You’re viewing a text-only version of this website that uses less data. View the main version of the website including all images and videos.
300 ਮੌਤਾਂ ਦੀਆਂ ਸਜ਼ਾਵਾਂ ਦੀ ਗਵਾਹ ਇੱਕ ਔਰਤ ਦੀ ਕਹਾਣੀ
ਟੈਕਸਸ ਨੇ ਅਮਰੀਕਾ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਵਧ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇੱਕ ਸਾਬਕਾ ਸਰਕਾਰੀ ਮੁਲਾਜ਼ਮ ਨੇ ਸੈਂਕੜੇ ਲੋਕਾਂ ਨੂੰ ਮੌਤ ਦੀ ਸਜ਼ਾ ਮਿਲਦੇ ਦੇਖੀ ਹੈ। ਉਨ੍ਹਾਂ ਆਪਣੇ ਉੱਪਰ ਪਏ ਪ੍ਰਭਾਵ ਬੀਬੀਸੀ ਪੱਤਰਕਾਰ ਬੈੱਨ ਡੀਰਸ ਨਾਲ ਸਾਂਝੇ ਕੀਤੇ।
ਅਠਾਰਾਂ ਸਾਲ ਪਹਿਲਾਂ ਮਿਸ਼ੇਲ ਲਿਓਨਜ਼ ਨੇ ਰਿਕੀ ਮੈਕਗਿਨ ਨੂੰ ਦਮ ਤੋੜਦਿਆਂ ਦੇਖਿਆ ਸੀ ਪਰ ਉਸ ਨੂੰ ਯਾਦ ਕਰਕੇ ਉਹ ਹਾਲੇ ਵੀ ਰੋ ਪੈਂਦੇ ਹਨ।
ਕਦੇ ਅਚਾਨਕ ਉਨ੍ਹਾਂ ਨੂੰ ਮੈਕਗਿਨ ਦੀ ਮਾਂ ਨਜ਼ਰ ਆ ਜਾਂਦੀ ਹੈ ਜੋ ਮੌਤ ਦੀ ਸਜ਼ਾ ਦੇਣ ਵਾਲੇ ਕਮਰੇ (ਡੈਥ ਚੈਂਬਰ) ਨਾਲ ਹੱਥ ਲਾ ਕੇ ਆਪਣੇ ਪੁੱਤਰ ਨੂੰ ਮਰਦੇ ਦੇਖ ਰਹੀ ਹੈ।
ਉਹ ਬਿਲਕੁਲ ਇਸ ਤਰ੍ਹਾਂ ਤਿਆਰ ਹੋ ਕੇ ਆਈ ਸੀ ਜਿਵੇਂ ਕਿਸੇ ਦੀ ਰਸਮੀ ਵਿਦਾਇਗੀ ਪਾਰਟੀ ਹੋਵੇ।
ਪਿਛਲੇ 12 ਸਾਲਾਂ ਤੋਂ ਇੱਕ ਅਖ਼ਬਾਰ ਦੇ ਪੱਤਰਕਾਰ ਵਜੋਂ ਅਤੇ ਫੇਰ ਟੈਕਸਸ ਦੇ ਕਰਿਮੀਨਲ ਨਿਆਂ ਵਿਭਾਗ ਦੇ ਬੁਲਾਰੇ ਵਜੋਂ ਸਰਕਾਰ ਵੱਲੋਂ ਦਿੱਤੀ ਮੌਤ ਦੀ ਹਰ ਸਜ਼ਾ ਦੇਖਣਾ ਉਨ੍ਹਾਂ ਦੇ ਕੰਮ ਦਾ ਹਿੱਸਾ ਰਿਹਾ ਹੈ।
ਸਾਲ 2000 ਤੋਂ 2012 ਤਕ ਲਿਓਨਜ਼ ਨੇ ਲਗਭਗ 300 ਔਰਤਾਂ ਤੇ ਮਰਦਾਂ ਨੂੰ ਮੌਤ ਦੀ ਸਜ਼ਾ ਮਿਲਦੇ ਦੇਖਿਆ ਹੈ।
"ਮੌਤ ਦੀਆਂ ਸਜ਼ਾਵਾਂ ਦੇਖਣਾ ਮੇਰੇ ਕੰਮ ਦਾ ਹਿੱਸਾ ਸੀ"
