ਮਿਲੋ, ਮਿਸਟਰ ਗੇਅ ਇੰਡੀਆ ਸਮਰਪਣ ਮੈਤੀ ਨੂੰ

    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

13 ਜਨਵਰੀ, 2018। ਇਹ ਤਰੀਕ ਸਮਪਰਣ ਮੈਤੀ ਦੀ ਜ਼ਿੰਦਗੀ ਵਿੱਚ ਹਮੇਸ਼ਾ ਖ਼ਾਸ ਰਹੇਗੀ। 29 ਸਾਲਾ ਸਮਪਰਣ ਇਸੇ ਦਿਨ ਮਿਸਟਰ ਗੇਅ ਇੰਡੀਆ ਬਣੇ ਸੀ।

ਜੀ ਹਾਂ, ਮਿਸਟਰ ਗੇਅ ਇੰਡੀਆ।

ਮਿਸ ਇੰਡੀਆ, ਮਿਸ ਵਰਲਡ ਅਤੇ ਮਿਸ ਯੂਨੀਵਰਸ ਬਾਰੇ ਤਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ। ਮਿਸਟਰ ਗੇਅ ਇੰਡੀਆ ਵੀ ਅਜਿਹਾ ਹੀ ਟਾਈਟਲ ਹੈ।

ਜਿਵੇਂ ਕਿ ਨਾਂ ਤੋਂ ਜ਼ਾਹਿਰ ਹੈ, ਇਸ ਵਿੱਚ ਉਹ ਪੁਰਸ਼ ਹਿੱਸਾ ਲੈਂਦੇ ਹਨ ਜੋ ਗੇਅ (ਸਮਲਿੰਗੀ) ਹਨ ਅਤੇ ਜਨਤਕ ਤੌਰ ਤੇ ਆਪਣੀ ਕਾਮੁਕਤਾ ਨੂੰ ਲੈ ਕੇ 'ਆਊਟ' ਯਾਨਿ ਸਹਿਜ ਹੈ। ਭਾਰਤ ਵਿੱਚ ਇਸਦੀ ਸ਼ੁਰੂਆਤ 2009 ਵਿੱਚ ਹੋਈ ਸੀ।

ਇਸ ਸਾਲ ਇਹ ਖ਼ਿਤਾਬ ਸਮਰਪਣ ਮੈਤੀ ਨੇ ਜਿੱਤਿਆ ਹੈ।

ਐਲਜੀਬੀਟੀ ਭਾਈਚਾਰੇ ਦੇ ਨਾਮੀ ਚਿਹਰਿਆਂ ਅਤੇ ਸਿਤਾਰਿਆਂ ਨਾਲ ਭਰੇ ਹੋਏ ਆਡੀਟੋਰੀਅਮ ਵਿੱਚ ਜਿਵੇਂ ਹੀ ਸਮਰਪਣ ਦੇ ਨਾਂ ਦਾ ਐਲਾਨ ਹੋਇਆ, ਚਾਰੇ ਪਾਸਿਓਂ ਤਾੜੀਆਂ ਅਤੇ ਸੀਟੀਆਂ ਦੀਆਂ ਅਵਾਜ਼ਾਂ ਆਉਣ ਲੱਗੀਆਂ।

ਪੱਛਮੀ ਬੰਗਾਲ ਦੇ ਇੱਕ ਛੋਟੇ ਜਹੇ ਪਿੰਡ ਵਿੱਚ ਪੈਦਾ ਹੋਏ ਸਮਰਪਣ ਲਈ ਇਹ ਸਭ ਇੱਕ ਖ਼ੂਬਸੂਰਤ ਸੁਫ਼ਨੇ ਵਰਗਾ ਸੀ।

ਕੁਝ ਸਾਲ ਪਹਿਲਾਂ ਤੱਕ ਉਹ ਖ਼ੁਦ ਨੂੰ ਨਕਾਰ ਰਹੇ ਸੀ, ਲੋਕਾਂ ਦੇ ਇਨ੍ਹਾਂ ਮਿਹਣਿਆਂ ਅਤੇ ਪਰਿਵਾਰ ਨੂੰ ਸਮਝਾਉਣ ਦੀ ਨਾਕਾਮ ਕੋਸ਼ਿਸ਼ ਨਾਲ ਜੂਝ ਰਿਹਾ ਸੀ।

