ਲੰਪੀ ਵਾਇਰਸ: ਪੰਜਾਬ ਵਿੱਚ ਖੁੱਲ੍ਹੇ 'ਚ ਸੁੱਟੇ ਜਾ ਰਹੇ ਮਰੇ ਪਸ਼ੂ, ਪਰ ਦੱਬਣ ਲਈ ਕੀ ਹਨ ਨਿਯਮ

- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਬਿਮਾਰੀ ਨਾਲ ਸਾਡੇ ਪਸ਼ੂ ਮਰੇ, ਅਸੀਂ ਉਹ ਧਰਤੀ ਹੇਠਾਂ ਦੱਬ ਦਿੱਤੇ। ਹੁਣ ਸਾਡੀ ਮੁਸ਼ਕਲ ਇਹ ਹੈ ਕਿ ਰਾਤ ਸਮੇਂ ਕੋਈ ਵਿਅਕਤੀ ਸਾਡੇ ਪਿੰਡ ਦੀ ਹੱਦ ਅੰਦਰ 15 ਦੇ ਕਰੀਬ ਮਰੀਆਂ ਗਾਵਾਂ ਸੁੱਟ ਗਏ। ਇਨ੍ਹਾਂ ਪਸ਼ੂਆਂ ਨੂੰ ਲੱਭਣ ਲਈ ਸਾਨੂੰ ਪਿੰਡ ਵਿੱਚੋਂ ਪੈਸੇ ਇਕੱਠੇ ਕਰਨੇ ਪੈ ਰਹੇ ਹਨ।"
ਇਹ ਸ਼ਬਦ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਦੇ ਵਸਨੀਕ ਰਾਮਜੀਤ ਸਿੰਘ ਦੇ ਹਨ, ਜੋ ਪਿੰਡ ਵਿੱਚ ਹੀ ਗੁਰਦੁਆਰੇ ਦੇ ਗ੍ਰੰਥੀ ਹਨ।
ਅਸਲ ਵਿੱਚ ਇਹ ਮਾਹੌਲ ਲੰਪੀ ਸਕਿਨ ਬਿਮਾਰੀ ਕਾਰਨ ਮਾਲਵਾ ਖੇਤਰ ਦੇ ਪਿੰਡਾਂ ਵਿੱਚ ਮਰ ਰਹੇ ਪਸ਼ੂਆਂ ਕਾਰਨ ਪੈਦਾ ਹੋਇਆ ਹੈ।
ਮਾਲਵੇ ਵਿੱਚ ਹਜ਼ਾਰਾਂ ਪਸ਼ੂਆਂ ਦੀ ਮੌਤ
ਲੋਕ ਆਪਣੇ ਮਰੇ ਪਸ਼ੂਆਂ ਨੂੰ ਸੜਕਾਂ ਦੇ ਕਿਨਾਰੇ ਸੁੱਟ ਰਹੇ ਹਨ। ਹਾਲਾਤ ਇੱਥੋਂ ਤੱਕ ਬਦਤਰ ਹਨ ਕਿ ਕੁਝ ਲੋਕਾਂ ਨੇ ਆਪਣੇ ਮਰੇ ਪਸ਼ੂਆਂ ਨੂੰ ਨਹਿਰਾਂ ਵਿੱਚ ਸੁੱਟਿਆ ਹੈ।
ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮੋਗਾ ਦੇ ਪਿੰਡਾਂ ਵਿਚ ਪਸ਼ੂ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਹਨ।

ਤਸਵੀਰ ਸਰੋਤ, SURINDER MAAN/BBC
ਪੰਜਾਬ ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਮੁਤਾਬਕ ਲੰਘੇ ਵੀਰਵਾਰ ਸ਼ਾਮ ਤੱਕ ਪੰਜਾਬ ਵਿਚ 3359 ਪਸ਼ੂਆਂ ਦੀ ਮੌਤ ਹੋਈ ਹੈ।
ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਰਨ ਵਾਲੇ ਸਮੁੱਚੇ ਪਸ਼ੂ ਲੰਪੀ ਚਮੜੀ ਬਿਮਾਰੀ ਕਾਰਨ ਮਰੇ ਹਨ।
ਪਿੰਡ ਥਰਾਜ ਦੇ ਵਸਨੀਕ ਕਿਸਾਨ ਗੁਰਜਿੰਦਰ ਸਿੰਘ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲੰਪੀ ਵਾਇਰਸ ਕਾਰਨ ਦੋ ਕੀਮਤੀ ਗਊਆਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ।
"ਇੱਕ ਗਾਂ ਦੀ ਕੀਮਤ 80 ਹਜ਼ਾਰ ਤੋਂ ਇੱਕ ਲੱਖ ਦੇ ਦਰਮਿਆਨ ਸੀ। ਇਸ ਨਾਲ ਵੱਡਾ ਆਰਥਿਕ ਨੁਕਸਾਨ ਤਾਂ ਹੋਇਆ ਹੀ ਹੈ ਅਤੇ ਦੂਜੇ ਪਾਸੇ ਦੁੱਧ ਵੇਚਣੋਂ ਵੀ ਰਹਿ ਗਏ ਹਾਂ।"
ਵੀਡੀਓ: ਲੰਪੀ ਵਾਇਰਸ ਨਾਲ ਬੀਮਾਰ ਪਸ਼ੂਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਵੇ?
