ਅਮਰੀਕਾ: ਚੋਣਾਂ ਵਿੱਚ ਦਖ਼ਲ ਕਾਰਨ ਰੂਸੀ ਨਾਗਰਿਕਾਂ 'ਤੇ ਇਲਜ਼ਾਮ ਤੈਅ

ਅਮਰੀਕਾ 'ਚ 2016 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਦਖ਼ਲ ਨੂੰ ਲੈ ਕੇ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ 13 ਰੂਸੀ ਨਾਗਰਿਕਾਂ ਖ਼ਿਲਾਫ਼ ਇਲਜ਼ਾਮ ਤੈਅ ਕੀਤੇ ਹਨ।

ਇਲਜ਼ਾਮ ਹਨ ਕਿ ਇਨ੍ਹਾਂ ਲੋਕਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਵਿਚੋਂ ਤਿੰਨ ਲੋਕਾਂ 'ਤੇ ਤਕਨੀਕ ਰਾਹੀਂ ਧੋਖਾਧੜੀ ਕਰਨ ਅਤੇ ਕਿਸੇ ਹੋਰ ਦੀ ਪਛਾਣ ਦੀ ਵਰਤੋਂ ਕਰਨ ਦੇ ਇਲਜ਼ਾਮ ਹਨ।

ਇਸ ਤੋਂ ਇਲਾਵਾ ਤਿੰਨ ਰੂਸੀ ਕੰਪਨੀਆਂ ਵੀ ਇਸ ਵਿੱਚ ਸ਼ਾਮਲ ਦੱਸੀਆਂ ਜਾ ਰਹੀਆਂ ਹਨ।

ਮੀਡੀਆ ਦੇ ਸਾਹਮਣੇ ਡਿਪਟੀ ਅਟਾਰਨੀ ਜਨਰਲ ਰੋਡ ਰੋਸਨਸਟਾਇਨ ਨੇ ਦੱਸਿਆ ਹੈ ਕਿ ਕਿਸੇ ਅਮਰੀਕੀ ਨਾਗਰਿਕ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਇਲਜ਼ਾਮ ਨਹੀਂ ਸੀ ਅਤੇ ਨਾ ਹੀ ਰੂਸ ਦੀ ਇਨ੍ਹਾਂ ਕੋਸ਼ਿਸ਼ਾਂ ਦਾ ਚੋਣਾਂ 'ਤੇ ਕੋਈ ਅਸਰ ਪਿਆ।

ਕੀ ਹਨ ਇਲਜ਼ਾਮ?

  • ਚਾਰਜ਼ਸ਼ੀਟ ਮੁਤਾਬਕ ਇਨ੍ਹਾਂ ਰੂਸੀ ਨਾਗਰਿਕਾਂ ਨੇ ਖ਼ੁਦ ਨੂੰ ਅਮਰੀਕੀ ਦੱਸ ਕੇ ਆਪਣੇ ਨਾਂ 'ਤੇ ਬੈਂਕ ਅਕਾਊਂਟ ਖੋਲ੍ਹੇ ਅਤੇ ਰਾਜਨੀਤਕ ਇਸ਼ਤਿਹਾਰਾਂ 'ਤੇ ਹਜ਼ਾਰਾਂ ਡਾਲਰ ਖਰਚ ਕੀਤੇ।
  • ਅਮਰੀਕਾ ਵਿੱਚ ਰਾਜਨੀਤਕ ਰੈਲੀਆਂ ਕਰਵਾਈਆਂ।
  • ਇਨ੍ਹਾਂ ਲੋਕਾਂ ਨੇ ਅਸਲੀ ਅਮਰੀਕੀ ਨਾਗਰਿਕਾਂ ਵਜੋਂ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਰਾਜਨੀਤਕ ਪੋਸਟਾਂ ਲਿਖੀਆਂ।
  • ਅਜਿਹੀਆਂ ਜਾਣਕਾਰੀਆਂ ਫੈਲਾਈਆਂ ਜਿਸ ਨਾਲ ਹਿਲੇਰੀ ਕਲਿੰਟਨ ਦਾ ਦਰਜਾ ਘਟ ਸਕੇ।
  • ਪੈਸੇ ਲੈ ਕੇ ਅਮਰੀਕੀ ਸੋਸ਼ਲ ਮੀਡੀਆ ਸਾਈਟਾਂ 'ਤੇ ਲਿਖਿਆ।
  • ਇਨ੍ਹਾਂ ਦਾ ਬਜਟ ਮਹੀਨੇ 'ਚ 12 ਲੱਖ 50 ਹਜ਼ਾਰ ਡਾਲਰ ਹੁੰਦਾ ਸੀ। ਇਹ ਲੋਕ ਦੇਖਦੇ ਸਨ ਕਿ ਇੰਟਰਨੈੱਟ ਪੋਸਟ ਲੋਕਾਂ 'ਤੇ ਕੀ ਅਸਰ ਪਾ ਰਹੀ ਹੈ ਅਤੇ ਫਿਰ ਉਸ ਹਿਸਾਬ ਨਾਲ ਆਪਣੀ ਰਣਨੀਤੀ ਤਿਆਰ ਕਰਦੇ।

