ਨਜ਼ਰੀਆ: ਕੈਪਟਨ ਸਰਕਾਰ ਖਿਲਾਫ਼ ਉੱਠ ਰਹੇ ਕਾਂਗਰਸੀ ਸਵਾਲਾਂ ਦੇ ਕੀ ਮਾਅਨੇ ਹਨ?

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ

ਜਿੱਥੇ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਿੱਖੇ ਹਮਲੇ ਕਰ ਰਹੇ ਹਨ ਉੱਥੇ ਦੂਜੇ ਪਾਸੇ ਕੈਬਨਿਟ ਮੰਤਰੀਆਂ ਵਿੱਚ ਰਹੱਸਮਈ ਚੁੱਪੀ ਹੈ।

ਪਾਰਟੀ ਦੇ ਅੰਦਰੋਂ ਇਹ ਆਵਾਜ਼ਾਂ ਵੀ ਉੱਠ ਰਹੀਆਂ ਹਨ ਕਿ ਇਹ ਬਿਆਨਬਾਜ਼ੀ ਕੋਈ ਬਾਹਰੀ ਦਬਾਅ ਤੋਂ ਨਹੀਂ ਸਗੋਂ ਪਾਰਟੀ ਹਾਈ ਕਮਾਨ ਦੇ ਇਸ਼ਾਰੇ 'ਤੇ ਦਾਗਿਆ ਗਿਆ ਪਹਿਲਾ 'ਵਾਰਨਿੰਗ ਸ਼ੌਟ' ਹੈ।

ਰਾਹੁਲ ਕੋਲ ਕੈਪਟਨ ਦੀਆਂ ਸ਼ਿਕਾਇਤਾਂ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ਼ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਠੇਕੇ ਉੱਤੇ ਦਿੱਤਾ (ਆਊਟਸੋਰਸ ਕੀਤਾ) ਹੋਇਆ ਹੈ।

ਇੱਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ।

ਕੈਪਟਨ ਦੇ ਸਮਰਥਕਾਂ ਵੱਲੋਂ ਇਹ ਚੁੱਪੀ ਕਾਫ਼ੀ ਹੈਰਾਨ ਕਰਨ ਵਾਲੀ ਹੈ। ਪੰਜਾਬ ਕਾਂਗਰਸ ਦੇ ਇੱਕ ਧੜੇ ਦਾ ਇਹ ਮੰਨਣਾ ਹੈ ਕਿ ਇਹ ਹਾਈ ਕਮਾਨ ਵੱਲੋਂ ਇੱਕ ਚੇਤਾਵਨੀ ਹੈ ਕਿ ਕੈਪਟਨ ਚੰਗੀ ਤਰ੍ਹਾਂ ਸਰਕਾਰ ਚਲਾਉਣ।

ਰਾਹੁਲ ਗਾਂਧੀ ਦੇ ਕੋਲ ਇਹ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਕਿ ਮੁੱਖ ਮੰਤਰੀ ਸੂਬੇ ਦੇ ਕੰਮਾਂ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ ਅਤੇ ਵਧੇਰੇ ਸਮਾਂ ਘਰ ਵਿੱਚ ਹੀ ਰਹਿੰਦੇ ਹਨ।

ਕੈਪਟਨ ਦੀ ਇੱਕ ਗੱਲ ਸਹੀ ਹੈ ਕਿ ਉਹ ਕੋਈ ਦਿਖਾਵਾ ਨਹੀਂ ਕਰਦੇ। ਕੈਪਟਨ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਰਹਿੰਦੀ ਹੈ।

ਇਹ ਘਰ ਜੋ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਵਜੋਂ ਜਾਣਿਆ ਜਾਂਦਾ ਸੀ ਹੁਣ ਕਈ ਗੁੰਝਲਾਂ ਨਾਲ ਭਰਿਆ ਹੋਇਆ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ 'ਤੇ ਕਈ ਸਵਾਲ ਚੁੱਕੇ ਸੀ।

ਪਰ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਤਾਂ ਕੋਈ ਸਵਾਲ ਨਹੀਂ ਚੁੱਕਿਆ ਪਰ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਕੈਪਟਨ 'ਤੇ ਨਾਕਾਮੀ ਦੇ ਇਲਜ਼ਾਮ