ਲਿਓਨਜ਼ ਨੇ ਪਹਿਲੀ ਵਾਰ 22 ਸਾਲ ਦੀ ਉਮਰ ਕਿਸੇ ਨੂੰ ਮੌਤ ਦੀ ਸਜ਼ਾ ਮਿਲਦੇ ਦੇਖੀ ਸੀ। ਜੇਵੀਅਰ ਕਰੂਜ਼ ਦੀ ਮੌਤ ਦੇਖਣ ਮਗਰੋਂ ਉਨ੍ਹਾਂ ਆਪਣੇ ਜਰਨਲ ਵਿੱਚ ਲਿਖਿਆ- "ਮੈਂ ਸਜ਼ਾ ਮਿਲਦੀ ਦੇਖ ਸਹਿਜ ਹੀ ਰਹੀ। ਕੀ ਮੈਨੂੰ ਪਰੇਸ਼ਾਨ ਹੋਣਾ ਚਾਹੀਦਾ ਸੀ।"
ਉਹ ਆਪਣੀ ਹਮਦਰਦੀ ਹੋਰ ਦਰਦਨਾਕ ਮੌਤਾਂ ਲਈ ਬਚਾ ਕੇ ਰੱਖਣੀ ਚਾਹੁੰਦੇ ਸਨ ਜਿਵੇਂ ਹਥੌੜਾ ਮਾਰ ਕੇ ਦਿੱਤੀ ਜਾਣ ਵਾਲੀ ਮੌਤ।
ਉਨ੍ਹਾਂ ਦੀ ਕਿਤਾਬ ਡੈਥ ਰੋਅ꞉ ਦਿ ਫਾਈਨਲ ਮਿਨਟਸ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਹੈ। ਉਨ੍ਹਾਂ ਕਿਹਾ,"ਮੌਤ ਦੀਆਂ ਸਜ਼ਾਵਾਂ ਦੇਖਣਾ ਮੇਰੇ ਕੰਮ ਦਾ ਹਿੱਸਾ ਸੀ।"
"ਮੈਂ ਮੌਤ ਦੀ ਸਜ਼ਾ ਦੇ ਹੱਕ ਵਿੱਚ ਸੀ, ਮੈਨੂੰ ਲਗਦਾ ਸੀ ਕਿ ਕੁਝ ਜੁਰਮਾਂ ਲਈ ਇਹੀ ਢੁਕਵੀਂ ਸਜ਼ਾ ਹੈ। ਮੈਂ ਕਿਉਂਕਿ ਹਾਲੇ ਜਵਾਨ ਸੀ ਇਸ ਲਈ ਹਰ ਇੱਕ ਚੀਜ਼ ਮੇਰੇ ਲਈ ਬਲੈਕ ਐਂਡ ਵ੍ਹਾਈਟ ਹੁੰਦੀ ਸੀ।"
"ਜੇ ਮੈਂ ਇਹ ਸੋਚਣਾ ਸ਼ੁਰੂ ਕਰ ਦਿੰਦੀ ਕਿ ਇਸ ਸਭ ਦਾ ਮੇਰੇ 'ਤੇ ਕੀ ਅਸਰ ਪੈ ਰਿਹਾ ਹੈ ਅਤੇ ਭਾਵਨਾਵਾਂ ਬਾਰੇ ਸੋਚਣ ਲਗਦੀ ਤਾਂ ਮੈਂ ਮਹੀਨਾ ਦਰ ਮਹੀਨਾ ਅਤੇ ਫੇਰ ਸਾਲ ਦਰ ਸਾਲ ਉਸ ਕਮਰੇ (ਮੌਤ ਵਾਲੇ) ਵਿੱਚ ਨਹੀਂ ਜਾ ਸਕਦੀ ਸੀ।"
ਸਾਲ 1924 ਤੋਂ ਸੂਬੇ ਵਿੱਚ ਦਿੱਤੀ ਜਾਣ ਵਾਲੀ ਹਰ ਸਜ਼ਾ ਪੂਰਬੀ ਟੈਕਸਸ ਦੇ ਹੰਟਸਵਿਲੇ ਸ਼ਹਿਰ ਵਿੱਚ ਦਿੱਤੀ ਜਾਂਦੀ ਹੈ। ਹੰਟਸਵਿਲੇ ਵਿੱਚ ਸੱਤ ਜੇਲ੍ਹਾਂ ਹਨ ਜਿਨ੍ਹਾਂ ਵਿੱਚੋਂ ਇੱਕ ਵਾਲਜ਼ ਯੂਨਿਟ ਵਿੱਚ ਡੈਥ ਚੈਂਬਰ ਹੈ।
1972 ਵਿੱਚ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਗੈਰ-ਮਨੁੱਖੀ ਕਹਿ ਕੇ ਬੰਦ ਕਰ ਦਿੱਤਾ ਪਰ ਜਲਦ ਹੀ ਕੁਝ ਸੂਬਿਆਂ ਨੇ ਕਾਨੂੰਨੀ ਸੋਧਾਂ ਕਰਕੇ ਇਸ ਨੂੰ ਮੁੜ ਲਾਗੂ ਕਰ ਲਿਆ।
ਟੈਕਸਸ ਨੇ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਸਜ਼ਾ ਦੁਬਾਰਾ ਦੇਣੀ ਸ਼ੁਰੂ ਕਰ ਦਿੱਤੀ ਅਤੇ ਜ਼ਹਿਰ ਦਾ ਟੀਕਾ ਲਾਇਆ ਜਾਣ ਲੱਗਿਆ। ਚਾਰਲੀ ਬਰੁੱਕ ਨਾਮ ਦੇ ਵਿਅਕਤੀ ਨੂੰ ਪਹਿਲੀ ਵਾਰ ਜ਼ਹਿਰ ਦੇ ਟੀਕੇ ਨਾਲ ਇਹ ਸਜ਼ਾ ਦਿੱਤੀ ਗਈ।
