ਲੰਪੀ ਵਾਇਰਸ: ਕੀ ਪਾਕਿਸਤਾਨ ਤੋਂ ਭਾਰਤ ’ਚ ਦਾਖ਼ਲ ਹੋਈ ਪਸ਼ੂਆਂ ਦੀ ਇਹ ਲਾਗ, ਸਵਾ ਲੱਖ ਪਸ਼ੂਆਂ ਦੀ ਮੌਤ ਦਾ ਕੌਣ ਜ਼ਿੰਮੇਵਾਰ - ਫੈਕਟ ਚੈਕ

ਭਾਰਤੀ ਪੰਜਾਬ ਵਿੱਚ ਵੀ ਕਈ ਗਾਵਾਂ ਲੰਪੀ ਵਾਇਰਸ ਨਾਲ ਪੀੜਤ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਪੰਜਾਬ ਵਿੱਚ ਵੀ ਕਈ ਗਾਵਾਂ ਲੰਪੀ ਵਾਇਰਸ ਨਾਲ ਪੀੜਤ ਹਨ
    • ਲੇਖਕ, ਮੇਧਾਵੀ ਅਰੋੜਾ
    • ਰੋਲ, ਵਰਲਡ ਸਰਵਿਸ ਡਿਸਇਨਫ਼ਰਮੇਸ਼ਨ ਟੀਮ, ਇੰਡੀਆ

ਪਸ਼ੂਆਂ ਵਿੱਚ ਫ਼ੈਲਣ ਵਾਲੀ ਲੰਪੀ ਸਕਿਨ ਬਿਮਾਰੀ ਬਾਰੇ ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਲਗਾਤਾਰ ਗੱਲ ਹੋ ਹੀ ਰਹੀ ਹੈ।

ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਲੰਪੀ ਸਕਿਨ ਬਿਮਾਰੀ ਨੇ ਹੁਣ ਤੱਕ 24 ਲੱਖ ਪਸ਼ੂਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਇਸ ਨਾਲ ਕਰੀਬ 1,10,000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਪਸ਼ੂ ਆਬਾਦੀ ਵੀ ਭਾਰਤ ਵਿੱਚ ਹੀ ਹੈ।

ਪਰ ਪਸ਼ੂਆਂ ’ਚ ਫੈਲਣ ਵਾਲੀ ਇਹ ਲਾਗ ਦੇਸ਼ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ ਵਿੱਚ ਪਾ ਰਹੀ ਹੈ।

ਇਸ ਦੌਰਾਨ ਗ਼ਲਤ ਜਾਣਕਾਰੀ ਨੇ ਕੁਝ ਲੋਕਾਂ ਨੂੰ ਦੁੱਧ ਦਾ ਸੇਵਨ ਕਰਨ ਤੋਂ ਸੁਚੇਤ ਕੀਤਾ ਹੈ।

ਅਸੀਂ ਇੱਥੇ ਬਿਮਾਰੀ ਬਾਰੇ ਤਿੰਨ ਝੂਠੇ ਦਾਅਵਿਆਂ ਨੂੰ ਖਾਰਜ ਕਰਦੇ ਹਾਂ।

ਕੀ ਪ੍ਰਭਾਵਿਤ ਪਸ਼ੂਆਂ ਦਾ ਦੁੱਧ ਪੀਣਾ ਇਨਸਾਨਾਂ ਲਈ ਸੁਰੱਖਿਅਤ ਹੈ

ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਕਈ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਲੰਪੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦੇ ਦੁੱਧ ਦਾ ਇਸਤੇਮਾਲ ਮਨੁੱਖ ਲਈ ਅਸੁਰੱਖਿਅਤ ਹੈ।

