You’re viewing a text-only version of this website that uses less data. View the main version of the website including all images and videos.
ਹਾਫ਼ਿਜ਼ ਸਈਦ ਨੇ ਬ੍ਰਿਟੇਨ ਦੀ ਮਸਜਿਦ 'ਚ ਦਿੱਤਾ ਸੀ ਜਿਹਾਦ ਦਾ ਸੰਦੇਸ਼
ਦੁਨੀਆਂ ਦੇ ਸਭ ਤੋਂ ਲੋੜੀਂਦੇ ਚਰਮਪੰਥੀਆਂ ਵਿੱਚੋਂ ਇੱਕ ਹਾਫ਼ਿਜ਼ ਸਈਦ ਨੇ 9/11 ਹਮਲਿਆਂ ਤੋਂ ਕਈ ਸਾਲ ਪਹਿਲਾਂ ਸਕੌਟਲੈਂਡ ਮਸਜਿਦ ਦਾ ਦੌਰਾ ਕਰ ਜਿਹਾਦ ਦੀ ਅਪੀਲ ਕੀਤੀ ਸੀ। ਬੀਬੀਸੀ ਦੀ ਇੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਬੀਬੀਸੀ ਰੇਡੀਓ 4 ਦੀ ਡਾਊਮੈਂਟਰੀ , ਦਿ ਡਾਨ ਆਫ਼ ਬ੍ਰਿਟਿਸ਼ ਜਿਹਾਦ ਵਿੱਚ ਪਤਾ ਲੱਗਾ ਹੈ ਕਿ ਹਾਫ਼ਿਜ਼ ਸਈਦ ਨੇ ਸਾਲ 1995 'ਚ ਬ੍ਰਿਟੇਨ ਮਸਜਿਦ ਦਾ ਦੌਰਾ ਕੀਤਾ ਸੀ।
ਉਸੇ ਸਾਲ ਅਗਸਤ ਵਿੱਚ ਗਲਾਸਗੋ ਵਿੱਚ ਹਾਫ਼ਿਜ਼ ਸਈਦ ਨੇ ਕਿਹਾ ਸੀ ਕਿ ਮੁਸਲਮਾਨਾਂ ਦੇ ਅੰਦਰ ਜਿਹਾਦ ਦੀ ਭਾਵਨਾ ਹੈ, ਉਨ੍ਹਾਂ ਨੇ ਦੁਨੀਆਂ 'ਤੇ ਹਕੂਮਤ ਕੀਤੀ ਹੈ ਪਰ ਅੱਜ ਉਹ ਸ਼ਰਮਸਾਰ ਹੋ ਰਹੇ ਹਨ।
ਹਾਫ਼ਿਜ਼ ਸਈਦ ਮੁੰਬਈ ਵਿੱਚ 2008 'ਚ ਹੋਏ ਹਮਲਿਆਂ ਦੇ ਮਾਮਲੇ ਵਿੱਚ ਲੋੜੀਂਦਾ ਹੈ। 26 ਨਵੰਬਰ 2008 ਦੇ ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸੀ।
ਹਾਫ਼ਿਜ਼ ਸਈਦ ਹਮੇਸ਼ਾ ਤੋਂ ਇਨ੍ਹਾਂ ਹਮਲਿਆਂ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਾ ਹੈ।
ਬੀਬੀਸੀ ਦੀ ਇਸ ਡਾਕੂਮੈਂਟਰੀ ਵਿੱਚ ਇਸ ਗੱਲ ਦੀ ਪੜਤਾਲ ਕੀਤੀ ਗਈ ਕਿ ਕੀ ਬ੍ਰਿਟੇਨ ਦੇ ਮੁਸਲਮਾਨਾਂ ਵਿੱਚ ਕੱਟੜਪੰਥ ਦੀ ਸੋਚ 9/11 ਹਮਲਿਆਂ ਤੋਂ ਪਹਿਲਾਂ ਹੀ ਆ ਗਈ ਸੀ।
