You’re viewing a text-only version of this website that uses less data. View the main version of the website including all images and videos.
BBC SPECIAL: 'ਇਨ੍ਹਾਂ ਬੱਚਿਆਂ ਨੂੰ ਕੀ ਪਤਾ ਹਿੰਦੂ ਕੀ, ਮੁਸਲਮਾਨ ਕੀ?'
- ਲੇਖਕ, ਭੂਮਿਕਾ ਰਾਏ
- ਰੋਲ, ਮੰਗਲਦਈ, ਅਸਾਮ
ਦੋ ਮਾਵਾਂ। ਇੱਕ ਹਿੰਦੂ ਅਤੇ ਇੱਕ ਮੁਸਲਮਾਨ। ਦੋਵੇਂ ਜਾਣਦੀਆਂ ਹਨ ਕਿ ਜਿਸ ਬੱਚੇ ਨੂੰ ਉਹ ਪਾਲ ਰਹੀਆਂ ਹਨ, ਉਹ ਉਸ ਦੇ ਢਿੱਡੋਂ ਨਹੀਂ ਜੰਮਿਆ।
ਹਿੰਦੂ ਮਾਂ ਦੇ ਕੋਲ ਮੁਸਲਿਮ ਬੱਚਾ ਰਿਆਨ ਹੈ ਅਤੇ ਮੁਸਲਿਮ ਮਾਂ ਕੋਲ ਹਿੰਦੂ ਬੱਚਾ ਜੁਨੈਦ ਹੈ।
ਜਦੋਂ ਉਨ੍ਹਾਂ ਨੂੰ ਬੱਚਿਆਂ ਦੇ ਬਦਲ ਜਾਣ ਦਾ ਪਤਾ ਲੱਗਿਆ ਤਾਂ ਦੋਵਾਂ ਨੇ ਸੋਚਿਆਂ ਆਪਣੇ ਖ਼ੂਨ ਨੂੰ ਘਰ ਲੈ ਆਵਾਂਗੇ ਅਤੇ ਜਿਸਨੂੰ ਦੁੱਧ ਪਿਲਾਇਆ ਉਸਨੂੰ ਵਾਪਸ ਕਰ ਦੇਵਾਂਗੇ।
ਪਰ ਇਹ ਫ਼ੈਸਲਾ ਐਨਾ ਸੌਖਾ ਨਹੀਂ ਹੈ।
ਤਰੀਕ 4 ਜਨਵਰੀ 2015
ਮੰਗਲਦਈ ਅਦਾਲਤ ਵਿੱਚ ਦੋਵੇਂ ਪਰਿਵਾਰ ਬੱਚਾ ਬਦਲਣ ਲਈ ਮਿਲਦੇ ਹਨ। ਇਸ ਅਦਲਾ-ਬਦਲੀ ਲਈ ਪਰਿਵਾਰ ਤਾਂ ਤਿਆਰ ਸੀ ਪਰ ਬੱਚੇ ਨਹੀਂ। ਦੋਵੇਂ ਬੱਚੇ ਆਪਣੇ ਅਸਲ ਪਰਿਵਾਰ ਵਿੱਚ ਜਾਣ ਤੋਂ ਮਨਾਂ ਕਰ ਦਿੰਦੇ ਹਨ।
ਬੱਚਿਆਂ ਦੀਆਂ ਸਿਸਕੀਆਂ ਕਾਰਨ ਦੋਵੇਂ ਪਰਿਵਾਰ ਬੱਚਿਆਂ ਨੂੰ ਨਾ ਬਦਲਣ ਦਾ ਫ਼ੈਸਲਾ ਕਰਦੇ ਹਨ।
ਹੁਣ 24 ਜਨਵਰੀ ਨੂੰ ਦੋਵੇਂ ਪਰਿਵਾਰ ਕੋਰਟ ਵਿੱਚ ਹਲਫ਼ਨਾਮਾ ਦੇਣਗੇ ਕਿ ਉਨ੍ਹਾਂ ਨੂੰ ਉਸੇ ਬੱਚਿਆਂ ਨਾਲ ਰਹਿਣ ਦਿੱਤਾ ਜਾਵੇ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਹੈ।
