ਸੁੰਦਰ ਸ਼ਾਮ ਅਰੋੜਾ ਕਿਵੇਂ ਵਿਜੀਲੈਂਸ ਦੇ ਕਥਿਤ ਜਾਲ਼ ਵਿਚ ਫਸੇ, ਅਦਾਲਤ ਦੇ ਬਾਹਰ ਭਾਵੁਕ ਹੋਏ ਸਾਬਕਾ ਮੰਤਰੀ

ਤਸਵੀਰ ਸਰੋਤ, Pradeep Pandit/BBC
ਕਾਂਗਰਸ ਤੋਂ ਭਾਜਪਾ ਆਗੂ ਬਣੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਵਿਜੀਲੈਂਸ ਨੇ 19 ਅਕਤੂਬਰ ਤੱਕ ਰਿਮਾਂਡ ਹਾਸਲ ਕਰ ਲਿਆ ਹੈ।
ਸੁੰਦਰ ਸ਼ਾਮ ਅਰੋੜਾ ਦੇ ਵਕੀਲ ਐੱਚਐੱਸ ਧਨੋਆ ਨੇ ਮੁਹਾਲੀ ਅਦਾਲਤੀ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਦਾ ਤਿੰਨ ਦਿਨ ਦਾ ਰਿਮਾਂਡ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਅਰੋੜਾ ਨੂੰ ਵਿਜੀਲੈਂਸ ਨੇ ਸ਼ਨੀਵਾਰ ਸ਼ਾਮ ਨੂੰ ਜ਼ੀਰਕਪੁਰ ਵਿਚ ਇੱਕ ਮੌਲ ਤੋਂ ਬਾਹਰ ਗ੍ਰਿਫ਼਼ਤਾਰ ਕਰ ਲਿਆ ਸੀ।
ਵਿਜੀਲੈਂਸ ਮੁਖੀ ਵਿਰੇਂਦਰ ਕੁਮਾਰ ਨੇ ਦਾਅਵਾ ਕੀਤੀ ਸੀ ਕਿ ਭਾਜਪਾ ਆਗੂ ਨੇ ਇੱਕ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।
ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਨੂੰ ਜ਼ੀਰਕਪੁਰ ਤੋਂ ਸ਼ਨੀਵਾਰ ਸ਼ਾਮ ਰਿਸ਼ਵਤ ਦੇਣ ਸਮੇਂ ਰੰਗੇ ਹੱਥੀਂ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਸਾਬਕਾ ਮੰਤਰੀ ਦੇ ਵਕੀਲ ਧਨੋਆ ਦਾ ਦਾਅਵਾ ਕੀਤਾ ਕਿ ਇਸਤਗਾਸਾ ਪੱਖ ਨੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਬਚਾਅ ਪੱਖ ਨੇ ਇਸਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਗ੍ਰਿਫ਼ਤਾਰੀ ਤੋਂ 16 ਘੰਟੇ ਬਾਅਦ ਪੇਸ਼ ਕੀਤਾ ਗਿਆ ਹੈ।
ਇਸ ਦੌਰਾਨ ਵਿਜੀਲੈਂਸ ਨੇ ਪੁੱਛਗਿੱਛ ਕਰ ਲਈ ਹੈ ਅਤੇ ਸ਼ਾਮ ਸੁੰਦਰ ਅਰੋੜਾ ਬਜ਼ੁਰਗ ਹਨ, ਇਸ ਲਈ ਰਿਮਾਂਡ ਦੀ ਲੋੜ ਨਹੀਂ ਹੈ।
ਦੋਵਾਂ ਧਿਰਾਂ ਦੀਆਂ ਦਲੀਆਂ ਸੁਣਨ ਤੋਂ ਬਾਅਦ ਅਦਾਲਤ 3 ਦਿਨ ਦਾ ਰਿਮਾਂਡ ਦੇ ਦਿੱਤਾ।

ਟਰੈਪ ਲਗਾ ਕੇ ਹੋਈ ਗ੍ਰਿਫ਼ਤਾਰੀ
ਪੰਜਾਬ ਵਿਜੀਲੈਂਸ ਦੇ ਡਾਇਰੈਕਟਰ ਵਿਰੇਂਦਰ ਕੁਮਾਰ ਨੇ ਐਤਵਾਰ ਸਵੇਰੇ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਨੇ ਇੱਕ ਕਰੋੜ ਰੁਪਏ ਏਆਈਜੀ ਮਨਮੋਹਨ ਸ਼ਰਮਾ ਨੂੰ ਦੇਣ ਦੀ ਗੱਲ ਕਹੀ ਜਿਸ ਦੀ ਪਹਿਲੀ ਅਦਾਇਗੀ 50 ਲੱਖ ਰੁਪਏ ਸਨ।
ਵਿਰੇਂਦਰ ਕੁਮਾਰ ਨੇ ਦੱਸਿਆ ਕਿ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਕਈ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਸੀ ਜਿਸ ਨੂੰ ਪ੍ਰਭਾਵਿਤ ਕਰਨ ਲਈ ਇਹ ਰਿਸ਼ਵਤ ਦਿੱਤੀ ਜਾ ਰਹੀ ਸੀ।

