ਸੋਸ਼ਲ: ਸੁਖਬੀਰ ਦਾ ਬਿਆਨ 'ਗੱਪ' ਜਾਂ 'ਸੱਚ': ਸੋਸ਼ਲ ਮੀਡੀਆ 'ਤੇ ਪੋਸਟਮਾਰਟਮ ਜਾਰੀ

ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੰਜਾਬ ਪੁਲਿਸ ਦੇ ਆਈ ਜੀ ਐੱਮ ਐੱਸ ਛੀਨਾ ਨੇ ਪੈਂਰੀ ਪੈ ਕੇ ਮਾਫ਼ੀ ਮੰਗੀ ਸੀ ਜਾਂ ਨਹੀਂ। ਇਸ ਸਵਾਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਬਹਿਸ ਗਰਮ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਦਾਅਵਾ ਭਾਵੇਂ ਦੋ ਦਿਨ ਪਹਿਲਾਂ ਆਪਣੇ ਵਰਕਰਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ ਸੀ ਅਤੇ ਸਬੰਧਤ ਪੁਲਿਸ ਅਫ਼ਸਰ ਨੇ ਇਸ ਦਾ ਖੰਡਨ ਵੀ ਕੀਤਾ ਪਰ ਸੋਸ਼ਲ ਮੀਡੀਆ ਉੱਤੇ ਲੋਕ ਇੱਕ ਦੂਜੇ ਨੂੰ ਪੁੱਛ ਰਹੇ ਹਨ ਕਿ ਸੁਖਬੀਰ ਦਾ ਇਹ ਦਾਅਵਾ ਸੱਚ ਹੈ ਜਾਂ ਗੱਪ ਹੈ।

ਖਾਸਕਰ ਸੁਖਬੀਰ ਬਾਦਲ ਦੇ ਵਿਰੋਧੀ ਉਨ੍ਹਾਂ ਦੇ ਭਾਸ਼ਣਾਂ ਦੌਰਾਨ ਕੀਤੇ ਦਾਅਵਿਆਂ ਨੂੰ ਆਮ ਕਰਕੇ 'ਗੱਪਾਂ' ਕਹਿ ਕੇ ਝੁਠਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।

ਗੱਪ ਬਨਾਮ ਔਕਾਤ

ਇਸ ਵਾਰ ਵੀ ਜਦੋਂ ਉਨ੍ਹਾਂ ਨਵਾਂ ਦਾਅਵਾ ਕੀਤਾ ਤਾਂ ਸੋਸ਼ਲ ਮੀਡੀਆ ਉੱਤੇ ਚਰਚਾ ਸ਼ੁਰੂ ਹੋ ਗਈ ਕੁਝ ਨੇ ਇਸ ਨੂੰ ਬਾਦਲ ਦੀ ਨਵੀਂ ਗੱਪ ਕਿਹਾ ਤਾਂ ਕੁਝ ਨੇ ਪੰਜਾਬ ਪੁਲਿਸ ਨੇ ਅਫ਼ਸਰਾਂ ਦੀ ਸਿਆਸਤਦਾਨਾਂ ਅੱਗੇ ਔਕਾਤ ਦਾ ਨਮੂਨਾ ਤੱਕ ਕਿਹਾ।

ਪੱਤਰਕਾਰ ਆਈਪੀ ਸਿੰਘ ਆਪਣੇ ਫੇਸਬੁੱਕ ਪੰਨੇ ਉੱਤੇ ਇਸ ਸਬੰਧੀ ਆਪਣੀ ਖ਼ਬਰ ਸ਼ੇਅਰ ਕਰਦਿਆਂ ਲਿਖਦੇ ਹਨ ਕਿ ਸੁਖਬੀਰ ਦੇ ਦਾਅਵੇ ਦਾ ਸੱਚ ਅਕਾਲੀ ਪ੍ਰਧਾਨ ਜਾਂ ਸਬੰਧਤ ਪੁਲਿਸ ਅਫ਼ਸਰ ਹੀ ਜਾਣਦੇ ਹਨ । ਪਰ ਇਹ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਹਾਲਤ ਦੀ ਪ੍ਰਤੀਕ ਜਰੂਰ ਹੈ।

