ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਜ਼ਮੀਨ ਉੱਤੇ ਕਿੱਥੇ ਖੜ੍ਹੀ ਹੈ

ਭਗਵੰਤ ਮਾਨ

ਤਸਵੀਰ ਸਰੋਤ, Bhagwant mann/facebook

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਕੋਲੋਂ ਪੁਲਿਸ ਨੇ ਗ੍ਰਿਫਤਾਰੀ ਵੇਲੇ 2400 ਰੁਪਏ ਦੀ ਨਕਦੀ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਸਨ।

ਸਾਬਕਾ ਸਿਹਤ ਮੰਤਰੀ ਦੇ ਭਾਣਜੇ ਅਤੇ ਉਨ੍ਹਾਂ ਦੇ ਸਹਾਇਕ ਪ੍ਰਦੀਪ ਕੁਮਾਰ ਕੋਲੋਂ ਮਹਿਜ਼ 1300 ਰੁਪਏ ਅਤੇ ਇੱਕ ਫ਼ੋਨ ਬਰਾਮਦ ਹੋਇਆ ਸੀ।

ਇਸ ਗੱਲ ਦਾ ਖ਼ੁਲਾਸਾ ਪੰਜਾਬ ਪੁਲਿਸ ਵੱਲੋਂ ਮੁਹਾਲੀ ਅਦਾਲਤ ਵਿੱਚ ਪ੍ਰਦੀਪ ਕੁਮਾਰ ਖ਼ਿਲਾਫ਼ ਪੇਸ਼ ਕੀਤੇ ਗਏ ਚਲਾਨ ਵਿੱਚ ਹੋਇਆ ਹੈ। ਚਲਾਨ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ।

ਵਿਜੇ ਸਿੰਗਲਾ ਭਗਵੰਤ ਮਾਨ ਸਰਕਾਰ ਵਿੱਚ ਸਿਹਤ ਮੰਤਰੀ ਸਨ ਅਤੇ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰ ਦਿੱਤਾ ਸੀ।

ਵੀਡੀਓ ਕੈਪਸ਼ਨ, ਭ੍ਰਿਸ਼ਟਾਚਾਰ ਉੱਤੇ ਨੱਥ ਪਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਸਰਕਾਰ ਕਿੱਥੇ ਖੜ੍ਹੀ ਹੈ?

ਪਹਿਲੀ ਵਾਰ ਮਾਨਸਾ ਤੋਂ ਜਿੱਤੇ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਉਨ੍ਹਾਂ ਮਹਰੂਮ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ।

ਪਰ ਮੰਤਰੀ ਬਣਨ ਤੋਂ ਬਾਅਦ ਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਪੁਲਿਸ ਨੇ ਵਿਜੇ ਸਿੰਗਲਾ ਅਤੇ ਉਨ੍ਹਾਂ ਦੇ ਸਹਾਇਕ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਕੀ ਹਨ ਇਲਜ਼ਾਮ

ਵਿਜੇ ਸਿੰਗਲਾ ਦੇ ਖ਼ਿਲਾਫ਼ ਸਿਹਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਾਜਿੰਦਰ ਸਿੰਘ ਨੇ ਸ਼ਿਕਾਇਤ ਰਿਸ਼ਵਤ ਦੀ ਸ਼ਿਕਾਇਤ ਕੀਤੀ ਸੀ।

ਰਜਿੰਦਰ ਸਿੰਘ ਦਾ ਇਲਜ਼ਾਮ ਸੀ ਕਿ ਠੇਕੇਦਾਰ ਨੂੰ ਜਾਰੀ ਕੀਤੀ ਗਈ ਪੇਮੈਂਟ ਦੇ ਲਈ ਉਸ ਤੋਂ ਇੱਕ ਪ੍ਰਤੀਸ਼ਤ ਦੀ ਕਮਿਸ਼ਨ ਮੰਗੀ ਜਾ ਰਹੀ ਹੈ।