ਸਜ਼ਾ-ਏ-ਮੌਤ ਦੀ ਰਾਜਧਾਨੀ
ਹੰਟਸਵਿਲੇ ਨੂੰ ਸੰਸਾਰ ਵਿੱਚ ਸਜ਼ਾ-ਏ-ਮੌਤ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਕਈ ਯੂਰਪੀ ਪੱਤਰਕਾਰਾਂ ਨੇ ਸ਼ਹਿਰ ਵਿੱਚ ਫੈਲੀ ਉਦਾਸੀ ਬਾਰੇ ਲਿਖਿਆ ਹੈ ਪਰ ਅਕਸਰ ਉਹ ਪਹਿਲਾਂ ਹੀ ਏਜੰਡਾ ਨਾਲ ਲੈ ਕੇ ਆਏ ਸਨ।
ਹੰਟਸਵਿਲੇ ਸ਼ਹਿਰ ਦੇਵਦਾਰ ਦੇ ਖ਼ੂਬਸੂਰਤ ਜੰਗਲਾਂ ਵਿੱਚ ਵਸਿਆ ਸ਼ਹਿਰ ਹੈ। ਹਰ ਥਾਂ ਤੇ ਗਿਰਜਾ ਘਰ ਹਨ, ਨਾਗਰਿਕ ਨਿਮਰ ਹਨ। ਤੁਸੀਂ ਆਰਾਮ ਨਾਲ ਕੁਝ ਦਿਨ ਬਿਤਾ ਸਕਦੇ ਹੋ ਅਤੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਇੱਥੇ ਮੁਜਰਿਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।
ਲਿਓਨਜ਼ ਸਾਧਾਰਣ ਗੱਲਾਂ ਕਰਦੇ ਹਨ ਪਰ ਜਿਵੇਂ ਹੀ ਤੁਸੀਂ ਉਨ੍ਹਾਂ ਪਲਾਂ ਬਾਰੇ ਗੱਲ ਕਰੋ ਜਦੋਂ ਉਨ੍ਹਾਂ ਕਿਸੇ ਦੀ ਮੌਤ ਦੇਖੀ ਸੀ ਤਾਂ ਪਤਾ ਲਾਉਣਾ ਮੁਸ਼ਕਿਲ ਨਹੀਂ ਕਿ ਉਹ ਕਿੰਨੇ ਸਦਮੇ ਵਿੱਚੋਂ ਲੰਘੇ ਹੋਣਗੇ।
ਸਾਲ 2000 ਵਿੱਚ ਟੈਕਸਸ ਵਿੱਚ 40 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਹ ਕਿਸੇ ਸੂਬੇ ਲਈ ਇੱਕ ਰਿਕਾਰਡ ਸੀ।
ਇਹ ਲਗਭਗ ਪੂਰੇ ਅਮਰੀਕਾ ਵਿੱਚ ਦਿੱਤੀਆਂ ਸਜ਼ਾਵਾਂ ਦੇ ਬਰਾਬਰ ਸਨ। ਲਿਓਨਜ਼ ਨੇ 40 ਵਿੱਚੋਂ 38 ਸਜਾਵਾਂ ਦੇਖੀਆਂ।
"ਜਦੋਂ ਮੈਂ ਹੁਣ ਸਜ਼ਾ ਦੌਰਾਨ ਲਏ ਨੋਟਸ ਦੇਖਦੀ ਹਾਂ ਤਾਂ ਮੈਨੂੰ ਸਮਝ ਆਉਂਦਾ ਹੈ ਇਹ ਚੀਜ਼ਾਂ ਮੈਨੂੰ ਪਰੇਸ਼ਾਨ ਕਰਦੀਆਂ ਸਨ। ਮੈਂ ਇਨ੍ਹਾਂ ਭਾਵਨਾਵਾਂ ਨੂੰ ਇੱਕ ਸੂਟਕੇਸ ਵਿੱਚ ਬੰਦ ਕਰਕੇ ਦਿਮਾਗ ਦੇ ਇੱਕ ਖੂੰਜੇ ਵਿੱਚ ਸੁੱਟ ਦਿੱਤਾ ਅਤੇ ਚਲਦੀ ਰਹੀ।"