ਉਨ੍ਹਾਂ ਨੇ ਦੱਸਿਆ, "ਸਾਡੇ ਪਿੰਡ ਵਿੱਚ ਕਈ ਘਰਾਂ ਉੱਤੇ ਦੋ ਜਾਂ 3-3 ਦੁਧਾਰੂ ਪਸ਼ੂ ਇਸ ਬਿਮਾਰੀ ਕਾਰਨ ਮਰ ਚੁੱਕੇ ਹਨ। ਇਸ ਬਿਮਾਰੀ ਦੀ ਅਜਿਹੀ ਮਾਰ ਪਈ ਹੈ ਕਿ ਅਸੀਂ ਆਰਥਿਕ ਤੌਰ 'ਤੇ ਅਗਲੇ ਸਾਲਾਂ ਵਿੱਚ ਵੀ ਉੱਠਣ ਦੇ ਸਮਰੱਥ ਨਹੀਂ ਰਹੇ ਹਾਂ।"
ਬਹੁਤੇ ਲੋਕਾਂ ਵਿੱਚ ਇਹ ਵੀ ਚਿੰਤਾ ਹੈ ਕਿ ਜਿਹੜੇ ਲੋਕ ਪਾਣੀ ਵਿੱਚ ਜਾਂ ਸੜਕਾਂ ਦੇ ਕਿਨਾਰੇ ਮਰੇ ਪਸ਼ੂ ਸੁੱਟ ਰਹੇ ਹਨ, ਉਸ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ।
ਭਾਵੇਂ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ 'ਗਾਟ ਪਾਕਸ ਵੈਕਸੀਨ' ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਦੁੱਧ ਉਤਪਾਦਕਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਫਿਕਰ ਜਿਉਂ ਦਾ ਤਿਉਂ ਕਾਇਮ ਹੈ।
ਮਰੇ ਪਸ਼ੂਆਂ ਨੂੰ ਧਰਤੀ ਵਿਚ ਦੱਬ ਰਹੇ ਕਿਸਾਨ
ਇਸ ਸਥਿਤੀ ਵਿੱਚ ਇਹ ਗੱਲ ਵੀ ਦੇਖਣ ਨੂੰ ਮਿਲੀ ਹੈ ਕਿ ਬਹੁਤੇ ਕਿਸਾਨ ਆਪਣੇ ਮਰੇ ਪਸ਼ੂਆਂ ਨੂੰ ਧਰਤੀ ਹੇਠ ਦੱਬ ਰਹੇ ਹਨ।
ਜਦਕਿ ਜਿਹੜੇ ਛੋਟੇ ਦੁੱਧ ਉਤਪਾਦਕਾਂ ਕੋਲ ਆਪਣੀ ਕੋਈ ਜਗ੍ਹਾ ਨਹੀਂ ਹੈ ਉਹ ਮਜਬੂਰੀਵੱਸ ਆਪਣੇ ਪਸ਼ੂਆਂ ਨੂੰ ਹੱਡਾਰੋੜੀ ਵਾਲਿਆਂ ਨੂੰ ਚੁਕਵਾਉਣ ਲਈ ਮਜਬੂਰ ਹਨ।

ਤਸਵੀਰ ਸਰੋਤ, SURINDER MAAN/BBC
ਪਿੰਡ ਸੰਗਤਪੁਰਾ ਦੇ ਨੌਜਵਾਨ ਦੁੱਧ ਉਤਪਾਦਕ ਰੁਪਿੰਦਰ ਸਿੰਘ ਨੇ ਦੱਸਿਆ ਤੇ ਪਹਿਲਾਂ ਹੱਡਾ ਰੋੜੀ ਵਾਲੇ ਕਿਸੇ ਪਸ਼ੂ ਦੇ ਮਰਨ ਦੀ ਸੂਰਤ ਵਿੱਚ ਮੁਫਤ ਵਿਚ ਪਸ਼ੂ ਚੁੱਕ ਕੇ ਲੈ ਜਾਂਦੇ ਸਨ।
"ਇਸ ਬਿਮਾਰੀ ਤੋਂ ਬਾਅਦ ਇਹ ਹਾਲਾਤ ਨਹੀਂ ਰਹੇ ਹਨ। ਹੁਣ ਸਾਨੂੰ ਆਪਣਾ ਮਰਿਆ ਪਸ਼ੂ ਘਰੋਂ ਚੁਕਵਾਉਣ ਦੇ ਇਵਜ਼ ਵਿੱਚ 500 ਰੁਪਏ ਪ੍ਰਤੀ ਪਸ਼ੂ ਦੇਣੇ ਪੈ ਰਹੇ ਹਨ।"
