ਇਨ੍ਹਾਂ 4 ਬਦਲਾਵਾਂ ਨਾਲ 'ਪਦਮਾਵਤੀ' ਹੋਏਗੀ ਰਿਲੀਜ਼

ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਨੇ ਪਦਮਾਵਤੀ ਨੂੰ U/A ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ ਨਾਲ ਹੀ ਫ਼ਿਲਮ ਵਿੱਚ ਕੁਝ ਜ਼ਰੂਰੀ ਬਦਲਾਅ ਕਰਨ ਨੂੰ ਕਿਹਾ ਹੈ।ਇਹ ਖ਼ਬਰ ਪੀਟੀਆਈ ਦੇ ਹਵਾਲੇ ਤੋਂ ਦਿੱਤੀ ਗਈ ਹੈ।

ਸੈਂਸਰ ਬੋਰਡ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਦਾ ਨਾਮ 'ਪਦਮਾਵਤ' ਕਰਨ ਲਈ ਕਿਹਾ ਹੈ।

ਇਸ ਤੋਂ ਇਲਾਵਾ ਫਿਲਮ ਵਿੱਚ ਕੁਝ ਜ਼ਰੂਰੀ ਬਦਲਾਅ ਕਰਨ ਲਈ ਕਿਹਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਪਦਮਾਵਤੀ 1 ਦਿਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਕਰਣੀ ਸੈਨਾ ਤੇ ਕਈ ਹੋਰ ਜਥੇਬੰਦੀਆਂ ਵੱਲੋਂ ਫਿਲਮ ਤੇ ਇਤਰਾਜ਼ ਜਤਾਇਆ ਗਿਆ।

ਫਿਲਮ ਦੇ ਖਿਲਾਫ਼ ਕਈ ਥਾਵਾਂ ਤੇ ਪ੍ਰਦਰਸ਼ਨ ਹੋਏ ਜਿਸ ਤੋਂ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ।

28 ਦਿਸੰਬਰ ਨੂੰ ਹੋਈ ਬੈਠਕ

ਸੀਬੀਐੱਫਸੀ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ "28 ਦਸੰਬਰ ਨੂੰ ਬੋਰਡ ਦੀ ਜਾਂਚ ਕਮੇਟੀ ਨੇ ਬੈਠਕ ਕੀਤੀ ਸੀ ਤੇ ਫਿਲਮ ਨੂੰ ਯੂਏ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ।

ਇਸ ਦੇ ਨਾਲ ਹੀ ਫਿਲਮ ਵਿੱਚ ਕੁਝ ਸੋਧ ਕਰਨ ਅਤੇ ਫਿਲਮ ਦੇ ਨਾਂ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ।"

ਇਹ ਮੀਟਿੰਗ ਸੀਬੀਐੱਫ਼ਸੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਦੀ ਅਗਵਾਈ ਵਿੱਚ ਹੋਈ। ਬਿਆਨ ਵਿੱਚ ਅੱਗੇ ਕਿਹਾ ਗਿਆ, "ਫ਼ਿਲਮ ਨਿਰਮਾਤਾ ਅਤੇ ਸਮਾਜ ਨੂੰ ਧਿਆਨ ਵਿੱਚ ਰੱਖ ਕੇ ਸੰਤੁਲਿਤ ਨਜ਼ਰੀਏ ਨਾਲ ਫ਼ਿਲਮ ਦੇਖੀ ਗਈ ਹੈ।"

ਖਾਸ ਪੈਨਲ ਬਣਾਇਆ ਗਿਆ

"ਫਿਲਮ ਦੀਆਂ ਜਟਿਲਤਾਵਾਂ ਅਤੇ ਵਿਵਾਦ ਨੂੰ ਧਿਆਨ ਵਿੱਚ ਰੱਖਦੇ ਹੋਏ, ਸੀਬੀਐੱਫਸੀ ਨੇ ਇੱਕ ਵਿਸ਼ੇਸ਼ ਪੈਨਲ ਨਿਯੁਕਤ ਕੀਤਾ ਸੀ ਤਾਕਿ ਸੈਂਸਰ ਬੋਰਡ ਦੇ ਅਧਿਕਾਰੀਆਂ ਦੇ ਫੈਸਲੇ 'ਤੇ ਇੱਕ ਹੋਰ ਨਜ਼ਰੀਆ ਲਿਆ ਜਾ ਸਕੇ।"

