'ਸ੍ਰੀ ਸਾਹਿਬ' ਵੰਡਣ ਵਾਲੇ ਬਿਆਨ 'ਤੇ ਸੁਖਬੀਰ ਬਾਦਲ ਦਾ ਸਖ਼ਤ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਕਾਂਗਰਸ ਲੀਡਰ ਹਰਿੰਦਰਪਾਲ ਸਿੰਘ ਮਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਟਵਿੱਟਰ 'ਤੇ ਇੱਕ ਵੀਡੀਓ ਪੋਸਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

ਪੋਸਟ ਕੀਤੀ ਗਈ ਵੀਡੀਓ 'ਚ ਕਾਂਗਰਸ ਹਰਿੰਦਰਪਾਲ ਸਿੰਘ ਮਾਨ ਵਰਕਰਾਂ ਨੂੰ ਕਥਿਤ ਤੌਰ 'ਤੇ ਹਿੰਸਾ ਲਈ ਭੜਕਾ ਰਹੇ ਹਨ।

ਪੋਸਟ ਕੀਤੀ ਗਈ ਵੀਡੀਓ ਵਿੱਚ ਕਥਿਤ ਤੌਰ 'ਤੇ ਕਿਹਾ ਜਾ ਰਿਹਾ ਹੈ, ''ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਧੱਕਾ ਨਾ ਹੋਣ ਦਿਓ ਅਤੇ ਵੱਢ ਕੇ ਮੇਰੇ ਕੋਲ ਆ ਜਾਇਓ।''

ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਦੂਜਾ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ 'ਤੇ ਆਪਣਾ ਪੱਖ ਰੱਖਣ ਲਈ ਕਿਹਾ।

ਉਨ੍ਹਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ, ''ਕੀ ਹਰਿੰਦਰਪਾਲ ਸਿੰਘ ਮਾਨ ਨੂੰ ਅਜਿਹੇ ਬਿਆਨ ਦੀ ਇਜਾਜ਼ਤ ਤੁਸੀਂ ਦਿੱਤੀ? ਜੇਕਰ ਮਾਨ ਖ਼ਿਲਾਫ਼ ਕੇਸ ਦਰਜ ਨਹੀਂ ਹੁੰਦਾ ਤਾਂ ਕੀ ਸਮਝਿਆ ਜਾਵੇ ਕਿ ਤੁਹਾਡੀ ਸ਼ਹਿ ਨਾਲ ਇਹ ਸਭ ਹੋ ਰਿਹਾ ਹੈ।''

ਸੁਖਬੀਰ ਸਿੰਘ ਬਾਦਲ ਦੇ ਲਗਾਤਾਰ 2 ਟਵੀਟ ਕਰਨ ਤੋਂ ਬਾਅਦ ਵੀ ਅਜੇ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਆਪਣਾ ਕੋਈ ਪੱਖ ਨਹੀਂ ਰੱਖਿਆ।

ਕਾਂਗਰਸੀ ਲੀਡਰ ਹਰਿੰਦਰਪਾਲ ਮਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ,''4 ਜਨਵਰੀ ਨੂੰ ਪਟਿਆਲਾ ਦੇ ਦੇਵੀਗੜ੍ਹ ਵਿੱਚ ਅਕਾਲੀ ਦਲ ਦੀਆਂ 19 ਪੰਚਾਇਤਾਂ ਕਾਂਗਰਸ ਵਿੱਚ ਸ਼ਾਮਲ ਹੋਈਆਂ ਸਨ। ਉਸ ਵੇਲੇ ਮੈਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।''

ਉਨ੍ਹਾਂ ਅੱਗੇ ਕਿਹਾ, ''ਇਸ ਸਮਾਗਮ ਦੌਰਾਨ ਮੈਂ ਵਰਕਰਾਂ ਨੂੰ ਕਿਹਾ ਕਿ ਉਹ ਮੇਰੇ ਤੋਂ ਸ੍ਰੀ ਸਾਹਿਬ ਲੈ ਜਾਣ ਅਤੇ ਆਪਣਾ ਬਚਾਅ ਕਰਨ। ਕਿਉਂਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਮੈਨੂੰ ਦੱਸਿਆ ਸੀ ਕਿ ਅਕਾਲੀ ਦਲ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ।''

ਹਰਿੰਦਰਪਾਲ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਰਕਰਾਂ ਨੂੰ ਹਿੰਸਾ ਲਈ ਨਹੀਂ ਉਕਸਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)