ਵਿਜੇ ਸਿੰਗਲਾ : ਕੀ ਹੈ ਮੁੱਖ ਮੰਤਰੀ ਦਫ਼ਤਰ ਦਾ ਦਾਅਵਾ ਤੇ ਅਹੁਦੇ ਤੋਂ ਹਟਾਏ ਮੰਤਰੀ ਦੀ ਸਫ਼ਾਈ

ਤਸਵੀਰ ਸਰੋਤ, VIJAY SINGLA/fb
ਵਿਜੇ ਸਿੰਗਲਾ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਿਜੇ ਸਿੰਗਲਾ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਪੁਲਿਸ ਨੇ ਵਿਜੇ ਸਿੰਗਲਾ ਦੇ ਓਐੱਸਡੀ ਪ੍ਰਦੀਪ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਆਪਣੇ ਸਿਹਤ ਮੰਤਰੀ ਨੂੰ ਬਰਖ਼ਾਸਤ ਕਰਨ ਦਾ ਐਲਾਨ ਕੀਤਾ।
ਭਗਵੰਤ ਮਾਨ ਨੇ ਵੀਡੀਓ ਵਿਚ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਇੱਕ ਕੈਬਨਿਟ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।
ਭਗਵੰਤ ਮਾਨ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਆਪਣੇ ਵਿਭਾਗ ਵਿਚ ਵੱਡੇ ਪੱਧਰ ਉੱਤੇ ਘੋਟਾਲਾ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ, “ਇਹ ਮੰਤਰੀ ਆਪਣੇ ਵਿਭਾਗ ਦੇ ਹਰ ਟੈਂਡਰ ਵਿਚੋਂ 1% ਹਿੱਸਾ ਰਿਸ਼ਵਤ ਵਜੋਂ ਮੰਗਦਾ ਸੀ ਜਿਸ ਦਾ ਸਾਨੂੰ ਜਿਵੇਂ ਹੀ ਪਤਾ ਲੱਗਾ ਉਨ੍ਹਾਂ ਮੰਤਰੀ ਨੂੰ ਬਰਾਖਸਤ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਮੰਤਰੀ ਖਿਲਾਫ਼ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਹਨ।”
ਵਿਜੇ ਸਿੰਗਲਾ ਨੇ ਆਪਣੇ ਬਚਾਅ ਵਿੱਚ ਕੀ ਕਿਹਾ?
ਵਿਜੇ ਸਿੰਗਲਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ, "ਇਹ ਪਾਰਟੀ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।"
ਵਿਜੇ ਸਿੰਗਲਾ ਦੇ ਵਕੀਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਦਾਲਤ ਨੂੰ ਦਲੀਲ ਦਿੱਤੀ ਗਈ ਸੀ ਕਿ ਜੇ ਪੁਲਿਸ ਕੋਲ ਉਨ੍ਹਾਂ ਦੇ ਮੋਬਾਇਲ ਮੌਜੂਦ ਹਨ ਤਾਂ ਪੁਲਿਸ ਨੂੰ ਰਿਮਾਂਡ ਲੈਣ ਦੀ ਲੋੜ ਨਹੀਂ ਹੈ ਪਰ ਅਦਾਲਤ ਨੇ ਪੁਲਿਸ ਨੂੰ ਤਿੰਨ ਦਿਨਾਂ ਲ਼ਈ ਰਿਮਾਂਡ ਦਿੱਤੀ ਹੈ।

ਵਿਜੇ ਸਿੰਗਲਾ ਬਾਰੇ ਮੁੱਖ ਮੰਤਰੀ ਦੇ ਦਫ਼ਤਰ ਦਾ ਦਾਅਵਾ
ਇੱਕ ਅਧਿਕਾਰੀ ਨੇ ਤਕਰੀਬਨ ਦਸ ਦਿਨ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੂੰ ਵਿਜੇ ਸਿੰਗਲਾ ਦੁਆਰਾ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਦੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਅਧਿਕਾਰੀ ਨੂੰ ਖੁਦ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਨਾਲ ਹਨ ਅਤੇ ਕਿਸੇ ਮੰਤਰੀ ਤੋਂ ਡਰਨ ਦੀ ਲੋੜ ਨਹੀਂ ਹੈ।
ਅਧਿਕਾਰੀਆਂ ਦੀ ਸਹਾਇਤਾ ਨਾਲ ਇੱਕ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਰਾਹੀਂ ਇਹ ਸਾਫ਼ ਹੋ ਗਿਆ ਕਿ ਮੰਤਰੀ ਵਿਜੇ ਸਿੰਗਲਾ ਅਤੇ ਉਨ੍ਹਾਂ ਦੀ ਜਾਣ-ਪਛਾਣ ਵਾਲੇ ਇੱਕ ਫੀਸਦ ਕਮਿਸ਼ਨ ਦੀ ਮੰਗ ਕਰ ਰਹੇ ਸਨ।
ਇਸ ਰਿਕਾਰਡਿੰਗ ਤੋਂ ਬਾਅਦ ਪੂਰੇ ਸਬੂਤ ਮਿਲਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਅਤੇ ਅਧਿਕਾਰੀਆਂ ਨੂੰ ਆਖਿਆ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ।

ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ - ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ਬਾਰੇ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ, “ਭਗਵੰਤ ਮਾਨ ਤੁਹਾਡੇ ’ਤੇ ਮਾਣ ਹੈ। ਤੁਹਾਡੀ ਕਾਰਵਾਈ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਹਨ।”
“ਪੂਰਾ ਦੇਸ਼ ਆਮ ਆਦਮੀ ਪਾਰਟੀ ਉੱਤੇ ਮਾਣ ਕਰਦਾ ਹੈ।”

ਤਸਵੀਰ ਸਰੋਤ, Twitter/AAP
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਅਤੇ ਪੰਜਾਬ ਨੂੰ ਭਗਵੰਤ ਮਾਨ ਉਪਰ ਮਾਣ ਹੈ। ਜੇਕਰ ਚਾਹੁੰਦੇ ਤਾਂ ਉਹ ਇਸ ਮਾਮਲੇ ਨੂੰ ਦਬਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਉਨ੍ਹਾਂ ਨੇ ਵੀ 2015 ਵਿੱਚ ਆਪਣੇ ਮੰਤਰੀ ਨੂੰ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਬਰਖਾਸਤ ਕੀਤਾ ਸੀ।
"ਭ੍ਰਿਸ਼ਟਾਚਾਰ ਦੇਸ਼ ਨਾਲ ਗੱਦਾਰੀ ਹੈ ਅਤੇ ਕਦੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅੱਜ ਪੂਰੇ ਦੇਸ਼ ਵਿਚ ਇਕ ਹੀ ਪਾਰਟੀ ਹੈ ਜੋ ਕੱਟੜ ਇਮਾਨਦਾਰ ਸਰਕਾਰ ਦੇ ਸਕਦੀ ਹੈ।"
ਇਹ ਵੀ ਪੜ੍ਹੋ:
ਮੈਂ ਚਾਹੁੰਦਾ ਤਾਂ ਕੇਸ ਦੱਬ ਸਕਦਾ ਸੀ - ਭਗਵੰਤ ਮਾਨ
ਭਗਵੰਤ ਮਾਨ ਆਪਣੇ ਸੰਬੋਧਨ ਦੌਰਾਨ ਕਿਹਾ, ''ਸਾਡੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਤਹਿ ਦਿਲੋਂ ਇਮਾਨਦਾਰ ਸਰਕਾਰ ਹੈ। ਅਸੀਂ ਇੱਕ ਰੁਪਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ।''
''ਮੈਨੂੰ ਮੁੱਖ ਮੰਤਰੀ ਐਲਾਨਣ ਵੇਲੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੇ ਵੀ ਮੈਨੂੰ ਕਿਹਾ ਸੀ ਕਿ ਭਗਵੰਤ ਮੈਂ ਇੱਕ ਪੈਸੇ ਦੀ ਵੀ ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਉਨ੍ਹਾਂ ਨੂੰ ਵਚਨ ਦਿੱਤਾ ਸੀ ਕਿ ਬਿਲਕੁਲ ਇਸੇ ਤਰ੍ਹਾਂ ਹੋਵੇਗਾ।''
''ਮੇਰੇ ਧਿਆਨ 'ਚ ਇੱਕ ਕੇਸ ਆਇਆ, ਜਿਸ 'ਚ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ 'ਚੋਂ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖ਼ਰੀਦ-ਫ਼ਰੋਖ਼ਤ 'ਚੋਂ 1 ਫੀਸਦੀ ਕਮਿਸ਼ਨ ਮੰਗਦਾ ਸੀ। ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ।''
''ਇਸ ਕੇਸ ਦਾ ਸਿਰਫ਼ ਮੈਨੂੰ ਪਤਾ ਹੈ। ਨਾ ਤਾਂ ਮੀਡੀਆ ਨੂੰ ਪਤਾ ਹੈ, ਨਾ ਵਿਰੋਧੀ ਪਾਰਟੀਆਂ ਨੂੰ ਪਤਾ ਹੈ। ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ। ਪਰ ਜੇ ਮੈਂ ਇਸ ਤਰ੍ਹਾਂ ਕਰਦਾ ਤਾਂ ਆਪਣੇ ਜ਼ਮੀਰ ਨਾਲ ਵੀ ਧੋਖਾ ਕਰਦਾ ਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ, ਉਨ੍ਹਾਂ ਦਾ ਵੀ ਮੈਂ ਵਿਸ਼ਵਾਸ ਤੋੜਦਾ।''
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
''ਇਸ ਲਈ ਮੈਂ ਉਸ ਮੰਤਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹਾਂ, ਉਸ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰ ਰਿਹਾ ਹਾਂ ਤੇ ਤੁਰੰਤ ਪੁਲਿਸ ਨੂੰ ਉਸ ਦੇ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਿਹਾ ਹਾਂ।''
''ਉਸ ਮੰਤਰੀ ਦਾ ਨਾਮ ਹੈ - ਡਾਕਟਰ ਵਿਜੇ ਸਿੰਗਲਾ, ਜਿਹੜੇ ਕਿ ਸਿਹਤ ਮੰਤਰੀ ਸਨ ਅਤੇ ਉਨ੍ਹਾਂ ਨੇ ਆਪਣੇ ਵਿਭਾਗ ਵਿੱਚ ਇਹ ਘਪਲੇਬਾਜ਼ੀਆਂ ਕੀਤੀਆਂ ਤੇ ਉਨ੍ਹਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਹੈ।''
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ''ਮੈਂ ਸਾਰੇ ਅਫਸਰਾਂ ਨੂੰ, ਸਿਆਸਤਦਾਨਾਂ ਨੂੰ, ਰਸੂਖਦਾਰਾਂ ਨੂੰ, ਚਾਹੇ ਸਾਡੇ ਆਪਣੇ ਨੇ ਚਾਹੇ ਬਗਾਨੇ ਨੇ, ਉਨ੍ਹਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ 1 ਰੁਪਏ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗਾ।''