ਕੁਝ ਸਮਾਂ ਪਹਿਲਾਂ ਤੱਕ ਉਹ ਖ਼ੁਦ ਦੁੱਖ਼ ਭੋਗ ਰਹੇ ਸੀ, ਖ਼ੁਦਕੁਸ਼ੀ ਨੇੜੇ ਆ ਚੁੱਕੇ ਸੀ।

ਪਰ ਅੱਜ ਸਭ ਕੁਝ ਬਦਲ ਗਿਆ ਹੈ। ਉਹ ਵਧਾਈਆਂ ਵਾਲੇ ਸੁਨੇਹਿਆਂ ਅਤੇ ਫ਼ੋਨਾਂ ਦਾ ਜਵਾਬ ਦੇ ਰਹੇ ਹਨ, ਇੰਟਰਵਿਊ ਦੇ ਰਹੇ ਹਨ।

ਉਹ ਹੱਸ ਕੇ ਕਹਿੰਦੇ ਹਨ, ''ਸ਼ੁਰੂਆਤ ਭਾਵੇਂ ਮੁਸ਼ਕਿਲ ਹੋਵੇ ਪਰ ਆਖ਼ਰ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ।''

ਸਮਰਪਣ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਬਾਇਓਲੋਜੀ ਵਿੱਚ ਰਿਸਰਚ ਕਰ ਰਹੇ ਹਨ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, ''ਗ੍ਰੈਜੂਏਸ਼ਨ ਕਰਨ ਸਮੇਂ ਹੋਸਟਲ ਵਿੱਚ ਰਹਿੰਦਾ ਸੀ। ਉੱਥੇ ਮੈਂ ਲੋਕਾਂ 'ਤੇ ਭਰੋਸਾ ਕਰਕੇ ਆਪਣੀ ਕਾਮੁਕਤਾ ਬਾਰੇ ਦੱਸਿਆ। ਉਸ ਤੋਂ ਬਾਅਦ ਮੇਰਾ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ।''

ਹਾਲਾਤ ਅਜਿਹੇ ਬਦਲ ਗਏ ਕਿ ਸਮਰਪਣ ਨੂੰ ਹੋਸਟਲ ਛੱਡਣਾ ਪਿਆ।

ਉਨ੍ਹਾਂ ਨੇ ਦੱਸਿਆ,''ਮੇਰੇ ਕਮਰੇ ਵਿੱਚ ਰਹਿੰਦੇ ਸਾਥੀ ਨਾਲ ਬਹੁਤ ਚੰਗੀ ਦੋਸਤੀ ਸੀ। ਕੁਝ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਅਸੀਂ ਦੋਵੇਂ 'ਕਪਲ' ਹਾਂ, ਜਦਕਿ ਅਜਿਹਾ ਨਹੀਂ ਸੀ।''

ਉਨ੍ਹਾਂ ਨੂੰ ਕਿਹਾ ਗਿਆ ਜਾਂ ਤਾਂ ਉਹ ਰੂਮਮੇਟ ਤੋਂ ਵੱਖ ਹੋ ਜਾਣ ਜਾਂ ਹੋਸਟਲ ਛੱਡ ਦੇਣ। ਆਖ਼ਰ ਸਮਰਪਣ ਨੇ ਹੋਸਟਲ ਛੱਡਣ ਦਾ ਫ਼ੈਸਲਾ ਕੀਤਾ।

ਸਮਰਪਣ ਦੀ ਸ਼ਿਕਾਇਤ ਹੈ ਕਿ ਐਲਜੀਟੀ ਭਾਈਚਾਰਾ ਬਹੁਤ 'ਅਰਬਨ ਸੈਂਟਰਿਕ' ਹੈ।

ਉਹ ਕਹਿੰਦੇ ਹਨ, ''ਭਾਈਚਾਰੇ ਵਿੱਚ ਵਧੇਰੇ ਲੋਕ ਵੱਡੇ ਸ਼ਹਿਰਾਂ ਤੋਂ ਆਏ ਹੁੰਦੇ ਹਨ। ਉਹ ਫ਼ਰਾਟੇਦਾਰ ਅੰਗ੍ਰੇਜ਼ੀ ਬੋਲਦੇ ਹਨ ਅਤੇ ਵੱਡੀਆਂ-ਵੱਡੀਆਂ ਥਾਵਾਂ 'ਤੇ ਮੀਟਿੰਗ ਕਰਦੇ ਹਨ। ਜੇਕਰ ਕੋਈ ਸਮਲਿੰਗੀ ਪਿੰਡ ਜਾਂ ਪਿੱਛੜੇ ਇਲਾਕੇ ਤੋਂ ਹੈ ਤਾਂ ਉਸ ਲਈ ਅਡਜਸਟ ਕਰਨਾ ਬਹੁਤ ਮੁਸ਼ਕਿਲ ਹੈ।''

