ਕੀ ਹਨ ਭਾਰਤ ਤੇ ਪਾਕਿਸਤਾਨ ਦੇ ਵਪਾਰੀਆਂ ਦੀਆਂ ਮੁਸ਼ਕਲਾਂ?

    • ਲੇਖਕ, ਸ਼ੁਮਾਇਲਾ ਜਾਫ਼ਰੀ, ਬੀਬੀਸੀ ਪੱਤਰਕਾਰ ਲਾਹੌਰ
    • ਰੋਲ, ਰਵਿੰਦਰ ਸਿੰਘ ਰੌਬਿਨ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ

ਲਾਹੌਰ ਦੀ ਧੁੰਦ ਭਰੀ ਸਵੇਰ ਨੂੰ ਮੁਹੰਮਦ ਸਦੀਕ ਆਪਣੀ ਰੇਹੜੀ ਸਜਾ ਰਹੇ ਹਨ, ਤਾਂ ਜੋ ਗਾਹਕ ਰੇਹੜੀ ਵੱਲ ਖਿੱਚੇ ਆਉਣ।

ਸਦੀਕ ਲਾਹੌਰ ਦੇ ਸਰਹੱਦੀ ਪਿੰਡ ਵਾਹਘਾ ਵਿੱਚ ਸਬਜ਼ੀਆਂ ਵੇਚਦੇ ਹਨ, ਜੋ ਭਾਰਤ ਤੋਂ ਸਿਰਫ਼ 4 ਕਿਲੋਮੀਟਰ ਦੂਰ ਹੈ।

ਸਦੀਕ ਨੇ ਪਰੇਸ਼ਾਨ ਹੋ ਕੇ ਕਿਹਾ, "ਸਾਨੂੰ ਟਮਾਟਰਾਂ ਦੀ 1400(858 ਭਾਰਤੀ ਰੁਪਏ) ਰੁਪਏ ਦੀ ਪੇਟੀ ਪੈਂਦੀ ਹੈ ਜਿਸ ਵਿੱਚ 9-10 ਕਿਲੋ ਟਮਾਟਰ ਹੁੰਦੇ ਹਨ। "ਮੈਨੂੰ ਨਹੀਂ ਸਮਝ ਆ ਰਿਹਾ, ਕਿਵੇਂ ਮੈਂ ਆਪਣੇ ਬੱਚਿਆਂ ਤੇ ਮੁਲਾਜ਼ਮ ਦਾ ਖਰਚ ਪੂਰਾ ਕਰਾਂ। ਵਪਾਰ ਮਾੜਾ ਚੱਲ ਰਿਹਾ ਹੈ।''

ਉਸਨੇ ਸਰਹੱਦ ਵੱਲ ਇਸ਼ਾਰਾ ਕਰਦਿਆਂ ਕਿਹਾ, "ਲੋਕਾਂ ਨੇ ਟਮਾਟਰ ਖਰੀਦਣੇ ਛੱਡ ਦਿੱਤੇ ਹਨ, ਕੋਈ ਕਿਵੇਂ ਖਰੀਦ ਸਕਦਾ ਹੈ? ਇੱਥੋਂ ਸਰਹੱਦ ਨੇੜੇ ਹੈ। ਸਾਨੂੰ ਸਸਤੇ ਮਿਲਣੇ ਚਾਹੀਦੇ ਹਨ ਪਰ ਇੱਥੇ ਵੀ ਮਹਿੰਗੇ ਮਿਲ ਰਹੇ ਹਨ।''

ਭਾਰਤ ਦੇ ਫ਼ਲਾਂ ਸਬਜ਼ੀਆਂ 'ਤੇ ਰੋਕ

ਇੱਥੋਂ ਕੁਝ ਦੂਰੀ 'ਤੇ ਅੰਮ੍ਰਿਤਸਰ ਵਿੱਚ ਟਮਾਟਰਾਂ ਦੇ ਮੌਸਮ ਵੇਲੇ ਟਮਾਟਰ 20 ਤੋਂ 30 ਰੁਪਏ ਪ੍ਰਤੀ ਕਿਲੋ ਮਿਲਦੇ ਹਨ। ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜ਼ਿਆਦਾ ਨਹੀਂ ਪਰ ਸਰਹੱਦ ਦੇ ਦੋਹਾਂ ਪਾਸੇ ਕੀਮਤਾਂ ਵਿੱਚ ਵੱਡਾ ਫ਼ਰਕ ਹੈ।