ਵਿਜੇ ਸਿੰਗਲਾ

ਤਸਵੀਰ ਸਰੋਤ, VIJAY SINGLA/fb

ਜਿਸ ਦੀ ਸ਼ਿਕਾਇਤ ਉੱਤੇ ਮੁੱਖ ਮੰਤਰੀ ਨੇ ਵਿਜੇ ਸਿੰਗਲਾ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ।

ਮੁੱਖ ਮੰਤਰੀ ਨੇ ਆਪਣੇ ਵੀਡੀਓ ਵਿੱਚ ਉਸ ਸਮੇਂ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਵਿਜੇ ਸਿੰਗਲਾ ਦੇ ਖ਼ਿਲਾਫ਼ ਉਨ੍ਹਾਂ ਕੋਲੋਂ ਰਿਸ਼ਵਤ ਮੰਗਣ ਦੇ ਪੁਖ਼ਤਾ ਸਬੂਤ ਹਨ।

ਪਰ ਚਲਾਨ ਮੁਤਾਬਕ ਸ਼ਿਕਾਇਤ-ਕਰਤਾ ਦੀ ਪ੍ਰਦੀਪ ਕੁਮਾਰ ਦੇ ਨਾਲ ਜ਼ਿਆਦਾਤਰ ਗੱਲਬਾਤ ਹੁੰਦੀ ਹੈ, ਦਿਖਾਈ ਗਈ ਹੈ ਅਤੇ ਕਿਸੇ ਵੀ ਥਾਂ ਉੱਤੇ ਵੀਡੀਓ ਦਾ ਜ਼ਿਕਰ ਨਹੀਂ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਸ ਮਾਮਲੇ ਉੱਤੇ ਸਵਾਲ ਚੁੱਕੇ ਹਨ।

ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਦਾਅਵਾ ਹੈ ਕਿ ਸਿੰਗਲਾ ਨੂੰ ਜ਼ਮਾਨਤ ਮਿਲਣ ਦਾ ਮਤਲਬ, ਇਹ ਹੈ ਕਿ ਸਰਕਾਰ ਦੇ ਕੋਲ ਕੋਈ ਠੋਸ ਸਬੂਤ ਹੀ ਨਹੀਂ ਹੈ।

ਉਨ੍ਹਾਂ ਆਖਿਆ ਕਿ ਜਿਸ ਸਬੂਤ ਦਾ ਜ਼ਿਕਰ ਮੁੱਖ ਮੰਤਰੀ ਨੇ ਆਪਣੇ ਵੀਡੀਓ ਵਿੱਚ ਕੀਤਾ ਸੀ, ਉਹ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤਾ ਗਿਆ।

ਉਨ੍ਹਾਂ ਆਖਿਆ ਸਬੂਤਾਂ ਦੀ ਘਾਟ ਕਰਕੇ ਹੀ ਵਿਜੇ ਸਿੰਗਲਾ ਦੀ ਜ਼ਮਾਨਤ ਹੋਈ ਹੈ।

ਖ਼ੁਦ ਵਿਜੇ ਸਿੰਗਲਾ ਮਾਨਸਾ ਵਿੱਚ ਆਪਣੇ ਹਲਕੇ ਵਿਚ ਆਮ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ ਬੇਕਸੂਰ ਹਨ।

ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ ਦਾ ਪ੍ਰਚਾਰ ਨਾ ਸਿਰਫ਼ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੀਤਾ ਬਲਕਿ ਦੂਜੇ ਸੂਬਿਆਂ ਵਿੱਚ ਇਸ ਗੱਲ ਦਾ ਪ੍ਰਚਾਰ ਕਰ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਪਾਰਟੀ ਬਰਦਾਸ਼ਤ ਨਹੀਂ ਕਰਦੀ।

ਬੀਬੀਸੀ

ਵੀਡੀਓ- ਵਿਜੇ ਸਿੰਗਲਾ ਖ਼ਿਲਾਫ਼ ਕਿਸ ਨੇ ਕੀਤੀ ਸੀ ਸ਼ਿਕਾਇਤ

ਵੀਡੀਓ ਕੈਪਸ਼ਨ, ਵਿਜੇ ਸਿੰਗਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਇੰਜੀਨੀਅਰ ਰਜਿੰਦਰ ਸਿੰਘ ਕੌਣ ਹਨ

