You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਵਿੱਚ ਪੱਤਰਕਾਰ ਦੇ ਅਗਵਾਕਾਰ ਕੌਣ ਸਨ?
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ
ਵਿਓਨਸ ਨਿਊਜ਼ ਚੈਨਲ ਦੇ ਬਿਊਰੋ ਚੀਫ਼ ਤਾਹਾ ਸਿੱਦੀਕੀ ਅੱਜ ਇਸਲਾਮਾਬਦ ਵਿੱਚ ਹਥਿਆਰਬੰਦਾਂ ਵੱਲੋਂ ਅਗਵਾ ਹੁੰਦੇ ਹੁੰਦੇ ਬਚੇ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਾਹਾ ਸਿੱਦੀਕੀ ਅੱਜ ਸਵੇਰੇ ਕੈਬ ਵਿੱਚ ਬੈਠ ਕੇ ਏਅਰਪੋਰਟ ਜਾ ਰਹੇ ਸੀ।
ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਵੱਲੋਂ ਤੰਗ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਬਾਅਦ ਕੋਰਟ ਵਿੱਚ ਪਟੀਸ਼ਨ ਦਰਜ ਕਰਵਾਈ ਸੀ।
ਤਾਹਾ ਨੇ ਇੱਕ ਟਵੀਟ ਕਰਕੇ ਕਿਹਾ ਕਿ 10 ਤੋਂ 12 ਹਥਿਆਰਬੰਦਾਂ ਨੇ ਉਨ੍ਹਾਂ ਦੀ ਕੈਬ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
''ਮੈਂ ਬਚਣ ਵਿੱਚ ਕਾਮਯਾਬ ਹੋਇਆ ਅਤੇ ਹੁਣ ਮੈਂ ਪੁਲਿਸ ਨਾਲ ਸੁਰੱਖਿਅਤ ਹਾਂ।'' ਤਾਹਾ ਨੇ ਆਪਣੇ ਇੱਕ ਦੋਸਤ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ।
ਉਸੇ ਟਵੀਟ ਵਿੱਚ ਉਨ੍ਹਾਂ ਨੇ #StopEnforcedDisappearances 'ਤੇ ਸਮਰਥਨ ਦੇਣ ਦੀ ਅਪੀਲ ਕੀਤੀ।
ਤਾਹਾ ਨੇ ਕਿਹਾ,'' ਇੱਕ ਹਥਿਆਰਬੰਦ ਨੇ ਮੈਨੂੰ ਰਾਇਫ਼ਲ ਅਤੇ ਬੰਦੂਕ ਦੀ ਨੋਕ 'ਤੇ ਕੈਬ ਵਿੱਚੋਂ ਬਾਹਰ ਖਿੱਚਿਆ, ਮੈਨੂੰ ਕੁੱਟਿਆ ਅਤੇ ਮਾਰਨ ਦੀ ਧਮਕੀ ਦਿੱਤੀ।''
ਤਾਹਾ ਨੇ ਬੀਬੀਸੀ ਨੂੰ ਦੱਸਿਆ,'' ਹਥਿਆਰਬੰਦਾਂ ਨੇ ਦੂਜੀ ਗੱਡੀ ਨਾਲ ਕੈਬ ਨੂੰ ਰੋਕਿਆ ਅਤੇ ਮੈਨੂੰ ਬਾਹਰ ਖਿੱਚਿਆ। ਮੈਂ ਰੌਲਾ ਪਾਉਣਾ ਸ਼ੁਰੂ ਕੀਤਾ ਅਤੇ ਮਦਦ ਮੰਗੀ। ਉਨ੍ਹਾਂ ਵਿੱਚੋਂ ਕੁਝ ਹਥਿਆਰਬੰਦਾਂ ਨੇ ਕਿਹਾ ਕਿ ਇਸਨੂੰ ਗੋਲੀ ਮਾਰ ਦਿਓ। ਇਹ ਐਨਾ ਰੌਲਾ ਪਾ ਰਿਹਾ ਹੈ ਇਸਦੀ ਲੱਤ 'ਤੇ ਗੋਲੀ ਮਾਰ ਦਿਓ।''
