ਸਟੋਰਮੀ ਡੇਨੀਅਲ ਨੂੰ ਦਿੱਤੀ ਰਕਮ, ਪ੍ਰਚਾਰ ਦੇ ਪੈਸੇ ਨਹੀਂ ਸਨ-ਵਕੀਲ

ਡੌਨਲਡ ਟਰੰਪ ਨਾਲ ਸਬੰਧਾਂ ਬਾਰੇ ਪੋਰਨ ਸਟਾਰ ਨੂੰ ਚੁੱਪ ਕਰਵਾਉਣ ਲਈ ਵਕੀਲ ਵੱਲੋਂ ਦਿੱਤੀ ਗਈ 1,30,000 ਡਾਲਰ ਦੀ ਰਕਮ ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਅਦਾ ਕੀਤੀ ਸੀ। ਇਹ ਖੁਲਾਸਾ ਟਰੰਪ ਦੇ ਕਾਨੂੰਨੀ ਸਹਾਇਕ ਰੂਡੀ ਗਿਉਲਿਆਨੀ ਨੇ ਕੀਤਾ ਹੈ।

ਇਹ ਬਿਆਨ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਬਿਆਨ ਤੋਂ ਉਲਟ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਪੋਰਟ ਸਟਾਰ ਸਟੋਰਮੀ ਡੇਨੀਅਲਜ਼ ਨੂੰ 2016 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਮਿਸ਼ੈੱਲ ਕੋਹੇਨ ਵਲੋਂ ਦਿੱਤੀ ਗਈ ਰਕਮ ਦਾ ਉਨ੍ਹਾਂ ਨੂੰ ਕੋਈ ਇਲਮ ਨਹੀ ਹੈਂ।

ਟਰੰਪ ਨੇ 2006 ਵਿੱਚ ਸਟੋਰਮੀ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਸੀ।

ਗਿਉਲਿਆਨੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਚਾਰ ਦਾ ਕੋਈ ਪੈਸਾ ਨਹੀਂ ਵਰਤਿਆ ਗਿਆ।

ਗਿਉਲਿਆਨੀ ਨੇ ਕੀ ਤੇ ਕਿਉਂ ਕਿਹਾ

ਗਿਉਲਿਆਨੀ ਨਿਉਯਾਰਕ ਦੇ ਸਾਬਕਾ ਸਿਟੀ ਮੇਅਰ ਹਨ ਅਤੇ ਉਨ੍ਹਾਂ ਬੀਤੇ ਦਿਨੀਂ ਟਰੰਪ ਦੀ ਕਾਨੂੰਨੀ ਟੀਮ ਜੁਆਇਨ ਕੀਤੀ ਸੀ ।

ਉਕਤ ਖੁਲਾਸਾ ਉਨ੍ਹਾਂ ਨੇ ਫੋਕਸ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਸਵਾਲ ਦੇ ਜਵਾਬ ਵਿੱਚ ਕੀਤਾ ।

ਉਧਰ ਇਸ ਮਾਮਲੇ 'ਚ ਹੁਣ ਡੌਨਲਡ ਟਰੰਪ ਨੇ ਇੱਕ ਸਾਰ ਤਿੰਨ ਟਵੀਟਸ ਰਾਹੀਂ ਆਪਣਾ ਪੱਖ ਰੱਖਿਆ ਹੈ।

ਵਕੀਲ ਮਿਸ਼ੈੱਲ ਕੋਹੇਨ ਨੂੰ ਦਿੱਤੀ ਰਕਮ ਬਾਰੇ ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਕੋਹੇਨ ਨੂੰ ਦਿੱਤੀ ਗਈ ਰਕਮ ਦਾ ਚੋਣ ਕੈਂਪੇਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਇਹ ਰਕਮ ਕੈਂਪੇਨ ਦੇ ਪੈਸਿਆਂ ਤੋਂ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਇਹ ਦੋ ਧਿਰਾਂ ਵਿਚਾਲੇ ਹੋਣ ਵਾਲਾ ਨਿੱਜੀ ਸਮਝੌਤਾ ਸੀ, ਜਿਸ ਨੂੰ ਨਸ਼ਰ ਨਹੀਂ ਕੀਤਾ ਜਾਂਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)