ਯਾਨਿ ਸਲਮਾ ਪ੍ਰਬੀਨ ਦੀ ਕੁੱਖ ਵਿੱਚ ਪਲਿਆ ਮੁੰਡਾ ਹੁਣ ਇੱਕ ਹਿੰਦੂ ਪਰਿਵਾਰ( ਬੋਰੂ ਜਨਜਾਤੀ) ਦਾ ਰਿਆਨ ਅਤੇ ਸ਼ੇਵਾਲੀ ਬੋਡੋ ਦੀ ਕੁੱਖ ਵਿੱਚ ਪਲਣ ਵਾਲਾ ਬੱਚਾ ਹੁਣ ਸਲਮਾ ਦਾ ਜੁਨੈਦ ਬਣ ਕੇ ਰਹੇਗਾ।
ਕਿਵੇਂ ਬਦਲੇ ਦੋਵੇਂ ਬੱਚੇ
ਕਹਾਣੀ ਪੂਰੀ ਫ਼ਿਲਮੀ ਹੈ।
ਇਸ ਕਹਾਣੀ ਵਿੱਚ 2 ਪਰਿਵਾਰ ਹਨ। ਇੱਕ ਅਨਿਲ ਬੋਰੂਦਾ ਅਤੇ ਦੂਜਾ ਸ਼ਹਾਬੂਦੀਨ ਅਹਿਮਦ ਦਾ।
ਅਸਾਮ ਦੇ ਮੰਗਲਦਈ ਵਿੱਚ ਇੱਕ ਛੋਟਾ ਜਿਹਾ ਪਿੰਡ ਬੇਇਸਪਾਰਾ ਹੈ। ਅਨਿਲ ਬੋਰੂ ਆਪਣੇ ਪਰਿਵਾਰ ਨਾਲ ਇੱਥੇ ਹੀ ਰਹਿੰਦੇ ਹਨ ਅਤੇ ਖੇਤੀ ਕਰਦੇ ਹਨ।
42 ਸਾਲਾ ਅਨਿਲ ਦੇ ਘਰ ਵਿੱਚ ਪਤਨੀ ਸ਼ੇਵਾਲੀ ਬੋਰੂ, ਕੁਡੀ ਚਿੱਤਰਲੇਖਾ, ਮਾਂ ਅਤੇ ਤਿੰਨ ਭਰਾ ਹਨ।
ਬਦਲੀਚਰ ਵਿੱਚ ਰਹਿਣ ਵਾਲੇ ਸ਼ਹਾਬੂਦੀਨ ਕਿੱਤੇ ਵਜੋਂ ਅਧਿਆਪਕ ਹਨ। ਸ਼ਹਾਬੂਦੀਨ ਦੀ ਬੇਗ਼ਮ ਸਲਮਾ ਘਰ ਵਿੱਚ ਹੀ ਰਹਿੰਦੀ ਹੈ।
ਤਰੀਕ 11 ਮਾਰਚ 2015
ਸਲਮਾ ਅਤੇ ਸ਼ੇਵਾਲੀ ਦੋਵਾਂ ਨੂੰ ਇੱਕ ਹੀ ਸਮੇਂ ਲੇਬਰ ਰੂਮ ਵਿੱਚ ਲਿਆਂਦਾ ਗਿਆ। ਸਲਮਾ ਨੇ ਸਵੇਰੇ 7 ਵੱਜ ਕੇ 10 ਮਿੰਟ 'ਤੇ ਤਿੰਨ ਕਿੱਲੋ ਦੇ ਇੱਕ ਲੜਕੇ ਨੂੰ ਜਨਮ ਦਿੱਤਾ।
ਸ਼ੇਵਾਲੀ ਨੇ ਵੀ ਠੀਕ ਪੰਜ ਮਿੰਟ ਬਾਅਦ 7 ਵੱਜ ਕੇ 15 ਮਿੰਟ 'ਤੇ ਤਿੰਨ ਕਿੱਲੋ ਦੇ ਹੀ ਇੱਕ ਬੱਚੇ ਨੂੰ ਜਨਮ ਦਿੱਤਾ। ਦੋਵਾਂ ਦੀ ਡਿਲਿਵਰੀ ਨਾਰਮਲ ਸੀ।
ਦੋਵੇਂ ਔਰਤਾਂ ਨੂੰ 12 ਮਾਰਚ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।
ਸਲਮਾ ਕਹਿੰਦੀ ਹੈ-ਜਦੋਂ ਮੈਂ ਬੱਚੇ ਨੂੰ ਲੈ ਕੇ ਘਰ ਜਾ ਰਹੀ ਸੀ ਉਦੋਂ ਹੀ ਮੈਨੂੰ ਲੱਗਿਆ ਕਿ ਗੋਦੀ ਵਿੱਚ ਜੋ ਬੱਚਾ ਹੈ ਉਹ ਮੇਰਾ ਨਹੀਂ ਹੈ।
