ਪ੍ਰੈੱਸ ਰੀਵਿਊ: ਹਾਫ਼ਿਜ਼ ਸਈਦ ਨੂੰ ਮਿਲੇ ਸਫ਼ੀਰ ਦੀ ਛੁੱਟੀ ਤੇ ਹੋਰ ਖ਼ਬਰਾਂ

ਟਾਈਮਸ ਆਫ਼ ਇੰਡੀਆ ਨੇ ਖ਼ਬਰ ਛਾਪੀ ਹੈ ਕਿ ਮੁੰਬਈ ਹਮਲਿਆਂ ਦੇ ਕਥਿਤ ਮਾਸਟਰਮਾਈਂਡ ਜਮਾਤ ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੇ ਨਾਲ ਰਾਵਲਪਿੰਡੀ ਵਿੱਚ ਮੰਚ ਸਾਂਝਾ ਕਰਨ ਵਾਲੇ ਫ਼ਲਸਤੀਨੀ ਸਫ਼ੀਰ ਨੂੰ ਪਾਕਿਸਤਾਨ ਤੋਂ ਵਾਪਸ ਸੱਦ ਲਿਆ ਗਿਆ।

ਹਾਫ਼ਿਜ਼ ਸਈਦ ਦੀ ਇਸ ਰੈਲੀ ਵਿੱਚ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੇ ਅਮਰੀਕੀ ਫ਼ੈਸਲੇ ਦੀ ਅਲੋਚਨਾ ਹੋਈ ਸੀ ਜਿਸ ਵਿੱਚ ਪਾਕਿਸਤਾਨ ਵਿੱਚ ਫ਼ਲਸਤੀਨੀ ਰਾਜਦੂਤ ਵਲੀਦ ਅਬੁ ਅਲੀ ਵੀ ਮੌਜੂਦ ਸਨ।

ਫ਼ਲਸਤੀਨੀ ਰਾਜਦੂਤ ਦੀ ਵਾਪਸੀ ਦਾ ਇਹ ਕਦਮ ਭਾਰਤੀ ਦੀ ਕਰੜੇ ਇਤਰਾਜ਼ ਤੋਂ ਬਾਅਦ ਚੁੱਕਿਆ ਗਿਆ।

ਪੰਜਾਬੀ ਟ੍ਰਿਬਿਊਨ ਨੇ ਖ਼ਬਰ ਛਾਪੀ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਿਮਲਾ ਦੌਰੇ ਦੌਰਾਨ ਪਾਰਟੀ ਵਿਧਾਇਕ ਆਸ਼ਾ ਕੁਮਾਰੀ ਵੱਲੋਂ ਮਹਿਲਾ ਸਿਪਾਹੀ ਰਾਜਵੰਤੀ ਨੂੰ ਥੱਪੜ ਮਾਰਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ।

ਪਹਿਲਾਂ ਮਹਿਲਾ ਸਿਪਾਹੀ ਨੇ ਕਾਂਗਰਸ ਵਿਧਾਇਕਾ ਖ਼ਿਲਾਫ਼ ਕੇਸ ਦਰਜ ਕਰਾਇਆ ਸੀ, ਹੁਣ ਆਸ਼ਾ ਕੁਮਾਰੀ ਨੇ ਸ਼ਿਮਲਾ ਦੇ ਥਾਣਾ ਸਦਰ ਵਿੱਚ ਮਹਿਲਾ ਕਾਂਸਟੇਬਲ ਖ਼ਿਲਾਫ਼ ਰਿਪੋਰਟ ਦਰਜ ਕਰਾਈ ਹੈ।

ਆਸ਼ਾ ਕੁਮਾਰੀ ਨੇ ਆਪਣੀ ਸ਼ਿਕਾਇਤ ਵਿੱਚ ਮਹਿਲਾ ਸਿਪਾਹੀ 'ਤੇ ਉਸ ਨੂੰ ਜਾਣ-ਬੁੱਝ ਕੇ ਪਾਰਟੀ 'ਚ ਨਾ ਬੈਠਣ ਦੇਣ, ਧੱਕਾ-ਮੁੱਕੀ ਕਰਨ ਅਤੇ ਥੱਪੜ ਮਾਰਨ ਦਾ ਦੋਸ਼ ਲਾਇਆ ਹੈ।

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਆਸ਼ਾ ਕੁਮਾਰੀ ਵੱਲੋਂ ਡਿਊਟੀ ਕਰ ਰਹੀ ਮਹਿਲਾ ਸਿਪਾਹੀ ਨੂੰ ਥੱਪੜ ਮਾਰਨ ਦੀ ਘਟਨਾ ਦੀ ਉਹ ਜਲਦ ਹੀ ਰਿਪੋਰਟ ਲੈਣਗੇ।

