ਹਰਿਆਣਾ ਦੇ ਗੁਰੁਗਰਾਮ 'ਚ ਸਕੂਲ ਬੱਸ 'ਤੇ ਹਮਲੇ ਤੋਂ ਬਾਅਦ ਸਕੂਲ ਬੰਦ

ਕਈ ਸੂਬਿਆਂ ਵਿੱਚ ਰਾਜਪੂਤ ਅਤੇ ਹਿੰਦੂ ਜਥੇਬੰਦੀਆਂ ਦੇ ਵਿਰੋਧ ਦਰਮਿਆਨ ਫਿਲਮ 'ਪਦਮਾਵਤ' ਦੇ ਰਿਲੀਜ਼ ਹੋ ਗਈ।

ਭਾਜਪਾ ਦੀ ਸੱਤਾ ਵਾਲੇ ਚਾਰ ਸੂਬਿਆਂ ਮੱਧ ਪ੍ਰਦੇਸ਼,ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਥਿਏਟਰ ਮਾਲਕਾਂ ਦੀ ਜਥੇਬੰਦੀ ਨੇ ਫਿਲਮ ਨਾ ਦਿਖਾਉਣ ਦਾ ਐਲਾਨ ਕਰ ਦਿੱਤਾ ਹੈ।

ਕਰਨੀ ਸੈਨਾ ਨੇ ਵੀਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਕਈ ਸ਼ਹਿਰਾਂ ਵਿੱਚ ਹਿੰਸਕ ਵਿਰੋਧ ਮੁਜ਼ਾਹਰੇ ਹੋ ਰਹੇ ਹਨ।

ਰਹਿਆਣਾ ਦੇ ਗੁਰੁਗਰਾਮ ਸ਼ਹਿਰ ਵਿੱਚ ਕਰਨੀ ਸੈਨਾ ਦੇ ਕਾਰਕੁਨਾਂ ਨੇ ਜੀਡੀ ਗੋਇਨਕਾ ਸਕੂਲ ਦੀ ਬੱਸ ਉੱਤੇ ਹਮਲਾ ਕਰ ਦਿੱਤਾ । ਮੁਜ਼ਾਹਰਕਾਰੀਆਂ ਨੇ ਜ਼ਬਰੀ ਬੱਸ ਰੋਕਣ ਲਈ ਕਿਹਾ ਜਦੋਂ ਬੱਸ ਨਹੀਂ ਰੋਕੀ ਗਈ ਤਾਂ ਉਨ੍ਹਾਂ ਨੇ ਪਥਰਾਅ ਕਰ ਦਿੱਤਾ।

ਬੱਚਿਆਂ ਤੇ ਅਧਿਆਪਕਾਂ ਨੇ ਸੀਟਾਂ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸਕੂਲ ਐਤਵਾਰ ਤੱਕ ਬੰਦ ਕਰ ਦਿੱਤੇ ਗਏ ਹਨ।

ਹਰਿਆਣਾ 'ਚ ਤਣਾਅ

ਇਸ ਤੋਂ ਪਹਿਲਾਂ ਮਿਲਿਆਂ ਪੀਟੀਆਈ ਦੀ ਰਿਪੋਰਟ ਮੁਤਾਬਕ, ਗੁਰੁਗਰਾਮ ਵਿੱਚ ਫਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਰਣੀ ਸੈਨਾ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਫੂਕ ਦਿੱਤਾ।

ਪੁਲਿਸ ਮੁਤਾਬਕ ਪਿੰਡ ਭੌਂਡਸੀ ਸੋਹਣਾ ਰੋਡ 'ਤੇ ਜਥੇਬੰਦੀ ਦੇ ਕੁਝ ਕਾਰਕੁੰਨਾਂ ਨੇ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਨੂੰ ਅੱਗ ਲਾ ਦਿੱਤੀ।

ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸੂਬੇ ਅੰਦਰ ਕਿਸੇ ਨੂੰ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਹੈ।

ਪੀਟੀਆਈ ਮੁਤਾਬਕ ਸਰਬ ਕਸ਼ੱਤਰੀਆ ਮਹਾਂਸਭਾ ਦੇ ਆਗੂ ਰਾਕੇਸ਼ ਸਿੰਘ ਬਾਇਸ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਰਾਜਪੂਤ ਭਾਈਚਾਰੇ ਵੱਲੋਂ ਕੇਂਦਰੀ ਛੱਤੀਸਗੜ੍ਹ ਵਿੱਚ ਦਰਜਨਾਂ ਥਾਵਾਂ 'ਤੇ ਧਰਨੇ ਦਿੱਤੇ ਗਏ ਅਤੇ ਭੰਸਾਲੀ ਦੇ ਪੁਤਲੇ ਫੂਕੇ।