- ਮੈਨੂੰ ਡਰ ਸੀ ਕਿ ਕੋਈ ਵੀ ਮੇਰੀ ਗੱਲ 'ਤੇ ਯਕੀਨ ਨਹੀਂ ਕਰੇਗਾ। ਮੈਨੂੰ ਤੀਜੇ ਦਿਨ ਹੀ ਪੂਰਾ ਭਰੋਸਾ ਹੋ ਗਿਆ ਕਿ ਇਹ ਬੱਚਾ ਮੇਰਾ ਨਹੀਂ ਹੈ।
- ਮੈਂ ਇੱਕ ਹਫ਼ਤੇ ਬਾਅਦ ਆਪਣੇ ਪਤੀ ਨੂੰ ਕਿਹਾ ਕਿ ਇਹ ਬੱਚਾ ਮੇਰਾ ਨਹੀਂ ਹੈ। ਨਾ ਤਾਂ ਇਸਦਾ ਚਿਹਰਾ ਸਾਡੇ ਵਿੱਚੋਂ ਕਿਸੇ ਨਾਲ ਮਿਲਦਾ ਹੈ ਤੇ ਨਾ ਹੀ ਰੰਗ।
- ਬੱਚੇ ਦੀਆਂ ਅੱਖਾਂ ਬਿਲਕੁਲ ਉਸ ਬੋਰੂ ਔਰਤ ਦੀ ਤਰ੍ਹਾਂ ਸੀ , ਜੋ ਉਸ ਦਿਨ ਮੇਰੇ ਨਾਲ ਲੇਬਰ ਰੂਮ ਵਿੱਚ ਦਾਖ਼ਲ ਸੀ।
ਡੀਐਨਏ ਰਿਪੋਰਟ ਨਾਲ ਸੱਚਾਈ ਆਈ ਸਾਹਮਣੇ
ਸ਼ਹਾਬੂਦੀਨ ਦੱਸਦੇ ਹਨ,''ਸਲਮਾ ਨੂੰ ਸ਼ੁਰੂ ਤੋਂ ਸ਼ੱਕ ਸੀ ਪਰ ਮੈਨੂੰ ਕਦੀ ਅਜਿਹਾ ਨਹੀਂ ਲੱਗਿਆ। ਫਿਰ ਵੀ ਸਲਮਾ ਦੀ ਸੰਤੁਸ਼ਟੀ ਲਈ ਇੱਕ ਹਫ਼ਤੇ ਬਾਅਦ ਹਸਪਤਾਲ ਦੇ ਸਪਰਡੈਂਟ ਨਾਲ ਗੱਲ ਕੀਤੀ ਅਤੇ ਪਤਨੀ ਦੇ ਸ਼ੱਕ ਬਾਰੇ ਦੱਸਿਆ।''
- ਸੁਪਰਡੈਂਟ ਨੇ ਕਿਹਾ ਤੇਰੀ ਪਤਨੀ ਪਾਗਲ ਹੈ, ਇਸਦਾ ਇਲਾਜ ਕਰਾਓ। ਮੈਂ ਘਰ ਆ ਕੇ ਸਲਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜੀ ਰਹੀ।
- ਕਰੀਬ 2 ਹਫ਼ਤੇ ਬਾਅਦ ਮੈਂ ਇੱਕ ਆਰਟੀਆਈ ਪਾਈ ਅਤੇ 11 ਮਾਰਚ ਨੂੰ ਜੰਮੇ ਸਾਰੇ ਬੱਚਿਆਂ ਦੀ ਜਾਣਕਾਰੀ ਮੰਗੀ।
- ਆਰਟੀਆਈ ਦਾ ਜਵਾਬ ਆਇਆ ਤਾਂ ਪਤਾ ਲੱਗਿਆ ਕਿ ਸਲਮਾ ਦੇ ਨਾਲ ਲੇਬਰ ਰੂਮ ਵਿੱਚ ਇੱਕ ਬੋਰੂ ਔਰਤ ਸੀ, ਜਿਸਦੀ ਡਿਲਿਵਰੀ ਪੰਜ ਮਿੰਟ ਬਾਅਦ ਹੋਈ ਸੀ।
- ਇਸ ਤੋਂ ਬਾਅਦ ਮੈਂ 2 ਵਾਰ ਬੇਇਸਪਾਰਾ ਗਿਆ ਪਰ ਬੱਚੇ ਨਾਲ ਮੁਲਾਕਾਤ ਨਹੀਂ ਹੋ ਸਕੀ। ਜਿਵੇਂ ਹੀ ਮੈਂ ਉੱਥੇ ਪਹੁੰਚਦਾ, ਬੱਚੇ ਦੀ ਦਾਦੀ ਮੋਨੋਮਤੀ ਬੋਰੂ ਬੱਚੇ ਨੂੰ ਲੈ ਕੇ ਜੰਗਲ ਭੱਜ ਜਾਂਦੀ ਹੈ।