ਇਸ ਦੌਰਾਨ ਤਾਹਾ ਨੂੰ ਭੱਜਣ ਦਾ ਮੌਕਾ ਮਿਲਿਆ ਅਤੇ ਉਹ ਭੱਜ ਗਏ। ਤਾਹਾ ਨੇ ਇਸ ਬਾਰੇ ਸਥਾਨਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਤਾਹਾ ਨੇ ਸ਼ੱਕ ਜ਼ਾਹਰ ਕੀਤਾ ਕਿ ਪਾਕਿਸਤਾਨ ਦੀਆਂ ਸੰਸਥਾਵਾਂ ਇਸ ਵਿੱਚ ਸ਼ਾਮਲ ਹਨ।
ਦੇਸ ਦੇ ਪੱਤਰਕਾਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਕਈਆਂ ਨੇ ਇਸ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਇੱਕਜੁਟਤਾ ਦਿਖਾਉਣ ਲਈ ਕਿਹਾ।
ਰਾਵਲਪਿੰਡੀ ਇਸਲਾਮਾਬਾਦ ਪੱਤਰਕਾਰਾਂ ਦੀ ਯੂਨੀਅਨ ਨੇ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ।
ਪਾਕਿਸਤਾਨ ਦੇ ਜਾਣੇ ਪਛਾਣੇ ਉੱਘੇ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਵੀ ਹਮਲੇ ਦੀਆਂ ਖ਼ਬਰਾਂ ਨੂੰ ਰੀਟਵੀਟ ਕੀਤਾ ਹੈ।
ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਅਗਵਾ ਦੀਆਂ ਘਟਨਾਵਾਂ 'ਤੇ ਉਨ੍ਹਾਂ ਵਿਅੰਗ ਵੀ ਕੀਤਾ ਸੀ।
ਉਨ੍ਹਾਂ ਟਵੀਟ ਕੀਤਾ ਸੀ, ''ਮੈਂ ਸਮਾਜਕ ਆਦਮੀ ਨਹੀ ਹਾਂ। ਅਸਲ ਜ਼ਿੰਦਗੀ ਵਿੱਚ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ। ਉਨ੍ਹਾਂ ਵਿੱਚੋਂ ਦੋ ਨੂੰ ਅਗਵਾ ਕਰ ਲਿਆ ਗਿਆ।''
ਉਨ੍ਹਾਂ ਨੇ ਕਿਹਾ, ''ਮੈਂ ਇੰਟਰਨੈਸ਼ਨਲ ਮੀਡੀਆ ਲਈ ਕੰਮ ਕਰਦਾ ਹਾਂ ਜਿੱਥੇ ਮੈਂ ਖੁੱਲ੍ਹ ਕੇ ਦੇਸ਼ ਦੇ ਮਨੁੱਖੀ ਅਧਿਕਾਰਾਂ ਅਤੇ ਫੌਜੀ ਕਾਰਵਾਈਆਂ ਬਾਰੇ ਰਿਪੋਰਟ ਕਰਦਾਂ ਹਾਂ ਜੋ ਕਿ ਹੁਕਮਾਂ ਤੋਂ ਪਰ੍ਹੇ ਹੈ। ਇਸਦੀ ਮੈਨੂੰ ਸਜ਼ਾ ਮਿਲੀ ਹੈ।''
ਪਿਛਲੇ ਸਾਲ, ਪੱਤਰਕਾਰਾਂ ਦੀ ਸੁਰੱਖਿਆ ਕਰਨ ਵਾਲੀ ਕਮੇਟੀ ਨੇ ਕਿਹਾ ਸੀ,'' ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੂੰ ਤਾਹਾ ਸਿੱਦੀਕੀ ਨੂੰ ਪਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ।''