- ਸੁੰਦਰ ਸ਼ਾਮ ਅਰੋੜਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਦੀ ਟਿੱਕਟ ਉਪਰ ਚੋਣ ਲੜੀ ਸੀ।
- ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਅਰੋੜਾ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਹੁਦਾ ਛੱਡਣਾ ਪਿਆ।
- ਸੁੰਦਰ ਸ਼ਾਮ ਅਰੋੜਾ ਆਪਣੇ ਹੋਰ ਕਈ ਕਾਂਗਰਸੀ ਸਾਥੀਆਂ ਦੇ ਨਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
- ਵਿਜੀਲੈਂਸ ਮੁਤਾਬਕ ਅਰੋੜਾ ਖ਼ਿਲਾਫ਼ ਕਈ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਸੀ ਜਿਸ ਨੂੰ ਪ੍ਰਭਾਵਿਤ ਕਰਨ ਲਈ ਇਹ ਰਿਸ਼ਵਤ ਦਿੱਤੀ ਜਾ ਰਹੀ ਸੀ।
- ਵਿਜੀਲੈਂਜ ਦਾ ਕਹਿਣਾ ਹੈ ਕਿ ਅਰੋੜਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਹਫ਼ਤੇ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਉਹਨਾਂ ਕਿਹਾ, "50 ਲੱਖ ਰੁਪਏ ਰਿਸ਼ਵਤ ਦੇਣ ਲਈ ਸੁੰਦਰ ਸ਼ਾਮ ਅਰੋੜਾ ਖ਼ੁਦ ਆਪਣੇ ਇੱਕ ਪੀਏ ਨਾਲ ਆਏ ਸਨ। ਅਸੀਂ ਉਹਨਾਂ ਨੂੰ ਟਰੈਪ ਲਗਾ ਕੇ ਗ੍ਰਿਫ਼ਤਾਰ ਕੀਤਾ ਹੈ।"
ਉਹਨਾਂ ਅੱਗੇ ਦੱਸਿਆ, "ਇਸ ਗ੍ਰਿਫ਼ਤਾਰੀ ਦੌਰਾਨ 2 ਸਰਕਾਰੀ ਗਵਾਹ ਵੀ ਰੱਖੇ ਹਨ।"


ਇਹ ਵੀ ਪੜ੍ਹੋ-

ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ
ਵਿਜੀਲੈਂਸ ਮੁੱਖੀ ਵਿਰੇਂਦਰ ਕੁਮਾਰ ਨੇ ਕਿਹਾ ਕਿ ਸਾਬਕਾ ਮੰਤਰੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕਰੀਬ ਇੱਕ ਹਫ਼ਤੇ ਦਾ ਰਿਮਾਂਡ ਮੰਗਿਆ ਜਾਵੇਗਾ।

ਤਸਵੀਰ ਸਰੋਤ, sundar Sham arora/fb
ਉਹਨਾਂ ਕਿਹਾ, "ਵਿਜੀਲੈਂਸ ਨੇ ਪੀਸੀ ਐਕਟ ਦੇ ਸੈਕਸ਼ਨ 8 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਰਿਮਾਂਡ ਦੌਰਾਨ ਇਹ ਵੀ ਜਾਂਚ ਕਰੇਗੀ ਕਿ ਉਹਨਾਂ ਕੋਲ ਐਨੇ ਪੈਸੇ ਕਿੱਥੋਂ ਆਏ।"
ਅਰੋੜਾ ਦਾ ਸਿਆਸੀ ਸਫ਼ਰ
ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੂੰ ਮਿਲੀ ਜਾਣਕਾਰੀ ਮੁਤਾਬਕ ਸੁੰਦਰ ਸ਼ਾਮ ਅਰੋੜਾ ਪਿੰਡ ਗੜ੍ਹਦੀਵਾਲਾ ਦੇ ਰਹਿਣ ਵਾਲੇ ਹਨ। ਉਹ ਇਕ ਸਧਾਰਨ ਵਿੱਚ ਪਰਿਵਾਰ ਪੈਦਾ ਹੋਏ ਸਨ।
1980 ਦੇ ਦਹਾਕੇ 'ਚ ਉਹ ਗੜ੍ਹਦੀਵਾਲਾ ਛੱਡ ਕੇ ਹੁਸ਼ਿਆਪੁਰ ਚਲੇ ਗਏ ਜਿੱਥੇ ਉਹਨਾਂ ਨੇ ਕੋਤਵਾਲੀ ਬਾਜ਼ਾਰ 'ਚ ਦੁਕਾਨ ਖੋਲੀ ਸੀ।
ਬਾਅਦ ਵਿੱਚ ਉਹਨਾਂ ਇੱਕ ਗੈਸ ਏਜੰਸੀ ਖੋਲ੍ਹੀ ਅਤੇ ਨਾਲ ਹੀ ਜ਼ਮੀਨ ਦੀ ਖਰੀਦੋ ਫਰੋਖਤ ਦਾ ਕੰਮ ਸ਼ੁਰੂ ਕੀਤਾ।
2002 ਅਰੋੜਾ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ।
ਉਹਨਾਂ ਨੇ 2007 ਵਿੱਚ ਚੋਣ ਨਹੀਂ ਲੜੀ।
ਸਾਲ 2012 'ਚ ਕਾਂਗਰਸ ਵੱਲੋਂ ਚੋਣ ਲੜੀ ਅਤੇ ਜਿੱਤ ਮਿਲੀ।

