You’re viewing a text-only version of this website that uses less data. View the main version of the website including all images and videos.
ਪਦਮਾਵਤ : ਅਹਿਮਦਾਬਾਦ 'ਚ ਭਾਂਬੜ ਬਣੀ ਮੋਮਬੱਤੀ ਮਾਰਚ ਦੀ ਅੱਗ
ਸੰਜੈ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੇ ਵਿਰੋਧ ਵਿੱਚ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਤਿੰਨ ਪ੍ਰਮੁੱਖ ਮਲਟੀਪਲੈਕਸਾਂ ਤੋਂ ਬਾਹਰ ਹਿੰਸਾ ਤੇ ਭੰਨ-ਤੋੜ ਹੋਈ ਹੈ।
ਸਾਰੇ ਤਿੰਨਾਂ ਸਥਾਨਾਂ 'ਤੇ ਕੁਝ ਗੱਡੀਆਂ ਭੰਨ ਦੀਆਂ ਗਈਆਂ ਅਤੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।
ਥਲਤੇਜ ਦੇ ਐਕਰੋਪੋਲਿਸ਼ ਮਾਲ, ਗੁਰੂਕੁਲ ਮੇਮ ਨਗਰ ਦੇ ਹਿਮਾਲਿਆ ਮਾਲ ਅਤੇ ਵਤਰਾਪੁਰ ਦੇ ਐਲਫਾ ਈਕੋ ਮਾਲ ਦੇ ਬਾਹਰ ਅੱਗ ਲਾਉਣ ਅਤੇ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਹਨ।
ਕੈਂਡਲ ਮਾਰਚ ਤੋਂ ਬਾਅਦ ਹੋਈ ਹਿੰਸਾ
ਫਿਲਮ ਦੇ ਵਿਰੁੱਧ ਰੋਸ ਵਜੋਂ ਇਸਕਾਨ ਮੰਦਰ ਤੋਂ ਐਕਰੋਪੋਲਿਸ਼ ਮਾਲ ਤੱਕ ਇਕ ਮੋਮਬੱਤੀ ਮਾਰਚ ਕੱਢਿਆ ਗਿਆ ਸੀ।
ਬੀਬੀਸੀ ਗੁਜਰਾਤੀ ਪੱਤਰਕਾਰ ਸਾਗਰ ਪਟੇਲ ਦੇ ਅਨੁਸਾਰ ਹਿੰਸਾ ਅਤੇ ਭੰਨ-ਤੋੜ ਇਸ ਮਾਰਚ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਏ।
ਹਿਮਾਲਿਆ ਅਤੇ ਅਲਫ਼ਾ ਵੰਨ ਮਾਲ ਵਸਤਾਪੁਰ ਥਾਣੇ ਦੇ ਇਲਾਕੇ ਹਨ। ਪੁਲਿਸ ਇੰਸਪੈਕਟਰ ਐਮਐਮ ਜਡੇਜਾ ਨੇ ਬੀਬੀਸੀ ਗੁਜਰਾਤੀ ਪੱਤਰਕਾਰ ਰੌਕੀ ਗਾਗੇਡਕਰ ਨੂੰ ਦੱਸਿਆ ਕਿ ਦੋ ਥਾਵਾਂ 'ਤੇ ਭੀੜ ਇਕੱਠੀ ਹੋਈ ਸੀ।
ਉਸ ਨੇ ਦੱਸਿਆ ਕਿ ਹਿਮਾਲਿਆ ਮਾਲ ਦੇ ਨੇੜੇ ਦੇ ਹਾਲਾਤ ਬਹੁਤ ਬੁਰੇ ਸਨ। ਹਾਲਾਂਕਿ ਅਲਫ਼ਾ ਵੰਨ ਮਾਲ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਸਮੇਂ ਤੋਂ ਰੋਕਿਆ ਲਿਆ ਗਿਆ ਅਤੇ ਬਹੁਤਾ ਨੁਕਸਾਨ ਨਹੀਂ ਹੋਇਆ।
