ਸਮੀਖਿਆ: 'ਹੱਡੀਆਂ ਚੱਬਦਾ ਖ਼ਿਲਜ਼ੀ ਅਤੇ ਪੱਖਾ ਝੱਲਦੀ ਪਦਮਾਵਤੀ'

    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਰੇਡੀਓ ਐਡੀਟਰ, ਬੀਬੀਸੀ ਹਿੰਦੀ

'ਪਦਮਾਵਤ' ਦੇਖਣ ਤੋਂ ਬਾਅਦ ਫ਼ਿਲਮ ਦੀ ਸਮੀਖਿਆ ਕਰ ਰਹੇ ਹਨ ਰਾਜੇਸ਼ ਜੋਸ਼ੀ।

ਫ਼ਿਲਮ ਪਦਮਾਵਤ ਵਿੱਚ ਸੰਜੇ ਲੀਲਾ ਭੰਸਾਲੀ ਦੇ ਸਿਨੇਮਾ ਦੀ ਚਮਕ-ਦਮਕ ਵੱਡੀ ਪੱਧਰ 'ਤੇ ਮੌਜੂਦ ਹੈ꞉

  • ਹਜ਼ਾਰਾਂ ਘੋੜਸਵਾਰ ਸੈਨਿਕ ਨੇਜ਼ੇ-ਭਾਲੇ ਅਤੇ ਢਾਲ ਤਲਵਾਰ ਲੈ ਕੇ ਇੱਕ ਦੂਜੇ 'ਤੇ ਟੁੱਟ ਪੈਂਦੇ ਹਨ.
  • ਧੂੜ ਨਾਲ ਕਾਲੇ ਪੈ ਗਏ ਯੁੱਧ ਦੇ ਮੈਦਾਨ ਵਿੱਚ ਅੱਗ ਉੱਗਲਣ ਵਾਲੀ ਤੋਪਗੱਡੀ ਖਿੱਚਦੇ ਹਾਥੀ
  • ਅਸਮਾਨ ਵਿੱਚ ਗੂੰਜਦੀਆਂ ਲੜਾਈ ਦੇ ਬਿਗਲ ਦੀਆਂ ਅਵਾਜ਼ਾਂ
  • ਰਾਜਪੂਤ ਅਤੇ ਸਲਤਨਤ ਕਾਲ ਦੀ ਸ਼ਾਨੋ-ਸ਼ੋਕਤ ਨੂੰ ਜ਼ਿੰਦਾ ਰੱਖਦੇ ਕਰੋੜਾਂ ਰੁਪਏ ਖ਼ਰਚ ਕਰਕੇ ਬਣਾਏ ਗਏ ਸੈੱਟ
  • ਅਦਭੁੱਤ ਰੂਪ ਨਾਲ ਸ਼ਾਨਦਾਰ ਸੰਗੀਤ

ਦਿੱਲੀ ਦੇ ਇੱਕ ਸਿਨੇਮਾ ਘਰ ਵਿੱਚ ਕੁਝ ਲੋਕਾਂ ਲਈ ਕੀਤੇ ਗਏ ਫ਼ਿਲਮ ਦੇ ਇਸ ਪ੍ਰੀਵਿਊ ਨੂੰ ਥ੍ਰੀ-ਡੀ ਚਸ਼ਮਾ ਲਗਾ ਕੇ ਦੇਖਦੇ ਹੋਏ ਲੱਗਿਆ ਜਿਵੇਂ ਤੁਸੀਂ ਖ਼ੁਦ ਕਹਾਣੀ ਦੀਆਂ ਘਟਨਾਵਾਂ ਦੇ ਕਿਰਦਾਰ ਅਤੇ ਹਿੱਸੇਦਾਰ ਹੋਵੋਂ।

ਇਹ ਤਾਂ ਰਹੀ ਭੰਸਾਲੀ ਦੇ ਸਿਨੇਮੇ ਦੀ ਕਲਾ ਅਤੇ ਤਕਨੀਕ ਦੀ ਖ਼ੂਬੀ। ਜੇਕਰ ਪਦਮਾਵਤ ਫ਼ਿਲਮ ਦੀ ਸਿਆਸਤ ਨੂੰ ਸਮਝਣਾ ਹੋਵੇ ਤਾਂ ਉਸ ਵਿੱਚ ਖਾਣ ਦੇ ਸੀਨ ਨੂੰ ਧਿਆਨ ਨਾਲ ਦੇਖਿਓ।