ਵਾਇਰਲ ਪੋਸਟ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਵਾਇਰਲ ਪੋਸਟ

ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹਾ ਦੁੱਧ ਪੀਣ ਨਾਲ ਮਨੁੱਖਾਂ ਨੂੰ ਵੀ ਸਕਿਨ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਆਮ ਤੌਰ 'ਤੇ ਡਰ ਪੈਦਾ ਕਰਨ ਲਈ ਇੰਨਾਂ ਪੋਸਟਾਂ ਨਾਲ ਤਸਵੀਰਾਂ ਵੀ ਹੁੰਦੀਆਂ ਹਨ ਜਿੰਨਾਂ ਵਿੱਚ ਮਨੁੱਖੀ ਸਰੀਰ 'ਤੇ ਜ਼ਖ਼ਮਾਂ ਨੂੰ ਦਿਖਾਇਆ ਜਾਂਦਾ ਹੈ।

ਉੱਤਰੀ ਭਾਰਤ ਦੇ ਸੂਬੇ ਹਰਿਆਣਾ ਨਾਲ ਸਬੰਧਿਤ ਇੱਕ ਸੰਸਥਾ ਨਾਲ ਕਰੀਬ 6,000 ਡੇਅਰੀ ਉਤਪਾਦਕ ਜੁੜੇ ਹੋਏ ਹਨ।

ਉਸ ਸੰਸਥਾ ਦੇ ਜਨਰਲ ਸਕੱਤਰ ਪੋਰਸ ਮਹਿਤਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਡੇਅਰੀ ਇੰਡਸਟਰੀ ਨਾਲ ਜੁੜੇ ਕਈ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਅਜਿਹੇ ਦਾਅਵੇ ਦੇਖੇ ਹਨ।"

ਉਨ੍ਹਾਂ ਕਿਹਾ, "ਉਹ ਲੋਕ ਜੋ ਇੰਨਾਂ ਦਾਅਵਿਆਂ ਨੂੰ ਸਾਰੇ ਗਰੁੱਪਾਂ ਵਿੱਚ ਸਾਂਝਾ ਕਰਦੇ ਹਨ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ। ਉਹ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਮਹਿਜ਼ ਇਹ ਹੀ ਸੂਚਨਾ ਹੁੰਦੀ ਹੈ।"

ਝੂਠੇ ਦਾਅਵਿਆਂ ਦਾ ਖ਼ਾਮਿਆਜ਼ਾ ਕਿਸਾਨ ਭੁਗਤ ਰਹੇ ਹਨ।

ਬੀਬੀਸੀ
  • ਪਸ਼ੂਆਂ ਨਾਲ ਜੁੜੀ ਲੰਪੀ ਵਾਇਰਸ ਬਿਮਾਰੀ ਬਾਰੇ ਸੋਸ਼ਲ ਮੀਡੀਆ ਉੱਤੇ ਕਈ ਅਫ਼ਵਾਹਾਂ ਫੈਲ ਰਹੀਆਂ ਹਨ।
  • ਕਈ ਲੋਕ ਵਾਇਰਸ ਪੋਸਟਾਂ ਵਿੱਚ ਗਾਵਾਂ ਦਾ ਦੁੱਧ ਪੀਣ ਤੋਂ ਵੀ ਰੋਕ ਰਹੇ ਹਨ।
  • ਝੂਠੇ ਦਾਅਵਿਆਂ ਦਾ ਖ਼ਾਮਿਆਜ਼ਾ ਕਿਸਾਨ ਭੁਗਤ ਰਹੇ ਹਨ।
  • ਅਸਲ ਵਿੱਚ, ਲੰਪੀ ਇੱਕ ਜ਼ੂਨੋਟਿਕ ਬਿਮਾਰੀ ਨਹੀਂ ਹੈ।
  • ਇੱਕ ਰਿਪੋਰਟ ਮੁਤਾਬਕ ਲੰਪੀ ਸਕਿਨ ਬਿਮਾਰੀ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।
  • ਲੰਪੀ ਬਿਮਾਰੀ ਦੇ ਮੂਲ ਬਾਰੇ ਗ਼ਲਤ ਜਾਣਕਾਰੀ ਵੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ।
  • ਲੰਪੀ ਬਿਮਾਰੀ ਪਹਿਲੀ ਵਾਰ 1929 ਵਿੱਚ ਜ਼ੈਂਬੀਆ ਵਿੱਚ ਉਤਪੰਨ ਹੋਈ ਸੀ।
ਬੀਬੀਸੀ

