ਪ੍ਰੈਸ ਰਿਵਿਊ: ਕਿਉਂ ਦਿੱਤਾ ਰਾਣਾ ਗੁਰਜੀਤ ਨੇ ਅਸਤੀਫ਼ਾ?

'ਦਿ ਇੰਡੀਅਨ ਐਕਸਪ੍ਰੈੱਸ' ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਕਿਹਾ, "ਮੈਂ ਮੁੱਖ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ, ਹੁਣ ਸਭ ਕੁਝ ਉਨ੍ਹਾਂ ਅਤੇ ਹਾਈਕਮਾਂਡ ਦੇ ਹੱਥ ਵਿੱਚ ਹੈ। ਰੇਤ ਖੱਡਾਂ ਦੀ ਨਿਲਾਮੀ ਵੇਲੇ ਜਦੋਂ ਮੇਰਾ ਨਾਮ ਆਇਆ ਸੀ, ਉਦੋਂ ਵੀ ਮੈਂ ਅਸਤੀਫ਼ਾ ਦੇ ਦਿੱਤਾ ਸੀ।"

'ਦਿ ਇੰਡੀਅਨ ਐਕਸਪ੍ਰੈੱਸ' ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਸੱਤ ਅਹਿਮ ਮੁੱਦਿਆਂ ਦੀ ਸੁਣਵਾਈ ਲਈ ਸੁਪਰੀਮ ਕੋਰਟ ਨੇ ਇੱਕ ਬੈਂਚ ਦਾ ਗਠਨ ਕੀਤਾ ਹੈ, ਪਰ ਇਸ ਵਿੱਚ ਉਹ ਚਾਰ ਜੱਜ ਸ਼ਾਮਿਲ ਨਹੀਂ ਹਨ ਜਿੰਨ੍ਹਾਂ ਨੇ ਹਾਲ ਹੀ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਚੀਫ਼ ਜਸਟਿਸ ਉੱਤੇ ਸਵਾਲ ਚੁੱਕੇ ਸਨ।

ਜਸਟਿਸ ਜੇ ਚੇਲਮੇਸ਼ਵਰ, ਰੰਜਨ ਗੋਗੋਈ, ਮਦਨ ਲੋਕੁਰ, ਕੁਰੀਅਨ ਜੋਸਫ਼ ਇਸ ਬੈਂਚ ਦਾ ਹਿੱਸਾ ਨਹੀਂ ਹੋਣਗੇ।

ਅਧਾਰ ਮਾਮਲੇ ਦੀ ਸੁਣਵਾਈ ਲਈ ਬਣਾਏ ਗਏ ਸੰਵਿਧਾਨਿਕ ਬੈਂਚ ਵਿੱਚ ਚੀਫ਼ ਜਸਟਿਸ ਦੀਪਕ ਮਿਸਰਾ, ਜੱਜ ਏ.ਕੇ.ਸੀਕਰੀ, ਏਐੱਮ ਖਾਨਵਿਲਕਾਰ, ਡੀਵਾਈ ਚੰਦਰਚੂੜ ਤੇ ਅਸ਼ੋਕ ਭੂਸ਼ਨ ਹੋਣਗੇ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬਕ ਪੰਜਾਬ ਸਰਕਾਰ ਕਾਰਪੋਰੇਸ਼ਨ ਦਾ ਗਠਨ ਕਰਕੇ ਸ਼ਰਾਬ ਦਾ ਪੂਰਾ ਕਾਰੋਬਾਰ ਆਪਣੇ ਅਧੀਨ ਕਰਨ ਦੀ ਯੋਜਨਾ ਬਣਾ ਰਹੀ ਹੈ।

ਕਰ ਅਤੇ ਆਬਕਾਰੀ ਮਹਿਕਮਾ ਇੱਕ ਖਰੜਾ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰੇਗਾ। ਇਸ ਦਾ ਮਕਸਦ ਹੈ ਕਰ ਆਮਦਨ ਨੂੰ ਵਧਾਉਣਾ।

ਮੌਜੂਦਾ ਸਾਲ ਦੇ ਲਈ ਸਰਕਾਰ ਨੇ 5,420 ਕਰੋੜ ਦਾ ਟੀਚਾ ਰੱਖਿਆ ਹੈ, ਜਿਸ ਨੂੰ ਪੂਰਾ ਕਰਨਾ ਔਖਾ ਹੈ ਕਿਉਂਕਿ ਇਸ ਸਾਲ ਹਾਈਵੇਅ ਨੇੜੇ ਬਾਰ, ਹੋਟਲ ਬੰਦ ਕਰ ਦਿੱਤੇ ਗਏ ਸਨ।

ਇੱਕ ਅਧਿਕਾਰੀ ਨੇ ਦੱਸਿਆ, "ਅਜਿਹਾ ਕਰਕੇ ਸਰਕਾਰ ਕਰ ਵਿੱਚ 2500-3000 ਕਰੋੜ ਦਾ ਵਾਧਾ ਕਰ ਸਕਦੀ ਹੈ।"

'ਹਿੰਦੂਸਤਾਨ ਟਾਈਮਸ' ਅਖ਼ਬਾਰ ਮੁਤਾਬਕ ਲਾਪਤਾ ਹੋਣ ਦੀ ਖ਼ਬਰ ਦੇ 12 ਘੰਟੇ ਬਾਅਦ ਵੀਐੱਚਪੀ ਆਗੂ ਪ੍ਰਵੀਣ ਤੋਗੜੀਆ ਅਹਿਮਦਾਬਾਦ ਦੇ ਹਸਪਤਾਲ ਵਿੱਚ ਬੇਹੋਸ਼ ਮਿਲੇ ਹਨ।

ਪਹਿਲਾਂ ਵੀਐੱਚਪੀ ਆਗੂਆਂ ਨੇ ਇਲਜ਼ਾਮ ਲਾਇਆ ਸੀ ਕਿ ਪ੍ਰਵੀਣ ਤੋਗੜੀਆ ਨੂੰ ਕਥਿਤ ਤੌਰ ਉੱਤੇ ਰਾਜਸਥਾਨ ਪੁਲਿਸ ਨੇ 2001 ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ।

ਅਹਿਮਦਾਬਾਦ ਦੇ ਚੰਦਰਮਣੀ ਹਸਪਤਾਲ ਦੇ ਡਾਕਟਰ ਰੂਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪ੍ਰਵੀਣ ਤੋਗੜੀਆ ਨੂੰ 108 ਨੰਬਰ ਦੀ ਐਮਰਜੈਂਸੀ ਐਂਬੁਲੈਂਸ ਸੇਵਾ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਈ ਸੀ।

ਉਨ੍ਹਾਂ ਦਾ ਸ਼ੂਗਰ ਲੈਵਲ ਕਾਫ਼ੀ ਘਟਿਆ ਹੋਇਆ ਸੀ। ਉਹ ਬੋਲਣ ਦੀ ਹਾਲਤ ਵਿੱਚ ਨਹੀਂ ਹਨ, ਪਰ ਖ਼ਤਰੇ ਤੋਂ ਬਾਹਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)