ਵਿਜੇ ਸਿੰਗਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਇੰਜੀਨੀਅਰ ਰਜਿੰਦਰ ਸਿੰਘ ਕੌਣ ਹਨ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਬਰਖ਼ਾਸਤ ਕੀਤਾ ਤੇ ਫਿਰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ।
ਕਥਿਤ ਰਿਕਾਰਡਿੰਗ ਕਰਨ ਵਾਲੇ ਅਤੇ ਐੱਫਆਈਆਰ ਦਰਜ ਕਰਵਾਉਣ ਵਾਲੇ ਇੰਜੀਨੀਅਰ ਰਜਿੰਦਰ ਸਿੰਘ ਵੀ ਸੁਰਖ਼ੀਆਂ ਵਿੱਚ ਹਨ।
ਬੀਬੀਸੀ ਪੰਜਾਬੀ ਨੇ ਇਹ ਜਾਣਨ ਲਈ ਵੱਖ-ਵੱਖ ਲੋਕਾਂ ਨਾਲ ਮੁਲਾਕਾਤ ਕੀਤੀ ਕਿ ਇਹ ਵਿਅਕਤੀ ਕੌਣ ਹੈ।
57 ਸਾਲਾ ਰਜਿੰਦਰ ਸਿੰਘ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਨਿਗਰਾਨ ਇੰਜੀਨੀਅਰ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਦਫ਼ਤਰ ਮੁਹਾਲੀ ਵਿੱਚ ਸੈਕਟਰ 62 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਿਲਕੁਲ ਨਾਲ ਹੈ।
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਤਰੱਕੀ ਮਿਲਣ ਤੱਕ ਉਹ ਕਾਰਜਕਾਰੀ ਇੰਜੀਨੀਅਰ ਸੀ।
ਯੋਗਤਾ ਅਨੁਸਾਰ ਸਿਵਲ ਇੰਜੀਨੀਅਰ, ਉਹ ਹਾਊਸਫੈੱਡ ਵਿਭਾਗ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਖੇ ਡੈਪੂਟੇਸ਼ਨ 'ਤੇ ਹਨ।
ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੁਹਾਲੀ ਦੇ ਵਸਨੀਕ ਰਾਜਿੰਦਰ ਸਿੰਘ ਕਰੀਬ ਢਾਈ ਸਾਲ ਪਹਿਲਾਂ ਇੱਥੇ ਡੈਪੂਟੇਸ਼ਨ 'ਤੇ ਆਏ ਸੀ।
ਉਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬਲਬੀਰ ਸਿੰਘ ਸਿੱਧੂ ਨੇ ਬ੍ਰਹਮ ਮਹਿੰਦਰਾ ਤੋਂ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।
ਰਜਿੰਦਰ ਸਿੰਘ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਰੇ ਸਿਵਲ ਕੰਮਾਂ ਦੀ ਦੇਖਭਾਲ ਕਰਦੇ ਹਨ। ਇਹ ਏਜੰਸੀ ਸੂਬੇ ਦੇ ਸਿਹਤ ਵਿਭਾਗ ਦੇ ਸਾਰੇ ਸਿਵਲ ਕੰਮਾਂ ਅਤੇ ਮੈਡੀਕਲ ਖ਼ਰੀਦਦਾਰੀ ਦਾ ਕੰਮ ਕਰਦੀ ਹੈ।
ਰਜਿੰਦਰ ਸਿੰਘ ਇਸ ਸਾਲ ਨਵੰਬਰ ਵਿੱਚ ਸੇਵਾਮੁਕਤ ਹੋਣ ਵਾਲੇ ਹਨ। ਉਸ ਦੇ ਸਾਥੀ ਉਹਨਾਂ ਨੂੰ ਇੱਕ ਇੰਜੀਨੀਅਰ ਵਜੋਂ ਜਾਣਦੇ ਹਨ, ਜੋ ਘੱਟ ਗੱਲਬਾਤ ਕਰਦੇ ਹਨ ।
ਉਹਨਾਂ ਦੇ ਨਾਲ ਕੰਮ ਕਰਨ ਵਾਲੇ ਦੱਸਦੇ ਹਨ ਕਿ ਉਨ੍ਹਾਂ ਦੀ ਅਜਿਹੀ ਦਿੱਖ ਨਹੀਂ ਹੈ ਜੋ ਕਿਸੇ ਵਿਰੁੱਧ ਸ਼ਿਕਾਇਤ ਕਰਨ। ਆਪਣੇ ਵਿਭਾਗ ਦੇ ਮੰਤਰੀ 'ਤੇ ਉਨ੍ਹਾਂ ਦੇ ਕਥਿਤ 'ਸਟਿੰਗ' ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇੱਕ ਸਹਿਯੋਗੀ ਨੇ ਕਿਹਾ, "ਸਾਨੂੰ ਸਭ ਨੂੰ ਪਤਾ ਸੀ ਕਿ ਸਾਡੇ ਮੰਤਰੀ ਨੂੰ ਬਰਖ਼ਾਸਤ ਕੀਤਾ ਗਿਆ ਸੀ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਸਾਡੇ ਸਹਿਯੋਗੀ ਦੀ ਸ਼ਿਕਾਇਤ 'ਤੇ ਕੀਤਾ ਗਿਆ ਹੈ।"
ਇਹ ਵੀ ਪੜ੍ਹੋ:
ਸੁਪਰਟੈਂਡਿੰਗ ਇੰਜਨੀਅਰ ਕੀ ਕਰਦਾ ਹੈ