ਬਾਇਸ ਮੁਤਾਬਕ ਰਾਜਪੂਤ ਭਾਈਚਾਰਾ ਅਤੇ ਹਿੰਦੂ ਜਥੇਬੰਦੀਆਂ ਨੇ ਕਈ ਥਾਵਾਂ 'ਤੇ ਮੋਟਰਸਾਈਕਲ ਰੈਲੀਆਂ ਕੱਢ ਕੇ ਸਿਨੇਮਾ ਮਾਲਕਾਂ ਨੂੰ ਫਿਲਮ ਨਾ ਚਲਾਉਣ ਦੀ ਚਿਤਾਵਨੀ ਦਿੱਤੀ।

ਰਾਜਸਥਾਨ ਵਿੱਚ ਵੀ ਮੁਜ਼ਾਹਰੇ

ਉਧਰ ਰਾਜਸਥਾਨ ਪੁਲਿਸ ਦੇ ਡੀਜੀਪੀ ਓਪੀ ਗਲਹੋਤਰਾ ਮੁਤਾਬਕ ਕਰਣੀ ਸੈਨਾ ਅਤੇ ਕਈ ਰਾਜਪੂਤ ਸੰਗਠਨ ਸੂਬੇ ਭਰ 'ਚ ਧਰਨੇ ਮੁਜ਼ਾਹਰੇ ਕਰਨ ਦੀ ਯੋਜਨਾ ਬਣਾ ਰਹੇ ਹਨ।

ਗਲਹੋਤਰਾ ਨੇ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਦੇ ਧਰਨਿਆਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ।

ਕਰਣੀ ਸੈਨਾ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਸਕੱਤਰ ਰਾਜਵੰਸ਼ ਸਿੰਘ ਮੁਤਾਬਕ ਹਿੰਦੂ ਰਾਜਪੂਤ ਮਹਿਲਾਵਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੀ ਫਿਲਮ ਖ਼ਿਲਾਫ਼ ਮੋਰਚਾ ਲੱਗਿਆ ਰਹੇਗਾ।

"ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਵਾਂਗੇ। ਡਾਇਰੈਕਟਰ ਨੂੰ ਲਗਦਾ ਹੈ ਕਿ ਉਹ ਨਾਂ ਬਦਲ ਕੇ ਸਾਡੀ ਦੇਵੀ ਪਦਮਨੀ ਦਾ ਅਪਮਾਨ ਕਰ ਲਵੇਗਾ ਪਰ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ।"

ਕਰਣੀ ਸੈਨਾ ਦੇ 50 ਸਮਰਥਕ ਹਿਰਾਸਤ 'ਚ

ਪੀਟੀਆਈ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਮੁੰਬਈ ਦੇ ਵੱਖ ਵੱਖ ਇਲਾਕਿਆਂ ਵਿੱਚ ਫਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਰਣੀ ਸੈਨਾ ਦੇ ਕਰੀਬ 50 ਸਮਰਥਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਫਿਲਮ 'ਪਦਮਾਵਤ' ਦੇ ਵਿਰੋਧ ਵਿੱਚ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਤਿੰਨ ਪ੍ਰਮੁੱਖ ਮਲਟੀਪਲੈਕਸਾਂ ਤੋਂ ਬਾਹਰ ਹਿੰਸਾ ਤੇ ਭੰਨ-ਤੋੜ ਹੋਈ ਹੈ।

ਕੁਝ ਗੱਡੀਆਂ ਭੰਨੀਆਂ ਗਈਆਂ ਅਤੇ ਕਈਆਂ ਨੂੰ ਅੱਗ ਲਗਾ ਦਿੱਤੀ ਗਈ।

ਥਲਤੇਜ ਦੇ ਐਕਰੋਪੋਲਿਸ ਮਾਲ, ਗੁਰੂਕੁਲ ਮੇਮ ਨਗਰ ਦੇ ਹਿਮਾਲਿਆ ਮਾਲ ਅਤੇ ਵਤਰਾਪੁਰ ਦੇ ਐਲਫਾ ਈਕੋ ਮਾਲ ਦੇ ਬਾਹਰ ਅੱਗ ਲਾਉਣ ਅਤੇ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਹਨ।

ਇਸ ਦੀਆਂ ਆਲੋਚਕ ਜਥੇਬੰਦੀਆਂ ਨੇ ਇਸ ਲਈ ਇਸ ਦੇ ਡਾਇਰੈਕਟਰ ਸੰਜੈ ਲੀਲਾ ਬੰਸਾਲੀ 'ਤੇ ਇਲਜ਼ਾਮ ਲਗਾਏ ਹਨ, ਉਸ ਨੇ ਇੱਕ ਰਾਣੀ ਪਦਮਾਵਤੀ ਦੇ ਪ੍ਰੇਮੀ ਵਜੋਂ ਇੱਕ ਮੁਸਲਿਮ ਰਾਜੇ ਨੂੰ ਪੇਸ਼ ਕਰਕੇ ਇਤਿਹਾਸ ਨਲ ਛੇੜਛਾੜ ਕੀਤੀ ਹੈ।

ਹਾਲਾਂਕਿ ਫਿਲਮ ਦੇ ਨਿਰਮਾਤਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)