ਉਹ ਕਹਿੰਦੇ ਹਨ, "ਇਕ ਤਾਂ ਦੁਧਾਰੂ ਪਸ਼ੂਆਂ ਦੇ ਮਰਨ ਕਾਰਨ ਸਾਡਾ ਰੁਜ਼ਗਾਰ ਖ਼ਤਮ ਹੋ ਗਿਆ ਹੈ ਤੇ ਦੂਜੇ ਪਾਸੇ ਸਾਨੂੰ ਭਵਿੱਖ ਵਿੱਚ ਆਪਣੇ ਬਚੇ ਪਸ਼ੂਆਂ ਦੀ ਜ਼ਿੰਦਗੀ ਬਚਾਉਣ ਲਈ ਹੱਥ-ਪੈਰ ਮਾਰਨੇ ਪੈ ਰਹੇ ਹਨ।"
ਪਸ਼ੂ ਪਾਲਣ ਵਿਭਾਗ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਸਵਾ ਦੋ ਲੱਖ ਤੋਂ ਵੱਧ ਪਸ਼ੂਆਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੰਮ ਲਈ 673 ਟੀਕਾਕਰਨ ਟੀਮਾਂ ਬਣਾਈਆਂ ਗਈਆਂ ਹਨ।
ਪਸ਼ੂ ਪਾਲਣ ਵਿਭਾਗ ਦੇ ਰਿਕਾਰਡ ਮੁਤਾਬਕ ਇਸ ਵੇਲੇ ਪੰਜਾਬ ਵਿੱਚ 25.31 ਲੱਖ ਗਾਵਾਂ ਹਨ ਅਤੇ 40.15 ਲੱਖ ਮੱਝਾਂ ਹਨ।

ਤਸਵੀਰ ਸਰੋਤ, SURINDER MAAN/BBC
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਉਸ ਦਾ ਕਹਿਣਾ ਹੈ ਕਿ ਲੰਪੀ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਜਿਵੇਂ ਜਿਵੇਂ ਪਿੰਡਾਂ ਵਿੱਚ ਲੰਬੀ ਵਾਇਰਸ ਕਾਰਨ ਗਾਵਾਂ ਬੀਮਾਰ ਹੋ ਰਹੀਆਂ ਹਨ ਉਸ ਨੂੰ ਲੈ ਕੇ ਕਿਸਾਨਾਂ ਵਿਚ ਰੋਸ ਵੀ ਪੈਦਾ ਹੋ ਰਿਹਾ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਇਸ ਬਿਪਤਾ ਦੀ ਘੜੀ ਵਿੱਚ ਕਥਿਤ ਤੌਰ 'ਤੇ ਕਿਸਾਨਾਂ ਦਾ ਦ੍ਰਿੜ੍ਹ ਇਰਾਦੇ ਨਾਲ ਸਾਥ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ-

ਫ਼ਰੀਦਕੋਟ ਵਿਖੇ ਹੋਈ ਯੂਨੀਅਨ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਐਲਾਨ ਕੀਤਾ ਹੈ ਕਿ 28 ਅਗਸਤ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਦੇਸੀ ਨੁਕਤੇ ਵੀ ਅਪਣਾ ਰਹੇ ਕਿਸਾਨ
