ਰੰਗਾਂ ਦੇ ਵਣਜਾਰੇ ਮਲਕੀਤ ਸਿੰਘ ਨੂੰ ਯਾਦ ਕਰਦਿਆਂ

    • ਲੇਖਕ, ਖ਼ੁਸ਼ਬੂ ਸੰਧੂ
    • ਰੋਲ, ਬੀਬੀਸੀ ਪੱਤਰਕਾਰ

ਬਚਪਨ ਵਿੱਚ ਮੈਂ ਆਪਣੀ ਪਹਿਲੀ ਡਰਾਇੰਗ ਮਲਕੀਤ ਸਿੰਘ ਤੋਂ ਬਣਾਉਣੀ ਸਿੱਖੀ ਸੀ। ਉਨ੍ਹਾਂ ਤੋਂ ਚਿੜੀ ਦੇ ਚਿੱਤਰ ਤੋਂ ਸ਼ੁਰੂਆਤ ਕਰਦੇ ਹੋਏ ਬੜੀ ਆਸਾਨੀ ਨਾਲ ਮੋਰ ਬਣਾਉਣਾ ਸਿਖ ਲਿਆ ਸੀ।

ਕਲਾ ਦੇ ਮਾਹਿਰ ਮਲਕੀਤ ਸਿੰਘ 19 ਜਨਵਰੀ ਨੂੰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ।

ਉਨ੍ਹਾਂ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਚਿੱਤਰਕਾਰੀ ਸਿਖਾਈ।

ਇੰਨੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਵੀ ਦੋ ਛੋਟੇ ਬੱਚਿਆਂ ਨੂੰ ਕਲਾ ਸਿਖਾਉਣ 'ਚ ਹਿਚਕਚਾਹਟ ਨਹੀਂ ਹੁੰਦੀ ਸੀ।

ਉਨ੍ਹਾਂ ਨੇ ਸਾਨੂੰ ਬੁਰਸ਼ ਫੜਨਾ ਅਤੇ ਆਪਣੀ ਸੋਚ ਨਾਲ ਕਾਗਜ਼ 'ਤੇ ਰੰਗ ਭਰਨ ਦੀ ਕਲਾ ਸਿਖਾਈ।

ਉਨ੍ਹਾਂ ਦੀ ਕਲਾਸ ਤੋਂ ਬਾਅਦ, ਸਕੂਲ ਦੀ ਡਰਾਇੰਗ ਦੀ ਕਲਾਸ ਬੇਹੱਦ ਥਕਾ ਦੇਣ ਵਾਲੀ ਹੁੰਦੀ ਸੀ ਕਿਉਂਕਿ ਜੋ ਟੀਚਰ ਨੇ ਕਹਿ ਦਿੱਤਾ ਉਹੀ ਬਣਾਉਣਾ ਹੁੰਦਾ ਸੀ।

ਪਿਤਾ ਦੇ ਦੋਸਤ

ਆਪਣੇ ਖਿਆਲਾਂ ਨੂੰ ਬਣਾਉਣ ਦਾ ਦਾਇਰਾ ਘੱਟ ਹੁੰਦਾ ਸੀ।

ਮਲਕੀਤ ਸਿੰਘ ਮੇਰੇ ਪਿਤਾ ਦੇ ਗੂੜ੍ਹੇ ਦੋਸਤ ਸਨ। ਉਹ ਸਾਡੇ ਘਰ ਵਿਆਹ ਸਮਾਗਮਾਂ ਅਤੇ ਜਨਮ ਦਿਨ ਦੀਆਂ ਪਾਰਟੀਆਂ 'ਚ ਅਕਸਰ ਸ਼ਰੀਕ ਹੁੰਦੇ ਰਹਿੰਦੇ ਸਨ।

ਜਦੋਂ ਕਦੇ ਉਹ ਆਪਣੇ ਕੰਮ ਵਿੱਚ ਖੁਭ ਜਾਂਦੇ ਸਨ ਤਾਂ ਪੇਂਟ ਬੁਰਸ਼ ਨੂੰ ਪਾਣੀ ਦੇ ਗਲਾਸ ਦੀ ਥਾਂ ਕੋਲ ਰੱਖੇ ਚਾਹ ਦੇ ਗਲਾਸ ਵਿੱਚ ਭਿਉਂ ਦਿੰਦੇ ਸਨ।