ਕੁਝ ਸਾਲਾਂ ਤੋਂ ਭਾਰਤ ਪਾਕਿਸਤਾਨ ਤੋਂ ਵਾਹਘਾ ਸਰਹੱਦ ਤੋਂ ਫ਼ਲਾਂ ਤੇ ਸਬਜ਼ੀਆਂ ਦੀ ਬਰਾਮਦਗੀ ਕਰ ਰਿਹਾ ਹੈ ਪਰ ਕੁਝ ਮਹੀਨਿਆਂ ਤੋਂ ਇਹ ਵਪਾਰ ਰੁਕਿਆ ਹੋਇਆ ਹੈ।

ਭਾਰਤ ਵਿੱਚ ਇੰਡੋ-ਪਾਕ ਵਪਾਰ ਮੰਡਲ ਦੇ ਪ੍ਰਧਾਨ ਰਾਜਦੀਪ ਉੱਪਲ ਮੁਤਾਬਕ, "ਪਿਛਲੇ ਇੱਕ ਸਾਲ ਤੋਂ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਫ਼ਲਾਂ ਸਬਜ਼ੀਆਂ ਦੀ ਬਰਾਮਦਗੀ 'ਤੇ ਰੋਕ ਲਾ ਦਿੱਤੀ ਹੈ। ਅਸੀਂ ਦੋਹਾਂ ਦੇਸਾਂ ਵਿਚਾਲੇ ਮੌਜੂਦ ਹਰ ਤਰੀਕੇ ਦੀਆਂ ਸ਼ਰਤਾਂ ਪੂਰੀ ਕਰਦੇ ਹਾਂ ਨਾਲ ਹੀ ਜ਼ਰੂਰੀ ਦਸਤਾਵੇਜ਼ ਵੀ ਸਾਮਾਨ ਨਾਲ ਉਸ ਪਾਰ ਭੇਜਦੇ ਹਾਂ।''

ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਾਂਗ ਵਪਾਰ ਵਿੱਚ ਵੀ ਕਾਫ਼ੀ ਪੇਚੀਦਗੀਆਂ ਹਨ। ਵਾਹਘਾ ਸਰਹੱਦ ਵਪਾਰ ਕਰਨ ਦਾ ਸਭ ਤੋਂ ਛੋਟਾ ਤੇ ਸੌਖਾ ਰਾਹ ਹੈ ਪਰ ਸਭ ਤੋਂ ਘੱਟ ਇਸਤੇਮਾਲ ਹੁੰਦਾ ਹੈ।

ਘੱਟ ਦੂਰੀ ਫ਼ਿਰ ਵੀ ਕਈ ਰੁਕਾਵਟਾਂ

ਪਾਕਿਸਤਾਨ ਵੱਲੋਂ ਫ਼ਲਾਂ ਸਬਜ਼ੀਆਂ ਸਣੇ 137 ਤਰੀਕੇ ਦੀਆਂ ਚੀਜ਼ਾਂ ਦੀ ਦਰਾਮਦਗੀ ਦੀ ਇਜਾਜ਼ਤ ਹੈ। ਕੁਝ ਮਹੀਨਿਆਂ ਤੋਂ ਪਾਕਿਸਤਾਨ ਸਰਕਾਰ ਨੇ ਭਾਰਤੀ ਫ਼ਲਾਂ ਤੇ ਸਬਜ਼ੀਆਂ ਦੀ ਦਰਾਮਦਗੀ ਲਈ ਦਿੱਤੀ ਜਾਣ ਵਾਲੀ ਐੱਨਓਸੀ ਨੂੰ ਰੋਕ ਦਿੱਤਾ ਹੈ।