ਕਈ ਵਾਰ ਮਰਨ ਵਾਲਿਆਂ ਦੀਆਂ ਅਜੀਬ ਗੱਲਾਂ ਚੇਤੇ ਵਿੱਚੋਂ ਵਾਪਸ ਆ ਜਾਂਦੀਆਂ ਹਨ। ਆਪਣੀ ਮਾਂ ਅਤੇ ਧੀ ਨੂੰ ਕਤਲ ਕਰਨ ਵਾਲੇ ਨੇ ਸਟੇਚਰ ਤੇ ਪਏ ਨੇ ਵੀ ਚਸ਼ਮੇ ਲਾਏ ਹੋਏ ਸਨ।
ਇੱਕ ਔਰਤ ਜਿਸ ਨੇ ਆਪਣੇ ਪਤੀਆਂ ਨੂੰ ਘਰ ਦੀ ਬਗੀਚੀ ਵਿੱਚ ਮੁਰਦਾ ਪਾਲਤੂ ਜਾਨਵਰਾਂ ਵਾਂਗ ਦੱਬ ਦਿੱਤਾ ਸੀ ਛੋਟੇ-ਛੋਟੇ ਪੈਰ ਸਨ।'
ਇੱਕ ਹੋਰ ਵਿਅਕਤੀ ਜਿਸ ਨੇ ਆਪਣੀ ਸੱਸ ਅਤੇ ਦਾਦੀ ਦਾ ਕਤਲ ਕੀਤਾ ਸੀ ਉਹ ਲਿਓਨਜ਼ ਦੇ ਦਾਦੇ ਵਰਗਾ ਲਗਦਾ ਸੀ।
ਜਿਵੇਂ ਕਿਸੇ ਨੂੰ ਨੀਂਦ ਵਿੱਚ ਜਾਂਦੇ ਦੇਖਣਾ.....
"ਕਿਸੇ ਦੇ ਆਖਰੀ ਪਲਾਂ ਨੂੰ ਦੇਖਣਾ ਅਤੇ ਉਨ੍ਹਾਂ ਦੇ ਸਰੀਰ ਵਿੱਚੋਂ ਰੂਹ ਨਿਕਲਦੇ ਦੇਖਣਾ ਕਦੇ ਵੀ ਸਾਧਾਰਣ ਨਹੀ ਹੋ ਸਕਦਾ। ਫੇਰ ਵੀ ਟੈਕਸਸ ਵਿੱਚ ਇਹ ਐਨੇ ਕੁ ਵਾਰ ਹੋ ਚੁਕਿਆ ਹੈ ਕਿ ਸੂਬੇ ਦੀ ਇਸ 'ਤੇ ਮੁਹਾਰਤ ਹੋ ਗਈ ਜਾਪਦੀ ਹੈ।"
ਇਸ ਦਾ ਮਤਲਬ ਇਹ ਨਹੀਂ ਸੀ ਕਿ ਲਿਓਨਜ਼ ਆਪਣੇ ਕੰਮ ਪ੍ਰਤੀ ਗੰਭੀਰ ਨਹੀਂ ਸੀ ਸਗੋਂ ਜਦੋਂ ਉਨ੍ਹਾਂ ਦੀ ਨਿਯੁਕਤੀ ਪਬਲਿਕ ਇਨਫਰਮੇਸ਼ਨ ਦਫ਼ਤਰ ਵਿੱਚ ਹੋ ਗਈ ਤਾਂ ਉਨ੍ਹਾਂ ਦਾ ਕੰਮ ਹੋਰ ਗੰਭੀਰ ਹੋ ਗਿਆ।
ਹੁਣ ਉਹ ਨਾ ਸਿਰਫ਼ ਹੰਟਸਵਿਲੇ ਦੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਸਨ ਸਗੋਂ ਪੂਰੇ ਅਮਰੀਕਾ ਅਤੇ ਪੂਰੇ ਸੰਸਾਰ ਨੂੰ ਦੱਸ ਰਹੇ ਸਨ ਕਿ ਹੰਟਸਵਿਲੇ ਦੇ ਡੈੱਥ ਚੈਂਬਰਾਂ ਵਿੱਚ ਕੀ ਹੋ ਰਿਹਾ ਹੈ।
ਲਿਓਨਜ਼ ਦਸਦੇ ਹਨ ਕਿ ਟੀਕੇ ਨਾਲ ਹੁੰਦੀਆਂ ਮੌਤਾਂ ਦੇਖਣਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਨੂੰ ਨੀਂਦ ਵਿੱਚ ਜਾਂਦੇ ਦੇਖਣਾ। ਹਾਂ ਇਸ ਨਾਲ ਉਨ੍ਹਾਂ ਦੇ ਪਿਆਰਿਆਂ ਨੂੰ ਜ਼ਰੂਰ ਦੁੱਖ ਹੁੰਦਾ ਸੀ।
ਇਸ ਤੋਂ ਪਹਿਲਾਂ 1924 ਤੋਂ 1964 ਤੱਕ ਲੋਕਾਂ ਨੂੰ ਬਿਜਲੀ ਦੀ ਕੁਰਸੀ 'ਤੇ ਬਿਠਾ ਕੇ ਸਜ਼ਾ ਦਿੱਤੀ ਜਾਂਦੀ ਸੀ, ਇਹ ਵਧੇਰੇ ਦਰਦਨਾਕ ਹੁੰਦੀ ਸੀ।
ਲਿਓਨਜ਼ ਨੂੰ ਮਾਫੀਆਂ ਅਤੇ ਰਹਿਮ ਦੀਆਂ ਅਪੀਲਾਂ ਵੀ ਅੱਗੇ ਪਹੁੰਚਾਉਣੀਆਂ ਪੈਂਦੀਆਂ ਸਨ।
