ਲੁਧਿਆਣਾ: ਕੌਣ ਹੈ ਹਮਲੇ ਦਾ ਸ਼ਿਕਾਰ ਬਣਿਆ ਆਰਟੀਆਈ ਕਾਰਕੁਨ ਕੁਲਦੀਪ ਖਹਿਰਾ?

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਪੱਤਰਕਾਰ, ਬੀਬੀਸੀ

ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਕੇ ਕੁਲਦੀਪ ਸਿੰਘ ਖਹਿਰਾ ਦੀ ਆਰਟੀਆਈ ਕਾਰਕੁਨ ਬਣਨ ਦੀ ਕਹਾਣੀ ਬੜੀ ਦਿਲਚਸਪ ਹੈ।

ਸੋਮਵਾਰ ਨੂੰ ਹਮਲੇ ਦਾ ਸ਼ਿਕਾਰ ਹੋਏ ਕੁਲਦੀਪ ਖਹਿਰਾ ਉਹੀ ਵਿਆਕਤੀ ਹਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਰਟੀਆਈ ਦੇ ਘੇਰੇ 'ਚ ਲਿਆਉਣ ਲਈ ਪਹਿਲਕਦਮੀ ਕੀਤੀ ਸੀ।

ਇਹ ਹਮਲਾ ਉਨ੍ਹਾਂ ਦੇ ਹੌਸਲੇ ਪਸਤ ਨਹੀਂ ਕਰ ਸਕਿਆ, ਸਗੋਂ ਉਨ੍ਹਾਂ ਨੇ ਅਗਾਂਹ ਤੋਂ ਹੱਕ-ਸੱਚ ਲਈ ਤਕੜਾ ਹੋ ਕੇ ਲੜਨ ਦਾ ਅਹਿਦ ਲਿਆ ਹੈ।

ਹਮਲੇ ਤੋਂ ਬਾਅਦ ਸਿਵਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਖਹਿਰਾ ਨੇ ਬੀਈਐੱਮਐੱਸ (ਬੈਚੁਲਰ ਆਫ ਇਲੈਕਟ੍ਰੋ-ਹੋਮਿਓਪੈਥੀ ਮੈਡੀਸਨ ਐਂਡ ਸਰਜਰੀ) ਕਰਕੇ ਕਲੀਨਿਕ ਖੋਲ੍ਹਿਆ ਅਤੇ ਆਪਣੇ ਕਿੱਤੇ ਦੀ ਜਾਣਕਾਰੀ ਲੈਣ ਲਈ ਹੀ ਪਹਿਲੀ ਆਰਟੀਆਈ ਦਾਖ਼ਲ ਕੀਤੀ।

ਇਹ 2007 ਦੀ ਗੱਲ ਹੋਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਲੀਨਿਕ ਤਾਂ ਬੰਦ ਹੋ ਗਿਆ ਪਰ ਇਨ੍ਹਾਂ 10 ਸਾਲਾਂ 'ਚ ਉਨ੍ਹਾਂ ਨੇ ਜਨਹਿੱਤ 'ਚ ਕਈ ਆਰਟੀਆਈਜ਼ ਪਾ ਕੇ ਸਮਾਜਿਕ ਹਿੱਤ ਵਾਲੇ ਕੰਮ ਕਰਕੇ ਦਿਖਾਏ।

40 ਸਾਲ ਦੀ ਉਮਰ ਦੇ ਦੋ ਧੀਆਂ ਅਤੇ ਇਕ ਪੁੱਤਰ ਦੇ ਪਿਤਾ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਸ਼ੁਰੂ 'ਚ ਇਕ ਵਾਰ ਉਨ੍ਹਾਂ ਦਾ 'ਐਕਸੀਡੈਂਟ' ਕਰਵਾਇਆ ਗਿਆ। ਬਾਅਦ 'ਚ ਡਰਾਉਣ ਧਮਕਾਉਣ ਦਾ ਸਿਲਸਿਲਾ ਤਾਂ ਚੱਲਦਾ ਰਿਹਾ ਪਰ ਕਦੇ ਇਸ ਤਰ੍ਹਾਂ ਦਾ ਹਮਲਾ ਨਹੀਂ ਹੋਇਆ।

