ ਮੱਲ੍ਹੀ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।

ਬੇਸ਼ੱਕ ਫੈਡਰਲ ਪੱਧਰ ਉੱਤੇ ਸਿੱਖ ਔਰਤਾਂ ਮੰਤਰੀ ਪਦ ਹਾਸਲ ਕਰਨ ਦਾ ਮਾਣ ਹਾਸਲ ਕਰ ਚੁੱਕੀਆਂ ਹਨ ਪਰ ਕਿਸੇ ਕੈਨੇਡੀਅਨ ਸੂਬੇ ਵਿੱਚ ਮੰਤਰੀ ਬਣਨ ਵਾਲੀ ਮੱਲ੍ਹੀ ਪਹਿਲੀ ਸਿੱਖ ਔਰਤ ਹੈ।

ਸੰਘਣੀ ਸਿੱਖ ਆਬਾਦੀ ਵਾਲੇ ਹਲਕੇ ਬਰੈਂਪਟਨ ਸਪਰਿੰਗਡੇਲ ਤੋਂ 2014 ਵਿੱਚ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ (ਐਮ ਪੀ ਪੀ) ਹਰਿੰਦਰ ਕੌਰ ਮੱਲ੍ਹੀ ਨੂੰ 'ਸਟੇਟਸ ਆਫ ਵੂਮੈਨ' ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਔਰਤਾਂ ਨੂੰ ਬਰਾਬਰੀ ਦੇਣ ਦਾ ਹੰਭਲਾ

ਸੂਬੇ ਦੀ ਪ੍ਰੀਮੀਅਰ ਕੈਥਲਿਨ ਵਿੱਨ ਨੇ ਜੂਨ 2018 ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਬੀਤੇ ਦਿਨੀਂ ਵਜ਼ਾਰਤ ਵਿੱਚ ਰੱਦੋ ਬਦਲ ਕੀਤੀ ਸੀ। ਮੱਲ੍ਹੀ ਸਮੇਤ ਹੁਣ ਸੂਬੇ ਵਿੱਚ ਭਾਰਤੀ ਮੂਲ ਦੀਆਂ ਔਪਰਤ ਮੰਤਰੀਆਂ ਦੀ ਗਿਣਤੀ ਤਿੰਨ ਹੋ ਗਈ ਹੈ।

ਬਾਕੀ ਦੋ ਮੰਤਰੀਆਂ ਦੇ ਨਾਮ ਇੰਦਰਾ ਨਾਇਡੂ ਹੈਰਿਸ ਅਤੇ ਦੀਪਿਕਾ ਦਮੇਰਲਾ ਹਨ। ਪ੍ਰੀਮੀਅਰ ਕੈਥਲਿਨ ਵਿੱਨ ਦਾ ਦਾਅਵਾ ਹੈ ਕਿ ਉਸਨੇ ਵਜ਼ਾਰਤ ਵਿੱਚ ਤਬਦੀਲੀ 'ਔਰਤਾਂ ਅਤੇ ਮਰਦਾਂ' ਦੀ ਨੁਮਾਇੰਦਗੀ ਨੂੰ ਸਾਵਾਂ ਰੱਖਣ ਦੇ ਇਰਾਦੇ ਨਾਲ ਕੀਤੀ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਕੇ ਕੈਥਲਿਨ ਵਿੱਨ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਰਹੀ ਹੈ। ਪਹਿਲਾ, ਓਨਟੈਰੀਓ ਦੇ ਕਈ ਸੀਨੀਅਰ ਮੰਤਰੀ 2018 ਵਿੱਚ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ ਜਿਹਨਾਂ ਨੂੰ ਹੁਣ ਵਜ਼ਾਰਤ ਵਿੱਚ ਰੱਖਣਾ ਫ਼ਾਇਦੇਮੰਦ ਨਹੀਂ ਸੀ।