ਖਾਣ-ਪੀਣ ਦੀਆਂ ਆਦਤਾਂ ਨਾਲ ਹੀ ਇਨ੍ਹੀਂ ਦਿਨੀਂ ਭਾਰਤ ਵਿੱਚ ਨਾਇਕ ਅਤੇ ਖਲਨਾਇਕ ਤੈਅ ਕੀਤੇ ਜਾ ਰਹੇ ਹਨ।

ਫਿ਼ਲਮ ਵਿੱਚ ਇੱਕ ਪਾਸੇ ਖਾਣ ਲਈ ਪਰੋਸੇ ਮਾਸ 'ਤੇ ਟੁੱਪ ਪੈਣ ਤੋਂ ਪਹਿਲਾਂ ਉਸਨੂੰ ਭੁੱਖੇ ਜਾਨਵਰ ਦੀ ਤਰ੍ਹਾਂ ਸੁੰਘਦਾ ਹੋਇਆ ਅਲਾਊਦੀਨ ਖਿ਼ਲਜੀ ਹੈ, ਅਤੇ ਦੂਜੇ ਪਾਸੇ ਇੱਕ ਸਾਧੂ ਦੀ ਤਰ੍ਹਾਂ ਸ਼ਾਂਤੀ ਨਾਲ ਬੈਠ ਕੇ ਸਾਦਾ ਖਾਣਾ ਖਾ ਰਹੇ ਆਪਣੇ ਕਠੋਰ ਪਤੀ ਰਾਜਾ ਰਤਨ ਸਿੰਘ ਨੂੰ ਪੱਖੀ ਝਲਦੀ ਹੋਈ ਪਦਮਾਵਤੀ ਹੈ।

ਇੱਕ ਪਾਸੇ ਵੱਡੇ ਜਾਨਵਰਾਂ ਦੇ ਭੁੰਨੇ ਹੋਏ ਮਾਸ ਨੂੰ ਚਬਰ-ਚਬਰ ਚਬਾਉਂਦੇ, ਆਪਣੇ ਦੁਸ਼ਮਣਾਂ ਦੀ ਪਿੱਠ 'ਤੇ ਧੋਖੇ ਨਾਲ ਵਾਰ ਕਰਨ ਵਾਲੇ ਬੇ-ਰਹਿਮ ਅਤੇ ਅਰਾਜਕ ਮੁਸਲਮਾਨ ਹਮਲਾਵਰ ਹੈ।

ਤਾਂ ਦੂਜੇ ਪਾਸੇ ਆਪਣੀ ਆਣ-ਬਾਣ-ਸ਼ਾਨ ਅਤੇ ਵਚਨ ਲਈ ਮਰ ਮਿਟ ਜਾਣ ਵਾਲਾ ਹਿੰਦੂ ਰਾਜਪੂਤ ਰਾਜਾ ਰਤਨ ਸਿੰਘ।

ਪਿਛਲੇ ਤਿੰਨ ਚਾਰ ਸਾਲਾਂ ਵਿੱਚ ਹਿੰਦੁਸਤਾਨ ਵਿੱਚ ਜਿਸ ਤਰ੍ਹਾਂ ਮੁਸਲਮਾਨਾਂ ਦੀ ਦਿੱਖ ਪੇਂਟ ਕੀਤੀ ਗਈ ਹੈ, ਸੰਜੇ ਲੀਲਾ ਭੰਸਾਲੀ ਨੇ ਉਸੇ ਰੂੜੀਵਾਦੀ ਤਰੀਕੇ ਦੀ ਵਰਤੋਂ ਆਪਣੀ ਫ਼ਿਲਮ ਵਿੱਚ ਕੀਤੀ ਹੈ।

ਉਨ੍ਹਾਂ ਨੇ ਰਾਜਪੂਤਾਂ ਨੂੰ ਵਚਨ ਦੇ ਪੱਕੇ ਹੀਰੋ ਅਤੇ ਮੁਸਲਮਾਨ ਹਮਲਾਵਰਾਂ ਨੂੰ ਚਾਲਬਾਜ਼ ਅਤੇ ਖ਼ੂੰਖਾਰ ਖਲਨਾਇਕਾਂ ਦੀ ਤਰ੍ਹਾਂ ਦਿਖਾਇਆ ਗਿਆ ਹੈ। ਪਰ ਇਹ ਦਾਅ ਉਲਟਾ ਪੈ ਗਿਆ ਅਤੇ ਖ਼ੁਦ ਰਾਜਪੂਤ ਦੀ ਹਿੰਸਾ ਦੇ ਦਮ 'ਤੇ ਫ਼ਿਲਮ ਨੂੰ ਰੋਕਣ ਦੀ ਧਮਕੀ ਦੇ ਰਹੇ ਹਨ।