ਵਿਸ਼ੇਸ਼ ਪੈਨਲ ਵਿੱਚ ਉਦੈਪੁਰ ਤੋਂ ਅਰਵਿੰਦ ਸਿੰਘ, ਜੈਪੁਰ ਯੂਨੀਵਰਸਿਟੀ ਦੇ ਡਾ. ਚੰਦਰਮਨੀ ਸਿੰਘ ਅਤੇ ਪ੍ਰੋਫੈੱਸਰ ਕੇ.ਕੇ. ਸਿੰਘ ਸ਼ਾਮਿਲ ਸਨ।

ਕੀ-ਕੀ ਬਦਲਾਅ ਕਰਨ ਲਈ ਕਿਹਾ?

  • ਬੋਰਡ ਨੇ ਡਿਸਕਲੇਮਰ ਵਿੱਚ ਸੋਧ ਕਰਨ ਲਈ ਕਿਹਾ।
  • ਸਤੀ ਦੀ ਪ੍ਰਥਾ ਦੀ ਵਡਿਆਈ ਨਹੀਂ ਕਰਨੀ।
  • 'ਘੂਮਰ' ਗੀਤ ਵਿੱਚ ਭੁਮਿਕਾ ਮੁਤਾਬਕ ਹੀ ਲੋੜੀਂਦੇ ਬਦਲਾਅ ਕਰਨੇ।
  • ਫਿਲਮ ਦਾ ਨਾਮ ਪਦਮਾਵਤ ਕਰਨ ਲਈ ਕਿਹਾ ਹੈ।
  • ਪਦਮਾਵਤੀ ਨੂੰ U/A ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ।

ਫਿਲਮਸਾਜ਼ਾਂ, ਭੰਸਾਲੀ ਪ੍ਰੋਡਕਸ਼ਨਜ਼, ਨੇ ਸੀਬੀਐੱਫਸੀ ਨੂੰ ਲਿਖਤ ਵਿੱਚ ਅਪੀਲ ਕੀਤੀ ਸੀ ਕਿ ਇਤਿਹਾਸਕਾਰਾਂ/ਅਕਾਦਮਿਆਂ ਦੇ ਪੈਨਲ ਅਤੇ ਰਾਜਪੂਤ ਭਾਈਚਾਰੇ ਦੇ ਮੈਂਬਰਾਂ ਨੂੰ ਫ਼ਿਲਮ ਦਿਖਾ ਲੈਣੀ ਚਾਹੀਦੀ ਹੈ।

ਸੀਬੀਐੱਫਸੀ ਨੇ ਕਿਹਾ ਫਿਲਮ ਦੀ ਫਾਈਨਲ 3D ਕਾਪੀ 28 ਨਵੰਬਰ ਨੂੰ ਜਮ੍ਹਾਂ ਕਰਵਾਈ ਗਈ ਸੀ।

ਬੋਰਡ ਮੁਤਾਬਕ ਸੋਧ ਦਾ ਵੇਰਵਾ ਅਤੇ ਸੀਬੀਐੱਫਸੀ ਦੇ ਫੈਸਲੇ ਦੀ ਜਾਣਕਾਰੀ ਵਾਇਆਕੌਮ ਪ੍ਰੋਡਿਊਸਰਾਂ ਤੇ ਭੰਸਾਲੀ ਨਾਲ ਸਾਂਝਾ ਕਰ ਦਿੱਤੀਆਂ ਸਨ।

ਉਨ੍ਹਾਂ ਨੇ ਸਕ੍ਰੀਨਿੰਗ ਤੋਂ ਬਾਅਦ ਫੀਡਬੈਕ ਸੈਸ਼ਨ ਵਿੱਚ ਹਿੱਸਾ ਲਿਆ ਸੀ ਅਤੇ ਬਦਲਾਅ ਲਈ ਸਹਿਮਤ ਹਨ।

ਪ੍ਰਕਿਰਿਆ ਮੁਤਾਬਕ ਲੋੜੀਂਦੀਆਂ ਸੋਧਾਂ ਕਰਨ ਤੋਂ ਬਾਅਦ ਫਾਈਨਲ ਫਿਲਮ ਜਮ੍ਹਾ ਕਰਵਾਉਣ ਤੋਂ ਬਾਅਦ ਸਰਟੀਫਿਕੇਟ ਦੇ ਦਿੱਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)