ਇਹਨਾਂ ਵਿੱਚ ਡਿਪਟੀ ਪ੍ਰੀਮੀਅਰ ਡੈਬ ਮੈਥੀਊਜ਼, ਟਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਲਿਜ਼ ਸੈਂਡਲਜ਼ ਸ਼ਾਮਲ ਹਨ। ਦੂਜਾ, ਪ੍ਰੀਮੀਅਰ ਨੂੰ ਓਨਟੈਰੀਓ ਦੇ ਐਥਨਿਕ ਭਾਈਚਾਰਿਆਂ ਖਾਸ ਕਰਕੇ ਸਿਆਸੀ ਰੂਪ ਵਿੱਚ ਪ੍ਰਭਾਵਸ਼ਾਲੀ ਸਿੱਖ ਭਾਈਚਾਰੇ ਵਿੱਚ ਆਧਾਰ ਮਜ਼ਬੂਤ ਬਣਾਈ ਰੱਖਣ ਦੀ ਚੁਣਾਵੀ ਮਜ਼ਬੂਰੀ ਹੈ।

1984 ਨਸਲਕੁਸ਼ੀ ਦਾ ਮਤਾ ਪਾਸ ਕਰਵਾਇਆ ਸੀ

ਹਰਿੰਦਰ ਮੱਲ੍ਹੀ ਕੈਨੇਡਾ ਅਤੇ ਹੋਰ ਮੁਲਕਾਂ ਖ਼ਾਸ ਕਰਕੇ ਭਾਰਤ ਵਿੱਚ ਉਸ ਵੇਲੇ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਬੀਤੇ ਸਾਲ ਓਨਟੈਰੀਓ ਦੀ ਪਾਰਲੀਮੈਂਟ ਵਿੱਚ ਭਾਰਤ ਵਿੱਚ ਹੋਏ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਵਾਲਾ ਪ੍ਰਾਈਵੇਟ ਮੈਂਬਰ ਮਤਾ ਪਾਸ ਕਰਵਾਇਆ।

ਇਸ ਮਤੇ ਦੇ ਪਾਸ ਹੋਣ ਨਾਲ ਹਰਿੰਦਰ ਮੱਲ੍ਹੀ ਦਾ ਸਿੱਖ ਭਾਈਚਾਰੇ ਵਿੱਚ ਆਮ ਕਰਕੇ ਅਤੇ ਗਰਮ ਖਿਆਲੀ ਸਿੱਖ ਹਲਕਿਆਂ ਵਿੱਚ ਖਾਸ ਕਰਕੇ ਕੱਦ ਉੱਚਾ ਹੋਇਆ ਸੀ। ਇਸ ਮਤੇ ਨੂੰ ਪਾਸ ਕਰਨ ਪਿੱਛੇ ਓਨਟੈਰੀਓ ਦੇ ਸਿੱਖ ਭਾਈਚਾਰੇ ਵਿੱਚ ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੇ ਵੱਧ ਰਹੇ ਪ੍ਰਭਾਵ ਨੂੰ ਘੱਟ ਕਰਨਾ ਸਮਝਿਆ ਜਾਂਦਾ ਹੈ।

ਸ਼ਾਇਦ ਇਹੀ ਕਾਰਣ ਹੈ ਕਿ ਸਿੱਖ ਮੂਲ ਦੇ ਹੰਢੇ ਵਰਤੇ ਸਿੱਖ ਐਮ ਪੀ ਪੀ ਵਿੱਕ ਢਿੱਲੋਂ ਅਤੇ ਅੰਮ੍ਰਿਤ ਕੌਰ ਮਾਂਗਟ ਨੂੰ ਅੱਖੋਂ ਪਰੋਖੇ ਕਰਕੇ ਸਿਆਸਤ ਵਿੱਚ ਉਹਨਾਂ ਦੇ ਮੁਕਾਬਲੇ ਨਵੀਂ ਹਰਿੰਦਰ ਕੌਰ ਮੱਲ੍ਹੀ ਨੂੰ ਮੰਤਰੀ ਬਣਾਇਆ ਗਿਆ ਹੈ ਤਾਂ ਜੋ ਜੈਨੋਸਾਈਡ ਮਤੇ ਤੋਂ ਬਾਅਦ ਪੈਦਾ ਹੋਈ ਹਮਦਰਦੀ ਤੋਂ ਲਾਭ ਲਿਆ ਜਾ ਸਕੇ।