ਲਿਓਨਜ਼ ਮੁਜਰਿਮਾਂ ਦੇ ਆਖਰੀ ਸਾਹ - ਕਦੇ ਖੰਘ, ਕਦੇ ਹਿਚਕੀ - ਸੁਣਦੀ ਸੀ ਜਦੋਂ ਜ਼ਹਿਰ ਦੇ ਅਸਰ ਕਰਕੇ ਉਨ੍ਹਾਂ ਦੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ। ਉਨ੍ਹਾਂ ਦੀ ਮੌਤ ਹੋ ਜਾਣ ਮਗਰੋਂ ਉਹ ਉਨ੍ਹਾਂ ਦਾ ਰੰਗ ਜਾਮਣੀ ਹੁੰਦਾ ਵੀ ਦੇਖਦੀ।
ਲਿਓਨਜ਼ ਨੂੰ ਦੁਨੀਆਂ ਭਰ ਤੋਂ ਨਫ਼ਰਤ ਭਰੀਆਂ ਈਮੇਲ ਅਤੇ ਚਿੱਠੀਆਂ ਮਿਲਦੀਆਂ ਕਿ ਉਹ ਸਰਕਾਰੀ ਕਤਲਾਂ ਵਿੱਚ ਹਿੱਸੇਦਾਰ ਬਣਦੀ ਹੈ।
ਕਈ ਵਾਰ ਉਹ ਗੁੱਸੇ ਨਾਲ ਲੋਕਾਂ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਲਈ ਲਿਖਦੀ ਕਿ ਉਹ ਟੈਕਸਸ ਵਿੱਚ ਕੀ ਹੋ ਰਿਹਾ ਹੈ ਇਸਦੀ ਪ੍ਰਵਾਹ ਨਾ ਕਰਨ।
ਅਮਰੀਕਾ ਤੋਂ ਬਾਹਰ ਲੋਕਾਂ ਨੂੰ ਲਗਦਾ ਕਿ ਇਹ ਬੜਾ ਡਰਾਉਣਾ ਹੈ ਕਿ ਅਸੀਂ ਹਾਲੇ ਵੀ ਲੋਕਾਂ ਨੂੰ ਮਾਰ ਰਹੇ ਹਾਂ। ਯੂਰਪੀ ਪੱਤਰਕਾਰ ਇਨ੍ਹਾਂ ਨੂੰ ਸਜ਼ਾਵਾਂ ਦੀ ਥਾਂ ਕਤਲ ਲਿਖਦੇ।
ਕਦੇ ਕਦੇ ਮਾਮਲਾ ਸਰਕਸ ਵਰਗਾ ਹੋ ਜਾਂਦਾ ਜਦੋਂ ਦੁਨੀਆਂ ਭਰ ਦਾ ਮੀਡੀਆ ਹੰਟਸਵਿਲੇ ਵਿੱਚ ਆਣ ਉੱਤਰਦਾ।
ਜਦੋਂ 2000 ਵਿੱਚ ਗੈਰੀ ਗ੍ਰਾਹਮ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਉਸ ਸਮੇਂ ਵੀ ਅਜਿਹਾ ਹੀ ਹੋਇਆ ਸੀ।
ਗ੍ਰਾਹਮ ਨੇ ਇੱਕ ਹਫ਼ਤੇ ਵਿੱਚ 13 ਲੋਕਾਂ ਨੂੰ ਲੁੱਟਿਆ ਸੀ। ਦੋ ਨੂੰ ਉਸ ਨੇ ਪਿਸਟਲ ਮਾਰ ਮਾਰ ਕੇ ਮਾਰ ਦਿੱਤਾ ਸੀ ਜਿਵੇਂ ਉਸ ਦੇ ਅੱਗੇ ਸੰਗੀਨ ਲੱਗੀ ਹੋਵੇ।
ਇੱਕ ਹੋਰ ਦੀ ਧੌਣ ਵਿੱਚ ਗੋਲ਼ੀ ਮਾਰੀ ਜਦਕਿ ਦੂਸਰੇ ਨੂੰ ਉਸ ਨੇ ਕਾਰ ਨਾਲ ਕੁਚਲ ਦਿੱਤਾ ਸੀ ਜਿਸ ਦੀ ਕਿ ਉਹ ਕਾਰ ਲੈ ਕੇ ਭੱਜ ਰਿਹਾ ਸੀ।
ਕਦੇ ਕਦੇ ਮੁਜਰਿਮਾਂ ਦੇ ਆਖਰੀ ਪਲ ਸਿਰਫ਼ ਜੇਲ੍ਹ ਦਾ ਸਟਾਫ਼ ਹੀ ਦੇਖਦਾ ਸੀ ਜਾਂ ਐਸੋਸੀਏਟਡ ਪ੍ਰੈਸ ਦਾ ਕੋਈ ਪੱਤਰਕਾਰ।
ਇੱਕ ਕਿਸਮ ਦੀ ਦਫਤਰੀ ਪ੍ਰਕਿਰਿਆ...