ਜਦੋਂ ਆਰਟੀਆਈ ਕਰਕੇ ਆਪਣਾ ਹੀ ਕਲੀਨਿਕ ਬੰਦ ਹੋਇਆ

ਲੁਧਿਆਣਾ 'ਚ ਰਹਿੰਦੇ ਖਹਿਰਾ ਨੇ ਦੱਸਿਆ ਕਿ ਬੀਈਐੱਮਐੱਸ ਕਰਨ ਤੋਂ ਬਾਅਦ ਭਾਵੇਂ ਉਨ੍ਹਾਂ ਨੇ ਕਲੀਨਿਕ ਤਾਂ ਖੋਲ੍ਹ ਲਿਆ ਪਰ ਅਕਸਰ ਸੁਣਨ ਨੂੰ ਮਿਲਦਾ ਸੀ ਕਿ ਇਸ ਨਾਲ 'ਡਾਕਟਰੀ' ਨਹੀਂ ਕੀਤੀ ਜਾ ਸਕਦੀ।

ਸਰਕਾਰੀ ਸੱਚ ਜਾਣਨ ਲਈ ਉਸ ਨੇ ਸਿਵਲ ਸਰਜਨ ਲੁਧਿਆਣਾ ਨੂੰ 2007 'ਚ ਪਹਿਲੀ ਆਰਟੀਆਈ ਪਾ ਕੇ ਪੁੱਛਿਆ ਕਿ ਇਲੈਕਟ੍ਰੋ-ਹੋਮਿਓਪੈਥੀ ਕਰਕੇ ਕਲੀਨਿਕ ਖੋਲ੍ਹਿਆ ਜਾ ਸਕਦਾ ਹੈ ਜਾਂ ਨਹੀਂ? ਇਸ ਨਾਲ ਪ੍ਰੈਕਟਿਸ ਕੀਤੀ ਜਾ ਸਕਦੀ ਹੈ?

ਜਵਾਬ ਨਾਂਹ ਵਿੱਚ ਮਿਲਣ 'ਤੇ ਉਨ੍ਹਾਂ ਨੇ ਪੰਜਾਬ ਸਰਕਾਰ, ਹੋਮਿਓਪੈਥੀ ਕੌਂਸਲ ਤੇ ਕੇਂਦਰ ਸਰਕਾਰ ਨੂੰ ਵੀ ਇਕ ਤੋਂ ਬਾਅਦ ਇਕ ਆਰਟੀਆਈ ਭੇਜੀ। ਹਰ ਪਾਸਿਓਂ ਨਾਂਹ 'ਚ ਜਵਾਬ ਮਿਲਣ 'ਤੇ ਇਸ ਨੂੰ ਆਧਾਰ ਬਣਾ ਕੇ ਹਾਈ ਕੋਰਟ 'ਚ ਰਿੱਟ ਪਾ ਦਿੱਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਜੇ ਬੀਈਐੱਮਐੱਸ ਕਰਕੇ ਪ੍ਰੈਕਟਿਸ ਨਹੀਂ ਹੋ ਸਕਦੀ, ਕਲੀਨਿਕ ਨਹੀਂ ਖੋਲ੍ਹਿਆ ਜਾ ਸਕਦਾ ਤਾਂ ਪੰਜਾਬ 'ਚ ਖੁੱਲ੍ਹੇ ਕਾਲਜ ਇਹ ਡਿਪਲੋਮਾ ਕਿਉਂ ਤੇ ਕਿਵੇਂ ਕਰਵਾ ਸਕਦੇ ਹਨ। ਇਸ ਆਧਾਰ 'ਤੇ ਬੀਈਐੱਮਐੱਸ ਕਰਵਾਉਣ ਵਾਲੇ ਕਾਲਜ ਬੰਦ ਹੋ ਗਏ ਅਤੇ ਖਹਿਰਾ ਦਾ ਕਲੀਨਿਕ ਵੀ।