- ਇਸ ਤੋਂ ਬਾਅਦ ਮੈਂ ਅਨਿਲ ਬੋਰੂ ਨੂੰ ਚਿੱਠੀ ਲਿਖੀ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹਸਪਤਾਲ ਦੀ ਗ਼ਲਤੀ ਨਾਲ ਸਾਡੇ ਬੱਚੇ ਬਦਲ ਗਏ ਹਨ ਪਰ ਉਨ੍ਹਾਂ ਲੋਕਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ।
- ਇਸ ਦੌਰਾਨ ਹਸਪਤਾਲ ਪ੍ਰਸ਼ਾਸਨ ਨੂੰ ਵੀ ਚਿੱਠੀ ਲਿਖੀ ਗਈ ਪਰ ਹਸਪਤਾਲ ਪ੍ਰਸ਼ਾਸਨ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਕੋਈ ਗ਼ਲਤੀ ਹੋਈ ਹੈ।
- ਮੈਂ ਡੀਐਨਏ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ। ਮੈਂ ਆਪਣੀ ਪਤਨੀ ਅਤੇ ਜੋ ਬੱਚਾ ਸਾਡੇ ਕੋਲ ਸੀ ਉਸਦਾ ਸੈਂਪਲ ਲੈ ਕੇ ਹੈਦਰਾਬਾਦ ਗਿਆ।
- ਅਗਸਤ 2015 ਵਿੱਚ ਰਿਪੋਰਟ ਆਈ ਜਿਸ ਤੋਂ ਪਤਾ ਲੱਗਿਆ ਕਿ ਇਹ ਬੱਚਾ ਸਾਡਾ ਨਹੀਂ ਹੈ।
- ਇਸ ਤੋਂ ਬਾਅਦ ਮੈਂ ਉਹ ਰਿਪੋਰਟ ਅਨਿਲ ਬੋਰੂ ਨੂੰ ਭੇਜੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੀ ਯਕੀਨ ਹੋ ਗਿਆ ਕਿ ਬੱਚਿਆਂ ਦੀ ਅਦਲੀ-ਬਦਲੀ ਹੋਈ ਹੈ।
- ਇਸ ਤੋਂ ਬਾਅਦ ਮੈਂ ਇਹ ਰਿਪੋਰਟ ਹਸਪਤਾਲ ਨੂੰ ਭੇਜੀ ਪਰ ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨੀ ਰੂਪ ਤੋਂ ਮੰਨਣਯੋਗ ਨਹੀਂ ਹੈ। ਫਿਰ ਮੈਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਜਦੋਂ ਬੱਚਿਆਂ ਨਾਲ ਮਿਲੀ ਪੁਲਿਸ
ਨਵੰਬਰ 2015 ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਗਈ। ਦਸੰਬਰ 2015 ਵਿੱਚ ਪਹਿਲੀ ਵਾਰ ਪੁਲਿਸ ਪਹਿਲੀ ਵਾਰ ਦੋਵਾਂ ਬੱਚਿਆਂ ਨਾਲ ਮਿਲੀ।