ਉਨ੍ਹਾਂ ਨੂੰ ਵੀ ਅਜਿਹੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਦੱਸਿਆ,''ਜਦੋਂ ਮੈਂ ਕਲਕੱਤਾ ਆਇਆ ਤਾਂ ਇੱਥੇ ਲੋਕਾਂ ਨੇ ਮੇਰੇ ਵੱਲ ਬਹੁਤਾ ਧਿਆਨ ਨਾ ਦਿੱਤਾ ਪਰ ਹੌਲੀ-ਹੌਲੀ ਮੈਂ ਆਪਣੀ ਪਛਾਣ ਕਾਇਮ ਕੀਤੀ।''

ਸਮਰਪਣ ਨੂੰ ਲਿਖਣ ਅਤੇ ਮਾਡਲਿੰਗ ਦਾ ਬਹੁਤ ਸ਼ੌਕ ਹੈ। ਉਹ ਕਹਿੰਦੇ ਹਨ,''ਜਦੋਂ ਲੋਕਾਂ ਨੇ ਮੇਰਾ ਲਿਖਿਆ ਹੋਇਆ ਪੜ੍ਹਿਆ, ਮੇਰੀ ਮਾਡਲਿੰਗ ਦੇਖੀ, ਮੇਰਾ ਆਤਮਵਿਸ਼ਵਾਸ ਦੇਖਿਆ ਤਾਂ ਉਹ ਖ਼ੁਦ ਮੇਰੇ ਕੋਲ ਆਏ।''

ਮਿਸਟਰ ਗੇਅ ਇੰਡੀਆ ਬਣਨ ਤੋਂ ਬਾਅਦ ਹੁਣ ਸਮਰਪਣ ਮਈ ਮਹੀਨੇ ਵਿੱਚ 'ਮਿਸਟਰ ਗੇਅ ਵਰਲਡ' ਪੀਜੈਂਟ ਵਿੱਚ ਹਿੱਸਾ ਲੈਣ ਲਈ ਦੱਖਣੀ ਅਫ਼ਰੀਕਾ ਜਾਣਗੇ।

ਇਸ ਵਿੱਚ ਖ਼ਾਸ ਕੀ ਹੈ?

ਕੀ ਮਿਸਟਰ ਗੇਅ ਵਰਗੇ ਮੁਕਾਬਲੇ ਵੀ ਇੱਕ ਖ਼ਾਸ ਤਰ੍ਹਾਂ ਦੀ ਦਿੱਖ ਅਤੇ ਖ਼ੂਬਸੂਰਤੀ ਦੇ ਦਮ 'ਤੇ ਜਿੱਤੇ ਜਾਂਦੇ ਹਨ? ਮਿਸਟਰ ਗੇਅ ਵਰਲਡ ਦੇ ਡਾਇਰੈਕਟਰ (ਦੱਖਣ-ਪੂਰਬ ਏਸ਼ੀਆ) ਸੁਸ਼ਾਂਤ ਦਿਵਗੀਕਰ ਦੀ ਮੰਨੀਏ ਤਾਂ ਅਜਿਹਾ ਬਿਲਕੁਲ ਨਹੀਂ ਹੈ।

ਉਨ੍ਹਾਂ ਨੇ ਕਿਹਾ,''ਇਹ ਮਿਸ ਇੰਡੀਆ ਤੇ ਮਿਸ ਵਰਲਡ ਤੋਂ ਬਿਲਕੁਲ ਵੱਖ ਹੈ। ਮਿਸਟਰ ਗੇਅ ਬਣਨ ਦੇ ਲਈ ਤੁਹਾਨੂੰ ਲੰਬਾ, ਗੋਰਾ, ਖ਼ੂਬਸੂਰਤ ਜਾਂ ਕੁਆਰਾ ਹੋਣ ਦੀ ਲੋੜ ਨਹੀਂ। ਐਲਜੀਬੀਟੀ ਭਾਈਚਾਰਾ ਪਹਿਲਾਂ ਹੀ ਲਿੰਗ ਭੇਦਾਂ ਦਾ ਸ਼ਿਕਾਰ ਹੈ। ਜੇਕਰ ਅਸੀਂ ਵੀ ਇਹੀ ਕਰਾਂਗੇ ਤਾਂ ਲੋਕ ਸਾਡੇ 'ਤੇ ਹੱਸਣਗੇ।''

