ਪ੍ਰੈੱਸ ਰੀਵਿਊ: ਮਹਿਲਾ ਕਾਂਸਟੇਬਲ ਨੇ ਆਸ਼ਾ ਕੁਮਾਰੀ ਨੂੰ ਕਿਉਂ ਮਾਰੀ ਚਪੇੜ?

ਅਮਰੀਕਾ 'ਚ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਤੇ ਕਾਂਗਰਸੀ ਵਿਧਾਇਕਾ ਨੂੰ ਸ਼ਿਮਲਾ 'ਚ ਪਿਆ ਥੱਪੜ। ਦੇਸ-ਵਿਦੇਸ ਦੀਆਂ ਅਖ਼ਬਾਰਾਂ ਦੀਆਂ ਮੁੱਖ ਖ਼ਬਰਾਂ ਬੀਬੀਸੀ ਪੰਜਾਬੀ 'ਤੇ ਪੜ੍ਹੋ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਰਤੀ ਮੂਲ ਦੇ ਵਿਦਿਆਰਥੀ ਦਾ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ 19 ਸਾਲ ਦਾ ਅਰਸ਼ ਵੋਹਰਾ ਸੀ।

ਹਮਲੇ ਵਿੱਚ ਉਸਦਾ ਇੱਕ ਸਾਥੀ ਵੀ ਜ਼ਖਮੀ ਹੈ। ਸੀਬੀਐੱਸ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ਿਕਾਗੋ ਦੇ ਕਲਾਰਕ ਗੈਸ ਸਟੇਸ਼ਨ 'ਤੇ ਘਟਨਾ ਵਾਪਰੀ ਹੈ।

ਸ਼ੱਕੀ ਮੌਕੇ ਤੋਂ ਫਰਾਰ ਹੋ ਗਏ ਅਤੇ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਪੁਲਿਸ ਨੇ ਕੇਸ ਸੁਲਝਾਉਣ 'ਚ ਮਦਦ ਕਰਨ ਵਾਲੇ ਨੂੰ 12,000 ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ।

ਨਿਊਯਾਰਕ ਟਾਈਮਸ ਨੇ ਨਿਊਯਾਰਕ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ ਦੀ ਖ਼ਬਰ ਪਹਿਲੇ ਪੰਨੇ 'ਤੇ ਛਾਪੀ ਹੈ। ਸ਼ਹਿਰ ਦੇ ਇੱਕ ਪੁਰਾਣੇ ਅਪਾਰਟਮੈਂਟ ਵਿੱਚ ਲੱਗੀ ਅੱਗ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਤੌਰ 'ਤੇ ਜ਼ਖਮੀ ਹਨ।

ਅਧਿਕਾਰੀਆਂ ਮੁਤਾਬਕ ਪਿਛਲੇ 25 ਸਾਲਾ ਵਿੱਚ ਲੱਗੀ ਇਹ ਅੱਗ ਸਭ ਤੋਂ ਭਿਆਨਕ ਸੀ। ਕਿਹਾ ਜਾ ਰਿਹਾ ਹੈ ਕਿ ਅੱਗ ਇੱਕ ਸਟੋਵ ਦੇ ਫਟਣ ਕਰਕੇ ਲੱਗੀ।

ਮੁੰਬਈ ਦੇ ਲੋਅਰ ਪਰੇਲ ਸਥਿਤ ਕਮਲਾ ਕੰਪਾਉਂਡ ਵਿੱਚ ਛੱਤ 'ਤੇ ਬਣੇ ਪੱਬ ਵਿੱਚ ਪਾਰਟੀ ਦੌਰਾਨ ਲੱਗੀ ਅੱਗ ਨੇ 14 ਲੋਕਾਂ ਦੀ ਜਾਨ ਲੈ ਲਈ।

ਆਪਣਾ 29ਵਾਂ ਜਨਮ ਦਿਨ ਮਨਾਉਣ ਆਈ ਖੁਸ਼ਬੂ ਨਾਮੀ ਔਰਤ ਸਮੇਤ 11 ਮਹਿਲਾਵਾਂ ਦੀ ਜਾਨ ਚਲੀ ਗਈ ਅਤੇ 21 ਜਣੇ ਝੁਲਸ ਗਏ। ਇਹ ਖ਼ਬਰ ਪ੍ਰਮੁੱਖਤਾ ਨਾਲ ਹਰ ਭਾਰਤੀ ਅਖ਼ਬਾਰ ਨੇ ਛਾਪੀ ਹੈ।

ਦੈਨਿਕ ਭਾਸਕਰ 'ਚ ਛਪੀ ਖ਼ਬਰ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਵਿੱਚ ਹਾਰ ਦੀ ਸਮੀਖਿਆ ਕਰਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸ਼ਿਮਲਾ ਪਹੁੰਚੇ।