ਮੋਗਾ ਦੇ ਦੁੱਧ ਉਤਪਾਦਕ ਕਿਸਾਨ ਕੇਵਲ ਸਿੰਘ ਚੱਢਾ ਨੇ ਦੱਸਿਆ ਕਿ ਲੰਪੀ ਵਾਇਰਸ ਕਾਰਨ ਦੋ ਦੁਧਾਰੂ ਗਾਵਾਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ।
"ਅਸੀਂ ਆਪਣੇ ਪਸ਼ੂਆਂ ਨੂੰ ਚਮੜੀ ਰੋਗ ਤੋਂ ਬਚਾਉਣ ਲਈ ਨਿੰਮ ਅਤੇ ਗਲੋਅ ਦੇ ਪਾਣੀ ਨਾਲ ਨੁਹਾ ਰਹੇ ਹਾਂ। ਸ਼ਹਿਰੋਂ ਲਿਆ ਕੇ ਕੀਮਤੀ ਦਵਾਈਆਂ ਵੀ ਦਿੱਤੀਆਂ ਪਰ ਕਿਸੇ ਕੰਮ ਨਹੀਂ ਆਈਆਂ।"
"ਸਾਡੀ ਤਾਂ ਸਰਕਾਰ ਨੂੰ ਇਹੀ ਗੁਜ਼ਾਰਿਸ਼ ਹੈ ਕਿ ਉਹ ਇਸ ਬਿਮਾਰੀ ਦੀ ਰੋਕਥਾਮ ਲਈ ਤੁਰੰਤ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਿੰਡਾਂ ਵਿੱਚ ਭੇਜੇ।"
ਪਿੰਡ ਸੰਗਤਪੁਰਾ ਵਿੱਚ ਪਿੰਡ ਦੇ ਮੋਹਤਬਰ ਬੰਦੇ ਘਰ ਘਰ ਤੋਂ ਪੈਸੇ ਦੀ ਉਗਰਾਹੀ ਕਰ ਰਹੇ ਸਨ। ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਜੇਸੀਬੀ ਮਸ਼ੀਨ ਦਾ ਪ੍ਰਬੰਧ ਕਰਨਗੇ ਤਾਂ ਜੋ ਜਨਤਕ ਥਾਵਾਂ ਉਪਰ ਸੁੱਟੇ ਪਸ਼ੂਆਂ ਨੂੰ ਦੱਬਿਆ ਜਾ ਸਕੇ।

ਤਸਵੀਰ ਸਰੋਤ, SURINDER MAAN/BBC
ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਰਾਜਿੰਦਰ ਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਕੁਝ ਲੋਕ ਅਣਜਾਣੇ ਵਿੱਚ ਮਰੇ ਪਸ਼ੂਆਂ ਨੂੰ ਨਹਿਰਾਂ ਵਿੱਚ ਸੁੱਟ ਰਹੇ ਹਨ।
"ਅਸੀਂ ਪਿੰਡਾਂ ਦੇ ਸਮਾਜ ਸੇਵੀ ਲੋਕਾਂ ਨੂੰ ਨਾਲ ਲੈ ਕੇ ਪਿੰਡ ਪਿੰਡ ਜਾ ਰਹੇ ਹਾਂ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸੜਕਾਂ ਦੇ ਕਿਨਾਰਿਆਂ ਅਤੇ ਜਨਤਕ ਥਾਵਾਂ ਉੱਪਰ ਮਰੇ ਪਸ਼ੂਆਂ ਨੂੰ ਸੁੱਟਣ ਕਾਰਨ ਬਦਬੂ ਫੈਲ ਰਹੀ ਹੈ, ਜੋ ਮਨੁੱਖੀ ਸਿਹਤ ਲਈ ਠੀਕ ਨਹੀਂ ਹੈ।"
ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿਚ ਵੀ ਸੁੱਟ ਰਹੇ ਕਿਸਾਨ
ਪਸ਼ੂ ਪਾਲਣ ਵਿਭਾਗ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਲੰਬੀ ਬੀਮਾਰੀ ਕਾਰਨ ਮਰੇ ਪਸ਼ੂਆਂ ਨੂੰ ਪਿੰਡਾਂ ਵਿੱਚ ਬਣੀਆਂ ਹੱਡਾਰੋੜੀਆਂ ਵਿੱਚ ਨਾ ਸੁੱਟਣ।
ਡਾ. ਰਾਜ ਸਿੰਘ ਵੈਟਰਨਰੀ ਅਫ਼ਸਰ ਹਨ ਅਤੇ ਉਹ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਕਸਬਾ ਘੁਬਾਇਆ ਦੇ ਸਿਵਲ ਪਸ਼ੂ ਹਸਪਤਾਲ ਵਿੱਚ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮਰੇ ਪਸ਼ੂਆਂ ਦੀ ਅੰਤਿਮ ਕਿਰਿਆ ਸੰਬੰਧੀ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।
"ਲੰਪੀ ਬੀਮਾਰੀ ਹੁਣ ਕਾਫ਼ੀ ਹੱਦ ਤਕ ਕੰਟਰੋਲ ਹੇਠ ਆ ਚੁੱਕੀ ਹੈ। ਅਸੀਂ ਲੋਕਾਂ ਨੂੰ ਦੱਸਿਆ ਹੈ ਕਿ ਉਹ ਕਿਸੇ ਪਸ਼ੂ ਦੇ ਮਰਨ ਦੀ ਸੂਰਤ ਵਿੱਚ ਉਸ ਨੂੰ ਦੱਬਣ ਵੇਲੇ ਕਲੀ ਦਾ ਇਸਤੇਮਾਲ ਜ਼ਰੂਰ ਕਰਨ।"
ਉਨ੍ਹਾਂ ਨੇ ਕਿਹਾ, "ਇਹ ਵਾਇਰਲ ਵਾਇਰਸ ਹੈ ਅਤੇ ਜੇਕਰ ਮਰੇ ਪਸ਼ੂਆਂ ਨੂੰ ਖੁੱਲ੍ਹੇ ਵਿਚ ਸੁੱਟਿਆ ਜਾਵੇਗਾ ਤਾਂ ਇਹ ਤੰਦਰੁਸਤ ਪਸ਼ੂਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਪਸ਼ੂ ਦੀ ਇਸ ਬਿਮਾਰੀ ਕਾਰਨ ਮੌਤ ਹੁੰਦੀ ਹੈ ਤਾਂ ਉਹ ਪਸ਼ੂਆਂ ਨੂੰ ਧਰਤੀ ਹੇਠਾਂ ਹੀ ਦੱਬਣ।

ਤਸਵੀਰ ਸਰੋਤ, SURINDER MAAN/BBC
ਲੰਪੀ ਬੀਮਾਰੀ ਦੇ ਲੱਛਣ
- ਪਸ਼ੂਆਂ ਦੇ ਸਿਰ, ਧੌਣ, ਜਨਣ ਅੰਗਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਪਰ ਸਖਤ ਅਤੇ ਉੱਭਰਵੇਂ ਮਹੁਕੇ ਜਾਂ ਚਤੱਕੇ ਨਜ਼ਰ ਆਉਣ ਲਗਦੇ ਹਨ। ਇਨ੍ਹਾਂ ਦਾ ਘੇਰਾ 55 ਮਿਲੀ ਮੀਟਰ ਤੱਕ ਦਾ ਹੋ ਸਕਦਾ ਹੈ।