ਉਨ੍ਹਾਂ ਸਦਕਾ ਮੈਂ ਅਤੇ ਮੇਰੇ ਭਰਾ ਨੇ ਸਕੂਲ 'ਚ ਚਿੱਤਰਕਾਰੀ ਦੇ ਕਈ ਮੁਕਾਬਲੇ ਵੀ ਜਿੱਤੇ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਗਏ, ਪੜ੍ਹਾਈ ਦਾ ਬੋਝ ਵਧਦਾ ਗਿਆ ਅਤੇ ਅਸੀਂ ਚਿੱਤਰਕਾਰੀ ਤੋਂ ਦੂਰ ਹੁੰਦੇ ਗਏ।

ਪਿੰਡ ਲੰਡੇ ਵਿੱਚ ਹੋਇਆ ਜਨਮ

ਜ਼ਿਲਾ ਮੋਗਾ ਦੇ ਪਿੰਡ ਲੰਡੇ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਆਪਣੀ ਪੜ੍ਹਾਈ ਆਰਟਸ ਕਾਲਜ ਸ਼ਿਮਲਾ ਅਤੇ ਸਰਕਾਰੀ ਕਾਲਜ ਆਫ ਆਰਟ ਚੰਡੀਗੜ੍ਹ ਤੋਂ ਕੀਤੀ ਸੀ।

ਉਨ੍ਹਾਂ ਦੀ ਕਲਾ 'ਚ ਉਨ੍ਹਾਂ ਦੀ ਜ਼ਿੰਦਗੀ ਦਾ ਤਜ਼ਰਬਾ ਅਤੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ ਦੀ ਝਲਕ ਆਉਂਦੀ ਸੀ।

ਪਿੰਡ ਲੰਡੇ ਵਿੱਚ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਕਲਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਦਦਗਾਰ ਤੇ ਖੁਸ਼ਮਿਜ਼ਾਜ

ਮਲਕੀਤ ਸਿੰਘ ਹੁਰਾਂ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਦੋਸਤਾਂ ਮੁਤਾਬਕ ਉਹ ਸਭ ਲਈ ਮਦਦਗਾਰ ਸਾਬਤ ਹੁੰਦੇ ਸਨ।

ਚੰਡੀਗੜ੍ਹ ਦੇ ਹਸਪਤਾਲ ਪੀਜੀਆਈ ਵਿੱਚ ਉਹ ਅਨੌਟਮੀ ਵਿਭਾਗ ਲਈ ਚਿੱਤਰਕਾਰੀ ਕਰਦੇ ਰਹੇ।

ਉਨ੍ਹਾਂ ਦੇ ਦੋਸਤ ਤੇ ਇਲਾਕੇ ਦੇ ਲੋਕ ਅਕਸਰ ਉਨ੍ਹਾਂ ਦੀ ਪੀਜੀਆਈ 'ਚ ਮਰੀਜ਼ਾਂ ਨੂੰ ਵਿਖਾਉਣ ਲਈ ਮਦਦ ਲੈਂਦੇ ਸਨ। ਉਨ੍ਹਾਂ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ।

ਉਨ੍ਹਾਂ ਨੂੰ ਘਰ ਦਾ ਖਾਣਾ ਬਹੁਤ ਪਸੰਦ ਸੀ। ਕੜਾਹ ਬਹੁਤ ਸ਼ੌਂਕ ਨਾਲ ਖਾਂਦੇ ਸਨ।

ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ। ਹਾਰਟ ਸਰਜਰੀ ਤੋਂ ਬਾਅਦ ਉਹ ਸਿਹਤ ਪੱਖੋਂ ਕਾਫੀ ਚਿੰਤਤ ਸਨ।

ਉਨ੍ਹਾਂ ਦੇ ਅਕਾਲ ਚਲਾਵੇ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ। ਪਰ ਉਹ ਆਪਣੇ ਕੰਮ ਜ਼ਰਿਏ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ।

ਮੈਂ ਉਨ੍ਹਾਂ ਵੱਲੋਂ ਸਿਖਾਇਆ ਪਹਿਲਾ ਪਾਠ ਹਮੇਸ਼ਾ ਯਾਦ ਰੱਖਾਂਗੀ। ਚਿੱਤਰਕਲਾ ਦੀ ਇਸ ਮਹਾਨ ਹਸਤੀ ਨੂੰ ਅਦਬ ਨਾਲ ਯਾਦ ਹਮੇਸ਼ਾ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)