'ਪਹਿਲੀ ਕਾਰਵਾਈ ਨੇ ਦਿੱਤੀ ਹਿੰਮਤ'

ਦਸ ਸਾਲ ਪਿੱਛੇ ਜਾ ਕੇ ਸੋਚਦੇ ਹੋਏ ਖਹਿਰਾ ਨੇ ਕਿਹਾ, "ਇਸ ਕਾਰਵਾਈ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ ਅਤੇ ਇਸੇ ਹੌਸਲੇ ਨਾਲ ਉਨ੍ਹਾਂ ਨੇ ਸਮਾਜਿਕ ਹਿੱਤ 'ਚ ਆਰਟੀਆਈ ਦੀ ਵਰਤੋਂ ਕਰਨ ਦਾ ਮਨ ਬਣਾ ਲਿਆ।"

ਆਪਣੇ ਕਿੱਤੇ ਸਬੰਧੀ ਜਾਣਕਾਰੀ ਲੈਣ ਲਈ ਪਾਈ ਪਹਿਲੀ ਆਰਟੀਆਈ ਨੇ ਹੀ ਉਨ੍ਹਾਂ ਦੇ ਆਰਟੀਆਈ ਕਾਰਕੁਨ ਬਣਨ ਦੇ ਰਾਹ ਖੋਲ੍ਹੇ, ਪਰ ਨਾਲ ਰੋਜ਼ਗਾਰ ਵੀ ਜ਼ਰੂਰੀ ਸੀ।

ਫਿਰ ਉਨ੍ਹਾਂ ਆਪਣੇ ਪਿਤਾ ਦੀ ਮਦਦ ਨਾਲ ਡੇਅਰੀ ਦਾ ਕੰਮ ਸ਼ੁਰੂ ਕਰ ਲਿਆ। ਹੁਣ ਦਸ ਸਾਲ ਹੋ ਗਏ ਹਨ ਉਨ੍ਹਾਂ ਨੂੰ ਆਰਟੀਆਈ ਕਾਰਕੁਨ ਬਣਿਆਂ। ਉਨ੍ਹਾਂ ਨੂੰ ਤਸੱਲੀ ਹੈ ਕਿ ਇਸ ਇੱਕ ਦਹਾਕੇ ਦੌਰਾਨ ਸੂਚਨਾ ਦੇ ਅਧਿਕਾਰ ਤਹਿਤ ਉਨ੍ਹਾਂ ਨੇ ਲੋਕ ਹਿੱਤ 'ਚ ਕੁਝ ਕਰਕੇ ਦਿਖਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ, ''ਰਾਹ ਮੁਸ਼ਕਿਲ ਭਰਿਆ ਜ਼ਰੂਰ ਹੈ। ਬੇਗਾਨੇ ਤੋਂ ਲੈ ਕੇ ਜਾਣਕਾਰ ਤੱਕ ਦਬਾਅ ਪਾਉਂਦੇ ਹਨ। ਕਈ ਵਾਰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਪਰ ਜਿੱਤ ਅਖੀਰ ਵਿੱਚ ਸੱਚ ਦੀ ਹੀ ਹੁੰਦੀ ਹੈ।"

ਆਰਟੀਆਈ ਦੀ ਵਰਤੋਂ ਕਰਕੇ 2010 ਵਿੱਚ ਨਗਰ ਨਿਗਮ ਦਾ 1 ਕਰੋੜ 68 ਲੱਖ ਵਾਲਾ 'ਰੋਡ ਸਕੈਮ' ਕੁਲਦੀਪ ਸਿੰਘ ਖਹਿਰਾ ਨੇ ਉਜਾਗਰ ਕੀਤਾ।