ਇੱਕ ਡੇਅਰੀ ਫ਼ਾਰਮਰ ਅਤੇ ਰਾਜਸਥਾਨ ਦੇ ਇੱਕ ਕੈਟਲ ਸ਼ੈਲਟਰ ਦੇ ਮੈਨੇਜਰ ਮਾਨਵ ਵਿਆਸ ਨੇ ਕਿਹਾ, "ਮੈਂ ਅਜਿਹੇ ਦਾਅਵੇ ਸੋਸ਼ਲ ਮੀਡੀਆ 'ਤੇ ਦੇਖੇ ਤੇ ਕਈ ਅਜਿਹੇ ਲੋਕਾਂ ਬਾਰੇ ਵੀ ਸੁਣਿਆ ਜਿੰਨ੍ਹਾਂ ਨੇ ਇਸ ਗੱਲ ਤੇ ਯਕੀਨ ਕਰ ਕੇ ਦੁੱਧ ਸੁੱਟਿਆ ਹੈ।"

"ਡੇਅਰੀ ਫ਼ਾਰਮਰ ਜੋ ਪਹਿਲਾਂ ਹੀ ਲੰਪੀ ਬਿਮਾਰੀ ਕਾਰਨ ਪਸ਼ੂ ਮਰਨ ਤੋਂ ਬਾਅਦ ਵਿੱਤੀ ਤੌਰ 'ਤੇ ਤੰਗੀ ਵਿੱਚ ਸਨ ਹੁਣ ਹੋਰ ਔਖਿਆਈ ਮਹਿਸੂਸ ਕਰ ਰਹੇ ਹਨ ਕਿਉਂਕਿ ਲੋਕ ਦੁੱਧ ਖ਼ਰੀਦਣ ਤੋਂ ਮਨ੍ਹਾਂ ਕਰ ਰਹੇ ਹਨ।"

ਕੀ ਲੰਪੀ ਪ੍ਰਭਾਵਿਤ ਗਾਂ ਦਾ ਦੁੱਧ ਪੀਤਾ ਜਾ ਸਕਦਾ ਹੈ, ਗੂਗਲ ਟਰੈਂਡ ਦੇ ਡਾਟਾ ਮੁਤਬਕ, ਇਸ ਬਾਰੇ ਪਿਛਲੇ 30 ਦਿਨਾਂ ਵਿੱਚ 5,000% ਵਾਰ ਖੋਜ ਕੀਤੀ ਗਈ ਹੈ।

ਅਸਲ ਵਿੱਚ, ਲੰਪੀ ਇੱਕ ਜ਼ੂਨੋਟਿਕ ਬਿਮਾਰੀ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਕੁਦਰਤੀ ਤੌਰ 'ਤੇ ਨਹੀਂ ਫੈਲਦਾ ਹੈ।

ਸਾਲ 2017 ਦੀ ਇੱਕ ਰਿਪੋਰਟ ਵਿੱਚ, ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਨੇ ਪੁਸ਼ਟੀ ਕੀਤੀ ਕਿ ਲੰਪੀ ਸਕਿਨ ਬਿਮਾਰੀ ਮਨੁੱਖਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।

ਲੰਪੀ ਬਿਮਾਰੀ ਦੇ ਮੂਲ ਬਾਰੇ ਝੂਠਾ ਦਾਅਵਾ; ਅਸਲ ਵਿੱਚ, ਬਿਮਾਰੀ ਪਹਿਲੀ ਵਾਰ 1929 ਵਿੱਚ ਜ਼ੈਂਬੀਆ ਵਿੱਚ ਪੈਦਾ ਹੋਈ ਸੀ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਲੰਪੀ ਬਿਮਾਰੀ ਦੇ ਮੂਲ ਬਾਰੇ ਝੂਠਾ ਦਾਅਵਾ; ਅਸਲ ਵਿੱਚ, ਬਿਮਾਰੀ ਪਹਿਲੀ ਵਾਰ 1929 ਵਿੱਚ ਜ਼ੈਂਬੀਆ ਵਿੱਚ ਪੈਦਾ ਹੋਈ ਸੀ