ਇਸ ਡਾਕੂਮੈਂਟਰੀ ਦੇ ਨਿਰਮਾਤਾਵਾਂ ਵਿੱਚੋਂ ਇੱਕ ਸਾਜਿਦ ਇਕਬਾਲ ਨੇ ਬੀਬੀਸੀ ਸਕੌਟਲੈਂਡ ਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨਾਲ ਗੱਲ ਕੀਤੀ ਹੈ ਜੋ 80 ਅਤੇ 90 ਦੇ ਦਹਾਕੇ ਵਿੱਚ ਵੀ ਸਰਗਰਮ ਸੀ।
ਇਕਬਾਲ ਕਹਿੰਦੇ ਹਨ,'' ਉਹ ਹੋਰ ਵੇਲਾ ਸੀ। ਉਸ ਵੇਲੇ ਬੋਸਨਿਆ ਅਤੇ ਅਫ਼ਗਾਨਿਸਤਾਨ ਜਿਹਾਦ ਦਾ ਥਿਏਟਰ ਸੀ, ਜਿੱਥੇ ਲੋਕ ਸਾਂਝੇ ਉਦੇਸ਼ ਲਈ ਜਾਂਦੇ ਸੀ।''
ਹਾਫ਼ਿਜ਼ ਸਈਦ ਨੇ 1995 ਵਿੱਚ ਬ੍ਰਿਟੇਨ ਦੌਰੇ ਦੀ ਜਾਣਕਾਰੀ ਪਾਕਿਸਤਾਨੀ ਚਰਮਪੰਥੀ ਸਮੂਹ ਲਸ਼ਕਰ-ਏ-ਤਾਏਬਾ ਦੀ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤੀ ਸੀ।
ਉਰਦੂ ਵਿੱਚ ਲਿਖਿਆ ਇਹ ਲੇਖ ਸਈਦ ਦੇ ਨਾਲ ਘੁੰਮਣ ਵਾਲੇ ਓਲਡਹੈਮ ਦੀ ਮਸਜਿਦ ਦੇ ਇਮਾਮ ਨੇ ਲਿਖਿਆ ਸੀ।
ਇਕਬਾਲ ਕਹਿੰਦੇ ਹਨ, ''ਇਸ ਲੇਖ ਵਿੱਚ ਜਿਹਾਦ ਬਾਰੇ ਦੱਸਿਆ ਗਿਆ ਅਤੇ ਬ੍ਰਿਟੇਨ ਦੇ ਮੁਸਲਮਾਨਾਂ ਤੋਂ ਸਈਦ ਦੇ ਨਾਲ ਜਿਹਾਦ ਵਿੱਚ ਸ਼ਾਮਲ ਹੋਣ ਨੂੰ ਕਿਹਾ ਗਿਆ।''
ਗਲਾਸਗੋ ਦੀ ਮੁੱਖ ਮਸਜਿਦ ਵਿੱਚ ਵੀ ਹਾਫ਼ਿਜ਼ ਸਈਦ ਨੇ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ ਸੀ।
ਹਾਫ਼ਿਜ਼ ਸਈਦ ਨੇ ਕਿਹਾ ਸੀ ਕਿ ਯਹੂਦੀ, ਮੁਸਲਮਾਨਾਂ ਵਿੱਚ ਜਿਹਾਦ ਦੀ ਭਾਵਨਾ ਨੂੰ ਖ਼ਤਮ ਕਰਨ ਲਈ ਅਰਬਾਂ ਡਾਲਰ ਖ਼ਰਚ ਕਰ ਰਹੇ ਹਨ।
ਸਈਦ ਨੇ ਕਿਹਾ ਸੀ ਕਿ ਉਹ ਮੁਸਲਮਾਨਾਂ ਨੂੰ ਲੋਕਤੰਤਰ ਜ਼ਰੀਏ ਸੱਤਾ ਦੀ ਸਿਆਸਤ ਦੇ ਕਰੀਬ ਲਿਆਉਣਾ ਚਾਹੁੰਦੇ ਹਨ।