ਇੰਡੀਅਨ ਐਕਸਪ੍ਰੈਸ ਨੇ ਖ਼ਬਰ ਛਾਪੀ ਹੈ ਕਿ ਇੱਕ ਹਜ਼ਾਰ ਕਰੋੜ ਰੁਪਏ ਦੇ ਸਿੰਜਾਈ ਘੁਟਾਲੇ 'ਚ ਗ੍ਰਿਫ਼ਤਾਰ ਠੇਕੇਦਾਰ ਗੁਰਿੰਦਰ ਸਿੰਘ ਦੇ ਸ਼ੱਕ ਹੇਠ ਹੋਣ ਦੇ ਬਾਵਜੂਦ ਅਪਰੈਲ ਤੇ ਜੁਲਾਈ ਮਹੀਨੇ ਵਿਚਾਲੇ ਵਿਭਾਗ ਵੱਲੋਂ ਗੁਰਿੰਦਰ ਨੂੰ 4 ਕਰੋੜ ਦੀ ਰਕਮ ਮੁਹੱਈਆ ਕਰਵਾਈ ਗਈ। ਅਖ਼ਬਾਰ ਨੇ ਸਿੰਜਾਈ ਵਿਭਾਗ ਤੋਂ ਮਿਲੇ ਕੁਝ ਦਸਤਾਵੇਜ਼ਾ ਦੇ ਅਧਾਰ 'ਤੇ ਦਾਅਵਾ ਕੀਤਾ ਹੈ।

ਗੁਰਿੰਦਰ ਸਿੰਘ ਨੇ ਕਥਿਤ ਤੌਰ 'ਤੇ ਰੇਤੇ ਦੀਆਂ ਖੱਡਾਂ ਦੀ ਬੋਲੀ 'ਚ ਪੈਸਾ ਲਾਇਆ ਸੀ ਜਿਸ 'ਚ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਥਿਤ ਚਾਰ ਮੁਲਾਜ਼ਮਾਂ ਨੂੰ ਰੇਤ ਖੱਡਾਂ ਦੇ ਠੇਕੇ ਮਿਲੇ ਸਨ।

ਇਨ੍ਹਾਂ ਇਲਜ਼ਾਮਾਂ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਇਲਜ਼ਾਮ ਪੂਰੀ ਤਰ੍ਹਾਂ ਅਧਾਰਹੀਨ ਹਨ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਦੈਨਿਕ ਭਾਸਕਰ ਨੇ ਖ਼ਬਰ ਛਾਪੀ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦਾ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਕੇਸ ਦਰਜ ਹੁੰਦਿਆਂ ਹੀ ਮਸਕਟ ਭੱਜ ਗਿਆ ਹੈ।

26 ਦਸਬੰਰ ਨੂੰ ਚੱਢਾ ਦਾ ਅਸ਼ਲੀਲ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਕਥਿਤ ਤੌਰ 'ਤੇ ਉਹ ਮਹਿਲਾ ਪ੍ਰਿੰਸੀਪਲ ਨਾਲ ਜ਼ਬਰਦਸਤੀ ਕਰ ਰਿਹਾ ਹੈ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਹੋਇਆ।

ਹਿੰਦੁਸਤਾਨ ਟਾਈਮਜ਼ ਨੇ ਖ਼ਬਰ ਛਾਪੀ ਹੈ ਕਿ ਪੁਲੀਸ ਪਟਿਆਲਾ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਲੋੜੀਂਦੇ ਮਨਜਿੰਦਰ ਸਿੰਘ ਨਾਂ ਦੇ ਪੰਜਾਬ ਪੁਲੀਸ ਦੇ ਬਰਖ਼ਾਸਤ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਨਜਿੰਦਰ ਨੇ ਜੇਲ੍ਹ 'ਚੋਂ ਕੈਦੀਆਂ ਨੂੰ ਭਜਾਉਣ ਮੌਕੇ ਹੌਲਦਾਰ ਬਣੇ ਦੋ ਗੈਂਗਸਟਰਾਂ ਦੇ ਝਾਲਰ ਵਾਲੀਆਂ ਪੱਗਾਂ ਬੰਨ੍ਹੀਆਂ ਸਨ। ਪੁਲੀਸ ਮੁਲਾਜ਼ਮਾਂ ਦੀ ਝਾਲਰ ਵਾਲੀ ਪੱਗ ਆਮ ਬੰਦਾ ਨਹੀਂ ਬੰਨ੍ਹ ਸਕਦਾ, ਜਿਸ ਕਰਕੇ ਇਹ ਮਾਮਲਾ ਹੁਣ ਤਕ ਬੁਝਾਰਤ ਬਣਿਆ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)