ਜਦੋਂ ਜ਼ਹਿਰ ਦਾ ਟੀਕਾ ਲਾਇਆ ਜਾਂਦਾ ਸੀ ਤਾਂ ਉੱਥੇ ਮਰਨ ਵਾਲੇ ਨੂੰ ਦੇਖਣ ਲਈ ਕੋਈ ਨਹੀਂ ਹੁੰਦਾ ਸੀ, ਨਾ ਹੀ ਉਸ ਦੇ ਘਰ ਵਾਲੇ ਤੇ ਨਾ ਹੀ ਪੀੜਤ ਦੇ ਘਰ ਵਾਲੇ।
ਇਹ ਇੱਕ ਕਿਸਮ ਦੀ ਦਫਤਰੀ ਪ੍ਰਕਿਰਿਆ ਹੁੰਦੀ ਸੀ ਜਿਸ ਬਾਰੇ ਸ਼ਹਿਰ ਵਾਲਿਆਂ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਸਜ਼ਾ ਦਿੱਤੀ ਜਾ ਰਹੀ ਹੈ।
ਲਿਓਨਜ਼ ਕਈ ਅਜਿਹੀਆਂ ਔਰਤਾਂ ਤੇ ਮਰਦਾਂ ਨੂੰ ਜਾਣਦੀ ਹੈ ਜਿਨ੍ਹਾਂ ਨੂੰ ਆਪਣੀ ਮੌਤ ਦਾ ਇੰਤਜ਼ਾਰ ਹੈ। ਉਨ੍ਹਾਂ ਵਿੱਚੋਂ ਕਈ ਸੀਰੀਅਲ ਕਿਲਰ ਹਨ, ਬਲਾਤਕਾਰੀ ਹਨ।
ਉਨ੍ਹਾਂ ਵਿੱਚੋਂ ਸਾਰੇ ਰਾਖਸ਼ਸ ਨਹੀਂ ਹਨ, ਲਿਓਨਜ਼ ਕਈਆਂ ਨੂੰ ਪਸੰਦ ਕਰਦੀ ਹੈ ਅਤੇ ਸੋਚਦੀ ਹੈ ਕਿ ਜੇ ਆਜ਼ਾਦ ਦੁਨੀਆਂ ਵਿੱਚ ਮਿਲੇ ਹੁੰਦੇ ਤਾਂ ਉਹ ਦੋਸਤ ਹੋ ਸਕਦੇ ਸਨ।
17 ਸਾਲਾ ਲੜਕੇ ਨੇਪੋਲੀਓਨ ਬੀਜ਼ਲੀ ਨੂੰ 2002 ਵਿੱਚ ਸਜ਼ਾ ਦਿੱਤੀ ਗਈ। ਲਿਓਨਜ਼ ਘਰ ਵਾਪਸ ਆਉਂਦਿਆਂ ਸਾਰੇ ਰਾਹ ਰੋਂਦੀ ਰਹੀ ਸੀ।
ਮੈਨੂੰ ਨਾ ਸਿਰਫ਼ ਇਹ ਲੱਗ ਰਿਹਾ ਸੀ ਕਿ ਨੇਪੋਲੀਓਨ ਨੂੰ ਕੋਈ ਕਸ਼ਟ ਨਹੀਂ ਸੀ ਹੋਣਾ ਚਾਹੀਦਾ ਸਗੋਂ ਮੈਂ ਸੋਚ ਰਹੀ ਸੀ ਕਿ ਉਹ ਸਮਾਜ ਦਾ ਇੱਕ ਉਤਪਾਦਕ ਮੈਂਬਰ ਹੋ ਸਕਦਾ ਸੀ।
ਸਾਲ 2004 ਵਿੱਚ ਲਿਓਨਜ਼ ਗਰਭਵਤੀ ਹੋ ਗਈ।
ਹੋਣ ਵਾਲੇ ਬੱਚੇ ਨੂੰ ਮਰਨ ਵਾਲਿਆਂ ਦੇ ਬੋਲ ਸੁਣਨਗੇ...