''ਉਹ ਮੁਸਲਮਾਨਾਂ ਨੂੰ ਕਰਜ਼ੇ ਵਿੱਚ ਦੱਬਣ ਲਈ ਵਿਆਜ਼ ਅਧਾਰਿਤ ਅਰਥਵਿਵਸਥਾ ਨੂੰ ਵਧਾਵਾ ਦੇ ਰਹੇ ਹਨ।''
1995 ਵਿੱਚ ਹਾਫ਼ਿਜ਼ ਸਈਦ ਦੀ ਪਛਾਣ ਇੱਕ ਚਰਮਪੰਥੀ ਦੇ ਤੌਰ 'ਤੇ ਸੀ ਅਤੇ ਉਹ ਕਸ਼ਮੀਰ ਵਿੱਚ ਸਰਗਰਮ ਸੀ।
ਡਾਕੂਮੈਂਟਰੀ ਦੇ ਪ੍ਰੋਡਿਊਸਰ ਕਹਿੰਦੇ ਹਨ ਕਿ ਅਜਿਹੇ ਵਿੱਚ ਗਲਾਸਗੋ ਦੀ ਸੈਂਟਰਲ ਮਸਜਿਦ ਦਾ ਉਨ੍ਹਾਂ ਲਈ ਅਪਣੇ ਦਰਵਾਜ਼ੇ ਖੋਲ੍ਹ ਦੇਣਾ ਹੈਰਾਨੀ ਦੀ ਗੱਲ ਹੈ।
ਹਾਲਾਂਕਿ ਗਲਾਸਗੋ ਸੈਂਟਰਲ ਮਸਜਿਦ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ।
ਇਸ ਯਾਤਰਾ ਦੌਰਾਨ ਹਾਫਿਜ਼ ਸਈਦ ਨੇ ਬਰਮਿੰਘਮ ਵਿੱਚ ਵੀ ਲੋਕਾਂ ਨੂੰ ਸੰਬੋਧਿਤ ਕੀਤਾ ਸੀ।
ਲਸ਼ਕਰ-ਏ-ਤਾਇਬਾ ਦੇ ਲੇਖ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਭਾਸ਼ਣ ਦੇ ਬਾਅਦ ਸੈਂਕੜੇ ਨੌਜਵਾਨਾਂ ਨੇ ਜਿਹਾਦ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾਈ ਸੀ।
ਮਾਰਚ 2001 ਵਿੱਚ ਬ੍ਰਿਟੇਨ ਦੀ ਸਰਕਾਰ ਨੇ ਲਸ਼ਕਰ-ਏ-ਤਾਏਬਾ ਨੂੰ ਚਰਮਪੰਥੀ ਜਥੇਬੰਦੀ ਐਲਾਨਿਆ ਸੀ।
ਉਸੀ ਸਾਲ ਸਤੰਬਰ ਵਿੱਚ ਵਸ਼ਿੰਗਟਨ ਅਤੇ ਨਿਊਯਾਰਕ 'ਚ ਚਰਮਪੰਥੀ ਹਮਲੇ ਹੋਏ ਸੀ।
2008 ਵਿੱਚ ਲਸ਼ਕਰ-ਏ-ਤਾਏਬਾ ਨੇ ਮੁੰਬਈ 'ਤੇ ਹਮਲਾ ਕਰ ਦੁਨੀਆਂ ਭਰ ਵਿੱਚ ਆਪਣੀ ਛਾਪ ਛੱਡ ਦਿੱਤੀ।
ਲਸ਼ਕਰ-ਏ-ਤਾਏਬਾ ਦੇ ਸੰਸਥਾਪਕ ਅਤੇ ਨੇਤਾ ਹਾਫ਼ਿਜ਼ ਸਈਦ ਹੁਣ ਦੁਨੀਆਂ ਦੇ ਸਭ ਤੋਂ ਲੋੜੀਂਦਾ ਚਰਮਪੰਥੀਆਂ ਵਿੱਚ ਸ਼ਾਮਲ ਹਨ, ਅਤੇ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਨਜ਼ਰਬੰਦੀ ਤੋਂ ਰਿਹਾ ਕੀਤਾ ਹੈ।