ਤਸਵੀਰ ਸਰੋਤ, AAP media team
''ਉਹ ਆਪਣੇ ਆਪ ਹੀ ਠੀਕ ਹੋ ਜਾਣ। ਨਹੀਂ ਤਾਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ।''
ਸਿਟਿੰਗ ਜੱਜ ਤੋਂ ਹੋਵੇ ਜਾਂਚ-ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਇਸ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਚਰਨਜੀਤ ਸਿੰਘ ਬਰਾੜ ਨੇ ਆਖਿਆ,"ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਜਾਂਚ ਕੀਤੀ ਜਾਵੇ। ਕਿਸ ਤੋਂ ਕਮਿਸ਼ਨ ਮੰਗਿਆ ਗਿਆ ਤੇ ਕੌਣ ਅਧਿਕਾਰੀ ਸਨ। ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਪੰਜਾਬ ਵਿੱਚੋਂ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਗਿਆ ਹੈ ਪਰ ਤੁਹਾਡੇ ਆਪਣੇ ਘਰ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਸੀ।"ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ਉਪਰ ਰਾਹੀਂ ਸ਼ਿਕਾਇਤਾਂ ਦੀ ਜਾਂਚ ਲਈ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ।
'ਆਪ' ਵਿਧਾਇਕ ਡਾ. ਬਲਬੀਰ ਸਿੰਘ ਵੀ ਆਏ ਵਿਵਾਦਾਂ 'ਚ
ਇਸ ਤੋਂ ਪਹਿਲਾਂ, ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਜ਼ਮੀਨ ਨਾਲ ਜੁੜੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਉਨ੍ਹਾਂ ਨੂੰ ਮੌਕੇ 'ਤੇ ਹੀ ਜ਼ਮਾਨਤ ਵੀ ਮਿਲ ਗਈ ਹੈ।
ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕਨਵੀਨਰ ਰਹੇ ਹਨ।

ਤਸਵੀਰ ਸਰੋਤ, GURMINDER GAREWAL/BBC
ਮਿਲੀ ਜਾਣਕਾਰੀ ਮੁਤਾਬਕ ਡਾ. ਬਲਬੀਰ ਸਿੰਘ ਖ਼ਿਲਾਫ਼ 13 ਜੂਨ, 2011 ਨੂੰ ਉਨ੍ਹਾਂ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮੇਵਾ ਸਿੰਘ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ।
ਡਾ. ਬਲਬੀਰ ਸਿੰਘ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਦੂਜੇ ਮੁਲਜ਼ਮ ਰਾਹੁਲ ਅਤੇ ਪਰਮਿੰਦਰ ਸਿੰਘ ਨਾਲ ਮਿਲ ਕੇ ਰੁਪਿੰਦਰਜੀਤ ਅਤੇ ਮੇਵਾ ਸਿੰਘ ਉੱਪਰ ਹਮਲਾ ਕੀਤਾ ਸੀ।
ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਵੱਲੋਂ ਡਾ. ਬਲਬੀਰ ਸਿੰਘ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