ਜਿਸ ਦੌਰ ਵਿੱਚ ਮੁਹਮੰਦ ਅਖ਼ਲਾਕ, ਪਹਲੂ ਖ਼ਾਨ ਅਤੇ ਜੁਨੈਦ ਆਦਿ ਨੂੰ ਮੁਸਲਮਾਨ ਹੋਣ ਦੇ ਕਾਰਨ ਕੁੱਟ-ਕੁੱਟ ਕੇ ਮਾਰ ਦਿੱਤਾ ਹੋਵੇ, ਜਦੋਂ ਆਮ ਮੁਸਲਮਾਨ ਤੋਂ ਕਸ਼ਮੀਰ, ਪਾਕਿਸਤਾਨ, ਅੱਤਵਾਦ ਦੇ ਮੁੱਦਿਆਂ 'ਤੇ ਵਾਰ-ਵਾਰ ਸਫ਼ਾਈ ਮੰਗੀ ਜਾਂਦੀ ਹੋਵੇ।

ਬਿਨਾਂ ਮੁੱਛਾਂ ਦੇ ਨਾਲ ਦਾੜ੍ਹੀ ਰੱਖਣ ਵਾਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਹੋਵੇ, ਅਜਿਹੇ ਵਿੱਚ ਇਹ ਫ਼ਿਲਮ ਦਾਨਵ ਵਰਗੇ ਖ਼ਿਲਜੀਆਂ ਦੇ ਨਾਲ ਰਾਜਪੂਤਾਂ ਦੇ ਟਕਰਾਅ ਦੀ ਕਹਾਣੀ ਕਹਿੰਦੀ ਹੈ।

ਜੱਲਾਦ ਵਰਗਾ ਦਿਖਣ ਵਾਲਾ ਖ਼ਿਲਜੀ

ਫ਼ਿਲਮ ਦੇ ਪਹਿਲੇ ਹੀ ਸੀਨ ਵਿੱਚ ਭਾਰੀ ਜਹੀ ਅਫ਼ਗ਼ਾਨੀ ਪੱਗ ਬੰਨ੍ਹੀ, ਅੱਖਾਂ ਵਿੱਚ ਤੇਜ਼ ਗੁੱਸਾ, ਮਾਸ ਚਬਾਉਂਦੇ ਹੋਏ ਜਲਾਲੁਦੀਨ ਖ਼ਿਲਜੀ ਦਾ ਜੱਲਾਦ ਵਰਗਾ ਦਿਖਣ ਵਾਲਾ ਭਾਰੀ ਚਿਹਰਾ ਪਰਦੇ 'ਤੇ ਨਜ਼ਰ ਆਉਂਦਾ ਹੈ।

ਵਰਾਂਡੇ ਦੇ ਇੱਕ ਕੋਨੇ ਵਿੱਚ ਇੱਕ ਸਮੁੱਚਾ ਵੱਡਾ ਜਾਨਵਰ ਅੱਗ ਦੇ ਉੱਤੇ ਗੋਲ-ਗੋਲ ਘੁੰਮਾ ਕੇ ਭੁੰਨਿਆ ਜਾ ਰਿਹਾ ਹੈ।

ਜਲਾਲੁਦੀਨ ਖ਼ਿਲਜ਼ੀ ਦੇ ਆਲੇ-ਦੁਆਲੇ ਪੱਗਾਂ ਬੰਨ੍ਹੀ, ਬਿਨਾਂ ਮੁੱਛਾਂ ਦੇ ਮੁਸਲਮਾਨਾਂ ਵਾਲੀ ਦਾੜ੍ਹੀ ਵਾਲੇ 10-12 ਹੋਰ ਦਰਬਾਰੀ ਇਕੱਠੇ ਹਨ। ਇਹ ਅਫ਼ਗਾਨ ਲੁਟੇਰੇ ਦਿੱਲੀ 'ਤੇ ਆਪਣੀ ਫਤਿਹ ਦਾ ਜਸ਼ਨ ਮਨਾ ਰਹੇ ਹਨ।