ਸੁਸ਼ਾਂਤ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਜੇਕਰ ਤੁਸੀਂ ਮਿਸਟਰ ਗੇਅ ਬਣਨ ਵਾਲੇ ਹੁਣ ਤੱਕ ਸਾਰੇ ਲੋਕਾਂ ਵੱਲ ਝਾਤ ਮਾਰੋ ਤਾਂ ਦੇਖੋਗੇ ਕਿ ਉਹ ਇੱਕ-ਦੂਜੇ ਤੋਂ ਬਿਲਕੁਲ ਵੱਖਰੇ ਹਨ।

ਉਨ੍ਹਾਂ ਨੇ ਕਿਹਾ, ''ਤੁਸੀਂ ਪਿਛਲੇ ਸਾਲ ਦੇ ਵਿਜੇਤਾ ਅਨਵੇਸ਼ ਸਾਹੂ ਅਤੇ ਸਮਰਪਣ ਨੂੰ ਹੀ ਦੇਖ ਲਵੋ। ਦੋਵੇਂ ਬਿਲਕੁਲ ਵੱਖਰੇ ਹਨ। ਅਨਵੇਸ਼ ਸਾਂਵਲਾ ਅਤੇ ਪਤਲਾ ਹੈ ਜਦਕਿ ਸਮਰਪਣ ਗੌਰਾ ਅਤੇ ਚੰਗੀ ਡੀਲ ਡੌਲ ਵਾਲਾ ਹੈ।''

ਕਿਵੇਂ ਬਣਦੇ ਹਨ ਮਿਸਟਰ ਗੇਅ?

ਮਿਸਟਰ ਗੇਅ ਚੁਣਿਆ ਕਿਵੇਂ ਜਾਂਦਾ ਹੈ? ਇਸ ਵਿੱਚ ਹਿੱਸਾ ਲੈਣ ਦੀਆਂ ਸ਼ਰਤਾਂ ਕੀ ਹਨ? ਸਿਰਫ਼ ਤਿੰਨ ਸ਼ਰਤਾਂ ਹਨ।

  • 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਮੁਕਾਬਲੇ ਵਿੱਚ ਸ਼ਾਮਲ ਹੋ ਸਕਦਾ ਹੈ।
  • ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।
  • ਉਹ ਗੇਅ ਹੋਣਾ ਚਾਹੀਦਾ ਹੈ ਅਤੇ ਜਨਤਕ ਜ਼ਿੰਦਗੀ ਵਿੱਚ ਆਪਣੀ ਪਛਾਣ ਨੂੰ ਲੈ ਕੇ ਸਹਿਜ ਹੋਣਾ ਚਾਹੀਦਾ ਹੈ।

ਇਸਦਾ ਮਕਸਦ ਕੀ?

ਸੁਸ਼ਾਂਤ ਅਨੁਸਾਰ ਅਜਿਹੇ ਪ੍ਰੋਗਰਾਮ ਭਾਈਚਾਰੇ ਦੇ ਲੋਕਾਂ ਨੂੰ ਮਿਲਣ-ਜੁਲਣ ਦਾ ਮੌਕਾ ਦਿੰਦੇ ਹਨ।

ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇੱਕ ਪਲੈਟਫ਼ਾਰਮ ਮਿਲਦਾ ਹੈ ਜਿੱਥੇ ਉਹ ਆਪਣੀਆਂ ਗੱਲਾਂ ਸਭ ਦੇ ਸਾਹਮਣੇ ਰੱਖ ਸਕੇ।

ਉਨ੍ਹਾਂ ਨੇ ਕਿਹਾ, ''ਭਾਰਤ ਵਰਗੇ ਦੇਸਾਂ ਵਿੱਚ ਅਜਿਹੇ ਮੁਕਾਬਲੇ ਅਤੇ ਹੋਰ ਵੀ ਜ਼ਰੂਰੀ ਹੋ ਜਾਂਦੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਗੇਅ ਜਾਂ ਲੈਸਬਿਅਨ ਵਰਗਾ ਕੁਝ ਹੁੰਦਾ ਹੈ। ਜਿਨ੍ਹਾਂ ਨੂੰ ਪਤਾ ਵੀ ਹੈ, ਉਹ ਇਸਨੂੰ ਗ਼ਲਤ ਸਮਝਦੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)