ਮਾਮਲੇ ਦੀ ਜਾਂਚ ਕਰਨ ਵਾਲੇ ਹੇਮੰਤ ਬਰੂਆ ਦੱਸਦੇ ਹਨ,''ਬੱਚਿਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਬਦਲ ਗਏ ਹਨ ਪਰ ਇਹ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੋਵੇ ਅਜਿਹਾ ਨਹੀਂ ਹੈ।
ਉਹ ਮੰਨਦੇ ਹਨ ਕਿ ਇਹ ਪੂਰੀ ਤਰ੍ਹਾਂ ਨਾਲ ਮਨੁੱਖੀ ਭੁੱਲ ਦਾ ਮਾਮਲਾ ਹੈ। ਹਾਲਾਂਕਿ ਨਰਸ ਖਿਲਾਫ਼ ਧਾਰਾ 420 ਦੇ ਤਹਿਤ ਕੇਸ ਦਰਜ ਕੀਤੇ ਗਿਆ ਹੈ।
- ਜਨਵਰੀ 2016 ਵਿੱਚ ਪੁਲਿਸ ਦੋਵਾਂ ਪਰਿਵਾਰਾਂ ਦੇ ਖ਼ੂਨ ਦੇ ਸੈਂਪਲ ਲੈ ਕੇ ਕਲਕੱਤਾ ਗਈ ਪਰ ਦਸਤਖ਼ਤ ਵਿੱਚ ਗ਼ਲਤੀ ਕਾਰਨ ਟੈਸਟ ਨਹੀਂ ਹੋ ਸਕਿਆ।
- ਪਿਛਲੇ ਸਾਲ ਇੱਕ ਵਾਰ ਫਿਰ ਖ਼ੂਨ ਦੇ ਸੈਂਪਲ ਲਏ ਗਏ ਅਤੇ ਗੁਵਾਹਾਟੀ ਲੈਬ ਵਿੱਚ ਟੈਸਟ ਲਈ ਭੇਜੇ ਗਏ। ਜਿਸਦਾ ਨਤੀਜਾ ਨਵੰਬਰ ਵਿੱਚ ਆਇਆ ਅਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਬੱਚੇ ਬਦਲੇ ਹੋਏ ਹਨ।
ਫਿਲਹਾਲ ਉਸ ਵੇਲੇ ਦੀ ਨਰਸ ਅਤੇ ਸੁਪਰੀਟੇਂਡੈਂਟ ਦੋਵਾਂ ਦਾ ਹੀ ਤਬਾਦਲਾ ਹੋ ਗਿਆ ਹੈ। ਮੌਜੂਦਾ ਸੁਪਰੀਡੈਂਟ ਬੱਚਿਆਂ ਦੇ ਬਦਲਣ ਨੂੰ ਮਨੁੱਖੀ ਭੁੱਲ ਮੰਨਦੇ ਹਨ।
ਸ਼ਹਾਬੂਦੀਨ ਵੱਲੋਂ ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਵਕੀਲ ਜ਼ਿਓਰ ਕਹਿੰਦੇ ਹਨ,''ਇਸ ਮਾਮਲੇ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਹੀ ਗ਼ਲਤੀ ਹੈ ਅਤੇ ਨਰਸ ਨੂੰ ਸਜਜ਼ਾ ਹੋਣੀ ਚਾਹੀਦੀ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੋਂ ਦੋਵਾਂ ਪਰਿਵਾਰਾਂ ਨੂੰ ਆਰਥਿਕ ਮਦਦ ਮਿਲੇ ਤਾਂਕਿ ਦੋਵਾਂ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ।''