ਖ਼ਬਰ ਉੱਤੇ ਟਿੱਪਣੀ ਕਰਦੇ ਹੋਏ ਏ ਸਿੰਘ ਅਕਾਉਂਟ ਉੱਤੇ ਸੁਖਬੀਰ ਬਾਦਲ ਨੂੰ ਘਟਨਾ ਵੇਲੇ ਦੀ ਤਾਰੀਕ, ਸਮਾਂ ਤੇ ਫਲਾਇਟ ਦਾ ਵੇਰਵਾ ਨਸ਼ਰ ਕਰਨ ਦੀ ਮੰਗ ਕਰਦੇ ਹਨ ।

ਜਦਕਿ ਉਨ੍ਹਾਂ ਦੇ ਨਾਲ ਹੀ ਇੱਕ ਹੋਰ ਜਸਦੀਪ ਸਿੰਘ ਨਾਂ ਦੇ ਸੱਜਣ ਲਿਖਦੇ ਹਨ, ਪੁਲਿਸ ਉਨ੍ਹਾਂ ਉੇੱਤੇ ਗੋਲੀ ਨਹੀਂ ਚਲਾ ਸਕਦੀ ਉਹ ਸਿਰਫ਼ ਬਹਿਬਲ ਕਲਾਂ ਵਾਂਗ ਸੜਕ ਕੰਢੇ ਸ਼ਾਂਤ ਬੈਠੇ ਲੋਕਾਂ ਉੱਤੇ ਗੋਲੀਆਂ ਚਲਾ ਸਕਦੀ ਹੈ।

ਗੁਰਪ੍ਰੀਤ ਸਿੰਘ ਸਹੋਤਾ ਆਪਣੇ ਫੇਸਬੁੱਕ ਉੱਤੇ ਲੰਬੀ ਚੌੜੀ ਟਿੱਪਣੀ ਕਰਦੇ ਹੋਏ ਲਿਖਦੇ ਹਨ ਕਿ ਇਹ ਘਟਨਾ ਪੁਲਿਸ ਦੀ ਸਿਆਸੀ ਆਗੂਆਂ ਦੀ ਗੁਲਾਮੀ ਨੂੰ ਦਰਸਾਉਦੀ ਹੈ।

ਉਹ ਲਿਖਦੇ ਹਨ ਜ਼ਾਹਰ ਹੈ ਕਿ ਇਹ ਪੁਲਿਸ ਅਫਸਰਾਂ ਦੀ ਸਿੱਧਮ ਸਿੱਧੀ ਬੇਇਜ਼ਤੀ ਹੈ, ਜੋ ਸਾਬਤ ਕਰਦੀ ਹੈ ਕਿ ਲੋਕਾਂ ਨੂੰ ਟਿੱਚ ਸਮਝਣ ਵਾਲੇ ਅਫਸਰਾਂ ਦੀ ਸਿਆਸੀ ਆਗੂਆਂ ਅੱਗੇ ਔਕਾਤ ਕੀ ਹੈ? ਇਹ ਮਸਲਾ ਵੀ ਗਰਮਾਉਣ ਦੀ ਸੰਭਾਵਨਾ ਹੈ।

ਰਾਜਨਬੀਰ ਸਿੰਘ ਇਸ ਘਟਨਾਕ੍ਰਮ ਲਈ ਗੇਮ ਸ਼ਬਦ ਦੀ ਵਰਤੋਂ ਕਰਦੇ ਹੋਏ ਲਿਖਦੇ ਹਨ ਇਸ ਵਿੱਚ ਹੈਰਾਨੀਜਨਕ ਕੁਝ ਵੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)