- ਇਨ੍ਹਾਂ ਚਤੱਕਿਆਂ ਦੇ ਵਿਚਕਾਰ ਅੰਗੂਰ ਆ ਜਾਂਦਾ ਹੈ ਜੋ ਕਿ ਆਪਣੇ-ਆਪ ਗਿਰ ਜਾਂਦਾ ਹੈ। ਇਸ ਨਾਲ ਪਸ਼ੂ ਦੀ ਚਮੜੀ ਵਿੱਚ ਛੇਕ ਰਹਿ ਜਾਂਦਾ ਹੈ, ਜਿਨ੍ਹਾਂ ਵਿੱਚ ਲਾਗ ਫੈਲ ਸਕਦੀ ਹੈ।
- ਅੰਗਾਂ, ਜਨਣ ਅੰਗਾਂ ਅਤੇ ਮੂਹਰਲੀਆਂ ਲੱਤਾਂ ਦੇ ਕੋਲ ਛਾਤੀ ਦੇ ਥੱਲੇ ਸੋਜਿਸ਼ ਆ ਜਾਂਦੀ ਹੈ।
- ਅੱਖਾਂ, ਮੂੰਹ ਅਤੇ ਨੱਕ ਵਿੱਚ ਪਾਣੀ ਵਗਦਾ ਰਹਿੰਦਾ ਹੈ।
- ਹਾਲਾਂਕਿ ਹੋ ਸਕਦਾ ਹੈ ਕਿ ਕੁਝ ਪਸ਼ੂਆਂ ਵਿੱਚ ਬੀਮਾਰੀ ਦੇ ਲੱਛਣ ਨਜ਼ਰ ਨਾ ਆਉਣ।
- ਰੋਗ ਮੁੱਖ ਤੌਰ 'ਤੇ ਉੱਡਣ ਵਾਲੇ ਕੀੜਿਆਂ ਜਿਵੇਂ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਜ਼ਰੀਏ ਫੈਲਦਾ ਹੈ।
- ਇਨ੍ਹਾਂ ਤੋਂ ਇਲਾਵਾ ਬੀਮਾਰੀ ਦੂਸ਼ਿਤ ਉਪਕਰਣਾਂ ਅਤੇ ਕਈ ਕੇਸਾਂ ਵਿੱਚ ਜਾਨਵਰਾਂ ਤੋਂ ਜਾਨਵਰਾਂ ਵਿੱਚ ਵੀ ਫੈਲ ਸਕਦੀ ਹੈ।
- ਹਾਲਾਂਕਿ ਮਨੁੱਖੀ ਸਿਹਤ ਨੂੰ ਬੀਮਾਰੀ ਤੋਂ ਕੋਈ ਖ਼ਤਰਾ ਨਹੀਂ ਹੈ।
- ਲਾਗ ਕਾਰਨ ਪਸ਼ੂਆਂ ਵਿੱਚ ਦੁੱਧ ਘੱਟ ਜਾਂਦਾ ਹੈ, ਬਹੁਤ ਤੇਜ਼ ਬੁਖਾਰ ਚੜ੍ਹਦਾ ਹੈ, ਤਣਾਅ ਅਤੇ ਚਮੜੀ ਉੱਪਰ ਮਹੁਕੇ/ਚਤੱਕੇ ਜਿਹੇ ਉੱਭਰ ਆਉਂਦੇ ਹਨ।
ਲੰਪੀ ਬਿਮਾਰੀ ਤੋਂ ਸਾਵਧਾਨੀ
ਲੰਪੀ ਬਿਮਾਰੀ ਬਾਰੇ ਪੰਜਾਬ ਦੇ ਨੋਡਲ ਅਫ਼ਸਰ ਡਾ. ਰਾਮ ਪਾਲ ਮਿੱਤਲ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ ਸੀ।
ਸੁਰੱਖਿਆ ਅਤੇ ਦੇਖਭਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਲਾਗ ਵਾਲੇ ਜਾਨਵਰਾਂ ਨੂੰ ਤੰਦਰੁਸਤ ਜਾਨਵਰਾਂ ਤੋਂ ਵੱਖਰਾ ਰੱਖਿਆ ਜਾਵੇ ਅਤੇ ਜਿਹੜਾ ਵਿਅਕਤੀ ਬਿਮਾਰ ਪਸ਼ੂ ਦੀ ਦੇਖਭਾਲ ਕਰ ਰਿਹਾ ਹੋਵੇ, ਉਹ ਵੀ ਤੰਦਰੁਸਤ ਪਸ਼ੂਆਂ ਕੋਲ ਨਾ ਜਾਵੇ।