ਅਜਿਹੇ ਵਿੱਚ ਉੱਚੇ ਕੱਦ ਦੇ ਘਮੰਡ ਨਾਲ ਭਰਿਆ ਇੱਕ ਜਵਾਨ ਇੱਕ ਵੱਡੇ ਸ਼ੁਤਰਮਰਗ਼ ਨੂੰ ਕੁੱਤੇ ਦੀ ਤਰ੍ਹਾਂ ਜ਼ੰਜੀਰ ਨਾਲ ਬੰਨ੍ਹ ਕੇ ਉੱਥੇ ਲਿਆਂਦਾ ਹੈ।

ਇਹ ਜਲਾਲੁਦੀਨ ਖ਼ਿਲਜ਼ੀ ਦਾ ਭਤੀਜਾ ਅਲਾਊਦੀਨ ਖ਼ਿਲਜ਼ੀ ਹੈ।

ਉਸਦੀ ਚਚੇਰੀ ਭੈਣ ਨੇ ਉਸ ਤੋਂ ਸ਼ੁਤਰਮੁਰਗ ਦਾ ਖੰਭ ਮੰਗਿਆ ਸੀ ਪਰ ਉਹ ਪੂਰਾ ਸ਼ੁਤਰਮੁਰਗ ਹੀ ਲੈ ਆਇਆ ਤਾਂਕਿ ਆਪਣੇ ਚਾਚਾ ਜਲਾਲੂਦੀਨ ਤੋਂ ਆਪਣੀ ਚਚੇਰੀ ਭੈਣ ਦਾ ਹੱਥ ਮੰਗ ਸਕੇ।

ਕਿਉਂਕਿ ਉਹ ਹਰ ਨਾਇਬ ਚੀਜ਼ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ।

ਸਿੰਘਲਾ ਦੀਪ (ਸ਼੍ਰੀਲੰਕਾ) ਦੀ ਰਾਜਕੁਮਾਰੀ ਪਦਮਾਵਤੀ ਅਜਿਹੀ ਹੀ ਨਾਯਾਬ ਸੁੰਦਰੀ ਹੈ। ਜੋ ਆਪਣੇ ਪਿਤਾ ਦੇ ਮਹਿਮਾਨ ਮੇਵਾੜ ਦੇ ਰਾਜਾ ਸਤਨ ਦੇ ਪਿਆਰ ਵਿੱਚ ਪੈ ਕੇ ਉਸ ਨਾਲ ਵਿਆਹ ਕਰ ਲੈਂਦੀ ਹੈ।

ਚੱਕਰ ਘੁੰਮਾ ਕੇ 'ਓਮ ਮਣੀ ਪਦਮੇ ਹੁਮ' ਦਾ ਜਾਪ ਕਰਨ ਵਾਲੀ ਇਹ ਬੋਧੀ ਕੁੜੀ ਵਿਆਹ ਤੋਂ ਬਾਅਦ ਅਜਿਹੀ ਰਾਜਪੁਤਾਨੀ ਦੇ ਰੂਪ ਵਿੱਚ ਬਦਲ ਜਾਂਦੀ ਹੈ ਜੋ ਤਲਵਾਰ ਨੂੰ ਸੁਆਣੀਆਂ ਦਾ ਕੰਗਣ ਦੱਸਣ ਵਾਲੀ ਲੱਗਦੀ ਹੈ ਅਤੇ ਫ਼ਿਲਮ ਦੇ ਅਖ਼ੀਰ ਵਿੱਚ ਜਿਊਂਦੀ ਹੀ ਸੈਂਕੜੇ ਸੁਆਣੀਆਂ ਨਾਲ ਅੱਗ ਵਿੱਚ ਛਾਲ ਮਾਰ ਦਿੰਦੀ ਹੈ।

ਕਹਾਣੀ ਦੇ ਕੇਂਦਰ ਵਿੱਚ ਇਕ ਕਿਰਦਾਰ ਰਾਜਾ ਰਤਨ ਸਿੰਘ ਦਾ ਰਾਜਗੁਰੂ ਹੈ, ਜਿਸਨੂੰ ਪਦਮਾਵਤੀ ਦੇਸ ਤੋਂ ਕਢਵਾ ਦਿੰਦੀ ਹੈ। ਇਹੀ ਗੁਰੂ, ਅਲਾਊਦੀਨ ਖ਼ਿਲਜ਼ੀ ਨੂੰ ਪਦਮਾਵਤੀ ਦੇ ਹੁਸਨ ਬਾਰੇ ਦੱਸਦਾ ਹੈ।