ਇਸ ਗੱਲ ਦੀ ਪੁਸ਼ਟੀ ਭਾਰਤ ਸਰਕਾਰ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) ਨੇ ਵੀ ਕੀਤੀ ਹੈ।

ਆਈਵੀਆਰਆਈ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਕੇਪੀ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅੱਜ ਤੱਕ ਇਸ ਦਾ ਕਿਸੇ ਜਾਨਵਰ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋਣ ਦਾ ਕੋਈ ਸਬੂਤ ਨਹੀਂ ਹੈ।"

"ਹਾਲਾਂਕਿ, ਇੱਕ ਦੁੱਧ ਚੁੰਘਾਣ ਵਾਲੇ ਵੱਛੇ ਨੂੰ ਇੱਕ ਸੰਕਰਮਿਤ ਗਾਂ ਦੇ ਦੁੱਧ ਤੋਂ ਲਾਗ ਲੱਗ ਸਕਦੀ ਹੈ।"

ਡਾਕਟਰ ਕੇਪੀ ਸਿੰਘ ਮੁਤਾਬਕ, ਜਿਹੜੇ ਜਖ਼ਮਾਂ ਨਾਲ ਮਨੁੱਖੀ ਸਰੀਰਾਂ ਦੀਆਂ ਤਸਵੀਰਾਂ ਜੋ ਆਮ ਤੌਰ 'ਤੇ ਝੂਠੀਆਂ ਪੋਸਟਾਂ ਦੇ ਨਾਲ ਹੁੰਦੀਆਂ ਹਨ, ਉਨ੍ਹਾਂ ਦੇ ਨਮੂਨੇ ਇਕੱਠੇ ਕਰ ਕੇ ਅਤੇ ਉਨ੍ਹਾਂ ਨੂੰ ਡਾਇਗਨੌਸਟਿਕ ਲੈਬਾਰਟਰੀ ਵਿੱਚ ਭੇਜ ਕੇ ਬਿਮਾਰੀ ਦੀ ਸਹੀ ਪਛਾਣ ਕੀਤੀ ਜਾ ਸਕਦੀ ਹੈ।

"ਅਸੀਂ ਲੱਛਣਾਂ ਜਾਂ ਜਖ਼ਮਾਂ ਦੇ ਆਧਾਰ 'ਤੇ ਬਿਮਾਰੀ ਦਾ ਪਤਾ ਨਹੀਂ ਲਗਾ ਸਕਦੇ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ।"

ਬੀਬੀਸੀ
ਬੀਬੀਸੀ

ਕੀ ਲੰਪੀ ਵਾਇਰਸ ਪਾਕਿਸਤਾਨ ਤੋਂ ਭਾਰਤ 'ਚ ਦਾਖ਼ਲ ਹੋਇਆ?

ਲੰਪੀ ਬਿਮਾਰੀ ਦੇ ਮੂਲ ਬਾਰੇ ਗ਼ਲਤ ਜਾਣਕਾਰੀ ਵੀ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ।

ਇਸ ਵਿੱਚ ਇਹ ਝੂਠਾ ਦਾਅਵਾ ਵੀ ਸ਼ਾਮਲ ਹੈ ਕਿ ਇਹ ਬਿਮਾਰੀ ਪਾਕਿਸਤਾਨ ਤੋਂ ਭਾਰਤ ਵਿੱਚ ਦਾਖ਼ਲ ਹੋਈ ਹੈ ਅਤੇ ਇਹ ਭਾਰਤ ਦੀਆਂ ਗਾਵਾਂ ਵਿਰੁੱਧ ਪਾਕਿਸਤਾਨੀ ਸਾਜ਼ਿਸ਼ ਦਾ ਹਿੱਸਾ ਹੈ।

