'ਪਦਮਾਵਤ' ਦੀ ਰਿਲੀਜ਼ ਤੋਂ ਪਹਿਲਾਂ ਗੁਜਰਾਤ ਵਿੱਚ ਹਿੰਸਾ

    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਪੱਤਰਕਾਰ, ਅਹਿਮਦਾਬਾਦ

ਬਾਲੀਵੁੱਡ ਫ਼ਿਲਮ 'ਪਦਮਾਵਤ' ਪੂਰੇ ਮੁਲਕ 'ਚ ਰਿਲੀਜ਼ ਹੋਵੇਗੀ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੀ ਗੁਜਰਾਤ ਵਿੱਚ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਸਿਨੇਮਾਘਰਾਂ ਦੀ ਤੋੜਫੋੜ ਅਤੇ ਮੁਜਾਹਰੇ ਹੋਏ।

ਫ਼ਿਲਮ ਨੂੰ ਰਿਲੀਜ਼ ਦੀ ਹਰੀ ਝੰਡੀ ਮਿਲਣ ਮਗਰੋਂ ਵੀ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਰਿਲੀਜ਼ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ।

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤੀ' 'ਤੇ ਰਾਜਪੂਤ ਸਮਾਜ ਤੇ ਕਰਣੀ ਸੈਨਾ ਦਾ ਵਿਰੋਧ ਵੱਡੇ ਪੱਧਰ 'ਤੇ ਵਧਿਆ ਸੀ।

ਬਾਅਦ ਵਿੱਚ ਦੀਪਿਕਾ ਪਾਦੂਕੋਣ, ਰਣਬੀਰ ਸਿੰਘ ਤੇ ਸ਼ਾਹਿਦ ਕਪੂਰ ਸਟਾਰਰ ਫ਼ਿਲਮ ਦਾ ਨਾਮ ਬਦਲ ਕੇ 'ਪਦਮਾਵਤ' ਕਰ ਦਿੱਤਾ ਗਿਆ।

ਕੀ ਸੀ ਵਿਵਾਦ?

ਵਾਇਕੌਮ 18 ਦੇ ਬੈਨਰ ਹੇਠ ਬਣੀ ਫ਼ਿਲਮ ਪਦਮਾਵਤੀ 'ਤੇ ਕਈ ਦਿਨਾਂ ਤੋਂ ਵਿਵਾਦ ਜਾਰੀ ਸੀ। ਸਾਰਾ ਵਿਵਾਦ ਰਾਣੀ ਪਦਮਾਵਤੀ ਅਤੇ ਅਲਾਉਦਿਨ ਖਿਲਜੀ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਸੀ।

ਰਾਜਸਥਾਨ ਦੇ ਕਰਣੀ ਸੈਨਾ ਤੋਂ ਇਲਾਵਾ ਰਾਜਪੂਤ ਸੰਗਠਨਾਂ ਦਾ ਇਲਜ਼ਾਮ ਸੀ ਕਿ ਰਾਣੀ ਪਦਮਾਵਤੀ ਦੇ ਪ੍ਰੇਮ ਸਬੰਧਾਂ 'ਤੇ ਫ਼ਿਲਮ ਬਣਾ ਕੇ ਰਾਜਪੂਤਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ।

ਪਹਿਲਾਂ ਇਹ ਫ਼ਿਲਮ ਇੱਕ ਦਸੰਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਵਾਲੀ ਸੀ। ਲੰਬੀ ਖਿੱਚੋਤਾਣ ਮਗਰੋਂ ਫ਼ਿਲਮ ਦਾ ਨਾਂ 'ਪਦਮਾਵਤ' ਕਰ ਦਿੱਤਾ ਗਿਆ। ਹੁਣ ਇਹ ਫ਼ਿਲਮ 25 ਜਨਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਗੁਜਰਾਤ 'ਚ ਹਿੰਸਾ

ਅਹਿਮਦਾਬਾਦ ਦੇ ਨਿਕੋਲ ਇਲਾਕੇ 'ਚ ਰਾਜਹੰਸ ਸਿਨੇਮਾ ਦੇ ਟਿਕਟ ਕਾਉਂਟਰ 'ਤੇ ਤੋੜ ਫੋੜ ਕੀਤੀ ਗਈ। ਨਿਕੋਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਸ਼ਿਕਾਅਤ ਦਰਜ ਕੀਤੀ ਹੈ।

ਨਿਕੋਲ ਪੁਲਿਸ ਠਾਣੇ ਦੇ ਇੰਸਪੈਕਟਰ ਐੱਨ ਐੱਨ ਪਾੜਘੀ ਨੇ ਬੀਬੀਸੀ ਨੂੰ ਦੱਸਿਆ ਕਿ ਕੁਝ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ, ''ਹਾਲੇ ਤਕ ਸਾਨੂੰ ਇਹ ਨਹੀਂ ਪਤਾ ਕਿ ਉਹ ਲੋਕ ਕਰਨੀ ਸੇਨਾ ਤੋਂ ਸੀ ਪਰ ਅਸੀਂ ਸਿਨੇਮਾਘਰ ਨੂੰ ਕੜੀ ਸੁਰੱਖਿਆ ਮੁਹੱਈਆ ਕਰਵਾਈ ਹੈ।''

ਗੁਜਰਾਤ ਪੁਲਿਸ ਦੇ ਡੀਜੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸੂਬੇ ਨੂੰ ਸਾਂਤ ਰੱਖਣ ਲਈ ਕਈ ਕਦਮ ਚੁੱਕੇ ਗਏ ਹਨ।