ਇੱਕ ਤਤਕਾਲੀਨ ਮੰਤਰੀ ਦੀ ਗਰਾਂਟ ਨਾਲ ਸ਼ੁਰੂ ਹੋਈ ਸਕੀਮ ਨੂੰ ਵੀ ਉਨ੍ਹਾਂ ਨੇ ਆਰਟੀਆਈ ਦੀ ਸਹਾਇਤਾ ਨਾਲ 'ਫੜਿਆ' ਅਤੇ ਬਾਅਦ ਵਿੱਚ ਵਿਜੀਲੈਂਸ ਨੂੰ ਕੇਸ ਦਰਜ ਕਰਨਾ ਪਿਆ।

ਇਹ ਕੁਲਦੀਪ ਸਿੰਘ ਖਹਿਰਾ ਹੀ ਸੀ ਜਿਨ੍ਹਾਂ ਨੇ ਆਰਟੀਆਈ ਦੀ ਵਰਤੋਂ ਕਰਦੇ ਹੋਏ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਸ਼ੁਰੂ ਹੋਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ।

ਤਾਜ਼ਾ ਮਾਮਲਾ ਖੇਤਾਂ 'ਚ ਫਲੈਟ ਬਣਾਉਣ ਦਾ

ਕੁਲਦੀਪ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਸਿੰਜਾਈ ਵਿਭਾਗ ਦੀ ਖੇਤੀਬਾੜੀ ਦੀ ਜ਼ਮੀਨ 'ਤੇ ਨਾਜਾਇਜ਼ ਕਲੋਨੀ ਕੱਟਣ ਲਈ ਕਬਜ਼ਾ ਹੋਣ ਦੀ ਗੱਲ ਸਾਹਮਣੇ ਆਈ।

ਖੇਤਾਂ 'ਚ ਹੀ ਫਲੈਟਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਪਰ ਫਲੈਟਜ਼ ਲਈ ਕੋਈ ਢੁੱਕਵਾਂ ਰਾਹ ਨਹੀਂ ਨਿਕਲਦਾ ਸੀ ਅਤੇ ਪਹਿਲਾਂ ਉੱਥੇ ਸੂਆ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਕੁਲਦੀਪ ਖਹਿਰਾ ਨੇ ਹੋਰ ਜਾਣਕਾਰੀ ਲੈਣ ਲਈ ਨਗਰ ਨਿਗਮ 'ਚ ਆਰਟੀਆਈ ਪਾ ਦਿੱਤੀ।

ਨਗਰ ਨਿਗਮ ਨੇ ਜਵਾਬ 'ਚ ਦੱਸਿਆ ਕਿ ਇਹ ਫਲੈਟ ਬਿਨਾਂ ਮਨਜ਼ੂਰੀ ਦੇ ਬਣ ਰਹੇ ਹਨ। ਇਸ ਜਵਾਬ ਦੇ ਆਧਾਰ 'ਤੇ ਖਹਿਰਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ, ਵਿਭਾਗ ਦੇ ਮੰਤਰੀ ਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਭੇਜ ਦਿੱਤੀ। ਚੰਡੀਗੜ੍ਹ ਤੋਂ 'ਤਾਰ ਹਿੱਲਣ' ਕਰਕੇ ਨਗਰ ਨਿਗਮ ਨੇ ਬਿਲਡਰ ਨੂੰ ਨੋਟਿਸ ਭੇਜ ਕੇ ਕੰਮ ਰੋਕਣ ਦੀ ਹਦਾਇਤ ਕੀਤੀ।

ਫਿਰ ਵੀ ਕੰਮ ਨਾ ਰੁਕਣ ਕਰਕੇ ਨਗਰ ਨਿਗਮ ਨੇ 'ਆਪਣੀ ਖੱਲ਼' ਬਚਾਉਣ ਲਈ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਐੱਫਆਈਆਰ ਦਰਜ ਕਰਨ ਲਈ ਲਿੱਖ ਦਿੱਤਾ।