ਭਾਰਤ ਦੀ ਬਹੁਗਿਣਤੀ ਹਿੰਦੂ ਆਬਾਦੀ, ਗਊਆਂ ਨੂੰ ਪਵਿੱਤਰ ਮੰਨਦੀ ਹੈ।

ਬੀਬੀਸੀ
ਵੀਡੀਓ ਕੈਪਸ਼ਨ, ਪੰਜਾਬ ਦੇ ਪਿੰਡਾਂ ਤੱਕ ਪੁੱਜਾ ਲੰਪੀ ਵਾਇਰਸ ਕਿੰਨਾ ਖ਼ਤਰਨਾਕ ਹੈ

ਅਸਲ ਵਿੱਚ, ਲੰਪੀ ਬਿਮਾਰੀ ਪਹਿਲੀ ਵਾਰ 1929 ਵਿੱਚ ਜ਼ੈਂਬੀਆ ਵਿੱਚ ਉਤਪੰਨ ਹੋਈ ਸੀ।

ਕੁਝ ਸਮੇਂ ਲਈ ਇਹ ਉਪ-ਸਹਾਰਨ ਅਫ਼ਰੀਕਾ ਵਿੱਚ ਸਥਾਨਕ ਤੌਰ 'ਤੇ ਰਹੀ, ਪਰ ਇਹ ਉੱਤਰੀ ਅਫ਼ਰੀਕਾ, ਮੱਧ ਪੂਰਬ, ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਵਿੱਚ ਫੈਲ ਗਈ।

ਐੱਫਏਕਿਊ ਦੀ ਇੱਕ ਰਿਪੋਰਟ ਮੁਤਾਬਕ, ਏਸ਼ੀਆ ਵਿੱਚ, ਬਿਮਾਰੀ ਪਹਿਲੀ ਵਾਰ ਜੁਲਾਈ 2019 ਵਿੱਚ ਬੰਗਲਾਦੇਸ਼, ਚੀਨ ਅਤੇ ਭਾਰਤ ਵਿੱਚ ਦੇਖੀ ਗਈ ਸੀ।

ਜਦੋਂ 2020 ਵਿੱਚ ਇਹ ਐੱਫਏਕਿਊ ਰਿਪੋਰਟ ਪ੍ਰਕਾਸ਼ਤ ਹੋਈ ਸੀ, ਉਦੋਂ ਤੱਕ ਪਾਕਿਸਤਾਨ ਵਿੱਚ ਇਸ ਬਿਮਾਰੀ ਦਾ ਪਤਾ ਨਹੀਂ ਲੱਗਿਆ ਸੀ।

ਇਸ ਲਈ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਬਿਮਾਰੀ ਪਾਕਿਸਤਾਨ ਵਿੱਚ ਮਿਲਣ ਤੋਂ ਪਹਿਲਾਂ ਭਾਰਤ ਵਿੱਚ ਮਿਲੀ ਸੀ ਅਤੇ ਇਹ ਦਾਅਵਾ ਕਿ ਇਹ ਬਿਮਾਰੀ ਪਾਕਿਸਤਾਨ ਤੋਂ ਭਾਰਤ ਵਿੱਚ ਆਈ ਹੈ, ਝੂਠ ਹੈ।

ਇਸ ਗੱਲ ਦੀ ਪੁਸ਼ਟੀ ਆਈਵੀਆਰਆਈ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਕੇਪੀ ਕਰਦੇ ਹਨ।