ਉਨ੍ਹਾਂ ਨੇ ਕਿਹਾ ਬਿਮਾਰੀ ਨਵੀਂ ਹੈ ਤੇ ਲੱਛਣਾਂ ਮੁਤਾਬਕ ਇਲਾਜ ਕੀਤਾ ਜਾਂਦਾ ਹੈ। ਇਸ ਵਿੱਚ ਮੌਤ ਦਰ ਘੱਟ ਹੈ ਤੇ ਸਹੀ ਇਲਾਜ ਦੇ ਨਾਲ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਬੀਮਾਰੀ ਜਿਵੇਂ ਕਿ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਤੋਂ ਫੈਲਦੀ ਹੈ ਜੋ ਕਿ ਬਰਸਤਾਂ ਦੇ ਮੌਸਮ ਵਿੱਚ ਆਮ ਹੁੰਦੇ ਹਨ ਤੇ ਫ਼ੈਲਦੇ ਹਨ। ਇਸ ਲਈ ਜਿਵੇਂ ਹੀ ਜਾਨਵਰ ਵਿੱਚ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਵੱਖ ਕਰ ਦੇਣਾ ਚਾਹੀਦਾ ਹੈ, ਤਾਂ ਜੋ ਲਾਗ ਨਾ ਫ਼ੈਲੇ।
ਬੀਮਾਰ ਪਸ਼ੂ ਅਤੇ ਉਸ ਨੂੰ ਸੰਭਾਲਣ ਵਾਲੇ ਨੂੰ ਘੱਟ ਤੋਂ ਘੱਟ ਤੋਰਾ-ਫੇਰਾ ਹੋਣਾ ਚਾਹੀਦਾ ਹੈ। ਸੰਭਾਲ ਕਰਨ ਵਾਲਿਆਂ ਨੂੰ ਹਾਲਾਂਕਿ ਖੁਦ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਉਹ ਬੀਮਾਰੀ ਫੈਲਾਅ ਸਕਦੇ ਹਨ।
ਪਸ਼ੂ ਨੂੰ ਅਸਾਨੀ ਨਾਲ ਪਚਣ ਵਾਲੀ ਨਰਮ ਖੁਰਾਕ ਜਿਵੇਂ ਹਰਾ ਚਾਰਾ ਦੇਣਾ ਚਾਹੀਦਾ ਅਤੇ ਤੂੜੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਲਾਵਾ ਬੀਮਾਰ ਅਤੇ ਤੰਦਰੁਸਤ ਪਸ਼ੂਆਂ ਦੇ ਭਾਂਢੇ ਵੀ ਵੱਖ ਰੱਖਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਬੀਮਾਰੀ ਨਵੀਂ ਹੈ ਅਤੇ ਇਸ ਦੌਰਾਨ ਕੋਈ ਨਵਾਂ ਜਾਨਵਰ ਖਰੀਦਣਾ ਨਹੀਂ ਅਤੇ ਆਪਣਾ ਜਾਨਵਰ ਵੇਚਣਾ ਨਹੀਂ।
ਦੁੱਧ ਬਾਰੇ ਲੋਕਾਂ ਵਿੱਚ ਉੱਠ ਰਹੇ ਖਦਸ਼ਿਆਂ ਬਾਰੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦੁੱਧ ਪੀਣਾ ਬਿਲਕੁਲ ਸੁਰੱਖਿਅਤ ਹੈ। ਹਾਂ, ਦੁੱਧ ਪੀਣ ਤੋਂ ਪਹਿਲਲਾਂ ਇਸ ਨੂੰ ਉਬਾਲ ਜ਼ਰੂਰ ਲਓ।

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