ਪਦਮਾਵਤੀ ਨੂੰ ਹਾਸਲ ਕਰਨ ਲਈ ਅਲਾਊਦੀਨ ਦੀਆਂ ਫੌਜਾਂ ਚਿਤੌੜਗੜ੍ਹ ਨੂੰ ਘੇਰਾ ਪਾ ਲੈਂਦੀਆਂ ਹਨ।

ਅਲਾਊਦੀਨ ਖ਼ਿਲਜ਼ੀ ਆਤਮ ਸਮਰਪਣ ਕਰਨ ਦੇ ਬਹਾਨੇ ਕਿਲੇ ਦੇ ਅੰਦਰ ਪਹੁੰਚ ਜਾਂਦਾ ਹੈ ਅਤੇ ਪਦਮਾਵਤੀ ਦੀ ਝਲਕ ਦੇਖਣ ਦੀ ਕੋਸ਼ਿਸ਼ ਕਰਦਾ ਹੈ।

ਅਸਫ਼ਲ ਹੋਣ 'ਤੇ ਰਾਜਾ ਰਤਨ ਸਿੰਘ ਨੂੰ ਆਪਣੇ ਖ਼ੇਮੇ ਵਿੱਚ ਮਹਿਮਾਨ ਦੇ ਤੌਰ 'ਤੇ ਬੁਲਾਉਂਦਾ ਹੈ।

ਥ੍ਰੀ-ਡੀ ਤਕਨੀਕ ਨਾਲ ਸਜਾਈ ਗਈ ਫਿਲਮ

ਹੁਣ ਸ਼ੁਰੂ ਹੁੰਦਾ ਹੈ ਲੋਹੇ ਨਾਲ ਲੋਹਾ ਟਕਰਾਉਣ ਦਾ ਦੌਰ। ਸੰਜੇ ਲੀਲਾ ਭੰਸਾਲੀ ਆਪਣੀਆਂ ਫਿਲਮਾਂ ਦੀ ਜਿਸ ਵਡਿਆਈ ਲਈ ਜਾਣੇ ਜਾਂਦੇ ਹਨ, ਉਨ੍ਹਾਂ ਨੇ ਇਸ ਵਡਿਆਈ ਨੂੰ ਰਣਭੂਮੀ ਵਿੱਚ ਵੀ ਉਤਾਰ ਦਿੱਤਾ।

ਥ੍ਰੀ-ਡੀ ਦਾ ਕਮਾਲ ਹੈ ਕਿ ਤੁਸੀਂ ਜੰਗ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਦੇਖਦੇ ਹੋ।

ਗੱਜਦੇ ਬਿਗਲ ਅਤੇ ਤਲਵਾਰਾਂ ਦੀ ਟੁਣਕਾਰ ਅਤੇ ਰਾਜੁਪੂਤੀ ਆਨ ਬਾਨ ਸ਼ਾਨ ਦੀ ਕਹਾਣੀ ਨਾਲੋ-ਨਾਲ ਚਲਦੀ ਹੈ ਕਿ ਰਾਜਪੂਤ ਸਿਰ ਕਟਵਾ ਸਕਦਾ ਹੈ ਪਰ ਸਿਰ ਝੁਕਾ ਨਹੀਂ ਸਕਦਾ।

ਰਾਜਪੂਤ ਆਪਣਾ ਵਚਨ ਪੂਰਾ ਕਰਨ ਲਈ ਆਪਣਾ ਸਭ ਕੁਝ ਦਾਅ 'ਤੇ ਲਗਾਉਣ ਲਈ ਤਿਆਰ ਰਹਿੰਦਾ ਹੈ।

ਰਾਜਪੂਤ ਕਿਸੇ ਨੂੰ ਇੱਕ ਵਾਰ ਮਹਿਮਾਨ ਬਣਾ ਲੈਂਦਾ ਹੈ ਤਾਂ ਫਿਰ ਉਸ ਦੇ ਤਲਵਾਰ ਦਾ ਵਾਰ ਨਹੀਂ ਕਰਦਾ।