ਤਸਵੀਰ ਸਰੋਤ, PArdeep Pandit /BBC
2017 ਦੀਆਂ ਚੋਣਾਂ ਵਿੱਚ ਵੀ ਅਰੋੜਾ ਨੂੰ ਜਿੱਤ ਹਾਸਿਲ ਹੋਈ। ਅਰੋੜਾ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੂੰ ਹਰਾਇਆ ਸੀ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਹਨਾਂ ਨੂੰ ਉਦਯੋਗ ਮੰਤਰੀ ਬਣਾਇਆ ਗਿਆ ਸੀ।
ਹਾਲਾਂਕਿ ਜਦੋਂ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਗਿਆ ਸੀ।
ਸਾਲ 2022 ਦੀਆਂ ਚੋਣਾਂ ਵਿੱਚ ਸੁੰਦਰ ਸ਼ਾਮ ਅਰੋੜਾ ਹਾਰ ਗਏ ਸਨ।
ਇਸ ਤੋ ਬਾਅਦ ਅਰੋੜਾ ਨੇ ਤਿੰਨ ਹੋਰ ਸਾਬਕਾ ਮੰਤਰੀਆਂ ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਅਤੇ ਗੁਰਪ੍ਰੀਤ ਕਾਂਗੜ ਸਮੇਤ ਜੂਨ ਮਹੀਨੇ ਭਾਜਪਾ ਦਾ ਪੱਲਾ ਫੜ ਲਿਆ ਸੀ।
ਬੀਜੇਪੀ ਦਾ ਕੀ ਕਹਿਣਾ ਹੈ?
ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਫੋਨ ਉਪਰ ਗੱਲਬਾਤ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੀ ਭਾਜਪਾ ਦੀ ਸਪੱਸ਼ਟ ਨੀਤੀ ਹੈ।
ਉਹਨਾਂ ਕਿਹਾ, "ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਸਰਕਾਰ ਦੇ ਦੋ ਮਾਪਦੰਡ ਨਹੀਂ ਹੋ ਸਕਦੇ।"
ਅਸ਼ਵਨੀ ਸ਼ਰਮਾ ਨੇ ਕਿਹਾ, "ਇਹਨਾਂ ('ਆਪ') ਦੇ ਮੰਤਰੀ ਸਰਾਰੀ ਦੀ ਆਡੀਓ ਘੁੰਮ ਰਹੀ ਹੈ, ਸਰਕਾਰ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰੇ। ਇਹਨਾਂ ਦੇ ਵਿਧਾਇਕਾਂ ਉਪਰ ਕਈ ਗੱਲਾਂ ਆ ਰਹੀਆਂ ਹਨ, ਉਹਨਾਂ ਵੀ ਗ੍ਰਿਫ਼ਤਾਰ ਕੀਤਾ ਜਾਵੇ।"
ਬੀਜੇਪੀ ਪੰਜਾਬ ਪ੍ਰਧਾਨ ਨੇ ਕਿਹਾ, "ਇਸ ਕੇਸ ਵਿੱਚ ਹਾਲੇ ਇੱਕ ਪੱਖ ਆ ਰਿਹਾ ਹੈ ਕਿ ਟਰੈਪ ਲਗਾਇਆ ਗਿਆ ਸੀ ਪਰ ਸਬੰਧਤ ਵਿਆਕਤੀ ਦਾ ਜਿੰਨਾ ਸਮਾਂ ਪੱਖ ਨਹੀਂ ਆਉਂਦਾ, ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।"

ਇਹ ਵੀ ਪੜ੍ਹੋ-