"ਮੈਂ ਸੋਚਦੀ ਕਿ ਮੇਰੇ ਹੋਣ ਵਾਲੇ ਬੱਚੇ ਨੂੰ ਮਰਨ ਵਾਲਿਆਂ ਦੇ ਆਖ਼ਰੀ ਸ਼ਬਦ ਸੁਣਨਗੇ। ਉਨ੍ਹਾਂ ਦੀਆਂ ਫਰਿਆਦਾਂ, ਉਨ੍ਹਾਂ ਦੇ ਨਿਰਦੋਸ਼ ਹੋਣ ਦੇ ਦਾਅਵੇ, ਸਭ ਕੁਝ।"
"ਮੈਨੂੰ ਮਰਨ ਵਾਲਿਆਂ ਦੀਆਂ ਮਾਵਾਂ ਨਾਲ ਹਮਦਰਦੀ ਹੋਣ ਲੱਗੀ। ਘਰ ਵਿੱਚ ਮੇਰੀ ਧੀ ਸੀ ਜਿਸ ਲਈ ਮੈਂ ਕੁਝ ਵੀ ਕਰ ਸਕਦੀ ਸੀ ਅਤੇ ਮੇਰੇ ਸਾਹਮਣੇ ਲੋਕੀ ਆਪਣੇ ਸਾਹਮਣੇ ਬੱਚਿਆਂ ਨੂੰ ਮਰਦੇ ਦੇਖ ਰਹੇ ਸਨ।"
ਲਿਓਨਜ਼ ਨੇ ਅਗਲੇ ਹੋਰ ਸੱਤ ਸਾਲ ਆਪਣਾ ਇਹ ਮੌਤਾਂ ਦੇਖਣ ਵਾਲਾ ਕਿੱਤਾ ਜਾਰੀ ਰਿਹਾ ਜਦ ਤੱਕ ਕਿ ਉਨ੍ਹਾਂ ਨੇ ਟੈਕਸਸ ਦੇ ਕਰਿਮੀਨਲ ਜਸਟਿਸ ਵਿਭਾਗ ਵਿਚਲੀ ਆਪਣੀ ਨੌਕਰੀ ਛੱਡ ਨਹੀਂ ਦਿੱਤੀ।
"ਮੈਨੂੰ ਲੱਗਿਆ ਕਿ ਇੱਥੋਂ ਜਾ ਕੇ ਮੈਂ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਜਿਨ੍ਹਾਂ ਨੂੰ ਮੈਂ ਨਹੀਂ ਦੇਖ ਸਕੀ, ਦੇਖਾਂਗੀ। ਜਦਕਿ ਹੋ ਇਸਦਾ ਉਲਟਾ ਗਿਆ। ਮੈਂ ਸਾਰਾ ਸਮਾਂ ਇਸੇ ਬਾਰੇ ਸੋਚਦੀ ਰਹਿੰਦੀ। ਮੈਨੂੰ ਇਸ ਤਰ੍ਹਾਂ ਲਗਦਾ ਜਿਵੇਂ ਮੈਂ ਜਾਦੂ ਦੀ ਪਿਟਾਰੀ ਤੋਂ ਢੱਕਣ ਚੁੱਕ ਲਿਆ ਹੋਵੇ ਅਤੇ ਹੁਣ ਮੈਂ ਉਸ ਨੂੰ ਬੰਦ ਨਹੀਂ ਸਾਂ ਕਰ ਪਾ ਰਹੀ।"
"ਜਦੋਂ ਮੈਂ ਚਿਪਸ ਦਾ ਪੈਕਟ ਖੋਲ੍ਹਦੀ ਤਾਂ ਮੈਨੂੰ ਡੈੱਥ ਚੈਂਬਰ ਦੀ ਮਹਿਕ ਆਉਂਦੀ ਅਤੇ ਕਦੇ ਰੇਡੀਓ ਦਾ ਕੋਈ ਪ੍ਰੋਗਰਾਮ ਮੈਨੂੰ ਕਿਸੇ ਨਾਲ ਉਸਦੀ ਮੌਤ ਤੋਂ ਪਹਿਲਾਂ ਹੋਈ ਮੁਲਾਕਾਤ ਦੀ ਯਾਦ ਕਰਾ ਦਿੰਦੇ।"
2000 ਤੋਂ ਹੁਣ ਤੱਕ ਚਾਲੀਆਂ ਨੂੰ ਸਜ਼ਾ...