ਰਾਜਪੂਤ ਆਪਣੇ ਦੁਸ਼ਮਣ ਦੀ ਕੈਦ ਹੋਣ ਦੇ ਬਾਵਜੂਦ ਸਮਝੌਤਾ ਨਹੀਂ ਕਰਦਾ।

ਰਾਜਪੂਤ ਧੋਖੇਬਾਜ਼ ਦੁਸ਼ਮਣ ਨਾਲ ਵੀ ਧੋਖਾ ਨਹੀਂ ਕਰਦਾ।

ਸੁਆਣੀ ਆਪਣੀ ਨੈਤਿਕਤਾ ਅਤੇ ਧਰਮ ਦੀ ਰੱਖਿਆ ਲਈ ਚੂੜੀਆਂ ਲਾ ਕੇ ਤਲਵਾਰ ਚੁੱਕਣ ਵਿੱਚ ਵੀ ਨਹੀਂ ਹਿਚਕਿਚਾਉਂਦੀ।

ਸੁਆਣੀ ਕਾਫ਼ਰ ਦੇ ਹੱਥਾਂ 'ਚ ਜਾਣ ਦੀ ਥਾਂ ਜੌਹਰ ਕਰਕੇ ਖ਼ੁਦ ਨੂੰ ਭਸਮ ਕਰ ਲੈਣਾ ਚੰਗਾ ਸਮਝਦੀ ਹੈ।

ਰਾਜਪੂਤਾਂ ਦਾ ਗੌਰਵਗਾਨ

ਜਿਵੇਂ ਫਿਲਮ ਵਿੱਚ ਰਾਜਪੂਤ ਰਾਜਿਆਂ ਨੂੰ ਕਰੀਬ ਸੁਪਰ ਹਿਊਮਨ ਦਾ ਦਰਜਾ ਦਿੰਦੇ ਹਨ, ਉਸ ਨਾਲ ਰਾਜਪੂਤਾਂ ਨੂੰ ਖੁਸ਼ ਹੋਣਾ ਚਾਹੀਦਾ ਹੈ।

ਫਿਲਮ ਦੇ ਅਖ਼ੀਰ ਵਿੱਚ ਰਾਜਪੂਤਾਨੀਆਂ ਨੂੰ ਜੌਹਰ ਦਾ ਮੁਜ਼ਾਹਰਾ ਕਰਦਿਆਂ ਦਿਖਾਇਆ ਗਿਆ ਹੈ ਅਤੇ ਰਾਜਸਥਾਨ 'ਚ ਅਜਿਹੇ ਕਈ ਲੋਕ ਮਿਲ ਜਾਣਗੇ ਜੋ ਜੌਹਰ ਅਤੇ ਸਤੀ ਪ੍ਰਥਾ ਦਾ ਹੁਣ ਵੀ ਗੁਣਗਾਨ ਕਰਦੇ ਹਨ।

ਬਹੁਤ ਸਾਰੇ ਲੋਕਾਂ ਨੂੰ ਯਾਦ ਹੋਵੇਗਾ ਕਿ 30 ਸਾਲ ਪਹਿਲਾਂ ਜਦੋਂ ਰਾਜਸਥਾਨ 'ਚ ਦੇਵਰਾਲਾ ਦੀ ਰੂਪਕੁੰਵਰ ਨੂੰ ਉਸ ਦੇ ਪਤੀ ਦੀ ਚਿਤਾ 'ਚ ਸਾੜ ਦਿੱਤਾ ਗਿਆ ਸੀ।

ਉਸ ਵੇਲੇ ਬਹੁਤ ਸਾਰੇ ਰਾਜਪੂਤ ਜਥੇਬੰਦੀਆਂ ਨੇ ਸਤੀ ਪ੍ਰਥਾ ਦਾ ਗੁਣਗਾਨ ਕਰਦੇ ਹੋਏ ਲਗਭਗ ਕਰਣੀ ਸੈਨਾ ਦੇ ਸੁਰਾਂ ਵਿੱਚ ਸਤੀ ਪ੍ਰਥਾ ਦਾ ਵਿਰੋਧ ਕਰਨ ਵਾਲਿਆਂ ਦੀ ਇੱਟ ਨਾਲ ਇੱਟ ਖੜਕਾਉਣ ਦੀ ਧਮਕੀ ਦਿੱਤੀ ਸੀ।