ਕੁਲਦੀਪ ਖਹਿਰਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਿਲਡਰ ਨੇ ਉਸ ਤੱਕ ਪਹੁੰਚ ਕੀਤੀ ਪਰ ਸਮਝੌਤੇ ਲਈ ਨਾ ਮੰਨਣ 'ਤੇ ਧਮਕਾਇਆ ਵੀ। ਸੋਮਵਾਰ ਨੂੰ ਇਸੇ ਧਮਕੀ ਦਾ ਨਤੀਜਾ ਉਸ 'ਤੇ ਹਮਲੇ ਦੇ ਰੂਪ 'ਚ ਸਾਹਮਣੇ ਆਇਆ।

'60 ਕਾਰਕੁਨਾ 'ਤੇ ਹੋ ਚੁੱਕੇ ਹਨ ਹਮਲੇ'

ਮੁੱਢ ਤੋਂ ਆਰਟੀਆਈ ਨੂੰ ਲੋਕਾਂ ਤੇ ਸਮਾਜ ਦੇ ਹਿੱਤ 'ਚ 'ਹਥਿਆਰ' ਬਣਾ ਕੇ ਵਰਤਣ ਵਾਲੇ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ, "ਆਰਟੀਆਈ ਕਾਰਕੁਨ 'ਤੇ ਹੋਇਆ ਇਹ ਪਹਿਲਾ ਹਮਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ 'ਚ ਹੁਣ ਤੱਕ 60 ਆਰਟੀਆਈ ਕਾਰਕੁਨਾ 'ਤੇ ਹਮਲੇ ਹੋ ਚੁੱਕੇ ਹਨ। ਇਨ੍ਹਾਂ 'ਚੋਂ ਕਿੱਤਣਾ ਖੁਦ ਵੀ ਸ਼ਾਮਲ ਹਨ।"

ਉਨ੍ਹਾਂ ਦੱਸਿਆ ਕਿ ਬਹੁਤ ਵਾਰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਲਦੀਪ ਖਹਿਰਾ ਨੂੰ 'ਸੱਚਾ' ਆਰਟੀਆਈ ਕਾਰਕੁੰਨ ਦੱਸਦੇ ਹੋਏ ਕਿੱਤਣਾ ਕਹਿੰਦੇ ਹਨ ਕਿ ਖਹਿਰਾ ਨੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਰਟੀਆਈ ਦੇ ਦਾਇਰੇ 'ਚ ਲਿਆਉਣ ਦੀ ਦਿਸ਼ਾ 'ਚ ਪਹਿਲਾ ਕਦਮ ਪੁੱਟਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਕਾਰਕੁੰਨਾਂ ਦਾ 'ਮੂੰਹ ਬੰਦ ਕਰਵਾਉਣ' ਲਈ ਝੂਠੇ ਪਰਚੇ ਦਰਜ ਕਰਵਾਏ ਜਾਂਦੇ ਹਨ। ਉਨ੍ਹਾਂ ਪੰਜਾਬ 'ਚ ਦਿਨੇਸ਼ ਚੱਢਾ ਖਿਲਾਫ 307, ਖੁਦ ਆਪਣੇ ਖਿਲਾਫ਼ ਚੋਰੀ, ਜੈ ਗੋਪਾਲ ਧੀਮਾਨ ਵਿਰੁੱਧ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਦਰਜ ਕੀਤੇ ਜਾਣ ਦੀ ਮਿਸਾਲ ਦਿੱਤੀ।

ਇਸ ਤੋਂ ਇਲਾਵਾ ਕਿੱਤਣਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਰਟੀਆਈ ਕਾਰਕੁੰਨਾ ਦੀ ਵਰਤੋਂ ਬਲੈਕਮੇਲ ਕੀਤੇ ਜਾਣ ਕਰਕੇ ਸਹੀ ਤੇ ਸੱਚੇ ਆਰਟੀਆਈ ਕਾਰਕੁੰਨ ਬਦਨਾਮ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)