ਕੀ ਹੈ ਐਂਟੀ ਕਰੱਪਸ਼ਨ ਮੁਹਿੰਮ

ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਕੁਝ ਦਿਨ ਬਾਅਦ ਭਗਵੰਤ ਮਾਨ ਇੱਕ ਵਟਸਅਪ ਨੰਬਰ ਜਾਰੀ ਕਰ ਕੇ ਐਂਟੀ ਕਰੱਪਸ਼ਨ ਹੈਲਪ ਲਾਈਨ ਦੀ ਸ਼ੁਰੂਆਤ ਕੀਤੀ ਸੀ।

ਇਹ ਨੰਬਰ 23 ਮਾਰਚ ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਰਿਸ਼ਵਤ ਮੰਗਣ ਉੱਤੇ ਪੰਜਾਬ ਦੇ ਲੋਕ ਆਡੀਓ ਜਾ ਵੀਡੀਓ ਰਿਕਾਰਡਿੰਗ ਦਾ ਸਬੂਤ ਭੇਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ 23 ਜੁਲਾਈ ਤੱਕ ਤਿੰਨ ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਇਸ ਹੈਲਪ ਲਾਈਨ ਰਾਹੀਂ ਮਿਲੀਆਂ ਹਨ ਅਤੇ ਰੋਜ਼ਾਨਾ ਦੀ ਸ਼ਿਕਾਇਤਾਂ ਦੀ ਗਿਣਤੀ 2500 ਦੇ ਕਰੀਬ ਹੈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਸਾਬਕਾ ਮੰਤਰੀਆਂ ਖਿਲਾਫ਼ ਕਾਰਵਾਈ

ਡਾਕਟਰ ਵਿਜੇ ਸਿੰਗਲਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਮੇਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਵਿਭਾਗ ਵਿੱਚ ਧਾਂਦਲੀ ਕਰਨ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਾਧੂ ਸਿੰਘ ਧਰਮਸੋਤ ਇਸ ਸਮੇਂ ਜੇਲ੍ਹ ਵਿੱਚ ਹਨ ਅਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਪਹਿਲਾਂ ਹੀ ਸਿਆਸੀ ਬਦਲਾਖੋਰੀ ਕਰਾਰ ਦੇ ਚੁੱਕੇ ਹਨ।

ਜੰਗਲਾਤ ਵਿਭਾਗ ਵਿੱਚ ਹੀ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਵੀ ਸਰਕਾਰ ਦੇ ਨਿਸ਼ਾਨੇ ਉੱਤੇ ਹਨ।

ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਸੰਗਤ ਨੂੰ ਗਿਲਜੀਆਂ ਨੂੰ ਗ੍ਰਿਫ਼ਤਾਰ ਕਰਦੀ ਉਹ ਹਾਈਕੋਰਟ ਵਿੱਚ ਪਹੁੰਚ ਗਏ।

ਬੀਬੀਸੀ

ਵੀਡੀਓ- ਜਾਣੋ ਜਿਸ ਦਿਨ ਧਮਰਸੋਤ ਗ੍ਰਿਫ਼ਤਾਰ ਤਾਂ ਉਸ ਦਿਨ ਕੀ-ਕੀ ਹੋਇਆ ਸੀ

ਵੀਡੀਓ ਕੈਪਸ਼ਨ, ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ: ਪੂਰੇ ਦਿਨ ਕੀ-ਕੀ ਹੋਇਆ

ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਉੱਤੇ ਸਟੇਟਸ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦੇ ਕੇ ਫ਼ਿਲਹਾਲ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫਤਾਰ ਉੱਤੇ ਰੋਕ ਲੱਗਾ ਦਿੱਤੀ।