ਮਾਵਾਂ ਦੀਆਂ ਫਿ਼ਕਰਾਂ
ਸਲਮਾ ਅਤੇ ਸ਼ੇਵਾਲੀ ਰਹਿੰਦੀਆਂ ਤਾਂ 30 ਕਿੱਲੋਮੀਟਰ ਦੀ ਦੂਰੀ 'ਤੇ ਹਨ ਪਰ ਦੋਵਾਂ ਦੀ ਫਿਕਰ ਇੱਕ ਹੀ ਹੈ।
ਸ਼ੇਵਾਲੀ ਕਹਿੰਦੀ ਹੈ, ਜਦੋਂ ਪਹਿਲੀ ਵਾਰ ਉਸਨੇ ਆਪਣੀ ਕੁੱਖੋਂ ਜੰਮੇ ਬੱਚੇ ਨੂੰ ਦੇਖਿਆ ਤਾਂ ਅੱਥਰੂ ਨਹੀਂ ਸੀ ਰੁੱਕ ਰਹੇ। ਸਲਮਾ ਦਾ ਦੁੱਖ ਵੀ ਅਜਿਹਾ ਹੀ ਹੈ।
ਸਲਮਾ ਕਹਿੰਦੀ ਹੈ,''ਉਸਦੀ ਸ਼ਕਲ ਬਿਲਕੁਲ ਮੇਰੇ ਵਰਗੀ ਹੈ। ਦਿਲ ਕੀਤਾ ਉਸਨੂੰ ਚੋਰੀ ਕਰਕੇ ਲੈ ਜਾਈਏ ਪਰ ਉਹ ਮੇਰੇ ਕੋਲ ਆਇਆ ਹੀ ਨਹੀਂ। ਉਹ ਸ਼ੇਵਾਲੀ ਨੂੰ ਹੀ ਆਪਣੀ ਮਾਂ ਮੰਨਦਾ ਹੈ।''
ਸ਼ੇਵਾਲੀ ਕਹਿੰਦੀ ਹੈ, ''ਜਦੋਂ ਤੱਕ ਇਹ ਮੇਰੀ ਗੋਦ ਵਿੱਚ ਹੈ, ਬਾਹਰ ਨਹੀਂ ਨਿਕਲ ਰਿਹਾ ਹੈ ਉਦੋਂ ਤੱਕ ਤਾਂ ਸਭ ਠੀਕ ਹੈ ਪਰ ਜਿਵੇਂ ਹੀ ਇਸ ਪਿੰਡ ਤੋਂ ਬਾਹਰ ਜਾਵੇਗਾ ਲੋਕ ਇਸਨੂੰ ਹਿੰਦੂ-ਮੁਸਲਿਮ ਕਹਿਣ ਲੱਗਣਗੇ।''
''ਮੈਂ ਅਤੇ ਮੇਰੇ ਘਰ ਵਾਲਿਆਂ ਨੇ ਤਾਂ ਕਦੀ ਉਸਨੂੰ ਮੁਸਲਮਾਨ ਨਹੀਂ ਸਮਝਿਆ ਪਰ ਦੁਨੀਆਂ ਬਹੁਤ ਖ਼ਰਾਬ ਹੈ। ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਲੋਕ ਉਸਨੂੰ ਪਰੇਸ਼ਾਨ ਕਰਨਗੇ। ਪਤਾ ਨਹੀਂ ਉਹ ਇਸ ਹਿੰਦੂ-ਮੁਸਲਿਮ ਦੇ ਦਬਾਅ ਨੂੰ ਕਿਵੇਂ ਝੱਲੇਗਾ।''
ਸਲਮਾ ਕਹਿੰਦੀ ਹੈ, ਉਸਦੀਆਂ ਅੱਖਾਂ ਆਦਿਵਾਸੀਆਂ ਵਰਗੀਆਂ ਹਨ। ਮੇਰੇ ਪੇਕੇ ਅਤੇ ਸਹੁਰੇ ਤਾਂ ਉਸਨੂੰ ਅਪਣਾ ਚੁੱਕੇ ਹਨ, ਕੋਈ ਭੇਦਭਾਵ ਨਹੀਂ ਕਰਦੇ ਪਰ ਜਦੋਂ ਉਹ ਵੱਡਾ ਹੋਵੇਗਾ ਤਾਂ ਸਭ ਉਸਨੂੰ ਸਮਝਾਉਣਗੇ ਕਿ ਉਹ ਮੇਰੀ ਕੁੱਖੋਂ ਨਹੀਂ ਜੰਮਿਆ। ਆਦਿਵਾਸੀ ਹੈ... ਫਿਰ ਕੀ ਹੋਵੇਗਾ?