ਕਰਣੀ ਸੈਨਾ ਦਾ ਹਿੰਸਾ ਤੋਂ ਇਨਕਾਰ
ਹਾਲਾਂਕਿ ਗੁਜਰਾਤ ਵਿੱਚ 'ਸ੍ਰੀ ਕੌਮੀ ਰਾਜਪੂਤ ਕਰਣੀ ਸੈਨਾ' ਦੇ ਸੂਬਾ ਪ੍ਰਧਾਨ ਰਾਜ ਸ਼ੇਖਾਵਤ ਨੇ ਹਿੰਸਾ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦੇ ਹੋਏ ਘਟਨਾ ਦੀ ਨਿਖੇਧੀ ਕੀਤੀ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਰਾਜ ਸ਼ੇਖਾਵਤ ਨੇ ਕਿਹਾ, "ਕਰਣੀ ਸੈਨਾ ਇਨ੍ਹਾਂ ਘਟਨਾਵਾਂ ਦੇ ਪਿੱਛੇ ਬਿਲਕੁਲ ਨਹੀਂ ਹੈ। ਫਿਲਮ ਪਦਮਾਵਤ ਦੇ ਵਿਰੋਧ ਵਿੱਚ ਰਾਜਪੂਤ ਸਮਾਜ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਸੀ ਉੱਥੇ ਹੀ ਇਹ ਘਟਨਾਵਾਂ ਹੋਈਆਂ ਹਨ।''
ਉਨ੍ਹਾਂ ਅੱਗੇ ਕਿਹਾ, "ਇਹ ਤਾਂ ਭੀੜ ਨੇ ਕੀਤਾ ਹੈ। ਭੀੜ ਦਾ ਦਿਮਾਗ ਕਿਹੋ ਜਿਹਾ ਹੁੰਦਾ ਹੈ, ਤੁਹਾਨੂੰ ਪਤਾ ਹੈ। ਕਰਣੀ ਸੈਨਾ ਦੇ ਨਾਂ 'ਤੇ ਕੋਈ ਕੁਝ ਵੀ ਕਰੇਗਾ ਤਾਂ ਇਸ ਦੇ ਲਈ ਕਰਣੀ ਸੈਨਾ ਜ਼ਿੰਮੇਵਾਰ ਨਹੀਂ ਹੋਵੇਗੀ।''
ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਇਸ ਹਿੰਸਾ ਦੇ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਹੈ। ਕਿਉਂਕਿ ਕਰਣੀ ਸੈਨਿਕ ਅਤੇ ਰਾਜਪੂਤ ਵੀ ਅਜਿਹਾ ਨਹੀਂ ਕਰ ਸਕਦੇ ਹਨ। ਕੁਝ ਲੋਕ ਮੌਕੇ ਦਾ ਫਾਇਦਾ ਚੁੱਕਦੇ ਹਨ, ਕਰਣੀ ਸੇਨਾ ਹਿੰਸਾ ਦੀ ਹਮਾਇਤ ਨਹੀਂ ਕਰਦੀ ਹੈ।''
ਉਨ੍ਹਾਂ ਅੱਗੇ ਕਿਹਾ, "ਅਸੀਂ ਸ਼ਾਂਤੀ ਸੰਦੇਸ਼ ਭੇਜਿਆ ਹੈ ਕਿ ਹਿੰਸਾ ਨਾ ਕੀਤੀ ਜਾਏ। ਇਸ ਦੇ ਨਾਲ ਹੀ ਅਪੀਲ ਕੀਤੀ ਹੈ ਕਿ ਆਮ ਆਦਮੀ ਤੇ ਸਰਕਾਰ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਇਹ ਅੰਦੋਲਨ ਦਾ ਤਰੀਕਾ ਨਹੀਂ ਹੈ।''
ਆਮ ਆਦਮੀ ਦਾ ਨੁਕਸਾਨ
ਬੀਬੀਸੀ ਪੱਤਰਕਾਰ ਸਾਗਰ ਪਟੇਲ ਘਟਨਾ ਦੇ ਫ਼ੌਰਨ ਬਾਅਦ ਐਕਰੋਪੋਲਿਸ ਮਾਲ ਦੇ ਬਾਹਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਸੜਕ 'ਤੇ ਕੱਚ ਅਤੇ ਜਲੀਆਂ ਹੋਈਆਂ ਗੱਡੀਆਂ ਨਜ਼ਰ ਆਈਆਂ ਸੀ।
