ਮਰਸੀਡੀਜ਼ ਨੇ ਚੀਨ ਤੋਂ ਮੁਆਫ਼ੀ ਕਿਉਂ ਮੰਗੀ ?

ਤਸਵੀਰ ਸਰੋਤ, Twitter
ਮਰਸੀਡੀਜ਼ ਅਤੇ ਕਈ ਹੋਰ ਕਾਰਾਂ ਬਣਾਉਣ ਵਾਲੀ ਜਰਮਨ ਕੰਪਨੀ ਡਾਇਮਲਰ ਨੇ ਚੀਨ ਤੋਂ ਦੂਜੀ ਵਾਰ ਮੁਆਫ਼ੀ ਮੰਗੀ ਹੈ।
ਡਾਇਮਲਰ ਨੇ ਇਹ ਮੁਆਫ਼ੀ ਮਰਸੀਡੀਜ਼ ਬੈਂਜ਼ ਵੱਲੋਂ ਦਲ਼ਾਈ ਲਾਮਾ ਦੇ ਵਿਚਾਰ ਇੰਸਟਾਗ੍ਰਾਮ ਪੋਸਟ 'ਤੇ ਲਗਾਉਣ ਲਈ ਮੰਗੀ ਹੈ।
ਡਾਇਮਲਰ ਨੇ ਪਹਿਲਾਂ ਇਹ ਮੁਆਫ਼ੀ ਚੀਨੀ ਟਵੀਟਰ ਵਜੋਂ ਜਾਣੇ ਜਾਂਦੇ, ਵਿਬੋ, 'ਤੇ ਮੰਗੀ ਸੀ।
ਚੀਨ ਤਿੱਬਤ ਦੇ ਧਾਰਮਿਕ ਗੁਰੂ ਦਲ਼ਾਈ ਲਾਮਾ ਨੂੰ ਤਿੱਬਤ 'ਚ ਵੱਖਵਾਦੀ ਖ਼ਤਰੇ ਵਜੋਂ ਦੇਖਦਾ ਹੈ।
ਇਸ ਇਸ਼ਤਿਹਾਰ ਵਿੱਚ ਮਰਸੀਡੀਜ਼ ਕਾਰ ਦੀ ਦਲ਼ਾਈ ਲਾਮਾ ਦੇ ਵਿਚਾਰ, "ਕਿਸੇ ਵੀ ਸਥਿਤੀ ਨੂੰ ਹਰ ਪੱਖ ਤੋਂ ਵੇਖੋ, ਤੇ ਤੁਸੀਂ ਜ਼ਿਆਦਾ ਖੁੱਲ੍ਹਾ ਮਹਿਸੂਸ ਕਰੋਗੇ" ਨਾਲ ਨੁਮਾਇਸ਼ ਕੀਤੀ ਸੀ।
ਇਸ ਇੰਸਟਾਗ੍ਰਾਮ ਪੋਸਟ ਨੂੰ ਚੀਨ ਵਿੱਚ ਰੋਕ ਦਿੱਤਾ ਗਿਆ, ਪਰ ਇਹ ਪੋਸਟ ਚੀਨ 'ਚ ਇੰਟਰਨੈੱਟ ਵਰਤਣ ਵਾਲਿਆਂ ਨੇ ਦੁਬਾਰਾ ਪੋਸਟ ਕੀਤੀ, ਜਿਸ ਨਾਲ ਉੱਥੇ ਹਲਚਲ ਮੱਚ ਗਈ।

ਤਸਵੀਰ ਸਰੋਤ, Reuters
ਚੀਨ ਦੀ ਸਰਕਾਰੀ ਨਿਊਜ਼ ਏਜੰਸੀ, ਸ਼ਿਨਹੂਆ ਨੇ ਕਿਹਾ, "ਜਰਮਨ ਦੀ ਇਸ ਕੰਪਨੀ ਨੇ ਚੀਨ ਦੇ ਜਰਮਨੀ ਵਿੱਚ ਰਾਜਦੂਤ ਤੋਂ ਲਿਖਤੀ ਮੁਆਫ਼ੀ ਮੰਗੀ ਹੈ।"
ਸ਼ਿਨਹੂਆ ਮੁਤਾਬਕ, ਇਸ ਚਿੱਠੀ ਵਿੱਚ ਲਿਖਿਆ ਸੀ ਕਿ ਡਾਇਮਲਰ ਦਾ ਤਿੱਬਤ 'ਤੇ ਚੀਨ ਦੀ ਪ੍ਰਭੂਸੱਤਾ 'ਤੇ ਸਵਾਲ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਇਸ ਚਿੱਠੀ ਵਿੱਚ ਲਿਖਿਆ ਹੈ, "ਡਾਇਮਲਰ ਇਸ 'ਤੇ ਡੂੰਘਾ ਅਫ਼ਸੋਸ ਕਰਦੀ ਹੈ ਕਿ ਇਸ ਨਾਲ ਚੀਨੀ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।"
ਡਾਇਮਲਰ ਦੀ ਪਹਿਲੀ ਮੁਆਫ਼ੀ ਦਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੁਆਗਤ ਕੀਤਾ ਸੀ ਪਰ ਇਸ ਨੂੰ ਪੀਪਲਜ਼ ਡੇਲੀ ਸਰਕਾਰੀ ਅਖ਼ਬਾਰ ਨੇ ਇਹ ਕਹਿ ਕੇ ਖ਼ਾਰਜ ਕਰ ਦਿੱਤਾ ਕਿ ਇਸ ਵਿੱਚ ਸੰਜੀਦਗੀ ਨਹੀਂ ਸੀ।