ਲੰਪੀ ਕਾਰਨ ਪਸ਼ੂਆਂ ਦੇ ਸਿਰ, ਧੌਣ, ਜਨਣ ਅੰਗਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਪਰ ਸਖਤ ਅਤੇ ਉੱਭਰਵੇਂ ਮਹੁਕੇ ਜਾਂ ਚਤੱਕੇ ਨਜ਼ਰ ਆਉਣ ਲਗਦੇ ਹਨ।
ਤਸਵੀਰ ਕੈਪਸ਼ਨ, ਲੰਪੀ ਕਾਰਨ ਪਸ਼ੂਆਂ ਦੇ ਸਿਰ, ਧੌਣ, ਜਨਣ ਅੰਗਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਪਰ ਸਖਤ ਅਤੇ ਉੱਭਰਵੇਂ ਮਹੁਕੇ ਜਾਂ ਚਤੱਕੇ ਨਜ਼ਰ ਆਉਣ ਲਗਦੇ ਹਨ

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਬਿਮਾਰੀ ਬੰਗਲਾਦੇਸ਼ ਤੋਂ ਭਾਰਤ ਵਿੱਚ ਦਾਖ਼ਲ ਹੋਈ, ਪਾਕਿਸਤਾਨ ਤੋਂ ਨਹੀਂ। ਇਸ ਦਾ ਕਾਰਨ ਕੁਦਰਤੀ ਤੌਰ 'ਤੇ ਜਾਨਵਰਾਂ ਦੀ ਸਰਹੱਦੀ ਆਵਾਜਾਈ ਹੈ।"

ਉਨ੍ਹਾਂ ਕਿਹਾ, "ਬੰਗਲਾਦੇਸ਼ ਵਿੱਚ ਇਸ ਦੇ ਕੇਸ ਭਾਰਤ ਨਾਲੋਂ ਪਹਿਲਾਂ ਸਾਹਮਣੇ ਆਏ ਸਨ। ਪਾਕਿਸਤਾਨ ਵਿੱਚ, ਭਾਰਤ ’ਚ ਰਿਪੋਰਟ ਕੀਤੇ ਜਾਣ ਤੋਂ ਬਾਅਦ, ਇਸ ਦੇ ਮਾਮਲੇ ਸਾਹਮਣੇ ਆਏ ਸਨ।"

ਟੀਕਾਕਰਨ ਵਿਰੋਧੀ ਦਾਅਵੇ ਗ਼ਲਤ ਜਾਣਕਾਰੀ ਨੂੰ ਵਧਾਉਂਦੇ ਹਨ

ਲੰਪੀ ਬਿਮਾਰੀ ਬਾਰੇ ਗ਼ਲਤ ਜਾਣਕਾਰੀ ਨੂੰ ਸੋਸ਼ਲ ਮੀਡੀਆ 'ਤੇ ਟੀਕਾਕਰਨ ਵਿਰੋਧੀ ਸਾਜ਼ਿਸ਼ਾਂ ਨਾਲ ਜੋੜਿਆ ਗਿਆ ਹੈ।

ਹੱਡਾਰੋੜੀ ਵਿੱਚ ਪਸ਼ੂਆਂ ਦੀਆਂ ਲਾਸ਼ਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ।

ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਜ਼ਾਰਾਂ ਪਸ਼ੂ "ਭਾਰਤ ਸਰਕਾਰ ਵੱਲੋਂ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਅਚਾਨਕ ਮਰਨ ਲੱਗੇ ਹਨ।"

ਇਨ੍ਹਾਂ ਦਾਅਵਿਆਂ ਦੇ ਹਜ਼ਾਰਾਂ ਰੀਟਵੀਟਸ ਹਨ ਅਤੇ ਇਹ ਇੱਕ ਲੱਖ ਤੋਂ ਵੱਧ ਵਾਰ ਦੇਖੇ ਗਏ ਹਨ।

ਹਾਲਾਂਕਿ, ਵੀਡੀਓ ਅਸਲੀ ਹੈ ਪਰ ਇਸ ਦੇ ਨਾਲ ਦਿੱਤਾ ਗਿਆ ਦਾਅਵਾ, ਕਿ ਵੈਕਸੀਨ ਲਗਾਉਣ ਤੋਂ ਬਾਅਦ ਪਸ਼ੂ ਮਰ ਰਹੇ ਹਨ, ਇਹ ਝੂਠਾ ਹੈ।