ਇੱਥੇ ਇਹ ਗੱਲ ਦੱਸਣਾ ਜ਼ਰੂਰੀ ਹੈ ਕਿ ਬਾਜਵਾ ਅਤੇ ਕੈਪਟਨ ਇੱਕ ਦੂਜੇ ਦੇ ਵਿਰੋਧੀ ਰਹੇ ਹਨ।

ਕਰਜ਼ਾ ਮੁਆਫ਼ੀ ਦੀ ਸਕੀਮ ਮਾਨਸਾ ਤੋਂ ਸ਼ੁਰੂ ਕੀਤੀ ਗਈ ਸੀ ਪਰ ਇਹ ਕਿਸਾਨਾਂ ਨੂੰ ਖਾਸ ਉਤਸ਼ਾਹਿਤ ਨਾ ਕਰ ਸਕੀ।

ਇੱਥੋਂ ਤੱਕ ਕਿ ਇਹ ਵੀ ਸੁਣਨ ਵਿੱਚ ਆਇਆ ਕਿ ਮੁੱਖ ਮੰਤਰੀ ਨੇ ਸੁਨੀਲ ਜਾਖੜ ਨੂੰ ਪੁੱਛਿਆ ਕਿ ਕਿਸਾਨਾਂ ਵਿੱਚ ਉਤਸ਼ਾਹ ਕਿਉਂ ਨਹੀਂ ਹੈ?

ਇਹ ਸਾਰੀਆਂ ਗੱਲਾਂ ਪ੍ਰੋਗਰਾਮ ਤੋਂ ਬਾਅਦ ਵਿਚਾਰੀਆਂ ਜਿੱਥੇ ਕੁਝ ਵਿਧਾਇਕ ਮੌਜੂਦ ਸੀ।

ਕੁਝ ਹਫ਼ਤੇ ਪਹਿਲਾਂ 40 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਕੇ ਦਿੱਤਾ ਸੀ ਕਿ ਉਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਹਾਲਾਂਕਿ ਇਹ ਸਭ ਕੁਝ ਪਾਰਟੀ ਵਿੱਚ ਅੰਦਰ ਖਾਤੇ ਹੀ ਹੋਇਆ।

ਬਾਜਵਾ ਨੇ ਆਪਣੇ ਨਿਸ਼ਾਨੇ ਉਨ੍ਹਾਂ ਚੀਜ਼ਾਂ 'ਤੇ ਹੀ ਸਾਧੇ ਜੋ ਕੈਪਟਨ ਨੂੰ ਝਟਕਾ ਦੇ ਰਹੀਆਂ ਸਨ ਜਿਵੇਂ ਰਾਣਾ ਗੁਰਜੀਤ ਦਾ ਅਸਤੀਫ਼ਾ ਅਤੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਹੋਣਾ।

ਰਾਣਾ ਗੁਰਜੀਤ ਤੇ ਸੁਰੇਸ਼ ਕੁਮਾਰ ਦੇ ਜਾਣ ਦਾ ਝਟਕਾ

ਰਾਣਾ ਗੁਰਜੀਤ ਦਾ ਨਾਂ ਜਦੋਂ ਤੋਂ ਰੇਤ ਘੋਟਾਲੇ ਵਿੱਚ ਆਇਆ ਹੈ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ।

ਰਾਣਾ ਗੁਰਜੀਤ ਮੌਜੂਦਾ ਕਾਂਗਰਸ ਸਰਕਾਰ ਵਿੱਚ ਪਹਿਲੇ ਮੰਤਰੀ ਹਨ ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ।

ਇਹ ਰਾਹੁਲ ਗਾਂਧੀ ਦਾ ਹੀ ਇਸ਼ਾਰਾ ਸੀ ਜਿਸ ਕਾਰਨ ਰਾਣਾ ਗੁਰਜੀਤ ਦਾ ਅਸਤੀਫਾ ਮਨਜ਼ੂਰ ਹੋਇਆ।

ਪੂਰੇ ਦੇਸ ਵਿੱਚ ਪੰਜਾਬ ਹੀ ਇਕਲੌਤਾ ਵੱਡਾ ਸੂਬਾ ਹੈ ਜਿੱਥੇ ਕਾਂਗਰਸ ਪੂਰਨ ਬਹੁਮਤ ਦੇ ਨਾਲ ਜਿੱਤੀ। ਕਰਨਾਟਕ ਵਿੱਚ ਤਾਂ ਅਜੇ ਚੋਣਾਂ ਹੋਣ ਵਾਲੀਆਂ ਹਨ।

ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੇ ਕਰਨ ਦੇ ਵਸੀਲੇ ਸੂਬਾ ਸਰਕਾਰ ਕੋਲ ਨਹੀਂ ਹਨ।

ਇਹ ਦਿੱਕਤ ਥੋੜ੍ਹੀ ਹੋਰ ਦੇਰ ਲਈ ਟਲ ਸਕਦੀ ਹੈ ਜੇਕਰ ਮੁੱਖ ਮੰਤਰੀ ਸਰਕਾਰ ਚਲਾਉਣ ਵਿੱਚ ਵੱਧ ਦਿਲਚਸਪੀ ਦਿਖਾਉਣ।