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਇੱਕ ਇੰਜੀਨੀਅਰਿੰਗ ਵਿੰਗ ਹੈ ਜਿੱਥੇ ਰਾਜਿੰਦਰ ਸਿੰਘ ਇੱਕ ਸੀਨੀਅਰ ਅਧਿਕਾਰੀ ਵਜੋਂ ਠੇਕੇਦਾਰਾਂ ਨਕਦ ਅਦਾਇਗੀਆਂ ਨੂੰ ਕਲੀਅਰ ਕਰਦੇ ਹਨ।
ਰਾਜਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ ਨੀਲਿਮਾ ਸਿੰਘ (ਜੋ ਆਈਏਐਸ ਅਧਿਕਾਰੀ ਹਨ) ਨੂੰ ਰਿਪੋਰਟ ਕਰਦੇ ਹਨ।
ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਵਿਰੁੱਧ ਦਰਜ ਐੱਫਆਈਆਰ ਅਨੁਸਾਰ ਰਾਜਿੰਦਰ ਸਿੰਘ ਨੇ 41 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਸਨ ਅਤੇ 17 ਕਰੋੜ ਰੁਪਏ ਦੀਆਂ ਅਦਾਇਗੀਆਂ ਜਾਰੀ ਕੀਤੀਆਂ ਸਨ।
ਰਜਿੰਦਰ ਸਿੰਘ ਨੇ ਐੱਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਮੰਤਰੀ 1.16 ਕਰੋੜ ਰੁਪਏ ਦੀ ਦੋ ਫ਼ੀਸਦੀ ਦੀ ਕਟੌਤੀ ਦੀ ਮੰਗ ਕਰ ਰਹੇ ਸਨ।
ਉਨ੍ਹਾਂ ਦਾ ਦਾਅਵਾ ਹੈ ਕਿ ਆਖ਼ਰਕਾਰ 5 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਸੀ।
ਸਵਾਲ ਇਹ ਹੈ ਕਿ ਇਹ 41 ਕਰੋੜ ਕਿਸ ਕੰਮ ਉੱਤੇ ਖ਼ਰਚ ਕੀਤੇ ਗਏ? ਪੁੱਛ-ਪੜਤਾਲ ਕਰਨ 'ਤੇ ਪਤਾ ਲੱਗਾ ਕਿ ਕੰਮ ਤਾਂ ਅਲਾਟ ਹੋ ਗਿਆ ਹੈ ਪਰ ਉਸਾਰੀ ਅਜੇ ਸ਼ੁਰੂ ਨਹੀਂ ਹੋਈ।
ਵਿਭਾਗ ਵੱਲੋਂ ਪੰਜ ਥਾਵਾਂ- ਲੁਧਿਆਣਾ, ਫ਼ਰੀਦਕੋਟ, ਮੁਕਤਸਰ, ਬਠਿੰਡਾ ਅਤੇ ਤਲਵੰਡੀ ਸਾਬੋ ਵਿਖੇ ਜੱਚਾ-ਬੱਚਾ ਸੰਭਾਲ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ।
ਇੱਕ ਅਧਿਕਾਰੀ ਨੇ ਕਿਹਾ, "ਅਸੀਂ ਕੰਮ ਅਲਾਟ ਕਰ ਦਿੱਤਾ ਹੈ ਪਰ ਫ਼ੰਡ ਅਜੇ ਆਉਣੇ ਬਾਕੀ ਹਨ। ਫਿਰ ਸਾਨੂੰ ਡਰਾਇੰਗ ਆਦਿ ਬਣਾਉਣ ਵਿੱਚ ਜੁਟਣਾ ਪਵੇਗਾ।"
ਵਿਭਾਗ ਇਸ ਵੇਲੇ ਮੁਹੱਲਾ ਕਲੀਨਿਕ ਸਥਾਪਤ ਕਰਨ ਵਿੱਚ ਰੁੱਝਿਆ ਹੋਇਆ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ (ਕੁੱਲ 16,000 ਕਲੀਨਿਕ) ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਇਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ, 15 ਅਗਸਤ ਨੂੰ ਇਨ੍ਹਾਂ ਵਿੱਚੋਂ 75 ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।

ਤਸਵੀਰ ਸਰੋਤ, VIJAY SINGLA/TWITTER
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਹਰ ਇੱਕ ਕਰੀਬ 860 ਵਰਗ ਫੁੱਟ ਖੇਤਰ ਵਿੱਚ ਸਥਾਪਿਤ ਕੀਤਾ ਜਾਵੇਗਾ।
ਜਦੋਂ ਕਿ ਕੁੱਝ ਛੱਡੇ ਹੋਏ ਸੁਵਿਧਾ ਕੇਂਦਰਾਂ ਵਿੱਚ ਆਉਣਗੇ, ਕੁੱਝ ਹੋਰ 15-20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ।
ਬਾਕੀ ਦੀ ਲਾਗਤ ਇਮਾਰਤਾਂ ਵਿੱਚ ਲੋੜੀਂਦੇ ਮੁਰੰਮਤ ਦੇ ਕੰਮ 'ਤੇ ਨਿਰਭਰ ਕਰੇਗੀ, ਜਿੱਥੇ ਇਹ ਸਥਾਪਿਤ ਕੀਤੀਆਂ ਗਈਆਂ ਹਨ।
ਅਧਿਕਾਰੀ ਦੱਸਦੇ ਹਨ ਕਿ ਹੁਣ ਇਸ ਮਾਮਲੇ ਤੋਂ ਬਾਅਦ ਸੰਭਵ ਹੈ ਕਿ ਇਹ ਸਾਰੇ ਕੰਮ ਅਲਾਟ ਹੋਣ ਦੀ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














