ਕਾਬੁਲ ਹਮਲਾ: 'ਹਮਲਾਵਰਾਂ ਨੇ ਪਹਿਲਾਂ ਖਾਣਾ ਖਾਧਾ ਅਤੇ ਲੋਕਾਂ ਨੂੰ ਗੋਲੀਆਂ ਮਾਰੀਆਂ'

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੰਟਰਕੌਨਟੀਨੈਂਟਲ ਹੋਟਲ 'ਤੇ ਹੋਏ ਹਮਲੇ ਵਿੱਚ 14 ਵਿਦੇਸ਼ੀ ਅਤੇ ਚਾਰ ਅਫ਼ਗਾਨੀ ਵੀ ਮਾਰੇ ਗਏ।

ਕਾਬੁਲ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਹਮਲੇ ਵਿੱਚ ਇੱਕ ਜਰਮਨੀ, ਇੱਕ ਗ੍ਰੀਸ ਅਤੇ ਇੱਕ ਕਜ਼ਾਕਿਸਤਾਨ ਦੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

ਅਫ਼ਗਾਨਿਸਤਾਨ ਦੀ ਏਅਰਲਾਈਨ ਕੈਮ ਏਅਰ ਮੁਤਾਬਕ ਹਮਲੇ ਵਿੱਚ ਉਸਦੇ ਕਈ ਮੁਲਾਜ਼ਮ ਮਾਰੇ ਗਏ ਹਨ ਅਤੇ ਕਈ ਲਾਪਤਾ ਹਨ।

ਆਪਰੇਸ਼ਨ ਦੌਰਾਨ ਤਿੰਨੋ ਹਮਲਾਵਰ ਵੀ ਮਾਰੇ ਗਏ। ਚਾਰ ਨਾਗਰਿਕਾਂ ਸਮੇਤ 10 ਲੋਕ ਜ਼ਖਮੀ ਵੀ ਹੋਏ ਹਨ।

ਸ਼ਨੀਵਾਰ ਨੂੰ ਕਾਬੁਲ ਦੇ ਹੋਟਲ ਵਿੱਚ ਹੋਈ ਗੋਲਬਾਰੀ ਬਾਰੇ ਇੱਕ ਪ੍ਰਤੱਖਦਰਸ਼ੀ ਨੇ ਬੀਬੀਸੀ ਨੂੰ ਉੱਥੇ ਦੇ ਭਿਆਨਕ ਦ੍ਰਿਸ਼ ਬਾਰੇ ਦੱਸਿਆ।

ਸੁਰੱਖਿਆ ਕਾਰਨਾਂ ਕਰਕੇ ਸ਼ਖਸ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਰਹੀ ਹੈ।

ਚਸ਼ਮਦੀਦ ਨੇ ਦੱਸਿਆ ਕਿ ਮੈਂ ਆਪਣੇ ਆਪ ਨੂੰ ਅਫ਼ਗਾਨੀ ਦੱਸ ਕੇ ਆਪਣੀ ਜਾਨ ਬਚਾਈ।

ਚਸ਼ਮਦੀਦ ਮੁਤਾਬਕ, ''ਹਮਲਾਵਰ ਚੀਕ ਰਹੇ ਸਨ ਅਤੇ ਪੁੱਛਿਆ ਕਿ ਵਿਦੇਸ਼ੀ ਕਿੱਥੇ ਹਨ?''

'ਗੋਲੀਬਾਰੀ ਤੋਂ ਪਹਿਲਾਂ ਉਨ੍ਹਾਂ ਖਾਣਾ ਖਾਧਾ'

ਸਥਾਨਕ ਸਮੇਂ ਮੁਤਾਬਕ ਹੋਟਲ ਦੀ ਛੇਵੀਂ ਮੰਜ਼ਿਲ 'ਤੇ ਸਥਾਨਕ ਸਮੇਂ ਮੁਤਾਬਕ ਰਾਤ ਨੌਂ ਵਜੇ ਹਮਲਾਵਰ ਪਹੁੰਚੇ। ਲੋਕ ਉਸ ਸਮੇਂ ਰਾਤ ਦਾ ਖਾਣਾ ਖਾ ਰਹੇ ਸਨ।

ਪ੍ਰਤੱਖਦਰਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਵੀ ਆਪਣੇ ਪੁੱਤਰ ਨਾਲ ਖਾਣਾ ਖਾ ਰਿਹਾ ਸੀ ਕਿ ਅਚਾਨਕ ਹਥਿਆਰਬੰਦਾਂ ਹਵਾਈ ਫਾਇਰ ਕੀਤੇ।

ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ੀ ਦਿਖਣ ਵਾਲੀ ਇੱਕ ਔਰਤ ਨੂੰ ਗੋਲੀ ਮਾਰੀ ਅਤੇ ਬੰਦੂਕ ਮੇਰੇ ਵੱਲ ਤਾਣ ਦਿੱਤੀ।

ਉਹ ਚੀਕਿਆ, ''ਮੈਂ ਅਫ਼ਗਾਨੀ ਹਾਂ''। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਅਸੀਂ ਅਫ਼ਗਾਨੀਆਂ ਨੂੰ ਨਹੀਂ ਮਾਰਾਂਗੇ ਅਤੇ ਪੁੱਛਣ ਲੱਗੇ ਕਿ ਵਿਦੇਸ਼ੀ ਕਿੱਥੇ ਹਨ।

ਇੱਕ ਹੋਰ ਪ੍ਰਤੱਖਦਰਸ਼ੀ ਹਸੀਬ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਦੋ ਹਥਿਆਰਬੰਦਾਂ ਨੇ ਮੈਨੂੰ ਕਿਹਾ ਖਾਣਾ ਪਰੋਸਣ ਲਈ ਕਿਹਾ।

ਹਸੀਬ ਮੁਤਾਬਕ, ''ਉਨ੍ਹਾਂ ਨੇ ਬੜੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ। ਉਹ ਮੇਰੇ ਕੋਲ ਆਏ। ਮੈਂ ਖਾਣਾ ਪਰੋਸਿਆ ਤੇ ਉਨ੍ਹਾਂ ਮੇਰਾ ਧੰਨਵਾਦ ਕਰਕੇ ਖਾਣਾ ਖਾਧਾ। ਇਸਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ। ਮੇਰੇ ਆਲੇ-ਦੁਆਲੇ ਦਰਜਨਾਂ ਲਾਸ਼ਾਂ ਪਈਆਂ ਸਨ।''

ਇਮਾਰਤ ਦੀ ਬਾਲਕੋਨੀ ਰਾਹੀਂ ਕਈ ਲੋਕ ਬੈੱਡ ਸ਼ੀਟਾਂ ਰਾਹੀਂ ਹੇਠਾਂ ਉੱਤਰਨ ਦੀ ਕੋਸ਼ਿਸ਼ ਕਰਦੇ ਵੀ ਦਿਖਾਈ ਦਿੱਤੇ।

ਹੋਟਲ ਦੇ ਮੈਨੇਜਰ ਅਹਿਮਦ ਹਾਰਿਸ ਨਾਇਬ ਨੇ ਦੱਸਿਆ ਕਿ ਹਮਲਾਵਰ ਰਸੋਈ ਦੇ ਰਸਤਿਓਂ ਹੋਟਲ ਅੰਦਰ ਦਾਖ਼ਲ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)