ਟਰੰਪ ਨੇ ਦਿੱਤੀ ਸਫਾਈ

ਇਸ ਚਾਰਜ਼ਸ਼ੀਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸਾਲ 2014 ਦੀ ਸ਼ੁਰੂਆਤ 'ਚ ਹੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਰਾਸ਼ਟਰਪਤੀ ਟਰੰਪ ਨੇ ਵੀ ਇਸ ਮੁੱਦੇ 'ਤੇ ਟਵੀਟ ਕੀਤਾ।

ਉਨ੍ਹਾਂ ਲਿਖਿਆ, "ਮੇਰੇ ਰਾਸ਼ਟਰਪਤੀ ਚੋਣਾਂ ਲੜ੍ਹਨ ਦੇ ਐਲਾਨ ਤੋਂ ਪਹਿਲਾਂ ਹੀ ਰੂਸ ਨੇ ਸਾਲ 2014 ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਖ਼ਿਲਾਫ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਚੋਣਾਂ ਦੇ ਨਤੀਜੇ ਇਸ ਨਾਲ ਪ੍ਰਭਾਵਿਤ ਨਹੀਂ ਹੋਏ। ਟਰੰਪ ਚੋਣ ਮੁਹਿੰਮ ਨੇ ਕੋਈ ਗਲਤ ਕੰਮ ਨਹੀਂ ਕੀਤਾ।"

ਰੂਸ ਦੀ ਪ੍ਰਤੀਕਿਰਿਆ

ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਿਆ ਜ਼ਾਖਾਰੋਵਾ ਨੇ ਕਿਹਾ ਹੈ ਕਿ ਇਹ ਇਲਜ਼ਾਮ ਬੇਬੁਨਿਆਦ ਹਨ।

ਉਨ੍ਹਾਂ ਨੇ ਪੁੱਛਿਆ ਕਿ ਕੀ 13 ਲੋਕਾਂ ਦਾ ਅਮਰੀਕੀ ਚੋਣਾਂ ਵਿੱਚ ਦਖ਼ਲ ਦੇਣਾ ਸੰਭਵ ਹੈ, ਜਿੱਥੇ ਕਰੋੜਾਂ ਡਾਲਰ ਸੁਰੱਖਿਆ ਏਜੰਸੀਆਂ ਦਾ ਬਜਟ ਹੈ।

ਚਾਰਜ਼ਸ਼ੀਟ ਵਿੱਚ ਨਾਮਜ਼ਦ ਰੂਸ ਦੇ ਜੈਨੀ ਪ੍ਰਗੋਸ਼ਿਨ ਜਿਨ੍ਹਾਂ ਨੂੰ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਕਰੀਬੀ ਵੀ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਵੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਬੇਹੱਦ ਤਰਕਹੀਣ ਹੁੰਦੇ ਹਨ, ਉਹ ਓਹੀ ਦੇਖਦੇ ਹਨ ਜੋ ਦੇਖਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)