ਕਈ ਲੋਕ ਮੰਨਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਇੱਕ 'ਮਹਾਰਾਜਾ' ਹਨ ਅਤੇ ਉਨ੍ਹਾਂ ਦੇ ਆਪਣੇ 'ਦਰਬਾਰੀ' ਹਨ।

ਜੋ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਉਹ ਰਾਜਭਾਗ ਦਾ ਹਿੱਸਾ ਹੁੰਦੀਆਂ ਹਨ। ਇਨ੍ਹਾਂ ਸਾਜ਼ਿਸ਼ਾਂ ਦਾ ਇੱਕ ਮਕਸਦ ਆਪਣੇ 'ਆਕਾ' ਨੂੰ ਖੁਸ਼ ਰੱਖਣਾ ਹੁੰਦਾ ਹੈ।

ਹਾਲਾਂਕਿ ਸੁਰੇਸ਼ ਕੁਮਾਰ ਵੀ ਇਨ੍ਹਾਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਸਾਜ਼ਿਸ਼ਾਂ ਸਰਕਾਰ ਚਲਾਉਣ ਵਿੱਚ ਰੁਕਾਵਟ ਵੀ ਪਾਉਂਦੀਆਂ ਹਨ।

ਇਹ 'ਮਹਾਰਾਜਾ' ਹੀ ਜਾਣਦੇ ਹਨ ਕਿ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜ਼ਿਲ 'ਤੇ ਬਣੇ ਆਪਣੇ ਦਫ਼ਤਰ ਵਿੱਚ ਉਨ੍ਹਾਂ ਨੇ ਕਿੰਨੀ ਵਾਰ ਪੈਰ ਰੱਖਿਆ ਹੈ।

ਸੀਐੱਮ ਨੂੰ ਮਜ਼ਬੂਤ ਪ੍ਰਸ਼ਾਸਨ ਦੇਣ ਦੀ ਲੋੜ

CMO ਦਾ ਸਟਾਫ਼ ਉਂਗਲਾਂ 'ਤੇ ਗਿਣਵਾ ਸਕਦਾ ਹੈ ਕਿ ਪਿਛਲੇ ਸਾਲ ਮਾਰਚ ਵਿੱਚ ਸਰਕਾਰ ਬਣਨ ਤੋਂ ਬਾਅਦ ਕੈਪਟਨ ਕਿੰਨੀ ਵਾਰ ਆਪਣੇ ਦਫ਼ਤਰ ਆਏ ਹਨ।

ਵਿਕਾਸ ਕਾਰਜਾਂ ਵਿੱਚ ਸਿਆਸੀ ਦਬਾਅ ਦੀ ਘਾਟ ਨਜ਼ਰ ਆਉਂਦੀ ਹੈ।

ਬਾਜਵਾ ਦਾ ਹਮਲਾ ਇੱਕ ਪ੍ਰੀਖਿਆ ਵਾਂਗ ਹੈ। ਬਾਜਵਾ ਦਾ ਕਹਿਣਾ ਹੈ ਮੁੱਖ ਮੰਤਰੀ ਨੂੰ ਆਪਣੇ ਕੰਮ ਵੀ ਸੰਜੀਦਗੀ ਨਾਲ ਕਰਨੇ ਚਾਹੀਦੇ ਹਨ।

ਕੈਪਟਨ ਨੇ ਅਜੇ ਆਪਣੀ ਕੈਬਨਿਟ ਦਾ ਵਿਸਥਾਰ ਵੀ ਕਰਨਾ ਹੈ ਕਿਉਂਕਿ ਅੱਧੇ ਤੋਂ ਵੱਧ ਮੰਤਰੀਆਂ ਦੇ ਅਹੁਦੇ ਖਾਲੀ ਹਨ।

ਜੇਕਰ ਰਾਹੁਲ ਗਾਂਧੀ ਪੰਜਾਬ ਸਰਕਾਰ ਨੂੰ ਇੱਕ ਮਾਡਲ ਸਰਕਾਰ ਦੇ ਤੌਰ 'ਤੇ ਪੇਸ਼ ਕਰਨਾ ਚਾਹੁੰਦੇ ਹਨ ਤਾਂ ਕੈਪਟਨ ਨੂੰ ਇੱਕ ਚੰਗਾ ਪ੍ਰਸ਼ਾਸਨ ਪ੍ਰਦਾਨ ਕਰਨਾ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)