ਉਨ੍ਹਾਂ ਕਿਹਾ, ''ਇਹ ਸਿਨੇਮਾਘਰਾਂ ਦੀ ਮਰਜ਼ੀ ਹੈ ਜੇ ਉਹ ਫਿਲਮ ਚਲਾਉਣਾ ਚਾਹੁੰਦੇ ਹਨ ਜਾਂ ਨਹੀਂ। ਪਰ ਅਸੀਂ ਉਨ੍ਹਾਂ ਨੂੰ ਕੜੀ ਸੁਰੱਖਿਆ ਮੁਹੱਈਆ ਕਰਵਾਉਣਗੇ।''

ਪੂਰੇ ਸੂਬੇ ਵਿੱਚ 14000 ਹੋਰ ਪੁਲਿਸ ਕਰਮੀਆਂ ਨੂੰ ਤੈਅਨਾਤ ਕੀਤਾ ਗਿਆ ਹੈ।

ਸੂਬਾ ਸਰਕਾਰ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦਾ ਕਾਨੂੰਨੀ ਤਰੀਕਾ ਲੱਭ ਰਹੀ ਹੈ। ਗ੍ਰਿਹ ਮੰਤਰੀ ਪ੍ਰਦੀਪਸਿੰਹ ਜਡੇਜਾ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਰਹੀ ਹੈ।

ਗ੍ਰਹਿ ਮੰਤਰੀ ਨੇ ਕਿਹਾ, ''ਅਸੀਂ ਸੁਪਰੀਮ ਕੋਰਟ ਦੇ ਆਰਡਰ ਦਾ ਸਨਮਾਨ ਕਰਦੇ ਹਾਂ। ਪਰ ਫਿਲਮ ਰਿਲੀਜ਼ ਹੋਣ ਨਾਲ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਇਸ ਲਈ ਅਸੀਂ ਇਸ ਦਾ ਕਾਨੂੰਨੀ ਹੱਲ ਲੱਭ ਰਹੇ ਹਾਂ।''

ਮਲਟੀਪਲੈਕਸ ਪ੍ਰੇਸ਼ਾਨ

ਕੜੀ ਸੁਰੱਖਿਆ ਦੇ ਬਾਵਜੂਦ ਵੱਡੇ ਸਿਨੇਮਾਘਰ 25 ਜਨਵਰੀ ਨੂੰ ਫਿਲਮ ਵਿਖਾਉਣ ਤੋਂ ਇੰਨਕਾਰ ਕਰ ਰਹੇ ਹਨ।

ਗੁਜਰਾਤ ਦੀ ਮਲਟੀਪਲੈਕਸ ਓਨਰਸ ਅਸੋਸੀਏਸ਼ਨ ਦੇ ਮੁਖੀ ਮਨੁਭਾਈ ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੇ ਸਿਨੇਮਾ ਹਾਲ ਵਿੱਚ ਫਿਲਮ ਨੂੰ ਰਿਲੀਜ਼ ਨਹੀਂ ਕਰਨਗੇ।

ਉਨ੍ਹਾਂ ਕਿਹਾ, ''ਪੁਲਿਸ ਹਾਲ ਦੇ ਬਾਹਰ ਸੁਰੱਖਿਆ ਦੇ ਰਹੀ ਹੈ। ਜੇ ਉਹ ਅੰਦਰ ਆਕੇ ਤੋੜ ਫੋੜ ਕਰਨਗੇ, ਤਾਂ ਅਸੀਂ ਕੀ ਕਰਾਂਗੇ।''

ਹੁਣ ਤੱਕ ਸੂਬੇ ਦੀਆਂ 8 ਬੱਸਾਂ ਨੂੰ ਅੱਗ ਲਾ ਦਿੱਤੀ ਗਈ ਹੈ ਅਤੇ ਕਈ ਹਾਈਵੇਅ ਬੰਦ ਕੀਤੇ ਗਏ ਹਨ।

ਰਾਜਪੂਤ ਕਰਨੀ ਸੇਨਾ ਨੇ ਹੋਰ ਵੀ ਪ੍ਰਦਰਸ਼ਨਾਂ ਦੀ ਧਮਕੀ ਦਿੱਤੀ ਹੈ। ਹੁਣ ਤੱਕ ਘੱਟੋ ਘੱਟ 15 ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ।

ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਗੁਜਰਾਤ ਰਾਜਪੂਤ ਕਰਨੀ ਸੇਨਾ ਦੇ ਸਲਾਹਕਾਰ ਮਨਵੇਂਦਰਸਿੰਹ ਗੋਹਿਲ ਨੇ ਦੱਸਿਆ ਕਿ ਰਾਜਪੂਤ ਕਰਨੀ ਸੇਨਾ ਅਹਿਮਦਾਬਾਦ ਵਦੋਦਰਾ ਹਾਈਵੇਅ, ਅਹਿਮਦਾਬਾਦ ਰਾਜਕੋਟ ਹਾਈਵੇਅ ਅਤੇ ਸੋਮਨਾਥ ਹਾਈਵੇਅ ਨੂੰ ਬੰਦ ਕਰ ਦੇਗੀ।

ਉਨ੍ਹਾਂ ਮੁਤਾਬਕ ਫਿਲਮ ਰਾਜਪੂਤ ਔਰਤਾਂ ਦੀ ਬੇਇੱਜਤੀ ਕਰਦੀ ਹੈ ਅਤੇ ਉਹ ਇਸ 'ਤੇ ਬੈਨ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)