ਪਰ ਵਿਜੀਲੈਂਸ ਨੇ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਉੱਤੇ ਭ੍ਰਿਸ਼ਟਾਚਾਰ ਦੇ ਪੈਸੈ ਕਥਿਤ ਤੌਰ ਉੱਤੇ ਇਕੱਠੇ ਕਰਨ ਲ਼ਈ ਸਾਲਸ ਵਜੋਂ ਕੰਮ ਕਰਨ ਦਾ ਇਲਜ਼ਾਮ ਹੈ।

ਦਲਜੀਤ ਸਿੰਘ ਗਿਲਜ਼ੀਆਂ ਉੱਤੇ ਇਲਜ਼ਾਮ ਹੈ ਕਿ ਉਸਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਆਂ ਬਦਲੀਆਂ ਕਰਵਾਉਣ ਲ਼ਈ ਕਥਿਤ ਤੌਰ ਉੱਤੇ ਰਿਸ਼ਵਤ ਲਈ ਹੈ।

ਕਾਂਗਰਸ ਸਰਕਾਰ ਦੇ ਇੱਕ ਹੋਰ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵੀ ਪੰਜਾਬ ਵਿਜੀਲੈਂਸ ਦੀ ਰਡਾਰ ਉੱਤੇ ਹੈ।

ਭਾਰਤ ਭੂਸ਼ਨ ਆਸ਼ੂ ਵੀ ਫ਼ਿਲਹਾਲ ਹਾਈਕੋਰਟ ਦੀ ਸ਼ਰਨ ਵਿੱਚ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਆਖਿਆ ਹੈ ਕਿ ਉਨ੍ਹਾਂ ਖ਼ਦਸ਼ਾ ਹੈ ਕਿ ਵਿਜੀਲੈਂਸ ਉਨ੍ਹਾਂ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ, "ਮੇਰੇ ਖ਼ਿਲਾਫ਼ ਕਿਸ ਨੇ ਅਤੇ ਕਿਸ ਆਧਾਰ ਉੱਤੇ ਸ਼ਿਕਾਇਤ ਕੀਤੀ ਹੈ।"

ਫ਼ਿਲਹਾਲ ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਆਖਿਆ ਹੈ।

ਬੀਬੀਸੀ ਨੇ ਆਸ਼ੂ ਦੇ ਮੁੱਦੇ ਉੱਤੇ ਪੰਜਾਬ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇਸ ਮੁੱਦੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਪੰਜਾਬ ਪੁਲਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਉਸ ਦੇ ਇੱਕ ਸਾਥੀ ਦੇ ਖ਼ਿਲਾਫ਼ ਗ਼ੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦਾ ਨਵਾਂ ਕੇਸ ਦਰਜ ਕੀਤਾ ਹੋਇਆ ਹੈ।

ਚਰਨਜੀਤ ਚੰਨੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਅਤੇ ਉਸ ਦੇ ਇੱਕ ਸਾਥੀ ਦੇ ਖ਼ਿਲਾਫ਼ ਗ਼ੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਦਾ ਨਵਾਂ ਕੇਸ ਦਰਜ ਹੈ

ਕੁਝ ਮਹੀਨੇ ਪਹਿਲਾਂ ਹਨੀ ਦੇ ਘਰ ਤੋਂ ਈਡੀ ਦੀ ਰੇਡ ਦੌਰਾਨ 9 ਕਰੋੜ ਰੁਪਏ ਬਰਾਮਦ ਹੋਏ ਸਨ ਅਤੇ ਜੁਲਾਈ ਮਹੀਨੇ ਵਿੱਚ ਹੀ ਉਹ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਏ ਹਨ।

ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਭਿਸ਼ਟਾਚਾਰ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੋਹਰਾ ਮਾਪਦੰਡ ਵਰਤ ਰਹੀ ਹੈ।

ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦੇ ਇੱਕ ਮੰਤਰੀ ਖ਼ਿਲਾਫ਼ ਈਡੀ ਕਾਰਵਾਈ ਕਰਦੀ ਹੈ ਤਾਂ ਮੁੱਖ ਮੰਤਰੀ ਕੇਜਰੀਵਾਲ ਆਪਣੇ ਮੰਤਰੀ ਨੂੰ ਕਲਿਤ ਚਿੱਟ ਦੇ ਕੇ ਇਸ ਨੂੰ ਈਡੀ ਦੀ ਧੱਕੇਸ਼ਾਹੀ ਕਰਾਰ ਦਿੰਦੇ ਹਨ।

ਦੂਜੇ ਪਾਸੇ ਪੰਜਾਬ ਵਿੱਚ ਕੋਈ ਵਿਅਕਤੀ ਫੜਿਆ ਜਾਂਦਾ ਹੈ ਤਾਂ ਉਸ ਨੂੰ ਭ੍ਰਿਸ਼ਟਾਚਾਰੀ ਕਰਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਆਖਿਆ ਕਿ ਉਹ ਭ੍ਰਿਸ਼ਟਾਚਾਰ ਦੇ ਵਿਰੋਧੀ ਹਨ ਪਰ ਕਿਸੇ ਨੇ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਅਦਾਲਤ ਇਹ ਗੱਲ ਤੈਅ ਕਰੇਗੀ ਕਿ ਉਹ ਦੋਸ਼ੀ ਹੈ ਜਾਂ ਨਹੀਂ।

ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਸਥਿਤੀ

ਸਰਕਾਰ ਬਣਨ ਦੇ ਕਰੀਬ ਚਾਰ ਮਹੀਨੇ ਬਾਅਦ ਭਗਵੰਤ ਮਾਨ ਸਰਕਾਰ ਨੇ ਰਾਜਨੀਤਿਕ ਆਗੂਆਂ ਖ਼ਿਲਾਫ਼ ਹੀ ਨਹੀਂ ਸਗੋਂ ਸਰਕਾਰੀ ਕਰਮੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ।

ਮੁੱਖ ਮੰਤਰੀ ਦੇ ਇੱਕ ਟਵੀਟ ਦੇ ਮੁਤਾਬਕ 45 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਹੋਰਨਾਂ ਖ਼ਿਲਾਫ਼ ਭਿਸਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

bhagwant mann

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਸਰਕਾਰੀ ਕਰਮੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਦਾਅਵਾ ਵੀ ਹੈ

ਇਸ ਵਿੱਚ ਸਭ ਤੋਂ ਪ੍ਰਮੁੱਖ ਹੈ 2008 ਬੈਚ ਦੇ ਆਈ ਏ ਐੱਸ ਅਧਿਕਾਰੀ ਸੰਜੇ ਪੋਪਲੀ ਦੀ ਕਥਿਤ ਭਿਸ਼ਟਾਚਾਰ ਦੇ ਇਲਜਾਮ ਵਿੱਚ ਹੋਈ ਗ੍ਰਿਫਤਾਰੀ।

ਇਸ ਸਰਕਾਰੀ ਅਧਿਕਾਰੀ ਉੱਤੇ ਇੱਕ ਠੇਕੇਦਾਰ ਨੇ ਕਥਿਤ ਤੌਰ ਉੱਤੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ।

ਪਰ ਸੰਜੇ ਪੋਪਲੀ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।

ਗੌਰਤਲਬ ਹੈ ਕਿ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਪੁੱਜੀ ਤਾਂ ਉਨ੍ਹਾਂ ਦੇ ਪੁੱਤਰ ਨੇ ਖੁਦ ਨੂੰ ਗੋਲ਼ੀ ਮਾਰ ਲਈ।

ਭਾਵੇਂ ਕਿ ਵਿਜੀਲੈਂਸ ਅਧਿਕਾਰੀ ਪੋਪਲੀ ਦੇ ਪੁੱਤਰ ਦੀ ਖੁਦਕੁਸੀ ਵਿਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਹੋਣ ਤੋਂ ਇਨਕਾਰ ਕਰ ਚੁੱਕਾ ਹੈ।