ਐੱਫਏਕਿਊ ਮੁਤਾਬਕ, ਵੱਡੇ ਪੱਧਰ 'ਤੇ ਟੀਕਾਕਰਨ ਲੰਪੀ ਵਾਇਰਸ ਬਿਮਾਰੀ ਦੇ ਫੈਲਣ ਤੋਂ ਰੋਕਥਾਮ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹਨ।

ਇੱਕ ਪਸ਼ੂ ਟੀਕਾਕਰਨ ਪ੍ਰੋਗਰਾਮ ਵਰਤਮਾਨ ਵਿੱਚ ਪੂਰੇ ਭਾਰਤ ਵਿੱਚ ਕਈ ਸੂਬਿਆਂ ਵਿੱਚ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਬੱਕਰੀ ਦੇ ਪੋਕਸ ਵੈਕਸੀਨ ਦੀ ਵਰਤਮਾਨ ਵਿੱਚ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਹ ਲੰਪੀ ਦੇ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ।

ਲੰਪੀ ਚਮੜੀ ਦੀ ਬਿਮਾਰੀ ਦੇ ਵਿਰੁੱਧ ਟੀਕਿਆਂ ਬਾਰੇ ਝੂਠਾ ਦਾਅਵਾ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਲੰਪੀ ਚਮੜੀ ਦੀ ਬਿਮਾਰੀ ਦੇ ਵਿਰੁੱਧ ਟੀਕਾਕਰਨ ਬਾਰੇ ਝੂਠਾ ਦਾਅਵਾ

ਭਾਰਤੀ ਖੋਜਕਰਤਾਵਾਂ ਨੇ ਲੰਪੀ ਬਿਮਾਰੀ ਦੇ ਵਿਰੁੱਧ ਇੱਕ ਟੀਕਾ ਵੀ ਵਿਕਸਤ ਕੀਤਾ ਹੈ, ਜਿਸ 'ਤੇ ਉਹ 2019 ਵਿੱਚ ਭਾਰਤ ਵਿੱਚ ਪਹਿਲੀ ਵਾਰ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਕੰਮ ਕਰ ਰਹੇ ਹਨ।

ਇਹ ਟੀਕਾ ਵਪਾਰਕ ਤੌਰ 'ਤੇ ਉਪਲਬਧ ਹੋਣਾ ਬਾਕੀ ਹੈ।

ਪੂਰੇ ਭਾਰਤ ਵਿੱਚ ਲੱਖਾਂ ਜਾਨਵਰਾਂ ਦਾ ਪਹਿਲਾਂ ਹੀ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਠੀਕ ਵੀ ਕੀਤਾ ਗਿਆ ਹੈ।

ਡਾਕਟਰ ਕੇਪੀ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਇਸ ਵੇਲੇ ਉਪਲਬਧ ਇੱਕੋ-ਇੱਕ ਹੱਲ ਬੱਕਰੀ ਪੋਕਸ ਵੈਕਸੀਨ ਹੈ। ਇਹ ਇੱਕ ਬਹੁਤ ਵਧੀਆ ਟੀਕਾ ਹੈ ਅਤੇ ਬਿਨਾਂ ਕਿਸੇ ਮਾੜੇ ਪ੍ਰਭਾਵ ਦੇ ਲੰਪੀ ਤੋਂ 70-80% ਸੁਰੱਖਿਆ ਪ੍ਰਦਾਨ ਕਰਦਾ ਹੈ।"

"ਅਸੀਂ ਇਲਾਕਿਆਂ ਵਿੱਚ ਇਸ ਦੇ ਪ੍ਰਭਾਵ ਨੂੰ ਦੇਖ ਰਹੇ ਹਾਂ ਅਤੇ ਚੰਗੀ ਫੀਡਬੈਕ ਵੀ ਮਿਲ ਰਹੀ ਹੈ।"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)