ਬੈਠਕ ਵਿੱਚ ਪਹੁੰਚੀ ਡਲਹੌਜੀ ਤੋਂ ਕਾਂਗਰਸ ਵਿਧਾਇਕ, ਕੌਮੀ ਸਕੱਤਰ ਅਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਹੈੱਡ ਕੁਆਟਰ ਰਾਜੀਵ ਭਵਨ ਦੇ ਗੇਟ 'ਤੇ ਇੱਕ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ। ਜਵਾਬ ਵਿੱਚ ਮਹਿਲਾ ਸਿਪਾਹੀ ਨੇ ਵੀ ਉਨ੍ਹਾਂ ਨੂੰ ਚਪੇੜ ਮਾਰ ਦਿੱਤੀ।

ਵਿਧਾਇਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਟਿੰਗ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਰਾਹੁਲ ਗਾਂਧੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਆਸ਼ਾ ਕੁਮਾਰੀ ਨੂੰ ਫਟਕਾਰ ਲਗਾਈ। ਆਸ਼ਾ ਕੁਮਾਰੀ ਖਿਲਾਫ਼ ਮਹਿਲਾ ਕਾਂਸਟੇਬਲ ਨੇ ਮਾਮਲਾ ਦਰਜ ਕਰਵਾਇਆ ਹੈ। ਆਸ਼ਾ ਕੁਮਾਰੀ ਨੇ ਕੋਈ ਕਨੂੰਨੀ ਨਾ ਕਰਦਿਆਂ ਮਾਮਲੇ 'ਤੇ ਦੁਖ ਜ਼ਾਹਿਰ ਕੀਤਾ ਹੈ।

ਦ ਟ੍ਰਿਬਿਊਨ 'ਚ ਛਪੀ ਖ਼ਬਰ ਮੁਤਾਬਕ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਗ਼ੈਰਕਾਨੂੰਨੀ ਢੰਗ ਨਾਲ ਫਰਾਂਸ ਗਏ 13 ਤੋਂ 18 ਵਰ੍ਹਿਆਂ ਦੇ 22 ਲੜਕੇ ਪਿਛਲੇ ਸਾਲ ਤੋਂ ਲਾਪਤਾ ਹਨ।

ਸੀਬੀਆਈ ਮੁਤਾਬਕ ਬੱਚੇ ਕਪੂਰਥਲਾ ਦੇ ਦੋ ਸਕੂਲਾਂ ਦੇ ਵਿਦਿਆਰਥੀ ਸਨ। ਸੀਬੀਆਈ ਨੇ ਤਿੰਨ ਏਜੰਟਾਂ ਫਰੀਦਾਬਾਦ ਆਧਾਰਿਤ ਲਲਿਤ ਡੇਵਿਡ ਡੀਨ ਅਤੇ ਦਿੱਲੀ ਆਧਾਰਿਤ ਸੰਜੀਵ ਰਾਇ ਤੇ ਵਰੁਣ ਚੌਧਰੀ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ।

ਉਨ੍ਹਾਂ ਨੂੰ ਰਗਬੀ ਦੀ ਕੋਚਿੰਗ ਦੇਣ ਦੇ ਬਹਾਨੇ ਫਰਾਂਸ ਲਿਜਾਇਆ ਗਿਆ ਸੀ। ਅਧਿਕਾਰੀਆਂ ਨੇ ਤਿੰਨੇ ਏਜੰਟਾਂ ਦੇ ਟਿਕਾਣਿਆਂ 'ਤੇ ਅੱਜ ਛਾਪੇ ਮਾਰ ਕੇ ਦਸਤਾਵੇਜ਼ ਖੰਗਾਲੇ।

ਅਧਿਕਾਰੀਆਂ ਮੁਤਾਬਕ ਇਨ੍ਹਾਂ ਲੜਕਿਆਂ ਦੇ ਮਾਪਿਆਂ ਤੋਂ ਏਜੰਟਾਂ ਨੇ 25 ਤੋਂ 30 ਲੱਖ ਰੁਪਏ ਵਸੂਲ ਕੀਤੇ ਸਨ। ਟਰੈਵਲ ਏਜੰਟਾਂ ਨੇ ਵਾਪਸੀ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ ਪਰ ਦੋ ਬੱਚੇ ਪਹਿਲਾਂ ਹੀ ਭਾਰਤ ਪਰਤ ਆਏ ਅਤੇ ਇਕ ਬੱਚੇ ਨੂੰ ਫਰਾਂਸ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)