ਅਗਲੇ 48 ਘੰਟੇ ਤੂਫਾਨ ਤੋਂ ਸਾਵਧਾਨ ਰਹੋ

ਮੌਸਮ ਵਿਭਾਗ ਨੇ ਉੱਤਰ ਭਾਰਤ ਵਿੱਚ ਤੂਫਾਨ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ 6 ਮਈ ਨੂੰ ਮੌਸਮ ਵਿਭਾਗ ਵੱਲੋਂ ਇੱਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਵਿੱਚ ਅਗਲੇ 48 ਘੰਟਿਆਂ ਲਈ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸਿੱਕਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਵਿੱਚ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ।

ਇਸ ਤੋਂ ਅਲਾਵਾ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿੱਚ ਵੀ ਤੇਜ਼ ਹਵਾਵਾਂ ਚੱਲਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਾਲਾਤ ਮੁਤਾਬਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਇਹ ਫੈਸਲਾ ਵੀ ਡਿਪਟੀ ਕਮਿਸ਼ਨਰ ਹੀ ਲਏਗਾ ਕਿ ਸੂਬੇ ਦੇ ਸਕੂਲ ਬੰਦ ਕਰਨ ਦੀ ਲੋੜ ਹੈ ਜਾਂ ਨਹੀਂ।

ਮੌਸਮ ਵਿਭਾਗ ਚੰਡੀਗੜ੍ਹ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ 48-72 ਘੰਟਿਆਂ ਦੌਰਾਨ ਤੇਜ਼ ਹਨੇਰੀ ਅਤੇ ਤੂਫ਼ਾਨ ਆ ਸਕਦਾ ਹੈ।

ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਇੰਜੀਨਿਅਰਿੰਗ, ਸਿਹਤ, ਨਗਰ ਨਿਗਮ, ਫਾਇਰ ਮੈਨੇਜਮੈਂਟ, ਡਿਜ਼ਾਸਟਰ ਮੈਨੇਜਮੈਂਟ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਹੈ।

ਚੰਡੀਗੜ੍ਹ ਦੇ ਸਾਰੇ ਸਕੂਲ 7 ਮਈ ਨੂੰ 12 ਵਜੇ ਤੋਂ ਬਾਅਦ ਬੰਦ ਰਹਿਣਗੇ। ਸਕੂਲ ਅਤੇ ਕਾਲਜ ਪ੍ਰਬੰਧਕਾਂ ਨੂੰ ਚੌਕਸੀ ਵਰਤਣ ਅਤੇ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।

ਹਰਿਆਣਾ ਸਰਕਾਰ ਨੇ ਵੀ ਤੂਫ਼ਾਨ ਦੇ ਮੱਦੇਨਜ਼ਰ ਦੋ ਦਿਨਾਂ ਲਈ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਟਵੀਟ ਵੀ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)