ਇਸ ਸਭ ਦੇ ਬਾਵਜੂਦ ਪਤਾ ਨਹੀਂ ਕਿਉਂ ਫਿਲਮ ਪਦਮਾਵਤ ਨਾਲ ਰਾਜਪੂਤ ਕਰਣੀ ਸੈਨਾ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ।

ਖ਼ਿਲਜ਼ੀ ਬਾਦਸ਼ਾਹਾਂ ਨੂੰ ਬਦਮਾਸ਼, ਚਾਲਬਾਜ਼, ਖ਼ਤਰਨਾਕ, ਧੋਖੇਬਾਜ ਆਦਿ ਦਿਖਾਉਣ ਨਾਲ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਖ਼ਬਰ ਮੈਂ ਅਜੇ ਤੱਕ ਨਹੀਂ ਪੜ੍ਹੀ।

ਹਿੰਦੁਸਤਾਨ 'ਚ ਕੀ ਕੋਈ ਮੁਸਲਮਾਨ ਖ਼ੁਦ ਨੂੰ ਖ਼ਿਲਜੀ ਦੇ ਖ਼ਾਨਦਾਨ ਦਾ ਵਾਰਿਸ ਵੀ ਕਹਿੰਦਾ ਹੋਵੇਗਾ ਅਤੇ ਜੇਕਰ ਕੋਈ ਹੋਵੇਗਾ ਵੀ ਤਾਂ ਕੀ ਉਸ ਨੂੰ ਅਲਾਉਦੀਨ ਜਾਂ ਜਲਾਉਦੀਨ ਨੂੰ ਬੇਰਹਿਮ ਕਹਿਣ ਨਾਲ ਕੋਈ ਫਰਕ ਪੈਂਦਾ ਹੋਵੇਗਾ।

ਫਿਰ ਪਤਾ ਨਹੀਂ ਕਿਉਂ ਚਾਰ ਸੂਬਿਆਂ ਦੀਆਂ ਸਰਕਾਰਾਂ ਕਰਣੀ ਸੈਨਾ ਦੀਆਂ ''ਭਾਵਨਾਵਾਂ ਨੂੰ ਠੇਸ ਪਹੁੰਚਾਉਣ' ਲਈ ਗੁੱਸੇ ਵਿਚ ਹਨ।

ਪਦਮਾਵਤ ਦੇ ਵਾਰਿਸ ਪ੍ਰਸੂਨ ਜੋਸ਼ੀ ਤੋਂ ਕਿਉਂ ਖਫ਼ਾ ਹਨ?

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਿੰਹਲ ਦਵੀਪ ਦੀ ਸੁਕੰਨਿਆ ਨੂੰ ਰਾਸ਼ਟਰਮਾਤਾ ਦੱਸ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੇ ਆਗੂ ਪਦਮਾਵਤੀ ਦਾ ਰੋਲ ਕਰਨ ਵਾਲੀ ਦੀਪਿਕਾ ਪਾਦੂਕੋਣ ਦਾ ਸਿਰ ਕੱਟਣ ਵਾਲੇ ਨੂੰ ਸੌ ਕਰੋੜ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕੇ ਹਨ।

ਭਾਜਪਾ ਸਰਕਾਰਾਂ ਨੂੰ ਫਿਕਰ ਨਹੀਂ ਹੈ ਕਿ ਦੇਸ ਦਾ ਸੁਪਰੀਮ ਕੋਰਟ ਸਾਰੇ ਇਤਰਾਜਾਂ ਨੂੰ ਦਰਕਿਨਾਰ ਕਰਦੇ ਹੋਏ ਫ਼ੈਸਲਾ ਦੇ ਚੁੱਕਿਆ ਹੈ ਕਿ 25 ਜਨਵਰੀ ਨੂੰ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ।

ਅਸਲੀ ਉਲਝਣ ਸੰਜੇ ਲੀਲਾ ਭੰਸਾਲੀ ਅਤੇ ਉਨ੍ਹਾਂ ਫਾਈਨੈਂਸਰਾਂ ਲਈ ਹੈ,ਜਿੰਨ੍ਹਾਂ ਨੇ ਰਾਜਪੂਤਾਂ ਦੀ ਗੌਰਵਗਾਥਾ ਸੁਣਾਈ ਅਤੇ ਰਾਜਪੂਤਾਂ ਨੂੰ ਹੀ ਨਹੀਂ ਮਨਾਂ ਪਾ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)