ਲਾਹੌਰ ਦੇ ਸਨਅਤ ਤੇ ਵਪਾਰ ਮੰਡਲ ਦੇ ਪ੍ਰਧਾਨ ਆਫ਼ਤਾਬ ਵੋਹਰਾ ਕਹਿੰਦੇ ਹਨ, ''ਦੋਹਾਂ ਪਾਸੇ ਦੇ ਸਨਅਤਕਾਰ ਤੇ ਵਪਾਰੀ ਮੰਨਦੇ ਹਨ ਕਿ ਵਾਹਘਾ ਤੋਂ ਵਪਾਰ ਕਰਨਾ ਉਨ੍ਹਾਂ ਦੇ ਲਈ ਫਾਇਦੇਮੰਦ ਹੋਵੇਗਾ ਪਰ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਟੈਕਸ ਤੋਂ ਇਲਾਵਾ ਕਈ ਤਰੀਕੇ ਦੀਆਂ ਰੁਕਾਵਟਾਂ ਲਾਏ ਰੱਖਦੀਆਂ ਹਨ।''

ਲਾਹੌਰ ਤੇ ਅੰਮ੍ਰਿਤਸਰ ਵਿਚਾਲੇ ਸਿਰਫ਼ 50 ਕਿਲੋਮੀਟਰ ਦੀ ਦੂਰੀ ਹੈ ਜਿਸਦਾ ਮਤਲਬ ਹੈ ਕਿ ਸਾਮਾਨ ਸਰਹੱਦ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਕੁਝ ਘੰਟਿਆਂ ਤੱਕ ਪਹੁੰਚ ਸਕਦਾ ਹੈ ਪਰ ਹਕੀਕਤ ਕੁਝ ਹੋਰ ਹੈ।

'ਦੋਹਾਂ ਪਾਸੇ ਨਫ਼ਰਤ ਕਰਨ ਵਾਲੇ ਲੋਕ'

ਉਜ਼ਮਾ ਸ਼ਾਹਿਦ ਲਾਹੌਰ ਵਿੱਚ ਇੱਕ ਕੱਪੜੇ ਦੀ ਫੈਕਟਰੀ ਚਲਾਉਂਦੀ ਹੈ। ਉਹ ਭਾਰਤ ਤੋਂ ਫੈਬਰਿਕ ਮੰਗਵਾਉਂਦੀ ਹੈ ਅਤੇ ਫ਼ਿਰ ਉਸ 'ਤੇ ਕੰਮ ਕਰ ਕੇ ਵਾਪਸ ਭਾਰਤ ਭੇਜਦੀ ਹੈ।

ਉੁਜ਼ਮਾ ਭਾਰਤ ਤੋਂ ਖਰੀਦੇ ਫੈਬਰਿਕ ਦੇ ਵੱਡੇ ਢੇਰ ਲਾਗੇ ਖੜ੍ਹੇ ਹੋ ਕੇ ਕਹਿੰਦੀ ਹੈ, "ਭਾਰਤ ਨਾਲ ਵਪਾਰ ਕਰਨਾ ਸੌਖਾ ਨਹੀਂ ਹੈ। ਸਾਨੂੰ ਇੱਕ ਦੂਜੇ ਦੇ ਕਸਟਮ ਮਹਿਕਮੇ ਤੋਂ ਆਪਣੇ ਸਾਮਾਨ ਦੀ ਮਨਜ਼ੂਰੀ ਲਈ ਕਈ ਹਫ਼ਤਿਆਂ ਤੋਂ ਮਹੀਨਿਆਂ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕਿਉਂਕਿ ਸਰਹੱਦ ਦੇ ਦੋਹਾਂ ਪਾਸੇ ਇੱਕ-ਦੂਜੇ ਨੂੰ ਨਫ਼ਰਤ ਕਰਨ ਵਾਲੇ ਲੋਕ ਹਨ।''