ਹੁਣ ਟੈਕਸਸ ਵਿੱਚ ਮੌਤ ਦੀ ਸਜ਼ਾ ਦੀ ਗਿਣਤੀ ਘਟ ਰਹੀ ਹੈ। 2013 ਦੇ ਇੱਕ ਸਰਵੇ ਮੁਤਾਬਕ ਟੈਕਸਸ ਦੇ 74 ਫੀਸਦੀ ਵਸਨੀਕਾਂ ਨੇ ਇਸ ਦੀ ਹਮਾਇਤ ਕੀਤੀ। ਇਸ ਲਈ ਨੇੜਲੇ ਭਵਿੱਖ ਵਿੱਚ ਤਾਂ ਡੈੱਥ ਚੈਂਬਰ ਖ਼ਤਮ ਹੋਣ ਦੀ ਉਮੀਦ ਨਹੀਂ ਹੈ।
ਪਿਛਲੇ ਸਾਲ 7 ਮੁਜਰਿਮਾਂ ਨੂੰ ਇਹ ਸਜ਼ਾ ਦਿੱਤੀ ਗਈ, ਸਾਲ 2016 ਵਿੱਚ ਵੀ ਇਤਨੇ ਹੀ ਲੋਕਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ। ਜੇ ਹੋਰ ਪਿੱਛੇ ਦੇਖਿਆ ਜਾਵੇ ਤਾਂ 2000 ਤੋਂ ਲੈ ਕੇ ਹੁਣ ਤੱਕ 40 ਵਿਅਕਤੀਆਂ ਨੂੰ ਇਹ ਸਜ਼ਾ ਦਿੱਤੀ ਗਈ ਹੈ।
ਹਾਲਾਂ ਕਿ ਲਿਓਨਜ਼ ਇਸ ਦੀ ਹਮਾਇਤੀ ਰਹੀ ਹੈ ਕਿ ਬੁਰੇ ਤੋਂ ਬੁਰੇ ਮੁਜਰਿਮ ਨੂੰ ਇਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਟੈਕਸਸ ਵਿੱਚ ਇਹ ਕੁਝ ਜ਼ਿਆਦਾ ਹੀ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਸੂਬੇ ਵਿੱਚ ਜੁਰਮ ਵਧ ਰਿਹਾ ਹੈ।
ਟੈਕਸਸ ਦੇ ਕਬਰਿਸਤਾਨ ਵਿੱਚ ਲਾਵਾਰਿਸ ਲਾਸ਼ਾਂ ਪਿਛਲੇ 150 ਸਾਲਾਂ ਤੋਂ ਦਫਨਾਈਆਂ ਜਾਂਦੀਆਂ ਹਨ। ਇੱਥੇ ਖੜ੍ਹ ਕੇ ਲਿਓਨਜ਼ ਨੂੰ ਅਚੰਭਾ ਹੁੰਦਾ ਹੈ ਕਿ ਇਨ੍ਹਾਂ ਵਿੱਚੋਂ ਕਿੰਨਿਆਂ ਦੀ ਮੌਤ ਉਸਨੇ ਦੇਖੀ ਹੋਵੇਗੀ। ਉਨ੍ਹਾਂ ਨੂੰ ਦੁੱਖ ਉਨ੍ਹਾਂ ਦਾ ਨਹੀਂ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਯਾਦ ਹੈ ਪਰ ਉਨ੍ਹਾਂ ਨੂੰ ਦੁੱਖ ਤਾਂ ਉਨ੍ਹਾਂ ਦਾ ਹੈ ਜਿਨ੍ਹਾਂ ਨੂੰ ਉਹ ਭੁੱਲ ਚੁੱਕੇ ਹਨ।
"ਉਨ੍ਹਾਂ ਕਬਰਾਂ 'ਤੇ ਤੁਹਾਨੂੰ ਕੋਈ ਫੁੱਲ ਨਹੀਂ ਮਿਲੇਗਾ।"
"ਇਸ ਤੋਂ ਮੇਰੇ ਬਾਰੇ ਕੀ ਪਤਾ ਚਲਦਾ ਹੈ ਕਿ ਮੈਂ ਉਨ੍ਹਾਂ ਵਿੱਚੋਂ ਕਿੰਨਿਆਂ ਨੂੰ ਯਾਦ ਨਹੀਂ ਕਰ ਪਾ ਰਹੀ? ਸ਼ਾਇਦ ਉਹ ਇਸੇ ਯੋਗ ਸਨ ਕਿ ਉਨ੍ਹਾਂ ਨੂੰ ਭੁਲਾ ਦਿੱਤਾ ਜਾਵੇ। ਜਾਂ ਸ਼ਾਇਦ ਉਨ੍ਹਾਂ ਨੂੰ ਯਾਦ ਰਖਣਾ ਮੇਰਾ ਕੰਮ ਹੈ।"