'ਬਸ ਹਿੰਦੂ ਅਤੇ ਮੁਸਲਮਾਨ ਨਾ ਬਣੇ'
ਅਨਿਲ ਬੋਰੂ ਕਹਿੰਦੇ ਹਨ,''ਹੁਣ ਰਿਆਨ ਹੀ ਸਾਡਾ ਮੁੰਡਾ ਹੈ। ਉਹ ਮੈਨੂੰ ਬਾਬਾ ਅਤੇ ਸ਼ੇਵਾਲੀ ਨੂੰ ਮਾਂ ਕਹਿੰਦਾ ਹੈ। ਅਨਿਲ ਉਸਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਨ।''
ਸ਼ਹਾਬੂਦੀਨ ਕਹਿੰਦੇ ਹਨ,''ਮੈਂ ਆਪਣੇ ਤਿੰਨ ਬੱਚਿਆਂ ਨੂੰ ਆਈਐਸ ਬਣਾਉਣਾ ਚਾਹੁੰਦਾ ਹਾਂ। ਅੱਠ ਸਾਲ ਦੀ ਕੁੜੀ ਨਿਦਾਲ, ਜੁਨੈਦ ਅਤੇ ਰਿਆਨ ਤਿੰਨਾਂ ਨੂੰ ਖ਼ੂਬ ਪੜ੍ਹਾਉਣਾ ਚਾਹੁੰਦਾ ਹਾਂ।''
ਸ਼ਹਾਬੂਦੀਨ ਕਹਿੰਦੇ ਹਨ,''ਉੱਪਰ ਵਾਲਾ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਬਣਾ ਕੇ ਭੇਜਦਾ ਹੈ, ਜਦੋਂ ਬੱਚੇ ਥੱਲੇ ਆਉਂਦੇ ਹਨ ਤਾਂ ਅਸੀਂ ਉਨ੍ਹਾਂ 'ਤੇ ਹਿੰਦੂ ਮੁਸਲਿਮ ਦਾ ਠੱਪਾ ਲਗਾ ਦਿੰਦੇ ਹਾਂ। ਬੱਚਿਆਂ ਨੂੰ ਕੀ ਪਤਾ ਹਿੰਦੂ ਕੀ ਮੁਸਲਿਮ ਕੀ?''
ਸ਼ਹਾਬੂਦੀਨ ਅਤੇ ਅਨਿਲ ਦੋਵੇਂ ਹੀ ਚਾਹੁੰਦੇ ਹਨ ਕਿ ਉਹ ਕਦੇ ਕਦੇ ਇੱਕ ਦੂਜੇ ਦੇ ਘਰ ਜਾਣ ਅਤੇ ਬੱਚਿਆਂ ਨੂੰ ਮਿਲਣ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੱਚ ਪਤਾ ਲੱਗੇ ਪਰ ਉਹ ਹਿੰਦੂ ਮੁਸਲਮਾਨ ਨਾ ਬਣਨ।