ਉਨ੍ਹਾਂ ਅੱਗੇ ਕਿਹਾ, "ਸਿਰਫ਼ ਕਸਟਮ ਮਹਿਕਮਾ ਹੀ ਰੁਕਾਵਟ ਨਹੀਂ ਹੈ। ਸਾਨੂੰ ਬਹੁ-ਆਮਦ ਵੀਜ਼ਾ ਮਿਲਣ ਵਿੱਚ ਮੁਸ਼ਕਿਲ ਆਉਂਦੀ ਹੈ। ਸਾਨੂੰ ਵਪਾਰ ਸਬੰਧੀ ਦੌਰਿਆਂ ਦੌਰਾਨ ਭਾਰਤ-ਪਾਕਿਸਤਾਨ ਦੇ ਪ੍ਰਸ਼ਾਸਨ ਦੀ ਸਖ਼ਤ ਪੁੱਛ-ਪੜਤਾਲ ਤੋਂ ਗੁਜ਼ਰਨਾ ਪੈਂਦਾ ਹੈ।''

'ਕਿਸਾਨਾਂ ਦੇ ਫਾਇਦੇ ਲਈ ਲਾਈ ਰੋਕ'

ਦੋਹਾਂ ਦੇਸਾਂ ਦੇ ਵਿਚਾਲੇ ਹਰ ਸਾਲ ਕਰੀਬ 200 ਕਰੋੜ ਅਮਰੀਕੀ ਡਾਲਰ ਦਾ ਵਪਾਰ ਹੁੰਦਾ ਹੈ। ਜ਼ਿਆਦਾਤਰ ਵਪਾਰ ਬੰਦਰਗਾਹਾਂ ਜ਼ਰੀਏ ਹੁੰਦਾ ਹੈ ਪਰ ਕਾਫ਼ੀ ਵਪਾਰ ਕਾਗਜ਼ੀ ਤੌਰ 'ਤੇ ਦਰਜ ਨਹੀਂ ਹੈ ਕਿਉਂਕਿ ਜ਼ਿਆਦਾਤਰ ਵਪਾਰ ਤੀਜੇ ਦੇਸ ਜ਼ਰੀਏ ਹੁੰਦਾ ਹੈ।

ਲਾਹੌਰ ਦੇ ਸਨਅਤ ਤੇ ਵਪਾਰ ਮੰਡਲ ਦੇ ਪ੍ਰਧਾਨ ਆਫ਼ਤਾਬ ਵੋਹਰਾ ਮੁਤਾਬਕ ਭਾਰਤ ਤੋਂ ਫ਼ਲਾਂ ਤੇ ਸਬਜ਼ੀਆਂ ਦੀ ਦਰਾਆਮਦ ਸਥਾਨਕ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਰੋਕੀ ਗਈ ਹੈ।

ਉਨ੍ਹਾਂ ਕਿਹਾ, "ਭਾਰਤ ਵਿੱਚ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਇਸ ਕਰਕੇ ਕੀਮਤ ਪੱਖੋਂ ਸਾਡੇ ਕਿਸਾਨ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸਲਈ ਉਨ੍ਹਾਂ ਨੂੰ ਵਕਤ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਉਤਪਾਦਨ ਸੁਧਾਰ ਸਕਣ।''

'ਗੈਰ-ਕਨੂੰਨੀ ਵਪਾਰ ਜ਼ੋਰਾਂ 'ਤੇ'

ਪਰ ਆਮ ਜਨਤਾ ਨੂੰ ਕੀਮਤ ਚੁਕਾਉਣੀ ਪੈ ਰਹੀ ਹੈ। ਟਮਾਟਰ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ।

ਆਫਤਾਬ ਵੋਹਰਾ ਨੇ ਅੱਗੇ ਕਿਹਾ, "ਭਾਵੇਂ ਕਸ਼ਮੀਰ ਦਾ ਵਿਵਾਦ ਨਹੀਂ ਸੁਲਝਿਆ ਸੀ, ਉਸ ਤੋਂ ਬਾਅਦ ਵੀ ਅਸੀਂ ਕਾਫ਼ੀ ਵਪਾਰ ਕੀਤਾ। ਅਸੀਂ ਹੋਰ ਵਪਾਰ ਕਰ ਸਕਦੇ ਹਾਂ ਪਰ ਇਹ ਦੋਹਾਂ ਦੇਸਾਂ ਦੀ ਨੀਯਤ 'ਤੇ ਨਿਰਭਰ ਕਰਦਾ ਹੈ।''

