ਕਿਸਾਨ ਕਰਜ਼ਾ ਮੁਆਫੀ 'ਤੇ ਘਿਰੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਦੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ 'ਤੇ ਢਿੱਲੀ ਸਰਕਾਰ ਚਲਾਉਣ ਦਾ ਇਲਜ਼ਾਮ ਲਗਾਇਆ ਹੈ।

ਬਾਜਵਾ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਸਕੀਮ 'ਚ ਵੀ ਕੈਪਟਨ ਸਰਕਾਰ ਦੀਆਂ ਕਮੀਆਂ ਗਿਣਵਾਈਆਂ

ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ''ਸੀਐਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦਰਸ਼ਨ ਨਾ ਕਰਨ। ਸਾਰਾ ਕਰਜ਼ਾ ਮੁਆਫ ਕਰਨ ਲਈ ਪੈਸੇ ਨਹੀਂ ਹਨ।''

''ਇਸ ਸਕੀਮ ਵਿੱਚ ਕਈ ਕਮੀਆਂ ਸਨ। ਸਰਕਾਰ ਕਿਸ ਨੇ ਬਣਾਈ, ਪਾਰਟੀ ਨੇ ਨਾ ਕਿ ਅਫਸਰਾਂ ਨੇ। ਹੁਣ ਜਦ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਗਲਤ ਕਿਸਾਨਾਂ ਨੇ ਸਕੀਮ ਦਾ ਫਾਇਦਾ ਚੁੱਕਿਆ ਹੈ ਤਾਂ ਉਹ ਸਵੈ-ਘੋਸ਼ਣਾਵਾਂ ਕਰ ਰਹੇ ਹਨ।''

ਉਨ੍ਹਾਂ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਇਸ ਗੱਲ ਵੱਲ ਇਸ਼ਾਰਾ ਹੈ ਕਿ ਕੈਪਟਨ ਨੂੰ ਸਰਕਾਰ ਸਾਂਭਣ ਦੀ ਲੋੜ ਹੈ।

ਬਾਜਵਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੈਪਟਨ ਤੋਂ ਅਸਤੀਫ਼ੇ ਦੀ ਮੰਗ ਕੀਤੀ।

ਉਨ੍ਹਾਂ ਟਵੀਟ ਕੀਤਾ, ''ਕਰਜ਼ਾ ਮੁਆਫੀ ਦਾ ਐਲਾਨ ਕਰਨ ਮਗਰੋਂ ਮੁਕਰਨ ਲਈ ਕੈਪਟਨ ਸੀਐੱਮ ਦੀ ਕੁਰਸੀ 'ਤੇ ਬੈਠਣ ਦਾ ਅਧਿਕਾਰ ਗੁਆ ਚੁਕੇ ਹਨ। ਬਹਾਨੇ ਬਣਾਉਣ ਦੀ ਥਾਂ ਉਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।''

ਉਨ੍ਹਾਂ ਅਗਲੇ ਟਵੀਟ ਵਿੱਚ ਇਹ ਵੀ ਕਿਹਾ ਕਿ ਉਹ ਜਲਦ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਲਿਖਿਆ, ''ਅਸੀਂ ਇਹ ਵੀ ਵੇਖਾਂਗੇ ਕਿ ਖੇਤ ਮਜ਼ਦੂਰਾਂ ਤੇ ਦਲਿਤਾਂ ਦੇ ਕਰਜ਼ੇ ਵੀ ਮੁਆਫ਼ ਹੋਣ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)