ਹੋਰ ਮਾਮਲੇ ਜਿਨ੍ਹਾਂ ਦੀ ਜਾਂਚ ਜਾਰੀ ਹੈ

  • ਐਸਸੀ ਵਿਦਿਆਰਥੀਆਂ ਨੂੰ ਮਿਲਣ ਵਾਲੇ ਸਕਾਲਰਸ਼ਿਪ ਵਿਚ ਕਥਿਤ ਗੜਬੜੀ
  • ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਵੰਡੀਆਂ ਖੇਡ ਕਿੱਟਾਂ ਦਾ ਮਾਮਲਾ
  • ਟਰਾਂਸਪੋਰਟ ਵਿਭਾਗ ਵਿੱਚ ਬੱਸਾਂ ਨੂੰ ਲੱਗੀਆਂ ਮਹਿੰਗੇ ਭਾਾਅ ਦੀਆਂ ਬਾਡੀਆਂ ਦਾ ਮਾਮਲਾ
  • ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਸਮੇਂ ਹੋਈਆਂ ਨਿਯੁਕਤੀਆਂ

ਰਾਣਾ ਗੁਰਜੀਤ ਦੀ ਵੀ ਗਈ ਸੀ ਕੁਰਸੀ

ਆਪਣੀ ਪਾਰਟੀ ਦੀ ਸਰਕਾਰ ਸਮੇਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੁਰਸੀ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ 2018 ਵਿੱਚ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਵੀ ਅਸਤੀਫ਼ਾ ਦੇਣਾ ਪਿਆ ਸੀ।

ਰਾਣਾ ਗੁਰਜੀਤ ਸਿੰਘ ਨੇ ਉਸ ਸਮੇਂ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆਂ ਸੀ ਅਤੇ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਉਨ੍ਹਾਂ ਨੇ ਫਿਰ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਕਾਂਗਰਸ ਦੇ ਕੁਝ ਵਿਧਾਇਕ ਉਸ ਸਮੇਂ ਇਸ ਰਾਣਾ ਗੁਰਜੀਤ ਦੇ ਮੁੱਦੇ ਉੱਤੇ ਆਵਾਜ਼ ਉਠਾਈ ਸੀ।

ਰਾਣਾ ਗੁਰਜੀਤ

ਤਸਵੀਰ ਸਰੋਤ, NARINDER NANU/AFP/Getty Images

ਤਸਵੀਰ ਕੈਪਸ਼ਨ, 2018 ਵਿੱਚ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਵੀ ਅਸਤੀਫ਼ਾ ਦੇਣਾ ਪਿਆ ਸੀ

ਦੋਵਾਂ ਮਾਮਲਿਆਂ ਵਿੱਚ ਫ਼ਰਕ ਇਹ ਹੈ ਕਿ ਭਗਵੰਤ ਮਾਨ ਨੇ ਨਾ ਸਿਰਫ਼ ਖ਼ੁਦ ਆਪਣੇ ਸਿਹਤ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਸਗੋਂ ਉਨ੍ਹਾਂ ਖ਼ਿਲਾਫ਼ ਪੁਲਿਸ ਨੂੰ ਕਾਰਵਾਈ ਕਰਨ ਦਾ ਆਦੇਸ਼ ਵੀ ਦਿੱਤਾ।

ਰਾਣਾ ਗੁਰਜੀਤ ਦੇ ਮੰਤਰੀ ਮੰਡਲ ਵਿਚੋਂ ਬੇਸ਼ੱਕ ਬਾਹਰ ਹੋ ਗਏ ਸਨ ਪਰ ਉਹ ਵਿਧਾਇਕ ਦੇ ਅਹੁਦੇ ਫਿਰ ਵੀ ਬਣੇ ਰਹੇ ਅਤੇ ਆਖ਼ਰਕਾਰ ਮੁੱਖ ਮੰਤਰੀ ਬਦਲਣ ਉੱਤੇ ਫਿਰ ਤੋਂ ਚੰਨੀ ਸਰਕਾਰ ਵਿੱਚ ਮੰਤਰੀ ਬਣ ਗਏ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)