ਉਨ੍ਹਾਂ ਨੂੰ ਇੱਕ ਪਰਿਵਾਰ ਮਿਲਿਆ ਜੋ ਆਪਣੀ ਨੁਕਸਾਨੀ ਗਈ ਕਾਰ ਦੇ ਕੋਲ ਰੋ ਰਿਹਾ ਸੀ।
ਸਾਗਰ ਮੁਤਾਬਕ ਘਟਨਾ ਦੀ ਸ਼ੁਰੂਆਤ ਪੱਥਰਬਾਜ਼ੀ ਤੋਂ ਹੋਈ ਅਤੇ ਫਿਰ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਮਾਲ ਦੇ ਅੰਦਰ ਜੋ ਲੋਕ ਸਨ, ਉਨ੍ਹਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਅੰਦਰੋਂ ਲੌਕ ਕਰ ਦਿੱਤਾ ਗਿਆ ਸੀ।
ਸਾਗਰ ਪਟੇਲ ਦੇ ਮੁਤਾਬਕ, "ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਸੀ ਪਰ ਇਸ ਦੌਰਾਨ ਸ਼ਾਇਦ ਪੁਲਿਸ ਮੁਲਾਜ਼ਮ ਜ਼ਰੂਰੀ ਗਿਣਤੀ ਵਿੱਚ ਨਹੀਂ ਸਨ।''
ਥੋੜ੍ਹੀ ਦੇਰ ਮੁਤਾਬਕ ਫਾਇਰ ਬ੍ਰਿਗੇਡ ਆਈ ਅਤੇ ਉਸ ਨੇ ਅੱਗ ਬੁਝਾਈ।
ਐਕਰੋਪੋਲਿਸ਼ ਮਾਲ ਵਿੱਚ ਸ਼ੌਪਿੰਗ ਕਰਨ ਆਏ ਮਯੂਰ ਸੇਵਾਨੀ ਦੀ ਬਾਈਕ ਵੀ ਜਲਾ ਦਿੱਤੀ ਗਈ।
ਉਨ੍ਹਾਂ ਦੱਸਿਆ, "ਅਸੀਂ ਲੋਕ ਸ਼ਾਮ 6.30 ਵਜੇ ਸ਼ੌਪਿੰਗ ਕਰਨ ਆਏ ਸੀ ਅਤੇ 8 ਵਜੇ ਦੇ ਆਲੇ-ਦੁਆਲੇ ਕਈ ਲੋਕਾਂ ਨੇ ਤਮਾਸ਼ੇ ਕਰਨੇ ਸ਼ੁਰੂ ਕਰ ਦਿੱਤੇ।''
"ਅਸੀਂ ਲੋਕ ਦੌੜਦੇ ਹੋਏ ਬਾਹਰ ਆਏ ਤਾਂ ਵੇਖਿਆ ਕਿ ਬਾਹਰ ਲੋਕ ਭੰਨ-ਤੋੜ ਕਰ ਰਹੇ ਹਨ। ਅਸੀਂ ਡਰ ਦੇ ਦੁਬਾਰਾ ਅੰਦਰ ਚਲੇ ਗਏ।''
ਹਿਮਾਲਿਆ ਮਾਲ ਦੇ ਬਾਹਰ ਡੌਮਿਨੋਜ਼ ਅਤੇ ਬਰਗਰ ਕਿੰਗ ਦੇ ਰੇਸਤਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਸ਼ੀਸ਼ੇ ਭੰਨ ਦਿੱਤੇ ਗਏ।
ਕੁਝ ਲੋਕ ਬੇਸਮੈਂਟ ਦੀ ਪਾਰਕਿੰਗ ਵਿੱਚ ਵੀ ਵੜ੍ਹ ਗਏ ਅਤੇ ਉੱਥੇ ਭੰਨ-ਤੋੜ ਕੀਤੀ। ਫਿਰ ਪੁਲਿਸ ਪਹੁੰਚੀ ਅਤੇ ਉਨ੍ਹਾਂ ਨੂੰ ਹਵਾ ਵਿੱਚ ਫਾਇਰਿੰਗ ਕਰਨੀ ਪਈ।
ਦੱਸਿਆ ਜਾ ਰਿਹਾ ਹੈ ਕਿ ਐਕਰੋਪੋਲਿਸ਼ ਪੀਵੀਆਰ ਅਤੇ ਹਿਮਾਲਿਆ ਮਾਲ ਦੇ ਸਿਨੇਮਾ ਮਾਲਿਕਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਥਿਏਟਰਾਂ ਵਿੱਚ ਫਿਲਮ ਪਦਮਾਵਤ ਨਹੀਂ ਦਿਖਾਈ ਜਾਵੇਗੀ। ਇਸ ਦੇ ਬਾਵਜੂਦ ਇਹ ਹਿੰਸਾ ਕੀਤੀ ਗਈ।