ਚੇਤੇ ਰਹੇ ਕਿ 1984 ਸਿੱਖ ਕਤਲੇਆਮ ਨੂੰ ਜੈਨੋਸਾਈਡ ਕਰਾਰ ਦੇਣ ਲਈ ਮਤਾ ਪਹਿਲਾਂ ਐਨ ਡੀ ਪੀ ਦੇ ਜਗਮੀਤ ਸਿੰਘ ਨੇ ਪੇਸ਼ ਕੀਤਾ ਸੀ ਪਰ ਲਿਬਰਲ ਪਾਰਟੀ ਨੇ ਉਨ੍ਹਾਂ ਦੇ ਮਤੇ ਦੀ ਹਮਾਇਤ ਨਹੀਂ ਸੀ ਕੀਤੀ। ਜਗਮੀਤ ਸਿੰਘ ਹਾਲ ਵਿੱਚ ਹੀ ਭਾਰੀ ਬਹੁਮਤ ਨਾਲ ਫੈਡਰਲ ਐਨ ਡੀ ਪੀ ਦਾ ਲੀਡਰ ਚੁਣੇ ਗਏ ਸਨ।

ਆਪਣੇ ਪਿਤਾ ਤੋਂ ਮਿਲੀ ਸਿਆਸੀ ਗੁੜਤੀ

ਹਰਿੰਦਰ ਮੱਲ੍ਹੀ ਨੂੰ ਸਿਆਸੀ ਗੁੜਤੀ ਆਪਣੇ ਪਿਤਾ ਗੁਰਬਖਸ਼ ਸਿੰਘ ਮੱਲ੍ਹੀ ਤੋਂ ਮਿਲੀ ਜੋ ਕੈਨੇਡਾ ਦੀ ਫੈਡਰਲ ਪਾਰਲੀਮੈਂਟ ਵਿੱਚ 1993 ਤੋਂ 2011 ਤੱਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ।

ਗੁਰਬਖਸ਼ ਮੱਲ੍ਹੀ ਨੂੰ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ ਪੀ ਹੋਣ ਦਾ ਮਾਣ ਹਾਸਲ ਹੈ। ਗੁਰਬਖਸ਼ ਸਿੰਘ ਮੱਲ੍ਹੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਇੱਕ ਹੋਣਹਾਰ ਅਤੇ ਸੰਜੀਦਾ ਇਨਸਾਨ ਹੈ ਜਿਸਦੇ ਦਿਲ ਵਿੱਚ ਔਰਤਾਂ ਦੇ ਮਸਲਿਆਂ ਪ੍ਰਤੀ ਵਿਸ਼ੇਸ਼ ਥਾਂ ਹੈ।

ਆਪਣੇ ਪਿਤਾ ਦੇ ਸਿਆਸੀ ਅਨੁਭਵ ਤੋਂ ਸਿੱਖਦੇ ਹੋਏ ਹਰਿੰਦਰ ਮੱਲ੍ਹੀ ਨੇ 2010 ਵਿੱਚ ਪੀਲ ਡਿਸਟ੍ਰਕਿਟ ਸਕੂਲ ਬੋਰਡ ਦੀ ਟਰੱਸਟੀ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ ਸੀ।

ਲੋਕ ਪ੍ਰਸ਼ਾਸ਼ਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਹਰਿੰਦਰ ਮੱਲ੍ਹੀ ਨੇ ਸਿਆਸਤ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇੱਕ ਟੈਲੀਕਮਿਊਨੀਕੇਸ਼ਨ ਕੰਪਨੀ ਵਿੱਚ ਸੇਲਜ਼ ਏਜੰਟ ਅਤੇ ਫੇਰ ਰੀਅਲ ਐਸਟੇਟ ਏਜੰਟ ਵਜੋਂ ਕੰਮ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