ਤਣਾਅ ਦੇ ਵਿਚਾਲੇ ਵੀ ਸਰਹੱਦ 'ਤੇ ਸਾਮਾਨ ਦੀ ਵੱਟਾ-ਸੱਟੀ ਜਾਰੀ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਪਾਰੀ ਇਸ ਵਪਾਰ ਦੀ ਹਮਾਇਤ ਕਰਦੇ ਹਨ ਪਰ ਨਾਲ ਇਹ ਵੀ ਮੰਨਦੇ ਹਨ ਕਿ ਇਸ ਵਿੱਚ ਗੜਬੜੀ ਵੀ ਹੈ।

ਵੋਹਰਾ ਮੁਤਾਬਕ ਕਸ਼ਮੀਰ ਤੋਂ ਬਾਹਰਲੇ ਵਪਾਰੀ ਇਸ ਰੂਟ ਦਾ ਇਸਤੇਮਾਲ ਕਰ ਰਹੇ ਹਨ। ਸਰਕਾਰ ਹਰਕਤ ਵਿੱਚ ਵੀ ਆਈ ਤੇ ਕਈ ਬੇਨੇਮੀਆਂ ਸਾਹਮਣੇ ਆਈਆਂ।

ਉਨ੍ਹਾਂ ਅੱਗੇ ਕਿਹਾ, "ਇਹ ਇੱਕ ਸੰਜੀਦਾ ਮੁੱਦਾ ਹੈ ਜਿਸ ਲਈ ਸਰਕਾਰਾਂ ਕਾਰਵਾਈ ਨਹੀਂ ਕਰ ਰਹੀਆਂ। ਇਸ ਕਰਕੇ ਵਾਹਘਾ ਸਰਹੱਦ ਜ਼ਰੀਏ ਹੁੰਦੀ ਆਮਦਨ ਅਤੇ ਵਪਾਰ ਤੇ ਮਾੜਾ ਅਸਰ ਪੈ ਰਿਹਾ ਹੈ।

ਲਾਹੌਰ ਦੀ ਉਜ਼ਮਾ ਸ਼ੇਖ ਵੀ ਇਹੀ ਸਮੱਸਿਆ ਦੱਸਦੀ ਹੈ ਤੇ ਮੰਨਦੀ ਹੈ ਕਿ ਇਮਾਨਦਾਰ ਵਪਾਰੀਆਂ ਨੂੰ ਨੁਕਸਾਨ ਝੱਲਣੇ ਪੈ ਰਹੇ ਹਨ।

ਉਜ਼ਮਾ ਸ਼ੇਖ ਨੇ ਅੱਗੇ ਕਿਹਾ, "ਕਨੂੰਨੀ ਵਪਾਰ ਦੀ ਬਜਾਏ ਤਸਕਰੀ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਇਹ ਕਸ਼ਮੀਰ ਦੇ ਰੂਟ ਜ਼ਰੀਏ ਹੋ ਰਿਹਾ ਹੈ। ਤੁਹਾਨੂੰ ਪੂਰੇ ਪਾਕਿਸਤਾਨ ਵਿੱਚ ਕਸ਼ਮੀਰ ਰਾਹੀਂ ਤਸਕਰੀ ਕੀਤੀਆਂ ਚੀਜ਼ਾਂ ਮਿਲ ਜਾਣਗੀਆਂ।''

ਭਾਰਤੀ ਕਸਟਮ ਤੇ ਸੈਂਟਰਲ ਐਕਸਾਈਜ਼ ਮਹਿਕਮੇ ਦੇ ਅਫ਼ਸਰ ਦੀਪਕ ਕੁਮਾਰ ਕਹਿੰਦੇ ਹਨ, ''ਬਰਾਮਦ 'ਚ ਗਿਰਾਵਟ ਆਈ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਭਾਰਤ ਤੋਂ ਸਬਜ਼ੀਆਂ ਤੇ ਫਲ਼ ਨਾ ਮੰਗਵਾਉਣ ਦਾ ਕੋਈ ਕਾਰਨ ਨਹੀਂ ਦੱਸਿਆ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)